ਸਿੱਖ ਪ੍ਰਚਾਰਕ ਨੂੰ ਕਿਉਂ ਮੰਗਣੀ ਪੈ ਰਹੀ ਮੁਆਫ਼ੀ, ਕੀ ਆਰਐੱਸਐੱਸ ਦੇ ਸਮਾਗਮਾਂ ਵਿੱਚ ਜਾਣ ਦੀ ਸਿੱਖਾਂ ਨੂੰ ਮਨਾਹੀ ਹੈ?

ਗੁਰਵਿੰਦਰ ਸਿੰਘ

ਤਸਵੀਰ ਸਰੋਤ, Sourced by Kamal Saini

ਤਸਵੀਰ ਕੈਪਸ਼ਨ, ਗੁਰਵਿੰਦਰ ਸਿੰਘ ਹਰਿਆਣਾ ਦੇ ਪਿਹੋਵਾ ਨੇੜਲੇ ਉਦਾਸੀ ਸੰਪ੍ਰਦਾਇ ਦੇ ਅਸਥਾਨ ਗੁਰਦੁਆਰਾ ਉਦਾਸੀਨ ਬ੍ਰਹਮ ਅਖਾੜਾ ਦੇ ਮੁਖੀ ਹਨ।
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਹਰਿਆਣਾ ਦੇ ਜਾਣੇ-ਪਛਾਣੇ ਸਿੱਖ ਪ੍ਰਚਾਰਕ ਗੁਰਵਿੰਦਰ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਬਦਲੇ ਮੁਆਫ਼ੀ ਮੰਗੀ ਹੈ।

ਗੁਰਵਿੰਦਰ ਸਿੰਘ ਹਰਿਆਣਾ ਦੇ ਪਿਹੋਵਾ ਨੇੜਲੇ ਉਦਾਸੀ ਸੰਪ੍ਰਦਾਇ ਦੇ ਅਸਥਾਨ ਗੁਰਦੁਆਰਾ ਉਦਾਸੀਨ ਬ੍ਰਹਮ ਅਖਾੜਾ ਦੇ ਮੁਖੀ ਹਨ।

ਉਦਾਸੀ ਸ਼ਬਦ ਦਾ ਸਬੰਧ ਸੰਸਕ੍ਰਿਤ ਦੇ ਉਦਾਸੀਨ ਸ਼ਬਦ ਨਾਲ ਹੈ।

ਉਦਾਸੀ ਸੰਪ੍ਰਦਾਇ ਦੇ ਮੁਲਕ ਭਰ ਵਿੱਚ ਡੇਰੇ ਹਨ, ਜੋ ਆਪਣੇ ਤਰੀਕੇ ਨਾਲ ਸਿੱਖੀ ਦਾ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਦੇ ਕਾਰਜ ਕਰਦੇ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤਕੋਸ਼ ਮੁਤਾਬਕ, ‘‘ਉਦਾਸੀ ਸੰਪ੍ਰਦਾਇ ਸਿੱਖ ਧਰਮ ਦੀਆਂ ਸਭ ਤੋਂ ਪੁਰਾਤਨ ਸੰਪ੍ਰਦਾਵਾਂ ਵਿਚੋਂ ਇਕ ਹੈ, ਭਾਵੇਂ ਕਈ ਵਿਦਵਾਨ ਇਸ ਨੂੰ ਵੱਖਰਾ ਮੱਤ ਜਾਂ ਪ੍ਰਾਚੀਨ ਭਾਰਤੀ ਸਾਧੂ ਸੰਪ੍ਰਦਾਇ ਦਾ ਇਕ ਅੰਗ ਖ਼ਿਆਲ ਕਰਦੇ ਹਨ। ਪਰ ਕਈ ਵਿਦਵਾਨ ਇਸ ਨੂੰ ਸਿੱਖ ਧਰਮ ਦਾ ਅਗ੍ਰਿਮ ਪ੍ਰਚਾਰਕ ਦਲ ਮੰਨਦੇ ਹਨ।”

