ਟਰੰਪ ਕੈਨੇਡਾ ਨੂੰ ਅਮਰੀਕੀ ਸੂਬਾ ਕਿਉਂ ਬਣਾਉਣਾ ਚਾਹੁੰਦੇ ਹਨ, ਟਰੂਡੋ ਚੁੱਪ ਪਰ ਕੈਨੇਡਾ ਦੇ ਲੋਕ ਕੀ ਕਹਿੰਦੇ ਹਨ

ਤਸਵੀਰ ਸਰੋਤ, Getty Images
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਦੋਂ ਖ਼ਾਲਸਿਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਦਾ ਇਲਜ਼ਾਮ ਲਗਾਇਆ ਸੀ ਤਾਂ ਇਸ ਨੂੰ ਕੈਨੇਡਾ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਵਜੋਂ ਦੇਖਿਆ ਸੀ।
ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਦੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨਵੰਬਰ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਤੋਂ ਹੀ ਕੈਨੇਡਾ ਦੀ ਪ੍ਰਭੂਸੱਤਾ ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਹਨ ਅਤੇ ਟਰੂਡੋ ਚੁੱਪ ਹਨ।
ਟਰੰਪ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਅਤੇ ਟਰੂਡੋ ਨੂੰ ਇਸ ਦਾ ਗਵਰਨਰ ਦੱਸ ਚੁੱਕੇ ਹਨ।
ਪਰ ਟਰੂਡੋ ਨੇ ਇੱਕ ਵਾਰ ਵੀ ਇਸ 'ਤੇ ਇਤਰਾਜ਼ ਨਹੀਂ ਜਤਾਇਆ। ਬੁੱਧਵਾਰ ਨੂੰ ਟਰੰਪ ਨੇ ਇੱਕ ਵਾਰ ਫਿਰ ਜਸਟਿਨ ਟਰੂਡੋ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਕੈਨੇਡਾ ਦਾ ਗਵਰਨਰ ਕਿਹਾ।

ਟਰੰਪ ਨੇ ਟਰੂਥ ਸੋਸ਼ਲ 'ਤੇ ਲਿਖਿਆ, "ਕੈਨੇਡਾ ਦੇ ਗਵਰਨਰ ਜਸਟਿਨ ਟਰੂਡੋ ਦੇ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਟੈਕਸ ਦੇਣਾ ਪੈ ਰਿਹਾ ਹੈ। ਪਰ ਜੇਕਰ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣ ਜਾਂਦਾ ਹੈ ਤਾਂ ਉੱਥੇ 60 ਫੀਸਦੀ ਤੋਂ ਵੱਧ ਟੈਕਸ ਕਟੌਤੀ ਹੋ ਸਕਦੀ ਹੈ।"
"ਇੱਥੋਂ ਦਾ ਕਾਰੋਬਾਰ ਵੀ ਤੁਰੰਤ ਦੁੱਗਣਾ ਹੋ ਜਾਵੇਗਾ। ਇਸ ਤੋਂ ਇਲਾਵਾ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਫੌਜੀ ਸੁਰੱਖਿਆ ਮਜ਼ਬੂਤ ਹੋਵੇਗੀ।"
