ਜਸਟਿਨ ਟਰੂਡੋ ਦੀ ਕੁਰਸੀ ਖ਼ਤਰੇ 'ਚ, ਜਗਮੀਤ ਸਿੰਘ ਨੇ ਕੀਤੀ ਹੱਥ ਪਿੱਛੇ ਖਿੱਚਣ ਦੀ ਤਿਆਰੀ

ਤਸਵੀਰ ਸਰੋਤ, Reuters
ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮਤਭੇਦ ਤੋਂ ਬਾਅਦ ਸੋਮਵਾਰ ਨੂੰ ਅਹੁਦਾ ਛੱਡ ਦਿੱਤਾ ਹੈ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਦੁਆਰਾ ਲਗਾਏ ਗਏ ਸੰਭਾਵਿਤ ਟੈਰਿਫ ਦੇ ਮੁੱਦੇ 'ਤੇ ਦੋਵਾਂ ਵਿਚਾਲੇ ਮਤਭੇਦ ਸਨ।
ਇਸ ਅਸਤੀਫ਼ੇ ਨੂੰ ਟਰੂਡੋ ਲਈ ਅਚਾਨਕ ਝਟਕਾ ਮੰਨਿਆ ਜਾ ਰਿਹਾ ਹੈ। ਟਰੂਡੋ ਕੋਲ ਪਹਿਲਾਂ ਹੀ ਸਰਕਾਰ ਚਲਾਉਣ ਲਈ ਘੱਟ ਗਿਣਤੀ ਹੈ।
ਖ਼ਬਰ ਏਜੰਸੀ ਏਐੱਫਪੀ ਮੁਤਾਬਕ ਲਿਬਰਲ ਪਾਰਟੀ ਦੇ ਆਗੂ ਟਰੂਡੋ ਪਹਿਲਾਂ ਹੀ ਸਰਵੇਖਣਾਂ ਅਨੁਸਾਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲੀਵੇਅਰ ਤੋਂ 20 ਫੀਸਦੀ ਪਿੱਛੇ ਹਨ।
ਇੱਕ ਪੋਲ ਟ੍ਰੈਕਰ ਮੁਤਾਬਕ ਜਦੋਂ ਟਰੂਡੋ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ ਤਾਂ 63 ਫੀਸਦ ਲੋਕਾਂ ਦੀ ਪਸੰਦ ਸਨ ਪਰ ਹੁਣ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਦੀ ਗਿਣਤੀ ਸਿਰਫ 28 ਪ੍ਰਤੀਸ਼ਤ ਰਹਿ ਗਈ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਟਰੂਡੋ ਲਈ 2015 'ਚ ਸੱਤਾ ਸੰਭਾਲਣ ਤੋਂ ਬਾਅਦ ਕੈਬਨਿਟ ਦੇ ਸੀਨੀਅਰ ਸਹਿਯੋਗੀ ਦਾ ਅਸਤੀਫ਼ਾ ਸਭ ਤੋਂ ਵੱਡੀ ਚੁਣੌਤੀ ਦੱਸਿਆ ਜਾ ਰਿਹਾ ਹੈ।
ਟਰੂਡੋ ਕੈਬਨਿਟ ਦੇ ਕਿਸੇ ਮੈਂਬਰ ਵੱਲੋਂ ਇਹ ਪਹਿਲਾ ਖੁੱਲ੍ਹਾ ਵਿਰੋਧ ਹੈ ਅਤੇ ਇਸ ਤੋਂ ਬਾਅਦ ਟਰੂਡੋ ਦੀ ਸੱਤਾ 'ਤੇ ਪਕੜ ਢਿੱਲੀ ਹੋਣ ਦੀ ਸੰਭਾਵਨਾ ਹੈ।
ਫ੍ਰੀਲੈਂਡ ਦੀ ਥਾਂ ਤੇ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲਾਕ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ।

ਟਰੰਪ ਨੇ ਵੀ ਕਸਿਆ ਤਨਜ਼