ਅਕਾਲ ਤਖ਼ਤ ਦੇ ਸਕੱਤਰੇਤ ਦੇ ਸਕੱਤਰ ਜਸਪਾਲ ਸਿੰਘ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੋਬਿਨ ਨਾਲ ਫੋਨ ਉੱਤੇ ਗੱਲ ਕਰਦਿਆਂ ਉਨ੍ਹਾਂ ਨੂੰ ਗੁਰਵਿੰਦਰ ਸਿੰਘ ਦਾ ਮੁਆਫ਼ੀਨਾਮਾ ਮਿਲਣ ਦੀ ਪੁਸ਼ਟੀ ਕੀਤੀ ਹੈ।

ਜਸਪਾਲ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਇਸ ਉੱਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ, ਤਾਂ ਉਨ੍ਹਾਂ ਕਿਹਾ, ‘‘ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖਾਂ ਦੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਹੋਣ ਵਾਲੀ ਅਗਲੀ ਬੈਠਕ ਵਿੱਚ ਇਸ ਮਸਲੇ ਉੱਤੇ ਵਿਚਾਰ ਕਰਨ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।’’

ਅਕਾਲ ਤਖ਼ਤ ਸਿੱਖਾਂ ਦੀ ਉਹ ਸਿਰਮੌਰ ਸੰਸਥਾ ਹੈ ਜਿੱਥੋਂ ਸਿੱਖ ਕਿਸੇ ਵੀ ਧਾਰਮਿਕ, ਸਮਾਜਿਕ ਤੇ ਸਿਆਸੀ ਮਸਲੇ ਉੱਤੇ ਸੇਧ ਲੈਂਦੇ ਹਨ। ਅਕਾਲ ਤਖ਼ਤ ਦੀਆਂ ਗਤੀਵਿਧੀਆਂ ਦਾ ਸੰਚਾਲਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਮਜ਼ਦ ਜਥੇਦਾਰ ਵਲੋਂ ਕੀਤਾ ਜਾਂਦਾ ਹੈ।

ਗੁਰਵਿੰਦਰ ਸਿੰਘ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਮਾਗਮ ਵਿੱਚ ਜਾਣ ਲਈ ਮਾਫੀ ਕਿਉਂ ਮੰਗਣੀ ਪਈ, ਇਸ ਬਾਰੇ ਜਦੋਂ ਬੀਬੀਸੀ ਦੇ ਸਹਿਯੋਗੀ ਕਮਲ ਸੈਣੀ ਨੇ ਉਨ੍ਹਾਂ ਨਾਲ ਫੋਨ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਕੀ ਹੈ ਆਰਐੱਸਐੱਸ ਨਾਲ ਜੁੜਿਆ ਮਾਮਲਾ

ਗੁਰਵਿੰਦਰ ਸਿੰਘ

ਤਸਵੀਰ ਸਰੋਤ, Sourced by Kamal Saini

ਤਸਵੀਰ ਕੈਪਸ਼ਨ, ਇਸ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਦਰਅਸਲ 23 ਜੂਨ ਨੂੰ ਕੁਰੂਕਸ਼ੇਤਰ ਦੇ ਇੱਕ ਸਕੂਲ ਵਿੱਚ ਆਰਐੱਸਐੱਸ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਸੀ। ਇਸ ਸਮਾਗਮ ਵਿੱਚ ਗੁਰਵਿੰਦਰ ਸਿੰਘ ਮਹਿਮਾਨ ਵਜੋਂ ਸ਼ਾਮਲ ਹੋਏ ਸਨ।

ਇਸ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਇਸ ਮਗਰੋਂ ਗੁਰਵਿੰਦਰ ਸਿੰਘ ਨੇ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਇਸ ਨੂੰ ਅਣਜਾਣੇ ਵਿੱਚ ਕੀਤੀ ਗਈ ਗਲਤੀ ਦੱਸਿਆ ਅਤੇ ਇਸ ਲਈ ਮੁਆਫ਼ੀ ਦੀ ਅਪੀਲ ਕੀਤੀ।