ਇਸ ਤੋਂ ਪਹਿਲਾਂ ਵੀ ਟਰੰਪ ਨੇ ਟਰੂਥ ਸੋਸ਼ਲ 'ਤੇ ਕਿਹਾ ਸੀ, "ਜ਼ਿਆਦਾਤਰ ਕੈਨੇਡੀਅਨ ਚਾਹੁੰਦੇ ਹਨ ਕਿ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਕੈਨੇਡਾ ਦੇ ਲੋਕਾਂ ਨੂੰ ਭਾਰੀ ਟੈਕਸਾਂ ਤੋਂ ਰਾਹਤ ਮਿਲੇਗੀ ਅਤੇ ਉਨ੍ਹਾਂ ਦੀ ਫੌਜੀ ਸੁਰੱਖਿਆ ਵੀ ਮਜ਼ਬੂਤ ਹੋ ਜਾਵੇਗੀ।"
ਟਰੰਪ ਕੈਨੇਡਾ ਬਾਰੇ ਇਹ ਗੱਲਾਂ ਉਦੋਂ ਕਹਿ ਰਹੇ ਹਨ ਜਦੋਂ ਟਰੂਡੋ ਸਿਆਸੀ ਸੰਕਟ ਵਿੱਚ ਫਸੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਟਰੰਪ ਕੈਨੇਡਾ ਦੀ ਨਾਜ਼ੁਕ ਸਥਿਤੀ ਦਾ ਪੂਰਾ ਫਾਇਦਾ ਚੁੱਕ ਰਹੇ ਹਨ।
ਲੈਬਨੀਜ਼ ਯੂਨੀਵਰਸਿਟੀ ਦੇ ਕੌਮਾਂਤਰੀ ਸਬੰਧਾਂ ਦੇ ਪ੍ਰੋਫੈਸਰ ਹਬੀਬ ਅਲ ਬਦਾਵੀ ਨੇ ਇੰਡੀਅਨ ਸਟ੍ਰੈਟਜਿਕ ਸਟੱਡੀਜ਼ ਫੋਰਮ ਵਿੱਚ ਲਿਖਿਆ, "ਟਰੰਪ ਦਾ ਇਹ ਬਿਆਨ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਵਜੋਂ ਕੈਨੇਡਾ ਦੀ ਸਥਿਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।"
"ਟਰੰਪ ਜਿਨ੍ਹਾਂ ਸ਼ਬਦਾਂ ਦੀ ਚੋਣ ਕਰ ਰਹੇ ਹਨ, ਉਹ ਦੋਵਾਂ ਦੇਸ਼ਾਂ ਵਿਚਾਲੇ ਬਰਾਬਰੀ ਜੇ ਸਬੰਧ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦਾ ਦਿਖ ਰਿਹਾ ਹੈ। ਇਸ ਨੂੰ ਮਹਿਜ਼ ਮਜ਼ਾਕ ਵਜੋਂ ਨਹੀਂ ਦੇਖਿਆ ਜਾ ਸਕਦਾ ਹੈ।"
ਕੈਨੇਡਾ ਦੇ ਲੋਕ ਕੀ ਚਾਹੁੰਦੇ ਹਨ?

ਤਸਵੀਰ ਸਰੋਤ, Getty Images
ਕੈਨੇਡਾ ਨਿਰਯਾਤ ਅਧਾਰਤ ਅਰਥ ਵਿਵਸਥਾ ਹੈ। ਕੈਨੇਡਾ ਦੀ ਕੁੱਲ ਬਰਾਮਦ ਦਾ 75 ਫੀਸਦੀ ਬਰਾਮਦਗੀ ਅਮਰੀਕਾ ਵਿੱਚ ਹੁੰਦਾ ਹੈ। ਟਰੰਪ ਨੇ ਕੈਨੇਡਾ 'ਤੇ 25 ਫੀਸਦੀ ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਹੈ।
