ਕੁਲਦੀਪ ਮਾਣਕ ਤੇ ਜੈਜ਼ੀ ਬੀ ਦੇ ਗਾਣਿਆਂ ਦਾ ਦੌਰ ਯਾਦ ਦਿਵਾਉਂਦਾ ਹੈ ਇਹ ਪਾਕਿਸਤਾਨੀ ਗਾਇਕ, ਜਿਸ ਦਾ ਗੁਰਦਾਸ ਮਾਨ ਵੀ ਹੈ ਫੈਨ

ਰੈਫ ਸਪੇਰਾ, ਕੁਲਦੀਪ ਮਾਣਕ ਅਤੇ ਜੈਜ਼ੀ ਬੀ

ਤਸਵੀਰ ਸਰੋਤ, Jazzy B/FB/Getty

ਤਸਵੀਰ ਕੈਪਸ਼ਨ, ਰੈਫ ਸਪੇਰਾ ਦੇ ਗਾਣਿਆਂ ਵਿੱਚੋਂ ਕੁਲਦੀਪ ਮਾਣਕ ਅਤੇ ਜੈਜ਼ੀ ਬੀਦੇ ਗਾਣਿਆਂ ਦੀ ਝਲਕ ਮਿਲਦੀ ਹੈ

ਪੰਜਾਬ ਦੀ ਮੌਡਰਨ ਗਾਇਕੀ ਦਾ ਸਿੱਧਾ-ਸਿੱਧਾ ਰਿਸ਼ਤਾ ਜੇ ਯੂਕੇ ਨਾਲ ਜੋੜਿਆ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਮੋਟਾ-ਮੋਟਾ ਦੇਖੀਏ ਤਾਂ ਸਾਲ 2000 ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਈ।

ਜਦੋਂ ਢੋਲ ਤੇ ਤੂੰਬੀ ਦੇ ਨਾਲ-ਨਾਲ ਪੱਛਮੀ ਸੰਗੀਤ ਦਾ ਸੁਮੇਲ ਦੇਖਣ ਨੂੰ ਮਿਲਿਆ।

ਇਸ ਦੌਰ ਵਿੱਚ ਜੈਜ਼ੀ ਬੀ, ਰਿਸ਼ੀ ਰਿੱਚ, ਡਾ. ਜ਼ਿਊਸ ਤੇ ਪੰਜਾਬੀ ਐੱਮਸੀ ਵਰਗੇ ਕਲਾਕਾਰਾਂ ਨੇ ਖੂਬ ਪ੍ਰਸ਼ੰਸ਼ਾ ਖੱਟੀ।

ਇਨ੍ਹਾਂ ਦੇ ਸੰਗੀਤ ਵਿੱਚ ਪੰਜਾਬੀ ਸਾਜ਼ ਦੇ ਨਾਲ-ਨਾਲ ਪੱਛਮੀ ਹਿੱਪ-ਹੌਪ ਤੇ ਇਲੈਕਟਰੋਨਿਕ ਮਿਊਜ਼ਿਕ ਦਾ ਮਿਸ਼ਰਣ ਦੇਖਣ ਨੂੰ ਮਿਲਿਆ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਵੀ ਕੀਤਾ।

ਇਸੇ ਤਰ੍ਹਾਂ ਯੂਕੇ ਦੇ ਜੰਮਪਲ ਰੈਫ ਸਪੇਰਾ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਛਾਪ ਛੱਡ ਰਹੇ ਹਨ।

ਰੈਫ ਦੀ ਗਾਇਕੀ ਵਿੱਚ ਵੱਖਰਾਪਣ ਇਹ ਹੈ ਕਿ ਉਹ ਠੇਠ ਪੰਜਾਬੀ ਵਿੱਚ ਗਾਉਂਦੇ ਹਨ, ਜਿਨ੍ਹਾਂ ਦੇ ਗਾਏ ਗੀਤਾਂ ਨੂੰ ਦਰਸ਼ਕਾਂ ਵੱਲ਼ੋਂ ਮਕਬੂਲੀਅਤ ਵੀ ਮਿਲੀ ਹੈ।

