ਜਸਟਿਨ ਟਰੂਡੋ ਨੇ ਅਹੁਦਾ ਛੱਡਿਆ, ਕੀ ਹੁਣ ਬਿਹਤਰ ਹੋਣਗੇ ਭਾਰਤ ਦੇ ਨਾਲ ਕੈਨੇਡਾ ਦੇ ਰਿਸ਼ਤੇ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫ਼ਾ ਦੇਣ ਤੋਂ ਬਾਅਦ ਖੁਦ ਨੂੰ ਇੱਕ ਫਾਈਟਰ ਦੱਸਿਆ।
    • ਲੇਖਕ, ਹਿਮਾਂਸ਼ੂ ਦੁਬੇ ਅਤੇ ਅਭੈ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਚਰਚਾ ਵਿੱਚ ਹੈ। ਕਾਰਨ ਉਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਉਨ੍ਹਾਂ ਨੇ ਸੋਮਵਾਰ (ਸਥਾਨਕ ਸਮੇਂ ਦੇ ਅਨੁਸਾਰ) ਨੂੰ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਟਰੂਡੋ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਆਪਣੇ ਅਸਤੀਫ਼ਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਨੇਤਾ ਦੇ ਤੌਰ 'ਤੇ ਅਸਤੀਫ਼ਾ ਦਿੰਦੇ ਹਨ ਅਤੇ ਅਗਲਾ ਨੇਤਾ ਚੁਣੇ ਜਾਣ ਤੋਂ ਬਾਅਦ ਉਹ ਪੀਐੱਮ ਦਾ ਅਹੁਦਾ ਛੱਡ ਦੇਣਗੇ।

ਵੈਸੇ ਪੀਐੱਮ ਜਸਟਿਨ ਟਰੂਡੋ ਦੇ ਅਸਤੀਫ਼ਾ ਦੇਣ ਦਾ ਭਾਰਤ 'ਤੇ ਕੀ ਅਸਰ ਪਵੇਗਾ? ਕੀ ਭਾਰਤ ਨੂੰ ਇਸ ਤੋਂ ਖੁਸ਼ ਹੋਣਾ ਚਾਹੀਦਾ? ਲਿਬਰਲ ਪਾਰਟੀ ਦਾ ਨਵਾਂ ਨੇਤਾ ਭਾਰਤ ਲਈ ਕਿਵੇਂ ਦਾ ਸਾਬਿਤ ਹੋਵੇਗਾ?

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਜਾਣਨ ਲਈ ਬੀਬੀਸੀ ਨੇ ਕੌਮਾਂਤਰੀ ਸਿਆਸਤ ਦੇ ਜਾਣਕਾਰਾਂ ਨਾਲ ਗੱਲਬਾਤ ਕੀਤੀ। ਮਾਹਿਰ ਮੰਨਦੇ ਹਨ ਕਿ ਜਸਟਿਨ ਟਰੂਡੋ ਦੇ ਹਟਣ ਨਾਲ ਸਬੰਧ ਬਿਹਤਰ ਹੋਣ ਦੀ ਉਮੀਦ ਹੈ।

ਕੀ ਭਾਰਤ ਨੂੰ ਖੁਸ਼ ਹੋਣਾ ਚਾਹੀਦਾ?

"ਪਿਛਲੇ ਕੁਝ ਸਮੇਂ ਤੋਂ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਸਪੱਸ਼ਟ ਸੀ ਕਿ ਜਦੋਂ ਤੱਕ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ, ਉਦੋਂ ਤੱਕ ਭਾਰਤ-ਕੈਨੇਡਾ ਦੇ ਸਬੰਧਾਂ ਵਿੱਚ ਨਵਾਂ ਮੋੜ, ਜਿਸਦੀ ਜ਼ਰੂਰਤ ਹੈ, ਉਹ ਨਹੀਂ ਆ ਸਕੇਗਾ।"

ਇਹ ਕਹਿਣਾ ਹੈ ਪ੍ਰੋਫੈਸਰ ਹਰਸ਼ ਵੀ. ਪੰਤ ਦਾ, ਜੋ ਨਵੀਂ ਦਿੱਲੀ ਸਥਿਤ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਅਧਿਐਨ ਅਤੇ ਵਿਦੇਸ਼ ਨੀਤੀ ਵਿਭਾਗ ਦੇ ਉਪ ਪ੍ਰਧਾਨ ਹਨ।