ਇਸੇ ਵਿਚਾਲੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫੇ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਟਰੰਪ ਨੇ ਆਪਣੇ ਟਰੁੱਥ ਪੇਜ਼ 'ਤੇ ਲਿਖਿਆ, "ਉਨ੍ਹਾਂ (ਕ੍ਰਿਸਟੀਆ) ਨੇ ਅਸਤੀਫ਼ਾ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੂੰ ਟਰੂਡੋ ਨੇ ਅਹੁਦੇ ਤੋਂ ਹਟਾਇਆ ਹੈ, ਪਰ ਮਹਾਨ ਦੇਸ਼ ਕੈਨੇਡਾ ਆਪਣੇ ਵਿੱਤ ਮੰਤਰੀ ਦੇ ਅਸਤੀਫ਼ੇ ਤੋਂ ਹੈਰਾਨ ਹੈ।
"ਉਨ੍ਹਾਂ ਦਾ ਵਿਵਹਾਰ ਚੰਗਾ ਨਹੀਂ ਸੀ, ਜੋ ਕੈਨੇਡਾ ਦੇ ਦੁਖੀ ਲੋਕਾਂ ਲਈ ਬਿਲਕੁੱਲ ਵੀ ਚੰਗਾ ਨਹੀਂ ਸੀ। ਉਨ੍ਹਾਂ ਨੂੰ ਕਦੇ ਵੀ ਯਾਦ ਨਹੀਂ ਕੀਤਾ ਜਾਵੇਗਾ।"
ਦਰਅਸਲ, ਡੌਨਲਡ ਟਰੰਪ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਨੂੰ ਸੁਰੱਖਿਅਤ ਨਹੀਂ ਕੀਤਾ ਗਿਆ ਤਾਂ ਉਹ ਰਾਸ਼ਟਰਪਤੀ ਬਣਨ ਤੋਂ ਬਾਅਦ ਕੈਨੇਡਾ ਤੋਂ ਆਯਾਤ ਹੋਣ ਵਾਲੇ ਸਾਮਾਨ 'ਤੇ 25 ਫੀਸਦੀ ਟੈਕਸ ਲਗਾ ਦੇਣਗੇ।

ਤਸਵੀਰ ਸਰੋਤ, @realDonaldTrump/Truth
ਟਰੂਡੋ 'ਤੇ ਵਿਰੋਧੀ ਧਿਰ ਦਾ ਹਮਲਾ
ਕ੍ਰਿਸਟੀਆ ਫ੍ਰੀਲੈਂਡ ਦੇ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਟਰੂਡੋ 'ਤੇ ਸਿਆਸੀ ਹਮਲੇ ਵੱਧ ਗਏ ਹਨ। ਕਈ ਵਿਰੋਧੀ ਪਾਰਟੀਆਂ ਨੇ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਟਰੂਡੋ ਦੇ ਸਹਿਯੋਗੀ ਰਹੇ ਐੱਨਡੀਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਵੀ ਪ੍ਰਧਾਨ ਮੰਤਰੀ ਤੋਂ ਅਸਤੀਫ਼ਾ ਮੰਗਿਆ ਹੈ।
ਐਕਸ 'ਤੇ ਪੋਸਟ ਵਿੱਚ ਜਗਮੀਤ ਸਿੰਘ ਨੇ ਕਿਹਾ, "ਮੈਂ ਅੱਜ ਟਰੂਡੋ ਦੇ ਅਸਤੀਫੇ ਦੀ ਮੰਗ ਕਰਦਾ ਹਾਂ। ਹੁਣ ਉਨ੍ਹਾਂ ਨੂੰ ਜਾਣਾ ਹੀ ਹੋਵੇਗਾ। ਇਸ ਸਮੇਂ ਕੈਨੇਡਾ ਦੇ ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ। ਲੋਕਾਂ ਨੂੰ ਬਜਟ ਮੁਤਾਬਕ ਘਰ ਤੱਕ ਨਹੀਂ ਮਿਲ ਰਹੇ।"