ਰੈਫ ਸਪੇਰਾ

ਤਸਵੀਰ ਸਰੋਤ, RAF-SAPERRA/YT

ਤਸਵੀਰ ਕੈਪਸ਼ਨ, ਰੈਫ ਸਪੇਰਾ ਇੰਗਲੈਂਡ ਦੇ ਜੰਮਪਲ ਹਨ
ਇਹ ਵੀ ਪੜ੍ਹੋ-

ਰੈਫ ਦਾ ਲਹਿੰਦੇ ਪੰਜਾਬ ਨਾਲ ਕੀ ਸਬੰਧ ਹੈ

ਅਦੀਲ ਸਰਦਾਰ ਖ਼ਾਨ ਉਰਫ ਰੈਫ ਸਪੇਰਾ ਦਾ ਜਨਮ ਸਾਊਥ ਲੰਡਨ ਦੇ ਸਟ੍ਰੀਥਮ ਵਿੱਚ ਇੱਕ ਮੁਸਲਿਮ ਪਰਿਵਾਰ 'ਚ ਹੋਇਆ। ਰੈਫ ਸਪੇਰਾ ਦੇ ਪਰਿਵਾਰ ਦਾ ਪਿਛੋਕੜ ਪਾਕਿਸਤਾਨ ਦੇ ਪੰਜਾਬ ਤੋਂ ਹੈ।

ਉਨ੍ਹਾਂ ਦੇ ਮਾਪੇ 1980ਵੇਂ ਦਹਾਕੇ ਵਿੱਚ ਯੂਕੇ 'ਚ ਆਏ ਸਨ। ਰੈਫ ਤਿੰਨ ਭੈਣ-ਭਰਾ ਹਨ ਤੇ ਉਹ ਸਭ ਤੋਂ ਛੋਟੇ ਹਨ।

ਇੱਕ ਇੰਟਰਵਿਊ ਵਿੱਚ ਰੈਫ ਦੱਸਦੇ ਹਨ ਕਿ ਉਨ੍ਹਾਂ ਦੀ ਭੈਣ ਆਪਣੇ ਕਾਲਜ ਸਮੇਂ ਪੰਜਾਬੀ ਮਿਊਜ਼ਿਕ ਬਹੁਤ ਸੁਣਦੇ ਸਨ, ਜੋ ਲੈਹਬਰ ਹੁਸੈਨਪੁਰੀ ਤੇ ਡਾ. ਜ਼ਿਊਸ ਦਾ ਸਮਾਂ ਸੀ। ਉਸ ਸਮੇਂ ਉਨ੍ਹਾਂ ਨੇ ਪੰਜਾਬੀ ਸੰਗੀਤ ਅਤੇ ਰੈਪ ਮਿਊਜ਼ਿਕ ਬਹੁਤ ਸੁਣਿਆ।

ਉਨ੍ਹਾਂ ਦਾ ਪਾਲਣ-ਪੋਸ਼ਣ ਬੇਸ਼ੱਕ ਇੰਗਲੈਂਡ ਵਿੱਚ ਹੋਇਆ ਪਰ ਉਨ੍ਹਾਂ ਦੀ ਜ਼ੁਬਾਨ ਤੋਂ ਠੇਠ ਪੰਜਾਬੀ ਉਤਰਦੀ ਹੈ।

ਰੈਫ ਸਪੇਰਾ

ਤਸਵੀਰ ਸਰੋਤ, RAF-SAPERRA/YT

ਤਸਵੀਰ ਕੈਪਸ਼ਨ, ਰੈਫ ਦੇ ਮਾਪਿਆਂ ਦਾ ਪਿਛੋਕੜ ਪਾਕਿਸਤਾਨ ਦੇ ਪੰਜਾਬ ਤੋਂ ਹੈ

ਆਪਣੇ ਕਈ ਇੰਟਰਵਿਊਜ਼ ਵਿੱਚ ਰੈਫ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਸੰਗੀਤ ਨਾਲ ਰਿਸ਼ਤਾ ਬਚਪਨ ਤੋਂ ਹੀ ਰਿਹਾ ਹੈ।