ਉਨ੍ਹਾਂ ਨੇ ਕਿਹਾ, "ਟਰੂਡੋ ਨੇ ਇਸ ਨੂੰ ਨਿੱਜੀ ਤੌਰ 'ਤੇ ਲੈ ਲਿਆ ਸੀ ਅਤੇ ਜਿਸ ਤਰ੍ਹਾਂ ਦੀ ਸੰਜੀਦਗੀ ਇਸ ਮੁੱਦੇ ਉਪਰ ਚਾਹੀਦੀ ਸੀ, ਉਹ ਨਹੀਂ ਦਿਖਾ ਰਹੇ ਸਨ। ਉਸ ਨਾਲ ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਕਾਫ਼ੀ ਨੁਕਸਾਨ ਹੋਇਆ।"

ਦਰਅਸਲ, ਜਸਟਿਨ ਟਰੂਡੋ ਪਿਛਲੇ ਕੁਝ ਸਮੇਂ ਤੋਂ ਭਾਰਤ ਵਿਰੋਧੀ ਬਿਆਨਬਾਜ਼ੀ ਕਰ ਰਹੇ ਸਨ। ਇਸ ਵਿਚਾਲੇ, ਕੈਨੇਡਾ ਨੇ ਸਟੂਡੈਂਟ ਵੀਜ਼ਾ ਨਾਲ ਜੁੜਿਆ ਇੱਕ ਫ਼ੈਸਲਾ ਲਿਆ ਸੀ, ਜਿਸ ਨਾਲ ਭਾਰਤੀ ਸਟੂਡੈਂਟਸ ਦੀਆਂ ਦਿੱਕਤਾਂ ਵਧ ਗਈਆਂ ਸਨ।

ਜੀ20 ਸੰਮੇਲਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਤਸਵੀਰ ਸਤੰਬਰ 2023 ਦੀ ਹੈ, ਜਦੋਂ ਜੀ20 ਸੰਮੇਲਨ ਦੇ ਦੌਰਾਨ ਨਵੀਂ ਦਿੱਲੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁਲਾਕਾਤ ਹੋਈ ਸੀ।

ਇਹੀ ਵਜ੍ਹਾ ਹੈ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਦੇਖਣ ਨੂੰ ਮਿਲ ਰਿਹਾ ਹੈ।

ਵਾਸ਼ਿੰਗਟਨ ਡੀਸੀ ਦੇ ਵਿਲਸਨ ਸੈਂਟਰ ਥਿੰਕ ਟੈਂਕ ਵਿੱਚ ਸਾਊਥ ਏਸ਼ੀਆ ਇੰਸਟੀਚਿਊਟ ਦੇ ਡਾਇਰੈਕਟਰ ਮਾਈਕਲ ਕੁਗੇਲਮੈਨ ਵੀ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਲੈ ਕੇ ਇਹੀ ਰਾਇ ਰੱਖਦੇ ਹਨ।

ਉਨ੍ਹਾਂ ਨੇ ਐਕਸ ਉਪਰ ਲਿਖਿਆ, "ਟਰੂਡੋ ਦਾ ਅਸਤੀਫ਼ਾ ਭਾਰਤ-ਕੈਨੇਡਾ ਦੇ ਵਿਗੜਦੇ ਸਬੰਧਾਂ ਨੂੰ ਸਥਿਰ ਕਰਨ ਦਾ ਮੌਕਾ ਦੇ ਸਕਦਾ ਹੈ।"

"ਨਵੀਂ ਦਿੱਲੀ ਨੇ ਦੁਵੱਲੇ ਸਬੰਧਾਂ ਵਿੱਚ ਡੂੰਘਾਈ ਤੱਕ ਫੈਲੀਆਂ ਸਮੱਸਿਆਵਾਂ ਦੇ ਲਈ ਸਿੱਧੇ ਤੌਰ 'ਤੇ ਟਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲ ਦੇ ਸਾਲਾਂ ਵਿੱਚ ਕੈਨੇਡਾ ਇੱਕੋ-ਇੱਕ ਪੱਛਮੀ ਦੇਸ਼ ਹੈ, ਜਿਸ ਦੇ ਭਾਰਤ ਦੇ ਨਾਲ ਸਬੰਧ ਲਗਾਤਾਰ ਖਰਾਬ ਹੋਏ ਹਨ।"

ਕੀ ਹੁਣ ਬਦਲਣਗੇ ਕੂਟਨੀਤਿਕ ਸਬੰਧ?