ਗੁਰਵਿੰਦਰ ਸਿੰਘ ਨੇ ਆਪਣੇ ਪੱਤਰ, ਜਿਸ ਦੀ ਕਾਪੀ ਬੀਬੀਸੀ ਕੋਲ ਹੈ, ਵਿੱਚ ਦਾਅਵਾ ਕੀਤਾ ਕਿ ਉਹ ਸਕੂਲ ਦਾ ਸਮਾਗਮ ਸਮਝ ਕੇ ਗਏ ਸੀ। ਇੱਥੇ ਪਹੁੰਚਣ ਤੋਂ ਪਹਿਲਾਂ ਤੱਕ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਸਮਾਗਮ ਆਰਐੱਸਐੱਸ ਦੇ ਨੁਮਾਇੰਦਿਆਂ ਵੱਲੋਂ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਮੁਆਫ਼ੀਨਾਮੇ ਵਿੱਚ ਕੀ ਲਿਖਿਆ ਗਿਆ

ਗੁਰਵਿੰਦਰ ਸਿੰਘ
ਤਸਵੀਰ ਕੈਪਸ਼ਨ, ਗੁਰਵਿੰਦਰ ਸਿੰਘ ਨੇ ਇਹ ਵੀ ਲਿਖਿਆ ਕਿ ਜਦੋਂ ਵੀ ਅਕਾਲ ਤਖ਼ਤ ਤੋਂ ਉਨ੍ਹਾਂ ਨੂੰ ਬੁਲਾਇਆ ਜਾਵੇਗਾ, ਉਹ ਉੱਥੇ ਇੱਕ ‘ਨਿਮਾਣੇ ਸਿੱਖ’ ਵੱਜੋਂ ਹਾਜ਼ਰ ਹੋਣਗੇ।

ਗੁਰਵਿੰਦਰ ਸਿੰਘ ਨੇ ਆਪਣੀ ਸੰਸਥਾ ਉਦਾਸੀਨ ਬ੍ਰਹਮ ਅਖਾੜਾ ਸਾਹਿਬ ਲੋਕ ਭਲਾਈ ਟਰੱਸਟ ਦੇ ਅਧਿਕਾਰਤ ਲੈਟਰਹੈੱਡ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਲਿਖਿਆ ਹੈ।

ਉਨ੍ਹਾਂ ਲਿਖਿਆ ਹੈ, “ਮੈਂ 23-6-2024 ਨੂੰ ਕੁਰੂਕਸ਼ੇਤਰ ਦੇ ਸਕੂਲ ਦੇ ਇੱਕ ਪ੍ਰੋਗਰਾਮ ਵਿੱਚ ਗਿਆ ਸੀ। ਸਕੂਲ ਦੇ ਇੱਕ ਪ੍ਰੋਗਰਾਮ ਵਿੱਚ ਸਾਨੂੰ ਗੁੰਮਰਾਹ ਕਰਕੇ ਲਿਜਾਇਆ ਗਿਆ ਸੀ। ਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਇਹ ਪ੍ਰੋਗਰਾਮ ਆਰਐੱਸਐੱਸ ਦਾ ਸੀ।”

“ਮੇਰਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ ਤੇ ਮੈਂ ਤੇ ਪੂਰਾ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ।”

ਉਨ੍ਹਾਂ ਅੱਗੇ ਲਿਖਿਆ ਕਿ ਉਹ ਭਵਿੱਖ ਵਿੱਚ ਅਜਿਹਾ ਕੋਈ ਕੰਮ ਨਹੀਂ ਕਰਨਗੇ, ਜਿਸ ਨਾਲ ਸਿੱਖ ਪੰਥ ਨੂੰ ਕੋਈ ਠੇਸ ਪਹੁੰਚੇ।

ਗੁਰਵਿੰਦਰ ਸਿੰਘ ਨੇ ਇਹ ਵੀ ਲਿਖਿਆ ਕਿ ਜਦੋਂ ਵੀ ਅਕਾਲ ਤਖ਼ਤ ਤੋਂ ਉਨ੍ਹਾਂ ਨੂੰ ਬੁਲਾਇਆ ਜਾਵੇਗਾ, ਉਹ ਉੱਥੇ ਇੱਕ ‘ਨਿਮਾਣੇ ਸਿੱਖ’ ਵੱਜੋਂ ਹਾਜ਼ਰ ਹੋਣਗੇ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਮਾਗਮ ਆਰਐੱਸਐੱਸ ਦਾ ਸੀ ਜਾਂ ਸਕੂਲ ਦਾ

