ਟਰੂਡੋ ਅਤੇ ਮੋਦੀ ਦੇ ਸੱਤਾ 'ਚ ਆਉਣ ਮਗਰੋਂ ਕੈਨੇਡਾ ਅਤੇ ਭਾਰਤ ਦਰਮਿਆਨ ਸੰਬੰਧਾਂ ਵਿੱਚ ਹੁਣ ਤੱਕ ਕੀ ਵਿਵਾਦ ਰਹੇ

ਭਾਰਤ ਤੇ ਕੈਨੇਡਾ ਦਰਮਿਆਨ ਸੰਬੰਧਾਂ ਵਿੱਚ ਤਲਖ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦਰਮਿਆਨ ਸੰਬੰਧਾਂ ਵਿੱਚ ਤਲਖ਼ੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ 'ਚ ਤਣਾਅ ਹੱਦ ਤੋਂ ਪਰਾਂ ਹੋ ਗਿਆ।

ਦੋਵਾਂ ਮੁਲਕਾਂ ਦਰਮਿਆਨ ਤਲਖ਼ੀਆਂ ਦਾ ਮੁੱਢ ਸਾਲ 2023 ਦੀ ਸ਼ੁਰੂਆਤ ਵਿੱਚ ਉਸ ਸਮੇਂ ਬੱਝ ਗਿਆ ਸੀ ਜਦੋਂ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਕਥਿਤ ਵੱਖਵਾਦੀ ਸਮੂਹਾਂ ਨੇ ਜਨਤਕ ਤੌਰ 'ਤੇ ਕੈਨੇਡਾ ਵਿੱਚ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਸੀ।

ਹਾਲਾਂਕਿ ਭਾਰਤ ਸਰਕਾਰ ਨੇ ਸਮੇਂ-ਸਮੇਂ ਕੈਨੇਡਾ ਨੂੰ ਅਜਿਹੇ ਵਰਤਾਰੇ ਨੂੰ ਥਾਂ ਨਾ ਦੇਣ ਦੀ ਸਲਾਹ ਦਿੰਦਿਆਂ ਸਖ਼ਤ ਪ੍ਰਤੀਕਿਰਿਆ ਦਰਜ ਕਰਵਾਈ।

ਪਰ ਸਿੱਖ ਕੱਟੜਪੰਥੀ ਹਰਜੀਤ ਸਿੰਘ ਨਿੱਝਰ ਦਾ ਕੈਨੇਡਾ ਦੀ ਧਰਤੀ ਉੱਤੇ ਕਤਲ ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਦਾ ਇੱਕ ਵੱਡਾ ਕਾਰਨ ਬਣ ਕੇ ਸਾਹਮਣੇ ਆਇਆ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
  • 18 ਜੂਨ, 2023 ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਖਾਲਿਸਤਾਨ ਹਮਾਇਤੀ 45 ਸਾਲਾ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ। ਨਿੱਝਰ ਕਈ ਮਾਮਲਿਆਂ ਵਿੱਚ ਭਾਰਤ ਸਰਕਾਰ ਨੂੰ ਲੋੜੀਂਦੇ ਸਨ।
  • 20 ਜੂਨ ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ (ਸੰਸਦ) ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਕੇਸ ਨਾਲ ਭਾਰਤ ਦਾ ਨਾਂ ਜੋੜਿਆ ਸੀ। ਹਾਲਾਂਕਿ ਭਾਰਤ ਨੇ ਲਾਗਤਾਰ ਉਸ ਉੱਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
  • 3 ਨਵੰਬਰ, 2024 ਨੂੰ ਬਰੈਂਪਟਨ ਦੇ ਹਿੰਦੂ ਮੰਦਰ ਸਾਹਮਣੇ ਕੁਝ ਖਾਲਿਸਤਾਨੀ ਸਮਰਥਕਾਂ ਵਲੋਂ ਮੁਜ਼ਾਹਰਾ ਕੀਤਾ ਗਿਆ। ਪਰ ਮੁਜ਼ਾਹਰਾ ਹਿੰਸਕ ਝੜਪਾਂ ਦਾ ਰੂਪ ਲੈ ਗਿਆ। ਕੈਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ ਫ਼ੌਰਨ ਕਾਰਵਾਈ ਕੀਤੀ ਤੇ ਕਰੀਬ 6 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ।
ਹਰਦੀਪ ਸਿੰਘ ਨਿੱਝਰ ਨੂੰ 8 ਜੂਨ, 2023 ਨੂੰ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਕਤਲ ਹੋ ਗਿਆ ਸੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਹਰਦੀਪ ਸਿੰਘ ਨਿੱਝਰ ਨੂੰ 8 ਜੂਨ, 2023 ਨੂੰ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਕਤਲ ਹੋ ਗਿਆ ਸੀ