ਤਾਂ ਕੀ ਹੁਣ ਭਾਰਤ ਅਤੇ ਕੈਨੇਡਾ ਦੇ ਕੂਟਨੀਤਿਕ ਸਬੰਧ ਬਦਲ ਜਾਣਗੇ? ਇਸ ਸਵਾਲ ਦੇ ਜਵਾਬ ਵਿੱਚ ਪ੍ਰੋਫੈਸਰ ਪੰਤ ਕਹਿੰਦੇ ਹਨ ਕਿ ਜਦੋਂ ਵੀ ਇਸ ਤਰ੍ਹਾਂ ਦਾ ਬਦਲਾਅ ਹੁੰਦਾ ਹੈ ਤਾਂ ਬਦਲਾਅ ਦੀ ਉਮੀਦ ਜ਼ਰੂਰ ਹੁੰਦੀ ਹੈ।

ਉਨ੍ਹਾਂ ਕਿਹਾ, "ਜਦੋਂ ਨਵਾਂ ਪ੍ਰਸ਼ਾਸਨ ਆਵੇਗਾ, ਉਹ ਨਵੀਂ ਸ਼ੁਰੂਆਤ ਕਰੇਗਾ ਅਤੇ ਨਵੇਂ ਪ੍ਰਧਾਨ ਮੰਤਰੀ ਅਤੇ ਨਵੇਂ ਪ੍ਰਸ਼ਾਸਨ ਤੋਂ ਇੱਕ ਨਵੀਂ ਉਮੀਦ ਤਾਂ ਰਹਿੰਦੀ ਹੈ। ਪਰ ਇਹ ਜ਼ਰੂਰ ਹੈ ਕਿ ਲਿਬਰਲ ਪਾਰਟੀ ਦੀਆਂ ਵੀ ਆਪਣੀਆਂ ਚੁਣੌਤੀਆਂ ਹਨ।"

"ਅਕਤੂਬਰ ਵਿੱਚ ਚੋਣਾਂ ਹੋਣੀਆਂ ਹਨ, ਜਿਸ ਵਿੱਚ ਕਾਫੀ ਸਮਾਂ ਹੈ। ਲਿਬਰਲ ਪਾਰਟੀ ਦੀਆਂ ਜੋ ਸੀਟਾਂ ਹਨ, ਉਸ ਵਿੱਚ ਵੀ ਕਈ ਅਜਿਹੇ ਨੇਤਾ ਹਨ, ਜੋ ਸਿੱਖ ਭਾਈਚਾਰੇ ਵਿੱਚ ਆਉਂਦੇ ਹਨ।"

"ਅਤੇ ਜੋ ਕੱਟੜਪੰਥੀ ਸਿੱਖ ਭਾਈਚਾਰੇ ਨੂੰ ਸਪੋਰਟ ਕਰਦੇ ਹਨ। ਤਾਂ ਮੈਨੂੰ ਲੱਗਦਾ ਹੈ ਕਿ ਕੋਈ ਇੰਨੀ ਵੱਡੀ ਉਮੀਦ ਕਰਨਾ ਗੈਰ-ਕੁਦਰਤੀ ਗੱਲ ਹੋਵੇਗੀ।"

ਜਾਣਕਾਰ ਮੰਨਦੇ ਹਨ ਕਿ ਜਸਟਿਨ ਟਰੂਡੋ ਦੇ ਅਸਤੀਫ਼ਾ ਦੇਣ ਤੋਂ ਬਾਅਦ ਵੀ ਪਾਰਟੀ ਦੀਆਂ ਦਿੱਕਤਾਂ ਬਣੀਆਂ ਰਹਿਣਗੀਆਂ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਣਕਾਰ ਮੰਨਦੇ ਹਨ ਕਿ ਜਸਟਿਨ ਟਰੂਡੋ ਦੇ ਅਸਤੀਫ਼ਾ ਦੇਣ ਤੋਂ ਬਾਅਦ ਵੀ ਪਾਰਟੀ ਦੀਆਂ ਦਿੱਕਤਾਂ ਬਣੀਆਂ ਰਹਿਣਗੀਆਂ।