ਜਾਣਕਾਰੀ ਮੁਤਾਬਕ ਕੁਰੂਕਸ਼ੇਤਰ ਦੇ ਜਿਸ ਸਮਾਗਮ ਵਿੱਚ ਜਾਣ ਕਰਕੇ ਗੁਰਵਿੰਦਰ ਸਿੰਘ ਅਕਾਲ ਤਖ਼ਤ ਤੋਂ ਮਾਫੀ ਮੰਗ ਰਹੇ ਹਨ, ਉਹ ਦਰਅਸਲ ਸੰਘ ਸ਼ਿਕਸ਼ਾ ਵਿਭਾਗ (ਸਿਖਲਾਈ ਕੈਂਪ) ਦਾ ਸਮਾਪਤੀ ਸਮਾਗਮ ਸੀ। ਇਸ ਸਮਾਗਮ ਵਿੱਚ ਗੁਰਵਿੰਦਰ ਸਿੰਘ ਨੂੰ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ ਸੀ।

ਟਾਇਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਇਸ ਸਮਾਗਮ ਵਿੱਚ ਸ਼ਾਮਲ ਹੋਣ ਵੇਲੇੇ ਗੁਰਵਿੰਦਰ ਸਿੰਘ ਨੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਰਕਰਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਹਵਾਲਿਆਂ ਨਾਲ ਪ੍ਰੇਰਣਾ ਵੀ ਦਿੱਤੀ।

ਉਨ੍ਹਾਂ ਦੀਆਂ ਮੰਚ ਉੱਤੇ ਸਵੈਮ ਸੇਵਕਾਂ ਨਾਲ ਖੜ੍ਹੇ ਹੋ ਕੇ ਛਾਤੀ ਤੱਕ ਹੱਥ ਉੱਤੇ ਚੁੱਕ ਕੇ ਸਹੁੰ ਚੁੱਕਣ ਦੀਆਂ ਤਸਵੀਰਾਂ ਵੀ ਸੋਸ਼ਲ਼ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਉਣ ਤੋਂ ਬਾਅਦ ਕੁਝ ਲੋਕਾਂ ਦੇ ਸੰਘ ਸਮਾਗਮ ਵਿੱਚ ਜਾਣ ਲਈ ਗੁਰਵਿੰਦਰ ਸਿੰਘ ਦੀ ਆਲੋਚਨਾ ਕੀਤੀ।

ਸੋਸ਼ਲ ਮੀਡੀਆ ਉੱਤੇ ਹੋ ਰਹੀ ਆਲੋਚਨਾ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਜਦੋਂ ਅਕਾਲ ਤਖ਼ਤ ਨੂੰ ਮੁਆਫ਼ੀਨਾਮਾ ਭੇਜਿਆ ਤਾਂ ਇਹ ਸਵਾਲ ਉੱਠਣਾ ਸ਼ੁਰੂ ਹੋ ਗਿਆ ਕਿ ਕੀ ਕੋਈ ਸਿੱਖ ਆਰਐੱਸਐੱਸ ਸਮਾਗਮ ਵਿੱਚ ਨਹੀਂ ਜਾ ਸਕਦਾ। ਇਸ ਉੱਤੇ ਇਤਰਾਜ਼ ਕਿਉਂ ਹੈ।

ਸਿੱਖਾਂ ਦੀ ‘‘ਮਿੰਨੀ ਪਾਰਲੀਮੈਂਟ’’ ਕਹੀ ਜਾਂਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ ਹੈ ਉਸ ਦਾ ਭਾਰਤੀ ਜਨਤਾ ਪਾਰਟੀ ਨਾਲ ਲੰਬੇ ਸਮੇਂ ਤੱਕ ਗਠਜੋੜ ਰਿਹਾ ਹੈ।

