ਅਮ੍ਰਿਤਪਾਲ ਸਿੰਘ ਹੁਣ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ, ਜਾਣੋ ਕੀ ਪ੍ਰਕਿਰਿਆ ਰਹੇਗੀ

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅਜ਼ਾਦ ਉਮੀਦਵਾਰ ਵੱਜੋਂ ਜਿੱਤੇ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਲੋਕ ਸਭਾ ਮੈਂਬਰ ਵਜੋਂ 5 ਜੁਲਾਈ ਨੂੰ ਸਹੁੰ ਚੁੱਕਣਗੇ।
ਐੱਨਐੱਸਏ ਐਕਟ ਲਗਾਏ ਜਾਣ ਤੋਂ ਬਾਅਦ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 5 ਜੁਲਾਈ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਜਾਇਆ ਜਾਵੇਗਾ, ਜਿੱਥੇ ਉਹ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ।
ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਟੀਮ ਡਿਬਰੂਗੜ੍ਹ ਲਈ ਰਵਾਨਾ ਹੋ ਗਈ ਹੈ।
ਜੇਲ੍ਹ ਤੋਂ ਉਨ੍ਹਾਂ ਨੂੰ ਸਿੱਧਾ ਦਿੱਲੀ ਲੈ ਜਾਏਗਾ ਅਤੇ ਸਹੁੰ ਚੁੱਕਣ ਤੋਂ ਬਾਅਦ ਸਿੱਧਾ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾਵੇਗਾ।
ਇਸ ਦੌਰਾਨ ਅਮ੍ਰਿਤਪਾਲ ਸਿੰਘ ਨੂੰ ਕਿਸੇ ਨੂੰ ਵੀ ਮਿਲਣ ਦੀ ਇਜ਼ਾਜਤ ਨਹੀਂ ਹੈ।
ਡੀਸੀ ਅੰਮ੍ਰਿਤਸਰ ਘਨਸ਼ਿਆਮ ਥਿਓਰੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਮ੍ਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਨਾਲ 5 ਜੁਲਾਈ ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਦਿੱਤੀ ਗਈ ਹੈ ਜਿਸ ਬਾਰੇ ਜੇਲ੍ਹ ਸੁਪਰਡੈਂਟ ਡਿਬਰੂਗੜ੍ਹ ਨੂੰ ਸੂਚਿਤ ਕੀਤਾ ਗਿਆ ਹੈ।

ਤਸਵੀਰ ਸਰੋਤ, ANI
ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਅਮ੍ਰਿਤਪਾਲ ਨੂੰ ਸਹੁੰ ਚਕਾਉਣ ਦਾ ਚੁੱਕਿਆ ਸੀ ਮੁੱਦਾ
ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਅਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਏ ਜਾਣ ਦਾ ਮੁੱਦਾ ਮੰਗਲਵਾਰ ਨੂੰ ਲੋਕ ਸਭਾ ਵਿੱਚ ਚੁੱਕਿਆ ਸੀ।
ਉਨ੍ਹਾਂ ਨੇ ਸੰਸਦ ਵਿੱਚ ਕਿਹਾ ਸੀ, “ਸਾਡੇ ਇੱਕ ਪੰਜਾਬ ਦੇ ਐੱਮਪੀ ਨੂੰ ਖਡੂਰ ਸਾਹਿਬ ਤੋਂ ਲੋਕਾਂ ਨੇ ਜਿਤਾਇਆ ਪਰ ਤੁਸੀਂ ਉਸ ਨੂੰ ਸਹੁੰ ਨਹੀਂ ਚੁੱਕਣ ਦੇ ਰਹੇ, ਜੇਕਰ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਤਾਂ ਕੀ ਹੈ, ਲੋਕਾਂ ਦੇ ਮੈਂਡੇਟ ਨੂੰ ਸਤਿਕਾਰਨਾ ਹਰ ਸਰਕਾਰ ਦਾ ਫ਼ਰਜ਼ ਹੁੰਦਾ ਹੈ।"