''ਜਦੋਂ ਤੱਕ ਚੋਣਾਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਮੈਨੂੰ ਲੱਗਦਾ ਹੈ ਕਿ ਇਹ ਸਮੱਸਿਆ ਬਣੀ ਰਹੇਗੀ। ਕਿਉਂਕਿ ਲਿਬਰਲ ਪਾਰਟੀ ਨੂੰ ਤਾਂ ਆਪਣੀਆਂ ਸੀਟਾਂ ਨੂੰ ਬਣਾ ਕੇ ਰੱਖਣਾ ਪਵੇਗਾ, ਫਿਰ ਚਾਹੇ ਟਰੂਡੋ ਲੀਡ ਕਰੇ ਜਾਂ ਕੋਈ ਹੋਰ।''

ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਕੰਵਲ ਸਿੱਬਲ ਦੀ ਰਾਏ ਵੀ ਕੁਝ ਅਜਿਹੀ ਹੀ ਹੋਵੇਗੀ। ਉਨ੍ਹਾਂ ਨੇ ਐਕਸ 'ਤੇ ਲਿਖਿਆ, "ਟਰੂਡੋ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ, ਜੋ ਚੰਗੀ ਗੱਲ ਹੈ।"

"ਉਨ੍ਹਾਂ ਨੇ ਆਪਣੀਆਂ ਗੈਰ-ਜ਼ਿੰਮੇਦਾਰ ਨੀਤੀਆਂ ਨਾਲ ਭਾਰਤ-ਕੈਨੇਡਾ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ। ਪਰ ਕੈਨੇਡਾ ਵਿੱਚ ਸਿੱਖ ਕੱਟੜਵਾਦ ਦੀ ਸਮੱਸਿਆ ਖ਼ਤਮ ਨਹੀਂ ਹੋਵੇਗੀ, ਕਿਉਂਕਿ ਇਨ੍ਹਾਂ ਤੱਤਾਂ ਨੇ ਕੈਨੇਡਾ ਦੀ ਸਿਆਸਤ ਵਿੱਚ ਡੂੰਘੀ ਪਕੜ ਬਣਾ ਲਈ ਹੈ।"

ਕੀ ਕੰਜ਼ਰਵੇਟਿਵ ਦੇ ਆਉਣ ਨਾਲ ਬਿਹਤਰ ਹੋਣਗੇ ਰਿਸ਼ਤੇ?

ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਕੈਨੇਡਾ ਵਿੱਚ ਜੇ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਕੀ ਉਸ ਦਾ ਵਿਵਹਾਰ ਭਾਰਤ ਦੇ ਲਈ ਵੱਖਰਾ ਹੋਵੇਗਾ?

ਪ੍ਰੋਫੈਸਰ ਪੰਤ ਕਹਿੰਦੇ ਹਨ, "ਬਿਲਕੁਲ, ਮੈਨੂੰ ਲੱਗਦਾ ਹੈ ਕਿ ਅਜਿਹਾ ਹੋਵੇਗਾ। ਕਿਉਂਕਿ ਟਰੂਡੋ ਤੋਂ ਪਹਿਲਾਂ ਸਟੀਫਨ ਹਾਰਪਰ ਦੀ ਗੱਲ ਕਰੀਏ, ਜੋ ਇੱਕ ਕੰਜ਼ਰਵੇਟਿਵ ਕਾਰਜਕਾਲ ਸੀ, ਉਦੋਂ ਭਾਰਤ-ਕੈਨੇਡਾ ਦੇ ਸਬੰਧਾਂ ਨੇ ਇੱਕ ਨਵਾਂ ਮੋੜ ਲਿਆ ਸੀ।"

"ਟਰੂਡੋ ਦੇ ਆਉਣ ਤੋਂ ਬਿਲਕੁਲ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਉਥੇ ਗਏ ਸਨ। ਉਦੋਂ ਸਟੀਫਨ ਹਾਰਪਰ ਉਥੋਂ ਦੇ ਪ੍ਰਧਾਨ ਮੰਤਰੀ ਸੀ ਅਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਇੱਕ ਬਹੁਤ ਵੱਡੀ ਸਾਂਝੇਦਾਰੀ ਦਾ ਖਾਕਾ ਤਿਆਰ ਕੀਤਾ ਗਿਆ ਸੀ।"

