ਬੇਗ਼ਮ ਅਖ਼ਤਰ, ਜਿਸ ਦੀ ਆਵਾਜ਼ ਸੁਣਨ ਲਈ ਮੱਕੇ ʼਚ ਭੀੜ ਲੱਗ ਗਈ ਸੀ

ਬੇਗ਼ਮ ਅਖ਼ਤਰ

ਤਸਵੀਰ ਸਰੋਤ, SALEEM KIDWAI

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

ਬੇਗ਼ਮ ਅਖ਼ਤਰ ਨੂੰ ਗ਼ਜ਼ਲਾਂ ਦੀ ਮਲਿਕਾ ਕਿਹਾ ਜਾਂਦਾ ਸੀ ਅਤੇ ਜੇਕਰ ਅੱਜ ਉਹ ਜਿਉਂਦੀ ਹੁੰਦੀ ਤਾਂ 110 ਸਾਲ ਦੀ ਹੁੰਦੀ।

ਹਾਲਾਂਕਿ, 'ਏ ਮੁਹੱਬਤ ਤੇਰੇ ਅੰਜਾਮ ਪੇ ਰੋਨਾ ਆਇਆ...' ਵਰਗੀਆਂ ਮਸ਼ਹੂਰ ਗ਼ਜ਼ਲਾਂ ਤੋਂ ਇਲਾਵਾ, ਬੇਗ਼ਮ ਅਖ਼ਤਰ ਦੀ ਸੰਗੀਤਮਈ ਵਿਰਾਸਤ ਦੇ ਕਈ ਪਹਿਲੂ ਹਨ।

ਇਸ ਪਰੀ ਕਹਾਣੀ ਦੀ ਸ਼ੁਰੂਆਤ ਤੀਹ ਦੇ ਦਹਾਕੇ ਵਿੱਚ ਹੋੋਈ ਸੀ, ਜਦੋਂ ਬੇਗ਼ਮ ਅਖ਼ਤਰ ਨੇ ਕੋਲਕਾਤਾ ਵਿੱਚ ਸਟੇਜ 'ਤੇ ਪਹਿਲੀ ਵਾਰ ਆਪਣੀ ਗਾਇਕੀ ਪੇਸ਼ ਕੀਤੀ।

ਇਹ ਪ੍ਰੋਗਰਾਮ ਬਿਹਾਰ ਦੇ ਭੂਚਾਲ ਪੀੜਤਾਂ ਦੀ ਮਦਦ ਲਈ ਰੱਖਿਆ ਗਿਆ ਸੀ। ਉਸ ਦਿਨ ਉਨ੍ਹਾਂ ਸੁਣਨ ਵਾਲਿਆਂ ਵਿੱਚ ਭਾਰਤ ਦੀ ਕੋਇਲ ਵੱਜੋਂ ਜਾਣੀ ਜਾਂਦੀ ਸਰੋਜਨੀ ਨਾਇਡੂ ਵੀ ਸਨ।

ਉਹ ਉਨ੍ਹਾਂ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਹ ਨਾ ਸਿਰਫ਼ ਉਹਨਾਂ ਨੂੰ ਵਧਾਈ ਦੇਣ ਲਈ ਸਟੇਜ ਦੇ ਪਿੱਛੇ ਆਈ ਸਗੋਂ ਬਾਅਦ ਵਿੱਚ ਉਨ੍ਹਾਂ ਨੂੰ ਤੋਹਫ਼ੇ ਵਜੋਂ ਖਾਦੀ ਸਾੜੀ ਵੀ ਭੇਜੀ।

ਪੰਜ ਫੁੱਟ ਤਿੰਨ ਇੰਚ ਲੰਮੀ ਬੇਗ਼ਮ ਅਖ਼ਤਰ ਨੂੰ ਵੀ ਉੱਚੀ ਅੱਡੀ ਵਾਲੀਆਂ ਚੱਪਲਾਂ ਪਹਿਨਣ ਦਾ ਸ਼ੌਕ ਸੀ। ਇੱਥੋਂ ਤੱਕ ਕਿ ਉਹ ਘਰ ਵਿੱਚ ਵੀ ਉੱਚੀ ਅੱਡੀ ਵਾਲੀਆਂ ਚੱਪਲਾਂ ਪਾਉਂਦੀ ਸੀ।

ਘਰ ਵਿੱਚ ਉਨ੍ਹਾਂ ਦਾ ਪਹਿਰਾਵਾ ਮਰਦਾਂ ਦਾ ਕੁੜਤਾ, ਲੁੰਗੀ ਅਤੇ ਉਸ ਨਾਲ ਮੇਲ ਖਾਂਦਾ ਦੁਪੱਟਾ ਹੁੰਦਾ ਸੀ।

ਸਰੋਜਨੀ ਨਾਇਡੂ ਵੀ ਬੇਗ਼ਮ ਅਖ਼ਤਰ ਤੋਂ ਕਾਫੀ ਪ੍ਰਭਾਵਿਤ ਸਨ

ਤਸਵੀਰ ਸਰੋਤ, PIB

ਤਸਵੀਰ ਕੈਪਸ਼ਨ, ਸਰੋਜਨੀ ਨਾਇਡੂ ਵੀ ਬੇਗ਼ਮ ਅਖ਼ਤਰ ਤੋਂ ਕਾਫੀ ਪ੍ਰਭਾਵਿਤ ਸਨ

ਬੇਗ਼ਮ ਦੀ ਸ਼ਾਗਿਰਦ ਸ਼ਾਂਤੀ ਹੀਰਾਨੰਦ ਦਾ ਕਹਿਣਾ ਹੈ ਕਿ ਰਮਜ਼ਾਨ ਵਿੱਚ ਬੇਗ਼ਮ ਅਖ਼ਤਰ ਸਿਰਫ਼ ਅੱਠ ਜਾਂ ਨੌਂ ਰੋਜ਼ੇ ਰੱਖਦੇ ਸਨ ਕਿਉਂਕਿ ਉਹ ਸਿਗਰਟ ਤੋਂ ਬਿਨਾਂ ਨਹੀਂ ਰਹਿ ਸਕਦੀ ਸੀ।