"ਟਰੰਪ ਨੇ 25 ਫੀਸਦੀ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ। ਇਸ ਸਭ ਦੇ ਵਿਚਕਾਰ ਲਿਬਰਲ ਪਾਰਟੀ ਕੈਨੇਡਾ ਦੇ ਲੋਕਾਂ ਲਈ ਲੜਨ ਦੀ ਬਜਾਏ ਆਪਸ ਵਿੱਚ ਲੜ ਰਹੀ ਹੈ।"

ਤਸਵੀਰ ਸਰੋਤ, Reuters/Getty
ਤਾਜ਼ਾ ਸਰਵੇਖਣਾਂ 'ਚ ਟਰੂਡੋ ਤੋਂ ਅੱਗੇ ਚੱਲ ਰਹੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਵੇਅਰ ਨੇ ਕੈਨੇਡਾ ਦੇ ਹਾਊਸ ਆਫ ਕਾਮਨਜ਼ 'ਚ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਕਿਹਾ, "ਵਿੱਤ ਮੰਤਰੀ ਨੇ ਬਜਟ ਪੇਸ਼ ਕਰਨ ਵਾਲੇ ਦਿਨ ਹੀ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਬਜਟ ਦਾ ਕੰਮ ਉਦਯੋਗ ਮੰਤਰੀ ਨੂੰ ਦਿੱਤਾ ਗਿਆ। ਉਨ੍ਹਾਂ ਨੇ ਵੀ ਇਹ ਜ਼ਿੰਮੇਵਾਰੀ ਨਹੀਂ ਲਈ। ਹੁਣ 'ਤੇ ਟਰੂਡੋ ਨੂੰ ਖੁਦ ਸੰਸਦ ਵਿੱਚ ਆ ਕੇ ਬਜਟ ਪਾਸ ਕਰਵਾਉਣਾ ਚਾਹੀਦਾ ਹੈ।"
ਇੱਕ ਹੋਰ ਝਟਕੇ ਵਿੱਚ ਟਰੂਡੋ ਦੀ ਕੈਬਨਿਟ ਦੇ ਹਾਊਸਿੰਗ ਮੰਤਰੀ ਸਾਂ ਫਰੇਜ਼ਰ ਨੇ ਵੀ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਫ੍ਰੀਲੈਂਡ ਨੂੰ ਪੇਸ਼ੇਵਰ ਅਤੇ ਮਦਦਗਾਰ ਸਹਿਯੋਗੀ ਦੱਸਿਆ ਹੈ।
'ਇਹ ਅਸਤੀਫ਼ਾ ਟਰੂਡੋ ਪ੍ਰਤੀ ਭਰੋਸੇ ਦੀ ਘਾਟ ਨੂੰ ਦਰਸਾਉਂਦਾ'
ਡਲਹੌਜ਼ੀ ਯੂਨੀਵਰਸਿਟੀ ਦੀ ਪ੍ਰੋਫੈਸਰ ਲੋਰੀ ਟਰਨਬਾਲ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਫ੍ਰੀਲੈਂਡ ਦਾ ਅਸਤੀਫ਼ਾ ਬਹੁਤ ਵੱਡਾ ਝਟਕਾ ਹੈ।
ਉਨ੍ਹਾਂ ਕਿਹਾ, "ਇਹ ਅਸਤੀਫ਼ਾ ਟਰੂਡੋ ਪ੍ਰਤੀ ਭਰੋਸੇ ਦੀ ਘਾਟ ਨੂੰ ਦਰਸਾਉਂਦਾ ਹੈ। ਹੁਣ ਟਰੂਡੋ ਲਈ ਪ੍ਰਧਾਨ ਮੰਤਰੀ ਬਣੇ ਰਹਿਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ।"
ਓਟਾਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਜਨੀਵ ਟੇਲੀਅਰ ਦਾ ਵੀ ਕਹਿਣਾ ਹੈ ਕਿ ਹੁਣ ਤੱਕ ਕੈਬਨਿਟ ਪੂਰੀ ਤਰ੍ਹਾਂ ਟਰੂਡੋ ਕੋਲ ਸੀ ਪਰ ਹੁਣ ਉਹ ਵੱਡੀ ਮੁਸੀਬਤ ਫੱਸ ਗਏ ਜਾਪਦੇ ਹਨ।