"ਫਿਰ ਟਰੂਡੋ ਆਏ, ਉਨ੍ਹਾਂ ਨੇ ਆਪਣੇ ਹਿਸਾਬ ਨਾਲ ਚੀਜ਼ਾਂ ਕੀਤੀਆਂ, ਜਿਸ ਦਾ ਨੁਕਸਾਨ ਭਾਰਤ-ਕੈਨੇਡਾ ਸਬੰਧਾਂ ਵਿੱਚ ਹੋਇਆ। ਮੈਨੂੰ ਲੱਗਦਾ ਹੈ ਕਿ ਕੰਜ਼ਰਵੇਟਿਵ ਆਉਂਦੇ ਹਨ ਤਾਂ ਭਾਰਤ-ਕੈਨੇਡਾ ਦੇ ਸਬੰਧਾਂ ਨੂੰ ਫਾਇਦਾ ਹੋਣਾ ਚਾਹੀਦਾ।"

ਹਾਲਾਂਕਿ ਪ੍ਰੋਫੈਸਰ ਪੰਤ ਦਾ ਇਹ ਵੀ ਕਹਿਣਾ ਹੈ ਕਿ ਜੋ ਸਮੱਸਿਆਵਾਂ ਹਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਦਰਕਿਨਾਰ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਕਿਹਾ, "ਇਹ ਸਮੱਸਿਆਵਾਂ ਤਾਂ ਬਣੀਆਂ ਰਹਿਣਗੀਆਂ ਪਰ ਉਸ ਸਮੱਸਿਆ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ, ਉਹ ਮਹੱਤਵਪੂਰਨ ਹੈ। ਖਾਸ ਤੌਰ 'ਤੇ ਉਨ੍ਹਾਂ ਦੇਸ਼ਾਂ ਦੇ ਲਈ, ਜੋ ਖੁਦ ਨੂੰ ਰਣਨੀਤਕ ਭਾਈਵਾਲ ਕਹਿੰਦੇ ਹਨ।"

ਕੀ ਟਰੂਡੋ ਦੀ ਵਿਦੇਸ਼ ਨੀਤੀ ਨੇ ਖੇਡ ਵਿਗਾੜੀ?

ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਕੀ ਟਰੂਡੋ ਦੀ ਵਿਦੇਸ਼ ਨੀਤੀ ਉਨ੍ਹਾਂ 'ਤੇ ਭਾਰੀ ਪੈ ਗਈ? ਇਸ ਸਵਾਲ ਦੇ ਜਵਾਬ ਵਿੱਚ ਪ੍ਰੋਫੈਸਰ ਪੰਤ ਨੇ ਕਿਹਾ ਕਿ

"ਦੇਖੋ, ਇਨ੍ਹਾਂ ਦਾ (ਟਰੂਡੋ) ਜੋ ਰਾਜਨੀਤਿਕ ਪਤਨ ਹੋਇਆ, ਉਹ ਅੰਦਰੂਨੀ ਕਾਰਨਾਂ ਕਰ ਕੇ ਹੀ ਹੁੰਦਾ ਹੈ।"

ਉਨ੍ਹਾਂ ਨੇ ਕਿਹਾ, "ਇਹ ਜ਼ਰੂਰ ਹੈ ਕਿ ਜਦੋਂ ਇਨ੍ਹਾਂ ਨੂੰ ਲੱਗਿਆ ਕਿ ਮੈਂ ਰਾਜਨੀਤੀ ਵਿੱਚ ਕਮਜ਼ੋਰ ਹੋ ਰਿਹਾ ਹਾਂ ਤਾਂ ਇਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਵਿਦੇਸ਼ ਨੀਤੀ ਵਿੱਚ ਕੁਝ ਨਵਾਂ ਕੀਤਾ ਜਾਵੇ। ਜਿਵੇਂ-ਪਹਿਲਾਂ ਇਨ੍ਹਾਂ ਨੇ ਭਾਰਤ ਦੇ ਨਾਲ ਤਣਾਅ ਪੈਦੇ ਕੀਤੇ।"

"ਫਿਰ ਹਾਲ ਹੀ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਂ ਟਰੰਪ ਨੂੰ ਮਿਲਾਂਗਾ। ਕੋਸ਼ਿਸ਼ ਕਰਾਂਗਾ ਕਿ ਇਹ ਟੈਰਿਫ ਘੱਟ ਹੋ ਜਾਵੇ। ਤਾਂ ਉਸ ਦਾ ਨਤੀਜਾ ਵੀ ਸਾਨੂੰ ਦੇਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਇਹ ਉਨ੍ਹਾਂ ਉਪਰ ਭਾਰੀ ਪਿਆ।"