ਭਾਰਤੀ ਜਨਤਾ ਪਾਰਟੀ, ਸੰਘ ਦਾ ਹੀ ਸਿਆਸੀ ਵਿੰਗ ਹੈ। ਇਸ ਵੇਲੇ ਦੇਸ ਦੇ ਕਈ ਸੂਬਿਆਂ ਦੇ ਮੰਤਰੀ, ਮੁੱਖ ਮੰਤਰੀ ਅਤੇ ਭਾਰਤ ਦੇ ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਤੱਕ ਸੰਘ ਦੇ ਹੀ ਸਵੈਮ ਸੇਵਕ ਰਹੇ ਹਨ।

ਸੰਘ ਦੇ ਸਮਾਗਮ ’ਚ ਜਾਣ ਉੱਤੇ ਵਿਵਾਦ ਕਿਉਂ

ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ
ਤਸਵੀਰ ਕੈਪਸ਼ਨ, ਸਿੱਖ ਕੌਮ ਦੇ ਨਾਂ ਜਾਰੀ ਇਸ ਸੰਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਸਤਵ ਦੀ ਚੌਥੀ ਸ਼ਤਾਬਦੀ ਸਮਾਗਮਾਂ ਮੌਕੇ ਰਾਸ਼ਟਰੀ ਸਿੱਖ ਸੰਗਤ ਵਲੋਂ ਕੀਤੇ ਜਾ ਰਹੇ ਸਮਾਗਮਾਂ ਦਾ ਹਵਾਲਾ ਦਿੱਤਾ ਗਿਆ ਹੈ।

ਹੁਣ ਸਵਾਲ ਇਹ ਉੱਠਦਾ ਹੈ, ਅਕਾਲੀ ਦਲ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਨਹੁੰ ਮਾਸ ਦਾ ਰਿਸ਼ਤਾ ਦੱਸਦਾ ਰਿਹਾ ਹੈ, ਤਾਂ ਗੁਰਵਿੰਦਰ ਸਿੰਘ ਦੀ ਸੰਘ ਸਮਾਗਮ ਵਿੱਚ ਜਾਣ ਦੀ ਆਲੋਚਨਾ ਕਿਸ ਅਧਾਰ ਉੱਤੇ ਹੋ ਰਹੀ ਹੈ।

ਇਸ ਬਾਰੇ ਅਸੀਂ ਜਸਪਾਲ ਸਿੰਘ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੰਘ ਅਤੇ ਇਸ ਦੇ ਇੱਕ ਹੋਰ ਸੰਗਠਨ ਰਾਸ਼ਟਰੀ ਸਿੱਖ ਸੰਗਤ ਦੀਆਂ ਗਤੀਵਿਧੀਆਂ ਨੂੰ ਲੈ ਕੇ 2004 ਵਿੱਚ ਅਕਾਲ ਤਖ਼ਤ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ।

ਜਾਣਕਾਰ ਦੱਸਦੇ ਹਨ ਕਿ 2004 ਵਿੱਚ ਮਰਹੂਮ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਅਕਾਲ ਤਖ਼ਤ ਦੇ ਜਥੇਦਾਰ ਹੁੰਦੇ ਸਨ, ਉਨ੍ਹਾਂ ਨੇ 23 ਜੁਲਾਈ, 2004 ਨੂੰ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ।

ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗਏ ਇਸ ਸੰਦੇਸ਼ ਦੀ ਕਾਪੀ ਬੀਬੀਸੀ ਕੋਲ ਮੌਜੂਦ ਹੈ।

ਸਿੱਖ ਕੌਮ ਦੇ ਨਾਂ ਜਾਰੀ ਇਸ ਸੰਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਸਤਵ ਦੀ ਚੌਥੀ ਸ਼ਤਾਬਦੀ ਸਮਾਗਮਾਂ ਮੌਕੇ ਰਾਸ਼ਟਰੀ ਸਿੱਖ ਸੰਗਤ ਵਲੋਂ ਕੀਤੇ ਜਾ ਰਹੇ ਸਮਾਗਮਾਂ ਦਾ ਹਵਾਲਾ ਦਿੱਤਾ ਗਿਆ ਹੈ।