ਕਿਹਾ ਜਾ ਰਿਹਾ ਹੈ ਕਿ ਟਰੰਪ ਨੇ ਸਿੱਧੇ ਕੈਨੇਡਾ ਦੀ ਆਰਥਿਕ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਹੈ ਪਰ ਇਹ ਸਿਆਸੀ ਪ੍ਰਭੂਸੱਤਾ ਨੂੰ ਵੀ ਆਪਣੇ ਘੇਰੇ ਵਿੱਚ ਲੈ ਲਵੇਗੀ। ਕੈਨੇਡਾ ਦੀ ਲੀਡਰਸ਼ਿਪ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਟਰੰਪ ਦੀ ਧਮਕੀ ਤੋਂ ਬਾਅਦ ਆਰਥਿਕ ਖ਼ੁਦਮੁਖਤਿਆਰੀ ਦੀ ਰੱਖਿਆ ਕਿਵੇਂ ਕੀਤੀ ਜਾਵੇ।
ਪ੍ਰੋਫੈਸਰ ਹਬੀਬ ਅਲ ਬਦਾਵੀ ਨੇ ਲਿਖਿਆ ਹੈ, "ਟਰੰਪ ਦਾ ਕਹਿਣਾ ਹੈ ਕਿ ਕੈਨੇਡਾ ਅਮਰੀਕੀ ਰਾਜ ਬਣ ਜਾਂਦਾ ਹੈ ਤਾਂ ਕੈਨੇਡੀਅਨ ਨਾਗਰਿਕਾਂ ਨੂੰ ਭਾਰੀ ਟੈਕਸਾਂ ਤੋਂ ਰਾਹਤ ਮਿਲੇਗੀ। ਪਰ ਕੈਨੇਡਾ ਅਤੇ ਅਮਰੀਕਾ ਦੀਆਂ ਸਮਾਜਿਕ ਪ੍ਰਣਾਲੀਆਂ ਵਿੱਚ ਬੁਨਿਆਦੀ ਅੰਤਰ ਹੈ।"
"ਕੈਨੇਡਾ ਵਿੱਚ ਟੈਕਸ ਵੀ ਜ਼ਿਆਦਾ ਹਨ ਅਤੇ ਸਹੂਲਤਾਂ ਵੀ ਜ਼ਿਆਦਾ ਹਨ। ਇਨ੍ਹਾਂ ਵਿੱਚ ਸਾਰਿਆਂ ਲਈ ਬਰਾਬਰ ਮੈਡੀਕਲ ਸਹੂਲਤਾਂ ਹਨ ਅਤੇ ਇਹ ਕੈਨੇਡਾ ਦੀ ਸਮਾਜਿਕ ਸੁਰੱਖਿਆ ਦੀ ਤਰਜੀਹ ਨੂੰ ਦਰਸਾਉਂਦੀ ਹੈ।"
"ਟਰੰਪ ਨੂੰ ਲੱਗਦਾ ਹੈ ਕਿ ਟੈਕਸ ਬਚਤ ਦੀ ਪੇਸ਼ਕਸ਼ ਨਾਲ ਕੈਨੇਡਾ ਦੇ ਲੋਕ ਖਿੱਚੇ ਜਾਣਗੇ ਤਾਂ ਉਹ ਕੈਨੇਡਾ ਦੀਆਂ ਕਦਰਾਂ-ਕੀਮਤਾਂ ਨੂੰ ਸਮਝਣ ਵਿੱਚ ਭੁੱਲ ਕਰ ਰਹੇ ਹਨ।"
ਕੈਨੇਡਾ ਵਿੱਚ ਲੇਜ਼ਰ ਪੋਲ ਡਾਟਾ ਇਕੱਠਾ ਕਰਨ ਵਾਲੀ ਇੱਕ ਸੰਸਥਾ ਹੈ। ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਦੀ ਪੇਸ਼ਕਸ਼ ਕੀਤੀ ਤਾਂ ਲੇਜਰ ਪੋਲ ਨੇ ਕੈਨੇਡਾ ਦੇ ਅੰਦਰ ਇੱਕ ਸਰਵੇ ਕੀਤਾ ਸੀ ਕਿ ਵਾਕਈ ਕੈਨੇਡਾ ਦੇ ਲੋਕ ਅਮਰੀਕਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ?
ਲੇਜ਼ਰ ਪੋਲ ਅਨੁਸਾਰ, ਸਿਰਫ਼ 13 ਫੀਸਦ ਕੈਨੇਡੀਅਨ ਨਾਗਰਿਕਾਂ ਨੇ ਕਿਹਾ ਕਿ ਉਹ ਅਮਰੀਕੀ ਰਾਜ ਬਣਨਾ ਪਸੰਦ ਕਰਨਗੇ।
ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ 21 ਫੀਸਦੀ ਸਮਰਥਕਾਂ ਨੇ ਕਿਹਾ ਕਿ ਉਹ ਟਰੰਪ ਦੇ ਵਿਚਾਰ ਨਾਲ ਸਹਿਮਤ ਹਨ ਅਤੇ ਟਰੂਡੋ ਦੀ ਲਿਬਰਲ ਪਾਰਟੀ ਦੇ 10 ਵੋਟਰਾਂ ਵਿੱਚੋਂ ਇੱਕ ਅਮਰੀਕੀ ਰਾਜ ਬਣਨ ਨਾਲ ਸਹਿਮਤ ਹੈ।
ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਸਭ ਤੋਂ ਵੱਧ 25 ਫੀਸਦੀ ਲੋਕਾਂ ਨੇ ਅਮਰੀਕੀ ਰਾਜ ਬਣਨ ਦਾ ਸਮਰਥਨ ਕੀਤਾ ਅਤੇ ਸਭ ਤੋਂ ਘੱਟ ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ ਦੇ ਛੇ ਫੀਸਦੀ ਸਨ।

ਤਸਵੀਰ ਸਰੋਤ, Getty Images
ਟਰੂਡੋ ਦੀ ਚੁੱਪੀ
ਕੁੱਲ 87 ਫੀਸਦੀ ਲੋਕਾਂ ਨੇ ਟਰੰਪ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ। ਲੇਜਰ ਨੇ ਇਹ ਪੋਲ 6 ਤੋਂ 9 ਦਸੰਬਰ ਦਰਮਿਆਨ ਕਰਵਾਈ ਸੀ। ਟਰੂਡੋ ਸਰਕਾਰ ਟਰੰਪ ਦੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦੇਣ ਤੋਂ ਬਚ ਰਹੀ ਹੈ।
ਦਸੰਬਰ ਦੇ ਦੂਜੇ ਹਫ਼ਤੇ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਟਾਲਣ ਦੇ ਅੰਦਾਜ਼ ਵਿੱਚ ਕਿਹਾ ਸੀ, "ਜ਼ਾਹਰ ਹੈ ਕਿ ਟਰੰਪ ਮਜ਼ਾਕ ਕਰ ਰਹੇ ਹਨ, ਅਸੀਂ ਪ੍ਰਭੂਸੱਤਾ ਸੰਪੰਨ ਦੇਸ਼ ਹਾਂ।"
ਕੈਨੇਡਾ ਦੇ ਸਰਕਾਰੀ ਪ੍ਰਸਾਰਕ ਸੀਬੀਸੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ, "ਅਸੀਂ ਇਹ ਕਲਪਨਾ ਵੀ ਨਹੀਂ ਕਰ ਸਕਦੇ ਹਾਂ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਬੈਲਜੀਅਮ ਨੂੰ ਫਰਾਂਸ ਨਾਲ ਮਿਲਾਉਣ ਦਾ ਮਜ਼ਾਕ ਕਰਨ।"
"ਟਰੰਪ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਦੇਸ਼ ਦੇ ਮੋਹਰੀ ਨੇਤਾ ਹਨ ਅਤੇ ਕੈਨੇਡਾ ਤੇ ਅਮਰੀਕਾ ਇਤਿਹਾਸਕ ਤੌਰ 'ਤੇ ਦੋਸਤ ਰਹੇ ਹਨ। ਇਸੇ ਲਈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ।"
ਟਰੰਪ ਦੀ 25 ਫੀਸਦੀ ਟੈਰਿਫ ਦੀ ਧਮਕੀ 'ਤੇ ਟਰੂਡੋ ਨੇ 10 ਦਸੰਬਰ ਨੂੰ ਕਿਹਾ ਸੀ, "ਟਰੰਪ ਨੂੰ ਲੋਕਾਂ ਨੇ ਵੋਟ ਇਸ ਲਈ ਦਿੱਤਾ ਕਿਉਂਕਿ ਉਨ੍ਹਾਂ ਨੇ ਅਮਰੀਕਾ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਮਹਿੰਗਾਈ ਤੋਂ ਛੁਟਕਾਰਾ ਦਿਵਾਉਣ ਦਾ ਵਾਅਦਾ ਕੀਤਾ ਸੀ।"