ਪੰਤ ਨੇ ਕਿਹਾ, "ਮੈਨੂੰ ਅਜਿਹਾ ਲੱਗਦਾ ਹੈ ਕਿ ਟਰੂਡੋ ਜਿਸ ਤਰ੍ਹਾਂ ਨਾਲ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਫੇਲ੍ਹ ਹੋਇਆ, ਇਸ ਗੱਲ ਨੇ ਕੈਨੇਡਾ ਦੇ ਵੋਟਰਾਂ ਨੂੰ ਇਹ ਸੋਚਣ 'ਤੇ ਮਜਬੂਰ ਕੀਤਾ ਕਿ ਫਿਲਹਾਲ ਇਹ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਸਾਡੇ ਲਈ ਸਹੀ ਨਹੀਂ ਹੈ।"

ਪਿਛਲੇ ਕੁਝ ਸਮੇਂ ਤੋਂ ਜਸਟਿਨ ਟਰੂਡੋ ਨੂੰ ਕੈਨੇਡਾ ਵਿੱਚ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਆਪਣੀ ਪਾਰਟੀ ਦੇ ਆਗੂਆਂ ਤੋਂ ਵੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਦਾ ਇੱਕ ਸਬੂਤ ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਟਕਰਾਅ ਦੇ ਬਾਅਦ ਅਹੁਦਾ ਛੱਡਣਾ ਵੀ ਮੰਨਿਆ ਜਾਂਦਾ ਹੈ।

ਜਸਟਿਨ ਟਰੂਡੋ ਦੇ ਅਸਤੀਫੇ ਬਾਰੇ ਰੱਖਿਆ ਮਾਮਲਿਆਂ ਦੇ ਮਾਹਿਰ ਬ੍ਰਹਮਾ ਚੇਲਾਨੀ ਦੀ ਵੀ ਇਹੋ ਰਾਇ ਰੱਖਦੇ ਹਨ।

ਉਨ੍ਹਾਂ ਨੇ ਐਕਸ 'ਤੇ ਲਿਖਿਆ, "ਕੈਨੇਡਾ ਦੀਆਂ ਤਿੰਨ ਅਹਿਮ ਦਿੱਕਤਾਂ 'ਟੀ' ਤੋਂ ਸ਼ੁਰੂ ਹੁੰਦੀਆਂ ਹਨ, ਟਰੂਡੋ, ਟੈਰਰਿਜਮ (ਜਿਸਦੀ ਸਭ ਤੋਂ ਵੱਡੀ ਉਦਾਹਰਣ ਏਅਰ ਇੰਡੀਆ ਬੰਬ ਧਮਾਕਾ ਹੈ) ਅਤੇ ਟੈਰਿਫ।"

"ਹੁਣ ਟਰੰਪ ਦੀ ਟੈਰਿਫ ਦੀ ਧਮਕੀ ਨੇ ਲਗਭਗ ਇੱਕ ਦਹਾਕੇ ਤੱਕ ਸੱਤਾ ਵਿੱਚ ਰਹਿਣ ਤੋਂ ਬਾਅਦ ਟਰੂਡੋ ਨੂੰ ਅਸਤੀਫ਼ਾ ਦੇਣ 'ਤੇ ਮਜਬੂਰ ਕਰ ਦਿੱਤਾ ਹੈ।"

ਅਸਤੀਫ਼ਾ ਦੇਣ ਤੋਂ ਬਾਅਦ ਕੀ ਬੋਲੇ ਟਰੂਡੋ?

ਜਸਟਿਨ ਟਰੂਡੋ ਨੇ ਕਿਹਾ, "ਪ੍ਰਧਾਨ ਮੰਤਰੀ ਵਜੋਂ ਹਰ ਇੱਕ ਦਿਨ ਸੇਵਾ ਕਰਨਾ ਸਨਮਾਨ ਦੀ ਗੱਲ ਹੈ। ਅਸੀਂ ਮਹਾਂਮਾਰੀ ਦੌਰਾਨ ਸੇਵਾ ਕੀਤੀ, ਇੱਕ ਮਜ਼ਬੂਤ ਲੋਕਤੰਤਰ ਲਈ ਕੰਮ ਕੀਤਾ, ਬਿਹਤਰ ਕਾਰੋਬਾਰ ਲਈ ਕੰਮ ਕੀਤਾ। ਤੁਹਾਨੂੰ ਸਭ ਨੂੰ ਪਤਾ ਹੈ ਕਿ ਮੈਂ ਫਾਈਟਰ ਹਾਂ।"