ਸੰਦੇਸ਼ ਵਿੱਚ ਲਿਖਿਆ ਗਿਆ ਹੈ, “ਆਰਐੱਸਐੱਸ ਵਲੋਂ ਸਿੱਖ ਕੌਮ ਨਾਲ ਝੂਠੀ ਹਮਦਰਦੀ ਪ੍ਰਗਟਾਉਣ ਲ਼ਈ ਬਹੁਤ ਡੂੰਘੀ ਤੇ ਸ਼ਾਤਰ ਚਾਲ ਨਾਲ ਸਿੱਖ ਪੰਥ ਨੂੰ ਅੰਦਰੋਂ ਖੋਰਾ ਲਾਉਣ ਅਤੇ ਘੁਸਪੈਠ ਕਰਨ ਦੇ ਮਨਸੂਬੇ ਤਹਿਤ ‘ਸਰਬ ਸਾਂਝੀ ਗੁਰਬਾਣੀ ਯਾਤਰਾ’ ਦਾ ਅਡੰਬਰ ਰਚਿਆ ਜਾ ਰਿਹਾ ਹੈ।’’

ਇਸ ਸੰਦੇਸ਼ ਵਿੱਚ ਕਿਹਾ ਗਿਆ ਸੀ, ‘‘ਆਰਐੱਸਐੱਸ/ਰਾਸ਼ਟਰੀ ਸਿੱਖ ਜਥੇਬੰਦੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਿੱਖ ਵਿਰੋਧੀ ਸਰਗਰਮੀਆ ਕੀਤੀਆਂ ਜਾ ਰਹੀਆਂ ਹਨ। ਇਸ ਸੰਸਥਾ ਵੱਲੋਂ ਤਖ਼ਤ ਸਾਹਿਬਾਨਾਂ ਦਾ ਸਹਿਯੋਗ ਹਾਸਲ ਕਰਨ ਲਈ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।”

ਜਥੇਦਾਰਾਂ ਨੇ ਅੱਗੇ ਕਿਹਾ ਸੀ, ‘‘ਸਮੂਹ ਸਿੱਖ ਸੰਗਤ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਅਖੌਤੀ ਪੰਥ ਵਿਰੋਧੀ ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਦੇ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਇਸ ਜਥੇਬੰਦੀ ਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ।’’

ਇਹ ਹੁਕਮਨਾਮਾ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਸੀ।

ਇਸ ਆਦੇਸ਼ ਉੱਤੇ ਤਖ਼ਤ ਪਟਨਾ ਸਾਹਿਬ ਦੇ ਤਤਕਾਲੀ ਜਥੇਦਾਰ ਇਕਬਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਤਤਕਾਲੀ ਮੁੱਖ ਗ੍ਰੰਥੀ ਗੁਰਬਚਨ ਸਿੰਘ, ਤਖਤ ਕੇਸਗੜ੍ਹ ਸਾਹਿਬ ਦੇ ਤਤਕਾਲੀ ਜਥੇਦਾਰ ਤਰਲੋਚਨ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਦੇ ਵੀ ਹਸਤਾਖ਼ਰ ਹਨ।