"ਜੇਕਰ ਅਮਰੀਕਾ ਕੈਨੇਡਾ 'ਚ ਹਰ ਚੀਜ਼ 'ਤੇ 25 ਫੀਸਦੀ ਟੈਕਸ ਲਗਾ ਦਿੰਦਾ ਹੈ ਤਾਂ ਅਮਰੀਕਾ ਦੀ ਦੱਖਣੀ ਸਰਹੱਦ 'ਤੇ ਰਹਿਣ ਵਾਲੇ ਲੋਕਾਂ ਦਾ ਜੀਵਨ ਮੁਸ਼ਕਿਲ ਹੋ ਜਾਵੇਗਾ। ਟੈਰਿਫ ਬਾਰੇ ਸਾਰਾ ਸੱਚ ਕਿਸੇ ਦੇ ਹੱਕ ਵਿੱਚ ਨਹੀਂ ਹੈ। 25 ਫੀਸਦ ਟੈਰਿਫ ਕੇਵਲ ਕੈਨੇਡਾ ਦੇ ਅਰਥਚਾਰੇ ਲਈ ਵਿਨਾਸ਼ਕਾਰੀ ਹੋਵੇਗਾ, ਅਜਿਹਾ ਕਹਿ ਤੁਸੀਂ ਖ਼ੁਦ ਨੂੰ ਵਰਗਲਾ ਨਹੀਂ ਸਕਦੇ ਹਨ।"
ਟਰੂਡੋ ਨੇ ਕਿਹਾ ਸੀ, "ਇਸ ਨਾਲ ਅਮਰੀਕਾ ਦੇ ਲੋਕਾਂ ਨੂੰ ਵੀ ਮੁਸ਼ਕਲਾਂ ਹੋਣਗੀਆਂ। ਅਮਰੀਕਾ 65 ਫੀਸਦ ਕੱਚਾ ਤੇਲ ਕੈਨੇਡਾ ਤੋਂ ਦਰਾਮਦ ਕਰਦਾ ਹੈ। ਇਸ ਤੋਂ ਇਲਾਵਾ ਅਮਰੀਕਾ ਵੱਡੇ ਪੈਮਾਨੇ ʼਤੇ ਬਿਜਲੀ ਵੀ ਬਰਾਮਦ ਕਰਦਾ ਹੈ।"
"ਕੁਦਰਤੀ ਗੈਸ ਵੀ ਅਮਰੀਕਾ ਕੈਨੇਡਾ ਤੋਂ ਹੀ ਬਰਾਮਦ ਕਰਦਾ ਹੈ। ਅਮਰੀਕਾ ਸਾਡੇ ਸਟੀਲ ਅਤੇ ਐਲੂਮੀਨੀਅਮ 'ਤੇ ਨਿਰਭਰ ਹੈ। ਅਮਰੀਕਾ ਵੀ ਖੇਤੀ ਉਤਪਾਦਾਂ ਲਈ ਸਾਡੇ 'ਤੇ ਨਿਰਭਰ ਹੈ। ਜੇਕਰ 24 ਫੀਸਦੀ ਟੈਕਸ ਲਗਾਇਆ ਜਾਂਦਾ ਹੈ ਤਾਂ ਅਮਰੀਕਾ 'ਚ ਇਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ।"
ਆਪਣੇ ਪਿਛਲੇ ਕਾਰਜਕਾਲ ਦੌਰਾਨ, ਟਰੰਪ ਨੇ 2018 ਵਿੱਚ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ 'ਤੇ ਟੈਰਿਫ ਲਗਾਇਆ ਸੀ। ਇਸ ਦੇ ਜਵਾਬ ਵਿੱਚ ਕੈਨੇਡਾ ਨੇ ਵੀ ਅਮਰੀਕੀ ਵਸਤਾਂ 'ਤੇ ਟੈਰਿਫ ਲਗਾ ਦਿੱਤਾ ਸੀ। ਖ਼ਾਸ ਤੌਰ 'ਤੇ ਅਮਰੀਕਾ ਤੋਂ ਆਉਣ ਵਾਲੇ ਕੈਚੱਪ, ਸ਼ਰਾਬ ਅਤੇ ਯੋਗਰਟ ʼਤੇ।

ਤਸਵੀਰ ਸਰੋਤ, Getty Images
ਟੈਰਿਫ ਦੀ ਮਾਰ ਕਿਸ ʼਤੇ
ਹਾਲਾਂਕਿ, ਜਦੋਂ ਟਰੰਪ ਨੇ ਚੋਣਾਂ ਜਿੱਤਣ ਤੋਂ ਬਾਅਦ ਕੈਨੇਡਾ 'ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ, ਤਾਂ ਟਰੂਡੋ ਟਰੰਪ ਨੂੰ ਮਿਲਣ ਗਏ ਸਨ। ਪਰ ਟਰੂਡੋ ਨੂੰ ਬਿਨਾਂ ਕਿਸੇ ਭਰੋਸੇ ਦੇ ਖਾਲੀ ਹੱਥ ਪਰਤਣਾ ਪਿਆ ਸੀ ਅਤੇ ਉਦੋਂ ਤੋਂ ਹੀ ਟਰੰਪ ਉਨ੍ਹਾਂ ਨੂੰ ਗਵਰਨਰ ਟਰੂਡੋ ਕਹਿ ਰਹੇ ਹਨ।