ਆਪਣੇ ਸੰਗੀਤ ਦੇ ਸ਼ੁਰੂਆਤੀ ਕਰੀਅਰ ਵਿੱਚ ਉਹ ਪੰਜਾਬ ਦੇ ਮਸ਼ਹੂਰ ਗਾਇਕ ਜਿਵੇਂ ਕੁਲਦੀਪ ਮਾਣਕ, ਸੁਰਜੀਤ ਬਿੰਦਰਖੀਆ, ਹਰਜੀਤ ਹਰਮਨ, ਸੁਰਿੰਦਰ ਸ਼ਿੰਦਾ ਦੇ ਗੀਤਾਂ ਨੂੰ ਆਪਣੇ ਅੰਦਾਜ਼ ਵਿੱਚ ਗਾ ਕੇ ਅਪਲੋਡ ਕਰਦੇ ਸਨ, ਜਿਨ੍ਹਾਂ ਨੂੰ 'ਕਵਰ' ਕਿਹਾ ਜਾਂਦਾ ਹੈ।

ਉਹ ਆਪਣੇ ਵੱਲੋਂ ਗਾਏ ਕਵਰਸ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਅਪਲੋਡ ਕਰਦੇ ਸਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਹ ਸੰਗੀਤ ਦੇ ਮੇਨ ਸਟਰੀਮ ਵਿੱਚ ਆਏ।

ਰੈਫ ਨੇ ਬੀਬੀਸੀ ਏਸ਼ਿਅਨ ਨੈੱਟਵਰਕ ਨੂੰ ਦਿੱਤੇ ਇੰਟਰਵਿਊ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਕਿ ਉਹ ਕਵਰ ਗੀਤਾਂ ਨੂੰ ਇੰਸਟਾਗ੍ਰਾਮ 'ਤੇ ਵੀ ਅਪਲੋਡ ਕਰਦੇ ਸਨ।

ਉਨ੍ਹਾਂ ਦੇ ਗਾਉਣ ਦੇ ਅੰਦਾਜ਼ ਨੂੰ ਕਈ ਦਰਸ਼ਕ ਕੁਲਦੀਪ ਮਾਣਕ ਤੇ ਜੈਜ਼ੀ ਬੀ ਨਾਲ ਵੀ ਜੋੜ ਕੇ ਦੇਖਦੇ ਹਨ।

ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ 2023 ਵਿੱਚ ਆਏ ਉਨ੍ਹਾਂ ਦੇ ਗੀਤ 'ਮੌਡਰਨ ਮਿਰਜ਼ਾ' ਤੋਂ।

ਉਨ੍ਹਾਂ ਦੀ ਹਾਲ ਹੀ ਵਿੱਚ ਆਈ ਈਪੀ 'ਰੀਨੇਸਿਨਸ' ਦੇ ਗੀਤ 'ਮੋਰਨੀ', 'ਨੀਂ ਬਿੱਲੋ' ਤੇ 'ਸੰਗ' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।

ਰੈਫ ਸਪੇਰਾ ਨਾਮ ਪਿੱਛੇ ਦੀ ਕਹਾਣੀ

ਰੈਫ ਸਪੇਰਾ

ਤਸਵੀਰ ਸਰੋਤ, BBC Asian Network

ਤਸਵੀਰ ਕੈਪਸ਼ਨ, ਬੀਬੀਸੀ ਏਸ਼ਿਅਨ ਨੈੱਟਵਰਕ ਨੂੰ ਇੰਟਰਵਿਊ ਦਿੰਦੇ ਹੋਏ ਰੈਫ ਸਪੇਰਾ ਦੀ ਇੱਕ ਤਸਵੀਰ

ਰੈਫ ਨੇ ਹੁਣ ਤੱਕ ਜਿਹੜੀਆਂ ਸੰਗੀਤ ਸ਼ੈਲੀਆਂ ਵਿੱਚ ਗਾਇਆ ਹੈ ਉਨ੍ਹਾਂ ਵਿੱਚ ਕੱਵਾਲੀ, ਪੌਪ, ਹਿੱਪ-ਹੌਪ,ਫੋਕ ਸ਼ਾਮਲ ਹਨ।