ਪ੍ਰੋਫੈਸਰ ਟੇਲੀਅਰ ਦਾ ਕਹਿਣਾ ਹੈ ਕਿ ਅਹੁਦਾ ਛੱਡ ਕੇ ਫ੍ਰੀਲੈਂਡ ਨੇ ਟਰੂਡੋ ਦੀਆਂ ਆਰਥਿਕ ਨੀਤੀਆਂ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ ਇਹ ਵੱਡੀ ਸਮੱਸਿਆ ਹੈ ਕਿਉਂਕਿ ਇਹ ਸਪੱਸ਼ਟ ਹੈ ਕਿ ਮੰਤਰੀ ਮੰਡਲ ਹੁਣ ਪਹਿਲਾਂ ਵਾਂਗ ਟਰੂਡੋ ਦੇ ਨਾਲ ਨਹੀਂ ਹੈ।

ਤਸਵੀਰ ਸਰੋਤ, Reuters
ਕੈਨੇਡਾ ਵਿੱਚ ਅਗਲੇ ਸਾਲ ਅਕਤੂਬਰ ਦੇ ਆਸ-ਪਾਸ ਚੋਣਾਂ ਹੋਣੀਆਂ ਹਨ। ਕਈ ਮਾਹਰਾਂ ਦਾ ਮੰਨਣਾ ਹੈ ਕਿ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਲਿਬਰਲ ਪਾਰਟੀ ਵਿੱਚ ਲੀਡਰਸ਼ਿਪ ਦਾ ਸੰਕਟ ਪੈਦਾ ਹੋ ਸਕਦਾ ਹੈ।
ਨਾਨੋਸ ਰਿਸਰਚ ਪੋਲਿੰਗ ਦੇ ਨਿਕ ਨਾਨੋਜ਼ ਨੇ ਰਾਇਟਰਸ ਖ਼ਬਰ ਏਜੰਸੀ ਨੂੰ ਦੱਸਿਆ, "ਇਹ ਲਿਬਰਲ ਪਾਰਟੀ ਦੇ ਅੰਦਰ ਲੀਡਰਸ਼ਿਪ ਦੇ ਸੰਕਟ ਦੀ ਸ਼ੁਰੂਆਤ ਹੋ ਸਕਦੀ ਹੈ। ਇਹ ਟਰੂਡੋ ਲਈ ਨਿੱਜੀ ਅਤੇ ਸਿਆਸੀ ਤੌਰ 'ਤੇ ਵੱਡਾ ਝਟਕਾ ਹੈ।"
ਟੋਰਾਂਟੋ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਨੇਲਸਨ ਵਾਈਜ਼ਮੇਨ ਨੇ ਰਾਇਟਰਜ਼ ਨਾਲ ਗੱਲਬਾਤ ਵਿੱਚ ਫ੍ਰੀਲੈਂਡ ਦੇ ਅਸਤੀਫਾ ਨੂੰ ਇੱਕ ਧਮਾਕੇ ਵਜੋਂ ਦੱਸਿਆ ਹੈ।
ਉਨ੍ਹਾਂ ਨੇ ਕਿਹਾ, "ਇਹ ਸੱਚਮੁੱਚ ਇੱਕ ਧਮਾਕਾ ਹੈ। ਮੈਨੂੰ ਲੱਗਦਾ ਹੈ ਕਿ ਲਿਬਰਲ ਪਾਰਟੀ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਪਾਰਟੀ ਕੋਲ ਟਰੂਡੋ ਨੂੰ ਹਟਾਉਣ ਦਾ ਕੋਈ ਤਰੀਕਾ ਨਹੀਂ ਹੈ। ਅਜਿਹਾ ਸਿਰਫ਼ ਪਾਰਟੀ ਦੇ ਅੰਦਰ ਬਗਾਵਤ ਕਰਕੇ ਹੀ ਕੀਤਾ ਜਾ ਸਕਦਾ ਹੈ।"

ਤਸਵੀਰ ਸਰੋਤ, Reuters
ਟਰੰਪ ਦੇ ਸੰਭਾਵਿਤ ਟੈਰਿਫ 'ਤੇ ਵਿਵਾਦ
ਫ੍ਰੀਲੈਂਡ ਨੇ ਕਿਹਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਜ਼ਰੂਰ ਲੜਨਗੇ। ਇਹ ਚੋਣਾਂ ਅਕਤੂਬਰ 2025 ਵਿੱਚ ਹੋਣ ਦੀ ਸੰਭਾਵਨਾ ਹੈ।
ਟਰੂਡੋ ਨੇ ਵੀ ਸੰਕੇਤ ਦਿੱਤੇ ਕਿ ਉਹ ਇਸ ਵਾਰ ਵੀ ਲਿਬਰਲ ਪਾਰਟੀ ਦੀ ਅਗਵਾਈ ਕਰਨ ਦੀ ਯੋਜਨਾ ਬਣਾ ਰਹੇ ਹਨ।