24 ਅਤੇ 25 ਜੂਨ ਨੂੰ 18 ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਸੀ।
ਪੰਜ ਮੈਂਬਰ ਜਿਹੜੇ ਸਹੁੰ ਚੁੱਕਣੋਂ ਰਹਿ ਗਏ ਸਨ ਉਨ੍ਹਾਂ ਵਿੱਚ ਅਮ੍ਰਿਤਪਾਲ ਸਿੰਘ, ਕਸ਼ਮੀਰ ਤੋਂ ਸਿਆਸਤਦਾਨ ਤੇ ਬਾਰਾਮੁੱਲਾ ਤੋਂ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ, ਸ਼ਤਰੂਘਨ ਸਿਨਹਾ ਅਤੇ ਉੱਤਰ ਪ੍ਰਦੇਸ਼ ਦੀ ਗਾਜ਼ੀਪੁਰ ਸੀਟ ਤੋਂ ਜਿੱਤਣ ਵਾਲੇ ਅਫ਼ਜ਼ਲ ਅੰਸਾਰੀ ਸ਼ਾਮਲ ਸਨ।
ਅਫ਼ਜ਼ਲ ਅੰਸਾਰੀ ਕੁਝ ਕਾਨੂੰਨੀ ਮਾਮਲਿਆਂ ਦੇ ਕਾਰਨ ਪਹਿਲਾਂ ਸਹੁੰ ਨਹੀਂ ਚੁੱਕ ਸਕਦੇ ਸਨ। ਸੋਮਵਾਰ ਨੂੰ ਉਨ੍ਹਾਂ ਨੂੰ ਸਪੀਕਰ ਓਮ ਬਿਰਲਾ ਨੇ ਸਹੁੰ ਚੁਕਾਈ ਸੀ ।
ਇੰਜੀਨੀਅਰ ਰਾਸ਼ਿਦ ਨੂੰ ਵੀ ਐੱਨਆਈਏ ਵਲੋਂ ਸਹੁੰ ਚੁਕਾਏ ਜਾਣ ਦੀ ਇਜ਼ਾਜਤ ਦਿੱਤੀ ਗਈ ਹੈ। ਉਹ ਵੀ 5 ਜੁਲਾਈ ਨੂੰ ਸਹੁੰ ਚੁੱਕਣਗੇ।

ਅਮ੍ਰਿਤਪਾਲ ਦੀ ਵਿਚਾਰਧਾਰਾ
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਪੰਜਾਬ ਡਿਬਰੂਗੜ੍ਹ ਜੇਲ੍ਹ ਵਿੱਚੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ।
ਉਨ੍ਹਾਂ ਨੂੰ ਪੰਜਾਬ ਵਿੱਚ ਸਭ ਤੋਂ ਵੱਡੀ ਲੀਡ ਮਿਲੀ ਸੀ।
ਅਮ੍ਰਿਤਪਾਲ ਨੇ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1 ਲੱਖ 97 ਹਜ਼ਾਰ 120 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਤਸਵੀਰ ਸਰੋਤ, Getty Images
ਕਈ ਸਾਲ ਦੁਬਈ ਰਹਿਣ ਤੋਂ ਬਾਅਦ ਸਾਲ 2022 'ਚ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਨੇ ਅੰਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।
ਅਮ੍ਰਿਤਪਾਲ ਸਿੰਘ ਨੂੰ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦਾ ਨਵਾਂ ਮੁਖੀ ਬਣਾਇਆ ਗਿਆ ਸੀ।
ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।
ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।
ਪਰ ਉਹ ਆਪਣੇ ਗਰਮ ਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
ਅਜਨਾਲਾ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 16 ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਉੱਤੇ ਐਨਐੱਸਏ ਵੀ ਲਗਾਇਆ ਗਿਆ।
ਅਪ੍ਰੈਲ 2023 ਨੂੰ ਅਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।