ਬੀਬੀਸੀ ਏਸ਼ਿਅਨ ਨੈੱਟਵਰਕ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਰੈਫ ਸਪੇਰਾ ਨੇ ਦੱਸਿਆ ਕਿ ਉਹ ਪੰਜਾਬੀ ਸੰਗੀਤ ਦੇ ਨਾਲ-ਨਾਲ ਬੌਲੀਵੁੱਡ ਤੋਂ ਵੀ ਕਾਫੀ ਪ੍ਰੇਰਿਤ ਰਹੇ ਹਨ।

ਉਹ ਦੱਸਦੇ ਹਨ, "ਮੈਂ ਜੈਜ਼ੀ ਬੀ, ਸੁਰਜੀਤ ਬਿੰਦਰਖੀਆ, ਕੁਲਦੀਪ ਮਾਣਕ ਵਰਗੇ ਗਾਇਕਾਂ ਨੂੰ ਸੁਣਦਿਆਂ ਵੱਡਾ ਹੋਇਆ। ਮੈਂ ਹਿਮੇਸ਼ ਰੇਸ਼ਮਮੀਆ ਦਾ ਵੀ ਵੱਡਾ ਪ੍ਰਸ਼ੰਸਕ ਹਾਂ। ਬਤੌਰ ਗਾਇਕ ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਉਹ ਕੰਪੋਜ਼ਰ ਤੇ ਸੰਗੀਤਕਾਰ ਸ਼ਾਨਦਾਰ ਹਨ।"

ਰੈਫ ਅੱਗੇ ਕਹਿੰਦੇ ਹਨ, "ਯੂਕੇ ਦੇ ਪੰਜਾਬੀ ਮਿਊਜ਼ਿਕ ਪ੍ਰੋਡਿਊਸਰਾਂ ਨੇ ਹਿੱਪ-ਹੌਪ ਤੇ ਪੰਜਾਬੀ ਫੋਕ ਨੂੰ ਜੋੜ ਕੇ ਸ਼ਾਨਦਾਰ ਮਿਊਜ਼ਿਕ ਬਣਾਇਆ ਹੈ। ਲੋਕਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਰਨਾ ਆਮ ਹੈ ਪਰ ਇਸ ਤਰ੍ਹਾਂ ਨਹੀਂ ਹੈ।"

ਤਰੱਨੁੰਮ ਥਿੰਦ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਰੈਫ ਸਪੇਰਾ ਨੇ ਆਪਣੇ ਨਾਮ ਦੇ ਪਿੱਛੇ ਦਿਲਚਸਪ ਕਹਾਣੀ ਬਾਰੇ ਵੀ ਦੱਸਿਆ।

ਰੈਫ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਇੱਕ ਪੰਜਾਬੀ ਐਲਬਮ 'ਰਾਅ ਐਜ਼ ਫੋਕ' ਵਿੱਚ ਆਪਣਾ ਸਟੇਜ ਨਾਮ ਦੇਖਿਆ।