ਕੁਝ ਕੈਨੇਡੀਅਨ ਮੀਡੀਆ ਅਦਾਰੇ ਕਹਿ ਰਹੇ ਹਨ ਕਿ ਹੁਣ ਟਰੂਡੋ ਵੀ ਅਹੁਦਾ ਛੱਡ ਸਕਦੇ ਹਨ ਪਰ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਗੱਲ ਨੂੰ ਖਾਰਜ ਕੀਤਾ ਹੈ।
ਫ੍ਰੀਲੈਂਡ ਨੇ ਆਪਣੇ ਅਸਤੀਫ਼ੇ ਵਿੱਚ ਟਰੰਪ ਵੱਲੋਂ ਕੈਨੇਡਾ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਯੋਜਨਾ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਲਿਖਿਆ, "ਅੱਜ ਸਾਡਾ ਦੇਸ਼ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਜਾ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ਤੋਂ, ਤੁਸੀਂ(ਟਰੂਡੋ) ਅਤੇ ਮੈਂ ਕੈਨੇਡਾ ਦੇ ਭਵਿੱਖ ਨੂੰ ਲੈ ਕੇ ਅਸਹਿਮਤ ਰਹੇ ਹਾਂ।"
"ਸਾਨੂੰ ਟਰੰਪ ਦੀ ਧਮਕੀ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਟੈਰਿਫ ਦੀ ਲੜਾਈ ਦੀ ਸਥਿਤੀ ਬਣ ਸਕਦੀ ਹੈ। ਇਸ ਮੁੱਦੇ 'ਤੇ ਸਿਆਸੀ ਡਰਾਮਾ ਨਹੀਂ ਹੋਣਾ ਚਾਹੀਦਾ।"
ਫ੍ਰੀਲੈਂਡ ਪੱਤਰਕਾਰ ਰਹੇ ਹਨ ਅਤੇ 2013 ਵਿੱਚ ਚੋਣਾਂ ਜਿੱਤ ਕੇ ਸੰਸਦ ਵਿੱਚ ਪਹੁੰਚੇ ਸਨ। ਉਹ ਦੋ ਸਾਲ ਬਾਅਦ ਟਰੂਡੋ ਦੀ ਕੈਬਨਿਟ ਵਿੱਚ ਸ਼ਾਮਲ ਹੋਏ ਸਨ। ਉਹ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਹਾਲ ਹੀ ਵਿੱਚ ਟਰੰਪ ਦੀ ਸੰਭਾਵਿਤ ਟੈਰਿਫ ਯੋਜਨਾ ਦਾ ਜਵਾਬ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਹੁਣ ਨਵੇਂ ਵਿੱਤ ਮੰਤਰੀ ਲੇਬਲਾਕ ਨੂੰ ਟਰੰਪ ਦੀ ਟੀਮ ਨਾਲ ਟੈਰਿਫ ਬਾਰੇ ਗੱਲਬਾਤ ਕਰਨੀ ਹੋਵੇਗੀ।
ਅਮਰੀਕਾ ਕੈਨੇਡਾ ਦਾ ਪ੍ਰਮੁੱਖ ਵਪਾਰਕ ਭਾਈਵਾਲ ਹੈ। ਕੈਨੇਡਾ ਦਾ 75 ਫੀਸਦੀ ਨਿਰਆਤ ਅਮਰੀਕਾ ਨੂੰ ਜਾਂਦਾ ਹੈ।
ਪਿਛਲੇ ਮਹੀਨੇ ਟਰੂਡੋ ਨੇ ਫਲੋਰੀਡਾ ਜਾ ਕੇ ਟਰੰਪ ਨਾਲ ਮੁਲਾਕਾਤ ਕੀਤੀ ਸੀ ਪਰ ਹੁਣ ਤੱਕ ਟਰੰਪ ਵੱਲੋਂ ਟੈਰਿਫ ਦੀ ਯੋਜਨਾ ਵਿੱਚ ਬਦਲਾਵ ਬਾਰੇ ਕੋਈ ਬਿਆਨ ਨਹੀਂ ਆਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