ਮੰਦਰ ਦੀ ਘਟਨਾ ਤੋਂ ਬਾਅਦ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਦਾ ਅਧਿਕਾਰਿਤ ਬਿਆਨ ਆਇਆ ਕਿ ਬੋਲਣ ਦੀ ਆਜ਼ਾਦੀ ਹੈ ਪਰ ਕਿਸੇ ਕਿਸਮ ਦੀ ਹਿੰਸਾ ਦੀ ਥਾਂ ਨਹੀਂ ਹੈ।

ਮਾਹਰ ਮੰਨਦੇ ਹਨ ਕਿ ਕੈਨੇਡਾ ਦਾ ਪਰਵਾਸ ਪ੍ਰਤੀ ਸਖ਼ਤ ਰੁਖ਼ ਨੇੜਲੇ ਭਵਿੱਖ ਵਿੱਚ ਨਰਮ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਕੂਟਨੀਤਿਕ ਤਲਖ਼ੀਆਂ ਲਈ ਦੋਵਾਂ ਮੁਲਕਾਂ ਨੂੰ ਆਪਸੀ ਸਹਿਯੋਗੀ ਦੀ ਰਾਹ 'ਤੇ ਤੁਰਨ ਦੀ ਲੋੜ ਹੈ।

ਕੈਨੇਡਾ ਦੀਆਂ ਬਦਲੀਆਂ ਪਰਵਾਸ ਨੀਤੀਆਂ ਖ਼ਿਲਾਫ਼ ਵੱਡੀ ਗਿਣਤੀ ਵਿਦਿਆਰਥੀ ਤੇ ਅਸਥਾਈ ਕਾਮੇ ਧਰਨਾ ਵੀ ਦੇ ਰਹੇ ਹਨ।

ਭਾਰਤ-ਕੈਨੇਡਾ ਤਣਾਅ ਤੇ ਪਰਵਾਸ ਦੇ ਬਦਲੇ ਨਿਯਮ

ਪਰਵਾਸ ਦੀ ਗੱਲ ਹੋਵੇ ਤਾਂ ਪੰਜਾਬ ਤੇ ਕੈਨੇਡਾ ਦਾ ਜ਼ਿਕਰ ਆਪ ਮੁਹਾਰੇ ਹੀ ਆਉਂਦਾ ਹੈ, ਕਿਉਂਕਿ ਪੰਜਾਬ ਤੋਂ ਸਭ ਤੋਂ ਵੱਧ ਪਰਵਾਸ ਕੈਨੇਡਾ ਨੂੰ ਹੀ ਹੁੰਦਾ ਹੈ।

ਪਰ ਸਾਲ 2023 ਭਾਰਤ ਤੇ ਕੈਨੇਡਾ ਦਰਮਿਆਨ ਤਲਖ਼ੀਆਂ ਭਰਿਆ ਵਰ੍ਹਾ ਰਿਹਾ ਹੈ। ਇਸ ਦੌਰਾਨ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀ ਨਿਯਮਾਂ ਸਣੇ, ਵੀਜ਼ਾ ਨੀਤਿਆਂ ਵਿੱਚ ਕਈ ਬਦਲਾ ਕੀਤੇ ਜਿਨ੍ਹਾਂ ਦਾ ਅਸਰ ਪੰਜਾਬ ਤੋਂ ਕੈਨੇਡਾ ਜਾਣ ਦੇ ਚਾਹਵਾਨਾਂ ਉੱਤੇ ਪੈਣ ਦਾ ਲਗਾਤਾਰ ਖ਼ਦਸ਼ਾ ਜਤਾਇਆ ਗਿਆ।