ਉਹ ਕਹਿੰਦੇ ਹਨ, "ਮੈਂ ਆਪਣੇ ਦੋਸਤਾਂ ਨੂੰ ਦੱਸਿਆ ਕਿ ਮੈਂ ਰਾਅ ਐਜ਼ ਫੋਕ ਨੂੰ ਸੰਖੇਪ ਕਰ ਕੇ ਆਪਣਾ ਨਾਮ ਆਰਏਐੱਫ ਰੱਖਣਾ ਚਾਹੁੰਦਾ ਜਾਂ ਸਪੇਰਾ। ਮੈਂ ਜੈਜ਼ੀ ਬੀ ਦਾ ਬਹੁਤ ਵੱਡਾ ਫੈਨ ਆ ਤੇ ਉਨ੍ਹਾਂ ਦਾ ਗੀਤ 'ਨਾਗ' ਮੇਰੇ ਪਸੰਦੀਦਾ ਗੀਤ ਹੈ। ਇਸ ਗੀਤ ਵਿੱਚ ਸਪੇਰੇ ਦਾ ਕੰਨਸੈਪਟ ਕਿ ਸੱਪਾਂ ਨੂੰ ਕੀਲ ਕੇ ਪਟਾਰੀ ਵਿੱਚ ਪਾਉਣ, ਮੈਨੂੰ ਬਹੁਤ ਵਧੀਆ ਲੱਗਦਾ ਸੀ। ਮੈਂ ਫਿਰ ਆਪਣੇ ਦੋਸਤਾਂ ਨੂੰ ਦੱਸਿਆ ਕਿ ਜਾਂ ਮੈਂ ਆਪਣਾ ਨਾਮ ਰੈਫ ਰੱਖਣਾ ਜਾਂ ਸਪੇਰਾ।"

"ਮੇਰੇ ਦੋਸਤ ਨੇ ਉਦੋਂ ਬੋਲਿਆ ਰੈਫ ਸਪੇਰਾ, ਜਦੋਂ ਉਸ ਨੇ ਇਹ ਨਾਮ ਲਿਆ ਮੈਨੂੰ ਖਿੱਚ ਜਿਹੀ ਪਈ, ਉਦੋਂ ਤੋਂ ਫਿਰ ਮੈਂ ਇਹ ਨਾਮ ਰੱਖ ਲਿਆ।"

ਸਿੱਧੂ ਮੂਸੇਵਾਲਾ ਨਾਲ ਸਾਂਝ

ਸਿੱਧੂ ਮੂਸੇਵਾਲਾ ਤੇ ਰੈਫ ਸਪੇਰਾ

ਤਸਵੀਰ ਸਰੋਤ, Sidhu Moose Wala/YT

ਤਸਵੀਰ ਕੈਪਸ਼ਨ, ਰੈਫ ਨੇ ਸਿੱਧੂ ਮੂਸੇਵਾਲਾ ਦੇ ਦੋ ਗੀਤਾਂ ਦੀਆਂ ਵੀਡੀਓਜ਼ ਦਾ ਨਿਰਦੇਸ਼ਨ ਕੀਤਾ ਹੈ

ਰੈਫ ਸਪੇਰਾ ਗਾਇਕੀ ਤੋਂ ਇਲਾਵਾ ਵੀਡੀਓ ਡਾਇਰੈਕਟਰ, ਵੀਡੀਓ ਐਡਿਟਰ ਅਤੇ ਗੀਤਕਾਰ ਵੀ ਹਨ। ਉਨ੍ਹਾਂ ਦੇ ਗੀਤਾਂ ਦੀਆਂ ਜ਼ਿਆਦਾਤਰ ਵੀਡੀਓਜ਼ ਦਾ ਨਿਰਦੇਸ਼ਨ ਤੇ ਵੀਡੀਓ ਐਡਿਟ ਉਨ੍ਹਾਂ ਵੱਲੋਂ ਖੁਦ ਹੀ ਕੀਤਾ ਗਿਆ ਹੈ।

ਰੈਫ ਸਪੇਰਾ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਐਲਬਮ 'ਮੂਸੇਟੇਪ' ਦੇ ਦੋ ਗੀਤਾਂ ਦੀਆਂ ਵੀਡੀਓਜ਼ ਦਾ ਵੀ ਨਿਰਦੇਸ਼ਨ ਕੀਤਾ ਹੈ।

ਉਹ ਦੱਸਦੇ ਹਨ ਕਿ ਕਿਵੇਂ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ।

ਰੈਫ ਕਹਿੰਦੇ ਹਨ, "ਮੈਨੂੰ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਅਸੀਂ ਮੂਸੇਟੇਪ ਬਣਾ ਰਹੇ ਹਾਂ ਤੇ ਮੈਂ ਚਾਹੁੰਦਾ ਕਿ ਤੂੰ ਬਤੌਰ ਡਾਇਰੈਕਟਰ ਵੀਡੀਓ ਸ਼ੂਟ ਕਰੇ।"