ਉਨ੍ਹਾਂ ਨੇ ਕਿਹਾ, "ਮੈਂ 2015 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਨੇਡਾ ਅਤੇ ਇਸ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰ ਰਿਹਾ ਹਾਂ। ਮੈਂ ਮੱਧ ਵਰਗ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਦੇਸ਼ ਨੂੰ ਮਹਾਮਾਰੀ ਦੇ ਦੌਰਾਨ ਇੱਕ-ਦੂਜੇ ਦਾ ਸਮਰਥਨ ਕਰਦੇ ਹੋਏ ਦੇਖਿਆ।"

ਹਾਲਾਂਕਿ, ਪ੍ਰੋਫੈਸਰ ਪੰਤ ਨੇ ਕਿਹਾ ਕਿ ਇਹ ਤਾਂ ਕਈ ਸਮੇਂ ਤੋਂ ਚੱਲ ਰਿਹਾ ਸੀ ਕਿ ਟਰੂਡੋ ਨੂੰ ਜਾਣਾ ਪਵੇਗਾ। ਇਹ ਲਿਬਰਲ ਪਾਰਟੀ ਲਈ ਜ਼ਰੂਰੀ ਸੀ। ਇਹ ਕੈਨੇਡਾਈ ਰਾਜਨੀਤੀ ਲਈ ਜ਼ਰੂਰੀ ਸੀ।

ਉਨ੍ਹਾਂ ਨੇ ਕਿਹਾ, "ਉਥੇ (ਕੈਨੇਡਾ ਵਿੱਚ) ਇੱਕ ਤਰ੍ਹਾਂ ਦੀ ਉਲਝਣ ਵਾਲੀ ਸਥਿਤੀ ਬਣੀ ਹੋਈ ਸੀ। ਮੈਨੂੰ ਲੱਗਦਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਲਈ ਵੀ ਇਹ ਜ਼ਰੂਰੀ ਸੀ।"

"ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਜਿੰਨੇ ਲੰਬੇ ਸਮੇਂ ਲਈ ਟਰੂਡੋ ਸੱਤਾ ਵਿੱਚ ਬਣੇ ਰਹਿਣਗੇ ਉਦੋਂ ਤੱਕ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਬਦਲਾਅ ਨਹੀਂ ਆ ਸਕਦਾ।"

"ਉਨ੍ਹਾਂ ਦੇ ਜਾਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਬਦਲਾਅ ਕਿੰਨੇ ਜਲਦੀ ਆਉਂਦੇ ਹਨ।"

ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਦਰਮਿਆਨੇ ਵਰਗ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਦਰਮਿਆਨੇ ਵਰਗ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ।

ਕਿਵੇਂ ਵਿਗੜੇ ਭਾਰਤ-ਕੈਨੇਡਾ ਦੇ ਰਿਸ਼ਤੇ?

ਕੈਨੇਡਾ ਦੇ ਵੈਨਕੂਵਰ ਨੇੜੇ ਜੂਨ 2023 ਵਿੱਚ 45 ਸਾਲਾ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹਥਿਆਰਬੰਦਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਪਿੱਛੇ ਭਾਰਤ ਦਾ ਹੱਥ ਹੋਣ ਦੇ ਇਲਜ਼ਾਮ ਲਗਾਏ ਸਨ।

ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਵਧਦਾ ਚਲਿਆ ਗਿਆ।

ਫਿਰ ਅਮਰੀਕੀ ਅਖ਼ਬਾਰ 'ਵਾਸ਼ਿੰਗਟਨ ਪੋਸਟ' ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਸੀ ਕਿ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੈਨੇਡਾ ਵਿੱਚ ਸਿੱਖ ਕੱਟੜਪੰਥੀਆਂ ਦੇ ਖ਼ਿਲਾਫ਼ ਮੁਹਿੰਮ ਦੇ ਆਰਡਰ ਦਿੱਤੇ ਸਨ।