ਕੈਨੇਡਾ ਨੇ ਆਪਣੀ ਪਰਵਾਸ ਨੀਤੀ 'ਚ ਬਦਲਾਅ ਕਰਦਿਆਂ ਆਉਂਦੇ ਤਿੰਨ ਸਾਲਾਂ ਲਈ ਪੀਆਰ ਟੀਚਿਆਂ 'ਚ ਵੱਡੀ ਕਟੌਤੀ ਕੀਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਨੇ ਆਪਣੀ ਪਰਵਾਸ ਨੀਤੀ 'ਚ ਬਦਲਾਅ ਕਰਦਿਆਂ ਆਉਂਦੇ ਤਿੰਨ ਸਾਲਾਂ ਲਈ ਪੀਆਰ ਟੀਚਿਆਂ 'ਚ ਵੱਡੀ ਕਟੌਤੀ ਕੀਤੀ

ਕੌਮਾਂਤਰੀ ਵਿਦਿਆਰਥੀਆਂ ਲਈ ਨੀਤੀ 'ਚ ਬਦਲਾਅ

ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਸਲਾਨਾ ਕੋਟੇ ਵਿੱਚ ਵੱਡੀ ਕਟੌਤੀ ਕੀਤੀ ਹੈ। ਜਿਸ ਦਾ ਅਸਰ ਕੈਨੇਡਾ ਪੜ੍ਹਨ ਦੀ ਇੱਛਾ ਰੱਖਣ ਵਾਲੇ ਪੰਜਾਬੀ ਵਿਦਿਆਰਥੀਆਂ ਉੱਤੇ ਪੈਣਾ ਸੁਭਾਵਿਕ ਹੈ।

ਕੈਨੇਡਾ ਵੱਲੋਂ ਜਾਰੀ ਕੀਤੇ ਗਏ 2025-2027 ਇਮੀਗ੍ਰੇਸ਼ਨ ਲੈਵਲ ਪਲਾਨਜ਼ ਮੁਤਾਬਕ 2025, 2026 ਅਤੇ 2027 ਲਈ ਕੈਨੇਡਾ 'ਚ ਅਸਥਾਈ ਵਸਨੀਕਾਂ ਦਾ ਟੀਚਾ 6 ਲੱਖ 73 ਹਜ਼ਾਰ 650 ਮਿੱਥਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾ ਕੇ ਪ੍ਰਤੀ ਸਾਲ 3,05,900 ਕਰ ਦਿੱਤਾ ਸੀ।

ਇਸੇ ਸਾਲ ਨਵੰਬਰ ਮਹੀਨੇ ਵਿੱਚ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ਿਆਂ ਦੇ 'ਫਾਸਟ ਟ੍ਰੈਕ ਪ੍ਰੋਸੈਸਿੰਗ' ਲਈ ਲਿਆਂਦਾ ਗਿਆ ਪ੍ਰੋਗਰਾਮ 'ਸਟੂਡੈਂਟ ਡਾਇਰੈਕਟ ਸਟ੍ਰੀਮ' ਬੰਦ ਕਰ ਦਿੱਤਾ ਸੀ।

ਵੱਡੀ ਗਿਣਤੀ ਪੰਜਾਬੀ ਵਿਦਿਆਰਥੀ ਹਰ ਸਾਲ ਸਟੱਡੀ ਵੀਜ਼ਾ ਜ਼ਰੀਏ ਕੈਨੇਡਾ ਜਾਂਦੇ ਹਨ ਪਰ ਉਨ੍ਹਾਂ ਦਾ ਸੁਫ਼ਨਾ ਉੱਥੇ ਪੜ੍ਹਾਈ ਤੋਂ ਬਾਅਦ ਪੀਆਰ ਹਾਸਲ ਕਰਨਾ ਹੁੰਦਾ ਹੈ। ਪਰ ਕੈਨੇਡਾ ਦੇ ਹਾਲ ਦੇ ਫ਼ੈਸਲਿਆਂ ਨੇ ਇਸ ਸੁਫ਼ਨੇ ਨੂੰ ਧੁੰਦਲਾ ਕੀਤਾ ਹੈ।