"ਮੈਂ ਉਨ੍ਹਾਂ ਨੂੰ ਇਮਾਨਦਾਰੀ ਨਾਲ ਕਿਹਾ ਕਿ ਭਾਜੀ ਮੈਂ ਉਹ ਡਾਇਰੈਕਟਰ ਨਹੀਂ ਹਾਂ, ਜੋ ਚਾਰ-ਪੰਜ ਪ੍ਰਾਜੈਕਟ ਇੱਕ ਵਾਰ ਵਿੱਚ ਕਰਦਾ ਹਾਂ। ਮੈਂ ਉਨ੍ਹਾਂ ਤੋਂ ਜ਼ਿਆਦਾ ਪੈਸੇ ਵੀ ਬਣਾ ਸਕਦਾ ਸੀ ਪਰ ਮੈਨੂੰ ਪੈਸਿਆਂ ਨਾਲ ਨਹੀਂ ਮੇਰਾ ਫੋਕਸ ਆਰਟ ਵੱਲ ਸੀ।"

"ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇੱਕ ਵੀਡੀਓ ਵੀ ਬਣਾਵਾਂਗਾ ਅਤੇ ਉਸ ਨੂੰ ਹੀ ਚਾਰ-ਪੰਜ ਵੀਡੀਓਜ਼ ਜਿੱਡਾ ਬਣਾਵਾਂਗਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਠੀਕ ਹੈ, ਤੁਸੀਂ ਗੀਤ ਸਿਲੈਕਟ ਕਰੋ ਕਿਹੜਾ ਕਰੋਗੇ, ਮੈਂ ਕਿਹਾ ਜੋ ਮਰਜ਼ੀ ਹੋਜੇ ਮੈਂ ਸੈਲੇਬ੍ਰਿਟੀ ਕਿਲਰ ਦੀ ਵੀਡੀਓ ਕਰਨੀ ਹੈ। ਉਹ ਫਿਰ ਅਸੀਂ ਸ਼ੂਟ ਕੀਤਾ। "

ਗੁਰਦਾਸ ਮਾਨ ਦਾ ਪਸੰਦੀਦਾ ਗਾਇਕ

ਗੁਰਦਾਸ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਬੀਸੀ ਏਸ਼ਿਅਨ ਨੈੱਟਵਰਕ ਨੂੰ ਦਿੱਤੇ ਇੰਟਰਵਿਊ ਵਿੱਚ ਗੁਰਦਾਸ ਮਾਨ ਨੇ ਰੈਫ ਸਪੇਰਾ ਦੀ ਗਾਇਕੀ ਦੀ ਕਾਫੀ ਸ਼ਲਾਘਾ ਕੀਤੀ ਹੈ।

ਬੀਬੀਸੀ ਏਸ਼ਿਅਨ ਨੈੱਟਵਰਕ ਨੂੰ ਦਿੱਤੇ ਇੰਟਰਵਿਊ ਵਿੱਚ ਹੋਸਟ ਹਰੂਨ ਰਾਸ਼ਿਦ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਦਿੱਗਜ ਗਾਇਕ ਗੁਰਦਾਸ ਮਾਨ ਨੇ ਵੀ ਰੈਫ ਸਪੇਰਾ ਦੀ ਗਾਇਕੀ ਦੀ ਕਾਫੀ ਸ਼ਲਾਘਾ ਕੀਤੀ ਹੈ।

ਹਰੂਨ ਵੱਲੋਂ ਜਦੋਂ ਗੁਰਦਾਸ ਮਾਨ ਨੂੰ ਪੁੱਛਿਆ ਗਿਆ ਕਿ, "ਇਹ ਵੀ ਸੁਣਨ ਨੂੰ ਮਿਲਿਆ ਹੈ ਕਿ ਤੁਸੀਂ ਰੈਫ ਸਪੇਰਾ ਦੇ ਫੈਨ ਹੋ।"