29 ਅਕਤੂਬਰ, 2024 ਨੂੰ ਕੈਨੇਡਾ ਦੀ ਸਰਕਾਰ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰਿਸਨ ਨੇ ਦੇਸ਼ ਦੀ ਨਾਗਰਿਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਨੂੰ ਦੱਸਿਆ ਕਿ ਭਾਰਤ ਸਰਕਾਰ ਦੇ ਇੱਕ ਸੀਨੀਅਰ ਮੰਤਰੀ ਨੇ ਕੈਨੇਡੀਆਈ ਨਾਗਰਿਕਾਂ ਨੂੰ ਧਮਕੀ ਦੇਣ ਜਾਂ ਉਨ੍ਹਾਂ ਦੀ ਹੱਤਿਆ ਦੀ ਮੁਹਿੰਮ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਜ਼ਿਆਦਾ ਵਿਗੜ ਗਿਆ ਸੀ।

ਦਰਅਸਲ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤ ਵਿਰੋਧੀ ਪ੍ਰਦਰਸ਼ਨਾਂ ਦਾ ਹੋਣਾ ਅਤੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਲਗਾਤਾਰ ਵਧਿਆ ਹੈ।

ਕੈਨੇਡਾ ਦਾ ਇਲਜ਼ਾਮ ਹੈ ਕਿ ਖਾਲਿਸਤਾਨ ਸਮਰਥਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦਾ ਹੱਥ ਹੈ, ਜਦਕਿ ਭਾਰਤ ਇਸ ਤੋਂ ਇਨਕਾਰ ਕਰਦਾ ਰਿਹਾ ਹੈ।

ਭਾਰਤ ਅਤੇ ਕੈਨੇਡਾ ਦੇ ਵਿੱਚ ਦਾ ਕਾਰੋਬਾਰ

ਭਾਰਤ ਸਰਕਾਰ ਦੇ ਵਣਜ ਮੰਤਰਾਲਾ ਦੇ ਅਨੁਸਾਰ, ਪਿਛਲੇ ਵਿੱਤੀ ਸਾਲ (2023-24) ਵਿੱਚ 31 ਮਾਰਚ ਤੱਕ ਕੈਨੇਡਾ ਅਤੇ ਭਾਰਤ ਦਾ ਦੁਵੱਲਾ ਵਪਾਰ 8.4 ਅਰਬ ਡਾਲਰ ਦਾ ਸੀ।

ਭਾਰਤ ਵਿਸ਼ੇਸ਼ ਤੌਰ 'ਤੇ ਕੈਨੇਡਾ ਵਿੱਚ ਹੀਰੇ, ਜਿਊਲਰੀ, ਮਹਿੰਗੇ ਪੱਥਰ, ਦਵਾਈਆਂ, ਰੈਡੀਮੇਡ ਕੱਪੜੇ, ਆਰਗੈਨਿਕ ਕੈਮਿਕਲ ਅਤੇ ਲਾਈਟ ਇੰਜਨੀਅਰਿੰਗ ਗੂਡਸ ਨਿਰਯਾਤ ਕਰਦਾ ਹੈ।

ਉਥੇ ਹੀ ਕੈਨੇਡਾ ਤੋਂ ਭਾਰਤ ਦਾਲ, ਨਿਊਜ਼ਪ੍ਰਿੰਟ, ਪਲਪਵੁਡ, ਐਸਬੈਸਟਸ, ਪੋਟਾਸ਼, ਆਇਰਨ ਸਕਰੈਪ, ਕਾਪਰ ਅਤੇ ਇੰਡਸਟਰੀਅਲ ਕੈਮੀਕਲ ਆਯਾਤ ਕਰਦਾ ਹੈ।

ਨੈਸ਼ਨਲ ਇਨਵੈਸਟਮੈਂਟ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਏਜੰਸੀ (ਇਨਵੈਸਟ ਇੰਡੀਆ) ਦੇ ਅਨੁਸਾਰ, ਭਾਰਤ ਵਿੱਚ ਵਿਦੇਸ਼ੀ ਨਿਵੇਸ਼ਕਾਂ 'ਚ ਕੈਨੇਡਾ 18ਵੇਂ ਨੰਬਰ 'ਤੇ ਹੈ।

2020-21 ਤੋਂ 2022-23 ਵਿੱਚ ਕੈਨੇਡਾ ਦਾ ਭਾਰਤ ਵਿੱਚ ਕੁੱਲ ਨਿਵੇਸ਼ 3.31 ਅਰਬ ਡਾਲਰ ਸੀ। ਵੈਸੇ ਕੈਨੇਡਾ ਦਾ ਇਹ ਨਿਵੇਸ਼ ਭਾਰਤ ਦੇ ਕੁੱਲ ਐੱਫਡੀਆਈ ਦਾ ਅੱਧਾ ਫ਼ੀਸਦ ਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)