ਮੋਦੀ ਅਤੇ ਟਰੂਡੋ ਦਾ ਸੱਤਾ 'ਚ ਆਉਣਾ

ਮੋਦੀ ਮਈ 2014 'ਚ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਅਤੇ ਜਸਟਿਨ ਟਰੂਡੋ ਨੇ ਅਕਤੂਬਰ 2015 'ਚ ਪਹਿਲੀ ਵਾਰ ਦੇਸ਼ ਦੀ ਕਮਾਨ ਸੰਭਾਲੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਦੀ ਮਈ 2014 'ਚ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਅਤੇ ਜਸਟਿਨ ਟਰੂਡੋ ਨੇ ਅਕਤੂਬਰ 2015 'ਚ ਪਹਿਲੀ ਵਾਰ ਦੇਸ਼ ਦੀ ਕਮਾਨ ਸੰਭਾਲੀ ਸੀ

ਜਸਟਿਨ ਟਰੂਡੋ ਅਤੇ ਪੀਐੱਮ ਮੋਦੀ ਵਿਚਾਲੇ ਦੂਰੀਆਂ ਵਧਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਕਿਹਾ ਜਾਂਦਾ ਹੈ ਕਿ ਦੋਵੇਂ ਮੁਲਕਾਂ ਦੇ ਮੁਖੀਆਂ ਦਰਮਿਆਨ ਸਬੰਧ ਕਦੇ ਵੀ ਸੁਖਾਲੇ ਨਹੀਂ ਰਹੇ ਹਨ।

ਮੋਦੀ ਮਈ 2014 'ਚ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਅਤੇ ਜਸਟਿਨ ਟਰੂਡੋ ਨੇ ਅਕਤੂਬਰ 2015 'ਚ ਪਹਿਲੀ ਵਾਰ ਦੇਸ਼ ਦੀ ਕਮਾਨ ਸੰਭਾਲੀ ਸੀ।

ਸਾਲ 2019 'ਚ ਵੀ ਮੋਦੀ ਨੇ ਦੂਜੀ ਵਾਰ ਕਾਰਜਕਾਲ ਸੰਭਾਲਿਆ ਅਤੇ ਟਰੂਡੋ ਨੂੰ ਵੀ ਅਕਤੂਬਰ 2019 'ਚ ਦੂਜੇ ਕਾਰਜਕਾਲ ਲਈ ਚੁਣਿਆ ਗਿਆ ਸੀ।

ਟਰੂਡੋ ਦੀ ਲਿਬਰਲ ਪਾਰਟੀ ਆਫ਼ ਕੈਨੇਡਾ ਆਪਣੇ ਆਪ ਨੂੰ ਉਦਾਰਵਾਦੀ ਲੋਕਤੰਤਰੀ ਦੱਸਦੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਭਾਜਪਾ ਦੀ ਪਛਾਣ ਹਿੰਦੂਤਵ ਅਤੇ ਸੱਜੇਪੱਖੀ ਰਾਸ਼ਟਰਵਾਦੀ ਵੱਜੋਂ ਹੁੰਦੀ ਹੈ।

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨੇ ਅਪ੍ਰੈਲ 2015 'ਚ ਕੈਨੇਡਾ ਦਾ ਦੋ ਦਿਨਾਂ ਦਾ ਦੌਰਾ ਕੀਤਾ ਸੀ। ਉਸ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਨ, ਜੋ ਕਿ ਕੰਜ਼ਰਵੇਟਿਵ ਪਾਰਟੀ ਨਾਲ ਸਬੰਧ ਰੱਖਦੇ ਸਨ ।

2010 'ਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ-20 ਸੰਮੇਲਨ 'ਚ ਸ਼ਾਮਲ ਹੋਣ ਲਈ ਕੈਨੇਡਾ ਗਏ ਸਨ। ਪਰ ਸੰਮੇਲਨ ਤੋਂ ਇਲਾਵਾ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕੈਨੇਡਾ ਫੇਰੀ 42 ਸਾਲਾਂ ਬਾਅਦ ਉਸ ਸਮੇਂ ਸੰਭਵ ਹੋਈ ਜਦੋਂ ਪੀਐੱਮ ਮੋਦੀ 2015 'ਚ ਕੈਨੇਡਾ ਦੇ ਦੌਰੇ 'ਤੇ ਗਏ ਸਨ।