ਯੂਐੱਸ ਸੈਂਸਸ ਬਿਊਰੋ ਅਨੁਸਾਰ, ਅਕਤੂਬਰ 2014 ਤੱਕ, ਕੈਨੇਡਾ ਨਾਲ ਦੁਵੱਲੇ ਵਪਾਰ ਵਿੱਚ ਅਮਰੀਕਾ ਦਾ ਵਪਾਰਕ ਘਾਟਾ 50 ਅਰਬ ਡਾਲਰ ਦਾ ਸੀ।
ਅਮਰੀਕਾ ਕੈਨੇਡਾ ਤੋਂ ਸਭ ਤੋਂ ਵੱਧ ਕੱਚਾ ਤੇਲ ਦਰਾਮਦ ਕਰਦਾ ਹੈ। ਜੇ ਕੈਨੇਡੀਅਨ ਤੇਲ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਅਮਰੀਕਾ ਵਪਾਰ ਸਰਪਲੱਸ ਵਿੱਚ ਰਹੇਗਾ।
ਟਰੰਪ ਇਸੇ ਵਪਾਰਕ ਘਾਟੇ ਨੂੰ ਅਮਰੀਕਾ ਵੱਲੋਂ ਕੈਨੇਡਾ ਨੂੰ ਦਿੱਤੀ ਗਈ ਸਬਸਿਡੀ ਦੱਸ ਰਹੇ ਹਨ। ਟਰੰਪ ਨੇ ਕਿਹਾ ਸੀ ਕਿ ਪਿਛਲੇ ਸਾਲ ਅਮਰੀਕਾ ਨੇ ਕੈਨੇਡਾ ਨੂੰ 100 ਅਰਬ ਡਾਲਰ ਦੀ ਸਬਸਿਡੀ ਦਿੱਤੀ।
ਹਾਲਾਂਕਿ, 2023 ਵਿੱਚ ਅਮਰੀਕਾ ਕੈਨੇਡਾ ਦੇ ਨਾਲ ਵਪਾਰਕ ਘਾਟਾ 67 ਅਰਬ ਡਾਲਰ ਦਾ ਸੀ।
ਕੈਨੇਡਾ ਦੁਨੀਆ ਦਾ ਚੌਥਾ ਵੱਡਾ ਕੱਚੇ ਤੇਲ ਦਾ ਉਤਪਾਦਕ ਹੈ ਪਰ ਟਰੰਪ ਦਾ ਟੈਰਿਫ ਊਰਜਾ ਤੋਂ ਹਾਸਲ ਹੋਣ ਵਾਲੇ ਮਾਲੀਏ ʼਤੇ ਵੀ ਭਾਰੀ ਸੱਟ ਮਾਰੇਗਾ।
ਦੂਜੇ ਪਾਸੇ ਟਰੰਪ ਅਮਰੀਕਾ ਵਿੱਚ ਘਰੇਲੂ ਊਰਜਾ ਦਾ ਉਤਪਾਦਨ ਵਧਾਉਣਾ ਚਾਹੁੰਦੇ ਹਨ।
ਸਾਲ 2022 ਵਿੱਚ ਟਰੂਡੋ ਨੇ ਅਮਰੀਕਾ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਲਈ ਵੈਕਸੀਨ ਲਗਾਵਾਉਣਾ ਲਾਜ਼ਮੀ ਕਰ ਦਿੱਤਾ ਸੀ। ਇਸ ਲਈ ਟਰੰਪ ਨੇ ਟਰੂਡੋ ਨੂੰ 'ਅਤਿ ਖੱਬੇਪੱਖੀ ਪਾਗ਼ਲ' ਕਿਹਾ ਸੀ।
ਜੂਨ 2018 ਵਿੱਚ ਟਰੰਪ ਕੈਨੇਡਾ ਕਿਊਬੈਕ ਵਿੱਚ ਪ੍ਰਬੰਧਿਤ ਜੀ-7 ਸੰਮੇਲਨ ਵਿਚਾਲੇ ਹੀ ਨਿਕਲ ਗਏ ਸਨ ਅਤੇ ਉਨ੍ਹਾਂ ਨੇ ਜਸਟਿਨ ਟਰੂਡੋ ਨੂੰ ʻਘੋਰ ਬੇਈਮਾਨੀ ਅਤੇ ਕਮਜ਼ੋਰʼ ਨੇਤਾ ਕਿਹਾ ਸੀ।

ਤਸਵੀਰ ਸਰੋਤ, Getty Images
ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ, ਵਿੱਤੀ ਮਾਮਲਿਆਂ ਦੇ ਥਿੰਕ ਟੈਂਕ ਡਿਜਾਰਡੀਅੰਸ ਦੇ ਅਰਥਸ਼ਾਸਤਰੀਆਂ ਦਾ ਅੰਦਾਜ਼ਾ ਹੈ ਕਿ ਟਰੋਪ ਦੀਆਂ ਨੀਤੀਆਂ ਦੇ ਕਾਰਨ 2028 ਦੇ ਅੰਤ ਕੈਨੇਡਾ ਦੀ ਜੀਡੀਪੀ ਵਿੱਚ 1.7 ਫੀਸਦ ਤੱਕ ਗਿਰਾਵਟ ਆ ਸਕਦੀ ਹੈ।
ਟਰੰਪ 2017 ਵਿੱਚ ਪਹਿਲੀ ਵਾਰ ਜਦੋਂ ਰਾਸ਼ਟਰਪਤੀ ਬਣੇ ਸਨ, ਤਾਂ ਉਨ੍ਹਾਂ ਨੇ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ ਦੀ ਸਮੀਖਿਆ ਦੀ ਗੱਲ ਕਹੀ ਸੀ। ਅਮਰੀਕਾ ਦਾ ਇਹ ਸਮਝੌਤਾ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਹੈ।
ਟਰੰਪ ਦੀ ਸ਼ਿਕਾਇਤ ਰਹੀ ਹੈ ਕਿ ਇਸ ਸਮਝੌਤੇ ਨਾਲ ਅਮਰੀਕਾ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਬਾਕੀ ਦੋਵਾਂ ਦੇਸ਼ਾਂ ਨੂੰ ਫਾਇਦਾ ਹੋ ਰਿਹਾ ਹੈ।
ਇਸ ਸਮਝੌਤੇ ਨੂੰ ਲੈ ਕੇ ਕੈਨੇਡਾ ਅਤੇ ਅਮਰੀਕਾ 18 ਮਹੀਨਿਆਂ ਤੱਕ ਤਣਾਅ ਭਰੇ ਮਾਹੌਲ ਵਿੱਚ ਗੱਲਬਾਤ ਹੋਈ ਸੀ ਪਰ ਬੇਸਿੱਟਾ ਰਹੀ ਸੀ ਅਤੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਉਤਪਾਦਾਂ ʼਤੇ ਟੈਰਿਫ ਲਗਾਉਣਾ ਸ਼ੁਰੂ ਕਰ ਦਿੱਤਾ ਸੀ।
ਇਸ ਤੋਂ ਬਾਅਦ ਇਹ ਸਮਝੌਤਾ ਯੂਐੱਸ-ਮੈਕਸੀਕ-ਕੈਨੇਡਾ ਡੀਲ ਵਜੋਂ ਸਾਹਮਣੇ ਆਈ ਸੀ। ਪਰ ਟਰੰਪ ਨੇ 11 ਅਕਤੂਬਰ ਨੂੰ ਇਸ ਸਮੀਖਿਆ ਦੀ ਵੀ ਗੱਲ ਕਹੀ ਸੀ।
ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ, ਇਸੇ ਸਾਲ ਜਨਵਰੀ ਵਿੱਚ ਟਰੂਡੋ ਨੇ ਇੱਕ ਮੀਟਿੰਗ ਵਿੱਚ ਆਪਣੀ ਲਿਬਰਲਜ਼ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਕਿਹਾ ਸੀ ਕਿ ਕੈਨੇਡਾ ਲਈ ਟਰੰਪ ਦਾ ਦੂਜਾ ਕਾਰਜਕਾਲ ਪਹਿਲੇ ਕਾਰਜਕਾਲ ਨਾਲੋਂ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ।
ਇਹ ਗੱਲ ਰਾਇਟਰਜ਼ ਨੂੰ ਇੱਕ ਸੂਤਰ ਨੇ ਦੱਸੀ ਸੀ, ਜੋ ਉਸ ਮੀਟਿੰਗ ਵਿੱਚ ਖ਼ੁਦ ਵੀ ਮੌਜੂਦ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