ਇਸ ਸਵਾਲ ਦੇ ਜਵਾਬ ਵਿੱਚ ਗੁਰਦਾਸ ਮਾਨ ਨੇ ਕਿਹਾ, "ਹਾਂ ਇਹ ਬਿਲਕੁਲ ਹੈ। ਮੈਂ ਜੋਗੀਆਂ ਦੇ ਨਾਲ ਹਮੇਸ਼ਾ ਰਿਹਾ ਹਾਂ। ਜੋ ਰਾਬਤਾ ਕਾਇਮ ਰੱਖਦੇ ਹਨ, ਮੈਂ ਉਨ੍ਹਾਂ ਨਾਲ ਹਮੇਸ਼ਾ ਹਾਂ। ਦੋ ਸਾਲ ਪਹਿਲਾਂ ਇਨ੍ਹਾਂ ਨਾਲ ਹੋਈ ਇੱਕ ਮੁਲਾਕਾਤ ਦੌਰਾਨ ਵੀ ਬਹੁਤ ਮਜ਼ਾ ਆਇਆ ਸੀ।"

ਇਸੇ ਦੌਰਾਨ ਗੁਰਦਾਸ ਮਾਨ ਦੀ ਪ੍ਰਸ਼ੰਸ਼ਾ ਕਰਦਿਆਂ ਰੈਫ ਸਪੇਰਾ ਨੇ ਕਿਹਾ, "ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਮਾਨ ਸਾਬ ਮੇਰੇ ਲਈ ਇਹ ਸਭ ਬੋਲ ਰਹੇ ਹਨ। ਮਾਨ ਸਾਬ ਨੇ ਜਦੋਂ ਮੇਰਾ ਨਾਮ ਲੈ ਕੇ ਬੁਲਾਇਆ ਕਿ ਰੈਫ ਸਪੇਰਾ ਇੱਥੇ ਆਓ ਤਾਂ ਤੁਹਾਡੇ ਮੂੰਹ 'ਚੋਂ ਮੈਂ ਆਪਣਾ ਨਾਮ ਸੁਣ ਕੇ ਹੈਰਾਨ ਹੋ ਗਿਆ ਸੀ। ਮੈਂ ਆਪਣੇ ਕਿਸੇ ਹੋਰ ਸੀਨੀਅਰ ਵਿੱਚ ਇਹ ਗੱਲ ਨਹੀਂ ਦੇਖੀ ਕਿ ਉਹ ਆਪਣੇ ਜੂਨੀਅਰ ਆਰਟਿਸਟ ਨੂੰ ਇੰਨੀ ਹੱਲਾਸ਼ੇਰੀ ਦੇਵੇ।"

ਨਸਲੀ ਵਿਤਕਰੇ ਦਾ ਸਾਹਮਣਾ

ਇੱਕ ਇੰਟਰਵਿਊ ਵਿੱਚ ਰੈਫ ਨੇ ਇਹ ਵੀ ਦੱਸਿਆ ਕਿ ਯੂਕੇ ਵਿੱਚ ਰਹਿੰਦੇ ਹੋਏ ਉਹ ਨਸਲੀ ਵਿਤਕਰੇ ਦਾ ਸਾਹਮਣਾ ਕਰ ਚੁੱਕੇ ਹਨ।

ਰੈਫ ਨੇ ਇਸ ਬਾਰੇ ਖੁੱਲ੍ਹ ਕੇ ਕਈ ਵਾਰ ਗੱਲ ਵੀ ਕਰ ਚੁੱਕੇ ਹਨ। ਉਹ ਇਸ ਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਮੀਡੀਆ ਨੂੰ ਵੀ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਆ ਵਿੱਚ ਦੇਸੀਆਂ ਨੂੰ ਅਜੀਬ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਉਹ ਕਹਿੰਦੇ ਹਨ, "ਮੀਡੀਆ 'ਚ ਜਾਂ ਤਾਂ ਤੁਹਾਨੂੰ ਬਹੁਤ ਹੀ ਹਾਸੋਹੀਣਾ ਦਿਖਾਇਆ ਜਾਂਦਾ। ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇਹ ਫੀਲ ਕਰਵਾਉਣ ਲਈ ਕਿ ਤੂੰ ਭੁੱਲੀ ਨਾ ਕਿ ਤੂੰ ਲਹਿੰਦੇ ਪੰਜਾਬ ਤੋਂ ਹੈ, ਤੂੰ ਇੱਕ ਮੁਸਲਿਮ ਪਰਿਵਾਰ ਵਿੱਚੋਂ ਹੈ।"