ਜਦੋਂ ਦੇ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣੇ ਹਨ ਉਦੋਂ ਤੋਂ ਪੀਐੱਮ ਮੋਦੀ ਕੈਨੇਡਾ ਨਹੀਂ ਗਏ ਹਨ।

ਟਰੂਡੋ ਦੀ ਵਜ਼ਾਰਤ 'ਚ ਸਿੱਖ ਮੰਤਰੀ

2018 'ਚ ਜਸਟਿਨ ਟਰੂਡੋ ਦੀ ਵਜ਼ਾਰਤ 'ਚ ਤਿੰਨ ਸਿੱਖ ਮੰਤਰੀ ਸਨ। ਇਨ੍ਹਾਂ ਮੰਤਰੀਆਂ 'ਚੋਂ ਹੀ ਇੱਕ ਰੱਖਿਆ ਮੰਤਰੀ ਹਰਜੀਤ ਸੱਜਣ ਸਨ।

ਸੱਜਣ ਅਜੇ ਵੀ ਟਰੂਡੋ ਦੀ ਕੈਬਨਿਟ ਦਾ ਹਿੱਸਾ ਹਨ ਅਤੇ ਉਨ੍ਹਾਂ ਨੇ ਆਪਣੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਕੈਨੇਡਾ 'ਚ ਭਾਰਤ ਸਮੇਤ ਕਿਸੇ ਵੀ ਮੁਲਕ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਹਰਜੀਤ ਸੱਜਣ ਦੇ ਪਿਤਾ ਵਿਸ਼ਵ ਸਿੱਖ ਸੰਸਥਾ ਦੇ ਮੈਂਬਰ ਸਨ। ਸੱਜਣ ਨੂੰ 2017 'ਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖ਼ਾਲਿਸਤਾਨ ਸਮਰਥਕ ਕਿਹਾ ਸੀ।

ਹਾਲਾਂਕਿ ਸੱਜਣ ਨੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰਿਆ ਸੀ।

ਭਾਰਤ ਨੂੰ ਉਸ ਸਮੇਂ ਵੀ ਠੀਕ ਨਹੀਂ ਲੱਗਿਆ ਸੀ ਜਦੋਂ ਓਨਟਾਰੀਓ ਅਸੈਂਬਲੀ ਨੇ ਭਾਰਤ 'ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਨਿੰਦਾ ਦੇ ਸਬੰਧ 'ਚ ਇੱਕ ਮਤਾ ਪਾਸ ਕੀਤਾ ਸੀ।

ਕੈਨੇਡਾ 'ਚ ਖ਼ਾਲਿਸਤਾਨ ਸਮਰਥਕਾਂ ਦੀ ਯੋਜਨਾ ਆਜ਼ਾਦ ਪੰਜਾਬ ਦੇ ਹੱਕ 'ਚ ਇੱਕ ਰਾਏਸ਼ੁਮਾਰੀ ਕਰਵਾਉਣ ਦੀ ਰਹੀ ਹੈ।

2018 'ਚ ਜਸਟਿਨ ਟਰੂਡੋ ਦੀ ਵਜ਼ਾਰਤ 'ਚ ਤਿੰਨ ਸਿੱਖ ਮੰਤਰੀ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2018 'ਚ ਜਸਟਿਨ ਟਰੂਡੋ ਦੀ ਵਜ਼ਾਰਤ 'ਚ ਤਿੰਨ ਸਿੱਖ ਮੰਤਰੀ ਸਨ