ਸੰਘ ਨਾਲ ਸਿੱਖ ਭਾਈਚਾਰੇ ਦੇ ਕੀ ਹਨ ਮਤਭੇਦ

ਸਿੱਖ

ਤਸਵੀਰ ਸਰੋਤ, Getty Images

ਸਿੱਖ ਭਾਈਚਾਰੇ ਵਿੱਚ ਕਾਫੀ ਗਿਣਤੀ ਲੋਕਾਂ ਦਾ ਇਹ ਮੰਨਣਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ, ਮੁਲਕ ਵਿੱਚ ਬਹੁਗਿਣਤੀ ਹਿੰਦੂ ਭਾਈਚਾਰੇ ਦੇ ਨਾਂ ਉੱਤੇ ਕੰਮ ਕਰਦਾ ਹੈ। ਇਹ ਭਾਰਤ ਦੇ ਬਹੁ-ਸੱਭਿਆਚਾਰਕ ਖਾਸੇ ਨੂੰ ਖ਼ਤਮ ਕਰਕੇ, ਇੱਕ ਦੇਸ, ਇੱਕ ਧਰਮ, ਇੱਕ ਭਾਸ਼ਾ, ਇੱਕ ਨਿਸ਼ਾਨ ਅਤੇ ਇੱਕ ਵਿਧਾਨ ਦੇ ਨਿਸ਼ਾਨੇ ਨਾਲ ਹਿੰਦੂਤਵ ਨੂੰ ਸਾਰੇ ਭਾਈਚਾਰਿਆਂ ਉੱਤੇ ਥੋਪਣਾ ਚਾਹੁੰਦਾ ਹੈ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਅਤੇ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ, “ਸੰਘ, ਮੁਸਲਮਾਨਾਂ ਨੂੰ ਅਲੱਗ-ਥਲੱਗ ਕਰਨ ਅਤੇ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਮਿਲਾਉਣ ਦੀ ਵਿਚਾਰਧਾਰਾ ਉੱਤੇ ਕੰਮ ਕਰ ਰਿਹਾ ਹੈ। ਸਿੱਖ ਇੱਕ ਵੱਖਰਾ ਧਰਮ ਹੈ, ਇਸ ਦੀ ਅਜਾਦ ਹਸਤੀ ਹੈ ਅਤੇ ਇਸ ਦੀ ਵਿਲੱਖਣ ਪਛਾਣ ਹੈ, ਜਿਸ ਨੂੰ ਸੰਘ ਖ਼ਤਮ ਕਰਨਾ ਚਾਹੁੰਦਾ ਹੈ।”

ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੀ ਸੰਘ ਦੀਆਂ ਗਤੀਵਿਧੀਆਂ ਨੂੰ ਘੱਟ ਗਿਣਤੀ ਵਿਰੋਧੀ ਅਤੇ ਦੇਸ ਨੂੰ ਫਿਰਕੂ ਅਧਾਰ ਉੱਤੇ ਪਾੜਨ ਵਾਲਾ ਕਰਾਰ ਦੇ ਕੇ ਇਸ ਦੀਆਂ ਗਤੀਵਿਧੀਆਂ ਉੱਤੇ ਪਾਬੰਦੀ ਲਾਉਣ ਦੀ ਮੰਗ ਕਰ ਚੁੱਕੇ ਹਨ।

2 ਜੁਲਾਈ 2024 ਨੂੰ ਲੋਕ ਸਭਾ ਵਿੱਚ ਬੋਲਦਿਆਂ ਅਕਾਲੀ ਦਲ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਦੇ ਸ਼ਬਦ ਇਸੇ ਸੰਦਰਭ ਵਿੱਚ ਜ਼ਿਕਰਯੋਗ ਹਨ।

ਉਨ੍ਹਾਂ ਕਿਹਾ, “ਇਨ੍ਹਾਂ (ਕਾਂਗਰਸ ਵੱਲ ਇਸ਼ਾਰਾ) ਸਾਡੇ ਧਾਰਮਿਕ ਸਥਾਨਾਂ (ਦਰਬਾਰ ਸਾਹਿਬ) ਉੱਤੇ ਟੈਂਕ ਚੜ੍ਹਾਏ ਅਤੇ ਤੁਸੀਂ ( ਭਾਜਪਾ) ਕੀ ਕਰ ਰਹੇ ਹੋ, ਸਾਡੇ ਧਾਰਮਿਕ ਅਦਾਰਿਆਂ ਉੱਤੇ ਕਬਜੇ ਕਰ ਰਹੇ ਹੋ। ਹਰਿਆਣਾ ਦੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਕਮੇਟੀ ਤੋਂ ਵੱਖਰੀ ਬਣਾ ਦਿੱਤੀ। ਦਿੱਲੀ ਕਮੇਟੀ ਉੱਤੇ ਕਬਜ਼ਾ ਕਰ ਲਿਆ। ਪਟਨਾ ਸਾਹਿਬ ਅਤੇ ਨਾਂਦੇੜ ਸਾਹਿਬ ਦੀਆਂ ਕਮੇਟੀਆਂ ਵਿੱਚ ਆਪਣੇ ਬੰਦੇ ਬਿਠਾ ਦਿੱਤੇ।”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)