'ਸਾਂਝੇ ਪੰਜਾਬ ਨੂੰ ਦਿਮਾਗ 'ਚ ਰੱਖਿਆ ਹੋਇਆ'

ਰੈਫ ਸਪੇਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੈਫ ਸਪੇਰਾ ਦੀ ਪੇਸ਼ਕਾਰੀ ਦਿੰਦਿਆਂ ਇੱਕ ਤਸਵੀਰ

ਇੱਕ ਪਾਸੇ ਜਿੱਥੇ ਕਈ ਗਾਇਕਾਂ ਨੂੰ ਆਟੋ ਟਿਊਨ ਦੇ ਇਸਤੇਮਾਲ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ, ਉੱਥੇ ਹੀ ਰੈਫ ਸਪੇਰਾ ਦੀ ਗਾਇਕੀ ਨੂੰ ਪੰਜਾਬ ਦੇ ਪੁਰਾਣੇ ਗਾਇਕਾਂ ਨਾਲ ਜੋੜਿਆ ਜਾਂਦਾ। ਉਨ੍ਹਾਂ ਦਾ ਠੇਠ ਪੰਜਾਬੀ ਵਿੱਚ ਗਾਉਣਾ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ।

ਰੈਫ ਕਹਿੰਦੇ ਹਨ ਕਿ ਚੜ੍ਹਦੇ ਪੰਜਾਬ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ।

ਰੈਫ ਕਹਿੰਦੇ ਹਨ, "ਮੈਂ ਲਹਿੰਦਾ ਪੰਜਾਬ ਦਾ ਹੋਣ ਦੇ ਬਾਵਜੂਦ, ਮੈਨੂੰ ਚੜ੍ਹਦੇ ਪੰਜਾਬ ਤੋਂ ਬਹੁਤ ਪਿਆਰ ਮਿਲਿਆ। ਸਿੱਧੂ ਕਹਿੰਦਾ ਹੁੰਦਾ ਸੀ ਕਿ ਬੇਸ਼ੱਕ ਤੂੰ ਲਹਿੰਦੇ ਪੰਜਾਬ ਤੋਂ ਹੈ ਪਰ ਤੇਰੀ ਬੋਲੀ ਮਲਵਈ ਹੈ। ਮੈਨੂੰ ਨਹੀਂ ਪਤਾ ਉਸ ਨੇ ਅਜਿਹਾ ਕਿਉਂ ਕਿਹਾ ਸੀ, ਸ਼ਾਇਦ ਮੈਂ ਮਾਣਕ ਸਾਬ ਨੂੰ ਜ਼ਿਆਦਾ ਸੁਣਦਾ।"

"ਸਾਡੇ ਗੀਤਕਾਰ ਵੀ ਚੜ੍ਹਦੇ ਪੰਜਾਬ ਤੋਂ ਹਨ। ਇਸ ਲਈ ਸਾਂਝੇ ਪੰਜਾਬ ਨੂੰ ਦਿਮਾਗ ਵਿੱਚ ਰੱਖਿਆ ਹੋਇਆ ਹੈ, ਜਿਵੇਂ ਨੁਸਰਤ ਸਾਬ ਨੂੰ ਵੀ ਤੁਸੀਂ ਕਹਿੰਦੇ ਹੋ ਕਿ ਉਹ ਲਹਿੰਦੇ ਤੋਂ ਨਹੀਂ ਉਹ ਸਾਡੇ ਹਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)