ਇੰਡੋ-ਕੈਨੇਡਾ ਜੁਆਇੰਟ ਫੋਰਮ ਦੇ ਉਪ-ਪ੍ਰਧਾਨ ਫੇਜ਼ਾਨ ਮੁਸਤਫ਼ਾ ਨੇ ਟਰੂਡੋ ਦੇ ਦੌਰੇ 'ਤੇ ਮੋਦੀ ਸਰਕਾਰ ਦੇ ਰਵੱਈਏ ਬਾਰੇ ਸਾਲ 2018 'ਚ ਬੀਬੀਸੀ ਨੂੰ ਦੱਸਿਆ ਸੀ , "ਆਮ ਤੌਰ 'ਤੇ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਕੋਈ ਰਾਸ਼ਟਰ ਮੁਖੀ ਆਉਂਦਾ ਹੈ ਤਾਂ ਉਹ ਪਹਿਲਾਂ ਦੁਵੱਲੀ ਗੱਲਬਾਤ ਨੂੰ ਅੰਜਾਮ ਦਿੰਦਾ ਹੈ ਅਤੇ ਉਸ ਤੋਂ ਬਾਅਦ ਹੀ ਉਹ ਨਿੱਜੀ ਜਾਂ ਪਰਿਵਾਰਕ ਦੌਰੇ ਨੂੰ ਤਰਜੀਹ ਦਿੰਦਾ ਹੈ।"

"ਮੇਰਾ ਮੰਨਣਾ ਹੈ ਕਿ ਟਰੂਡੋ ਜਾਂ ਉਨ੍ਹਾਂ ਦੇ ਵਿਦੇਸ਼ ਮੰਤਰਾਲੇ ਨੇ ਜਾਣ ਬੁੱਝ ਕੇ ਨਿੱਜੀ ਦੌਰੇ ਨੂੰ ਪਹਿਲ 'ਤੇ ਰੱਖਿਆ ਅਤੇ ਅਧਿਕਾਰਤ ਗੱਲਬਾਤ ਨੂੰ ਬਾਅਦ 'ਚ ਰੱਖਿਆ।"

ਜੀ-20 ਸੰਮੇਲਨ 'ਚ ਭਾਰਤ ਅਤੇ ਕੈਨੇਡਾ ਵਿਚਾਲੇ ਜਾਰੀ ਤਣਾਅ ਦੇ ਬਾਰੇ 'ਚ ਭਾਰਤੀ ਥਿੰਕ ਟੈਂਕ ਨਿਗਰਾਨ ਰਿਸਰਚ ਫਾਊਂਡੇਸ਼ਨ ਦੇ ਉਪ ਪ੍ਰਧਾਨ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਜਾਣਕਾਰ ਹਰਸ਼ ਵੀ ਪੰਤ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ, "ਟਰੂਡੋ ਜਿੰਨਾਂ ਚਿਰ ਤੱਕ ਸਰਕਾਰ 'ਚ ਹਨ, ਉਦੋਂ ਤੱਕ ਹਾਲਾਤ ਸੁਧਰਦੇ ਤਾਂ ਵਿਖਾਈ ਨਹੀਂ ਦੇ ਰਹੇ ਹਨ। ਮੈਨੂੰ ਲੱਗਦਾ ਹੈ ਕਿ ਟਰੂਡੋ ਨੇ ਇਸ ਨੂੰ ਨਿੱਜੀ ਮਸਲਾ ਬਣਾ ਲਿਆ ਹੈ। ਟਰੂਡੋ ਨੂੰ ਲੱਗਦਾ ਹੈ ਕਿ ਉਨ੍ਹਾਂ 'ਤੇ ਨਿੱਜੀ ਤੌਰ 'ਤੇ ਹਮਲਾ ਕੀਤਾ ਜਾ ਰਿਹਾ ਹੈ।"

ਟਰੂਡੋ ਨੂੰ ਸਿੱਖਾਂ ਦਾ ਸਮਰਥਨ

ਜਗਮੀਤ ਸਿੰਘ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਗਮੀਤ ਸਿੰਘ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

2019 ਦੀਆਂ ਚੋਣਾਂ 'ਚ ਜਸਟਿਨ ਟਰੂਡੋ ਬਹੁਤਿਆਂ ਤੋਂ ਦੂਰ ਰਹੇ ਸਨ।

ਮੁੜ ਤੋਂ ਪ੍ਰਧਾਨ ਮੰਤਰੀ ਬਣਨ ਲਈ ਜਸਟਿਨ ਟਰੂਡੋ ਨੂੰ ਸਮਰਥਨ ਦੀ ਜ਼ਰੂਰਤ ਸੀ ਅਤੇ ਉਹ ਜਗਮੀਤ ਸਿੰਘ ਵੱਲ ਵੇਖ ਰਹੇ ਸਨ।

ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ 24 ਸੀਟਾਂ ਮਿਲੀਆਂ ਸਨ ਅਤੇ ਉਨ੍ਹਾਂ ਦੀ ਪਾਰਟੀ ਦੀ ਵੋਟ ਪ੍ਰਤੀਸ਼ਤ 15.9% ਰਹੀ ਸੀ।

ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਜਗਮੀਤ ਸਿੰਘ ਪਾਰਟੀ ਦੇ ਆਗੂ ਬਣਨ ਤੋਂ ਪਹਿਲਾਂ ਖ਼ਾਲਿਸਤਾਨ ਰੈਲੀਆਂ 'ਚ ਸ਼ਾਮਲ ਹੁੰਦੇ ਸਨ।

ਲਿਬਰਲ ਪਾਰਟੀ ਦੇ ਲਈ ਇਹ ਚੋਣ ਬਹੁਤ ਹੀ ਔਖੀ ਰਹੀ ਸੀ। ਸਿੱਖਾਂ ਦੇ ਪ੍ਰਤੀ ਉਦਾਰਤਾ ਦੇ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਜ਼ਾਕ-ਮਜ਼ਾਕ 'ਚ ਜਸਟਿਨ 'ਸਿੰਘ' ਟਰੂਡੋ ਵੀ ਕਿਹਾ ਜਾਂਦਾ ਹੈ।

2015 'ਚ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਨ੍ਹਾਂ ਨੇ ਜਿੰਨੇ ਸਿੱਖਾਂ ਨੂੰ ਆਪਣੀ ਕੈਬਨਿਟ 'ਚ ਥਾਂ ਦਿੱਤੀ ਹੈ, ਓਨੀ ਥਾਂ ਤਾਂ ਭਾਰਤ ਨੇ ਵੀ ਆਪਣੀ ਕੈਬਨਿਟ 'ਚ ਨਹੀਂ ਦਿੱਤੀ ਹੈ।

ਕੈਨੇਡਾ 'ਚ ਭਾਰਤੀਆਂ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉੱਥੋਂ ਦੇ ਹਾਊਸ ਆਫ਼ ਕਾਮਨਜ਼ ਦੇ ਲਈ 2015 'ਚ ਭਾਰਤੀ ਮੂਲ ਦੇ 19 ਲੋਕਾਂ ਨੂੰ ਚੁਣਿਆ ਗਿਆ ਸੀ। ਇਨ੍ਹਾਂ 'ਚੋਂ 17 ਤਾਂ ਟਰੂਡੋ ਦੀ ਲਿਬਰਲ ਪਾਰਟੀ ਦੇ ਹੀ ਸਨ।

ਪਹਿਲੀ ਵਾਰ ਸਿੱਖ ਕੈਨੇਡਾ ਕਦੋਂ ਅਤੇ ਕਿਵੇਂ ਪਹੁੰਚੇ?

1897 'ਚ ਮਹਾਰਾਣੀ ਵਿਕਟੋਰੀਆ ਨੇ ਬ੍ਰਿਟਿਸ਼ ਭਾਰਤੀ ਸੈਨਿਕਾਂ ਦੀ ਇੱਕ ਟੁੱਕੜੀ ਨੂੰ ਡਾਇਮੰਡ ਜੁਬਲੀ ਸਮਾਗਮ 'ਚ ਸ਼ਾਮਲ ਹੋਣ ਲਈ ਲੰਡਨ ਬੁਲਾਇਆ ਸੀ।

ਉਦੋਂ ਘੋੜਸਵਾਰ ਸਿਪਾਹੀਆਂ ਦਾ ਇੱਕ ਸਮੂਹ ਭਾਰਤ ਦੀ ਮਹਾਰਾਣੀ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਰਾਸਤੇ 'ਚ ਸੀ। ਇਨ੍ਹਾਂ ਸੈਨਿਕਾਂ 'ਚੋਂ ਹੀ ਇੱਕ ਸਨ ਰਿਸਾਲੇਦਾਰ ਮੇਜਰ ਕੇਸਰ ਸਿੰਘ। ਉਹ ਕੈਨੇਡਾ ਜਾਣ ਵਾਲੇ ਪਹਿਲੇ ਸਿੱਖ ਸਨ।

ਸਿੰਘ ਦੇ ਨਾਲ ਕੁਝ ਹੋਰ ਸੈਨਿਕਾਂ ਨੇ ਵੀ ਕੈਨੇਡਾ 'ਚ ਹੀ ਰਹਿਣ ਦਾ ਫ਼ੈਸਲਾ ਕੀਤਾ ਸੀ। ਬਾਕੀ ਦੇ ਜੋ ਸੈਨਿਕ ਭਾਰਤ ਵਾਪਸ ਪਰਤੇ ਉਨ੍ਹਾਂ ਕੋਲ ਇੱਕ ਕਹਾਣੀ ਸੀ।

ਉਨ੍ਹਾਂ ਨੇ ਭਾਰਤ ਵਾਪਸ ਆ ਕੇ ਦੱਸਿਆ ਕਿ ਬ੍ਰਿਟਿਸ਼ ਸਰਕਾਰ ਉਨ੍ਹਾਂ ਨੂੰ ਉੱਥੇ ਹੀ ਵਸਾਉਣਾ ਚਾਹੁੰਦੀ ਹੈ। ਹੁਣ ਮਾਮਲਾ ਪਸੰਦ ਦਾ ਸੀ। ਇਸ ਤਰ੍ਹਾਂ ਸਿੱਖਾਂ ਦੇ ਕੈਨੇਡਾ ਜਾਣ ਦਾ ਸਿਲਸਿਲਾ ਇੱਥੋਂ ਹੀ ਸ਼ੁਰੂ ਹੋਇਆ ਸੀ।

ਫਿਰ ਕੁਝ ਹੀ ਸਾਲਾਂ 'ਚ 5 ਹਜ਼ਾਰ ਭਾਰਤੀ ਬ੍ਰਿਟਿਸ਼ ਕੋਲੰਬੀਆ ਵਿਖੇ ਪਹੁੰਚ ਗਏ, ਜਿਨ੍ਹਾਂ 'ਚ 90% ਸਿੱਖ ਹੀ ਸਨ।

ਹਾਲਾਂਕਿ, ਸਿੱਖਾਂ ਦਾ ਕੈਨੇਡਾ 'ਚ ਵਸਣਾ ਅਤੇ ਵਧਣਾ ਇਨ੍ਹਾਂ ਸੌਖਾ ਨਹੀਂ ਰਿਹਾ ਹੈ। ਇਨ੍ਹਾਂ ਦਾ ਕੈਨੇਡਾ ਆਉਣਾ ਅਤੇ ਇੱਥੇ ਨੌਕਰੀਆਂ ਕਰਨਾ ਕੈਨੇਡਾ ਦੇ ਗੋਰਿਆਂ ਨੂੰ ਬਿਲਕੁਲ ਵੀ ਰਾਸ ਨਹੀਂ ਆਇਆ ਸੀ। ਭਾਰਤੀਆਂ ਖ਼ਿਲਾਫ਼ ਵਿਰੋਧ ਹੋਣ ਲੱਗੇ।

ਇੱਥੋਂ ਤੱਕ ਕਿ ਕੈਨੇਡਾ ਦੇ ਸਭ ਤੋਂ ਲੰਬੇ ਸਮੇਂ ਲਈ ਪ੍ਰਧਾਨ ਮੰਤਰੀ ਰਹੇ ਵਿਲੀਅਮ ਮੈਕੇਂਜੀ ਨੇ ਮਜ਼ਾਕ 'ਚ ਕਿਹਾ ਸੀ, "ਹਿੰਦੂਆਂ ਨੂੰ ਇਸ ਦੇਸ਼ ਦੀ ਜਲਵਾਯੂ ਰਾਸ ਨਹੀਂ ਆ ਰਹੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)