ਜਿਵੇਂ ਹੀ ਇਫ਼ਤਾਰ ਦਾ ਸਮਾਂ ਹੁੰਦਾ, ਉਹ ਖੜ੍ਹੇ ਹੋ ਕੇ ਨਮਾਜ਼ ਅਦਾ ਕਰਦੀ, ਚਾਹ ਦਾ ਕੱਪ ਪੀਂਦੀ ਅਤੇ ਤੁਰੰਤ ਸਿਗਰਟ ਬਾਲ ਲੈਂਦੀ। ਦੋ ਸਿਗਰਟਾਂ ਪੀਣ ਤੋਂ ਬਾਅਦ, ਉਹ ਫਿਰ ਆਰਾਮ ਨਾਲ ਬੈਠ ਜਾਂਦੀ ਅਤੇ ਨਮਾਜ਼ ਅਦਾ ਕਰਦੀ।

ਉਨ੍ਹਾਂ ਨੂੰ ਨੇੜਿਓਂ ਜਾਨਣ ਵਾਲੇ ਪ੍ਰੋਫੈਸਰ ਸਲੀਮ ਕਿਦਵਈ ਦੱਸਦੇ ਹਨ ਕਿ ਇੱਕ ਵਾਰ ਉਨ੍ਹਾਂ ਨੇ ਉਸਨੂੰ ਪੁੱਛਿਆ ਸੀ ਕਿ ਕੀ ਤੁਸੀਂ ਸਿਗਰਟ ਪੀਂਦੇ ਹੋ। ਮੈਂ ਜਵਾਬ ਦਿੱਤਾ ਸੀ, 'ਜੀ, ਹਾਂ, ਪਰ ਮੈਂ ਤੁਹਾਡੇ ਸਾਹਮਣੇ ਨਹੀਂ ਪੀਵਾਂਗਾ।'

"ਇੱਕ ਵਾਰ ਉਹ ਹਸਪਤਾਲ ਵਿੱਚ ਮੇਰੇ ਪਿਤਾ ਨੂੰ ਮਿਲਣ ਆਈ। ਉਹ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖ਼ਲ ਸਨ। ਉਹ ਉਨ੍ਹਾਂ ਲਈ ਫਲਾਂ ਦੀ ਇੱਕ ਵੱਡੀ ਟੋਕਰੀ ਵੀ ਲੈ ਕੇ ਆਈ। ਫ਼ਲਾਂ ਵਿੱਚ, ਸਿਗਰਟਾਂ ਦੇ ਚਾਰ ਪੈਕਟ ਵੀ ਰੱਖੇ ਹੋਏ ਸਨ।"

"ਉਨ੍ਹਾਂ ਨੇ ਮੈਨੂੰ ਹੌਲੀ ਜਿਹੀ ਕਿਹਾ, 'ਫ਼ਲ ਤੁਹਾਡੇ ਵਾਲਿਦ ਲਈ ਤੇ ਸਿਗਰੇਟ ਤੁਹਾਡੇ ਲਈ। ਹਸਪਤਾਲ 'ਚ ਤੁਹਾਡੇ ਕਿਹੜਾ ਪੀਣ ਨੂੰ ਮਿਲ ਰਹੀ ਹੋਣੀ!"

ਅੱਲ੍ਹਾ ਮੀਆਂ ਨਾਲ ਲੜਾਈ

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਨ੍ਹਾਂ ਨੂੰ ਖਾਣਾ ਬਣਾਉਣ ਦਾ ਵੀ ਬਹੁਤ ਸ਼ੌਕ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਨੂੰ ਰਜਾਈ ਨਗੰਦਣ ਦਾ ਹੁਨਰ ਆਉਂਦਾ ਸੀ ਅਤੇ ਪੂਰੇ ਲਖਨਊ ਤੋਂ ਲੋਕ ਰਜ਼ਾਈਆਂ ਨਗੰਦਣ ਲਈ ਉਨ੍ਹਾਂ ਕੋਲ ਭੇਜਦੇ ਸਨ।

ਉਹ ਅਕਸਰ ਕਿਹਾ ਕਰਦੇ ਸਨ ਕਿ ਉਹਨਾਂ ਦਾ ਰੱਬ ਨਾਲ ਨਿੱਜੀ ਰਿਸ਼ਤਾ ਹੈ। ਜਦੋਂ ਉਨ੍ਹਾਂ ʼਤੇ ਪਾਗ਼ਲਪਨ ਸਵਾਰ ਹੁੰਦਾ ਤਾਂ ਉਹ ਕਈ ਦਿਨਾਂ ਤੱਕ ਆਸਤਿਕਾਂ ਵਾਂਗ ਕੁਰਾਨ ਪੜ੍ਹਦੀ ਰਹਿੰਦੀ ਸੀ। ਪਰ ਕਈ ਵਾਰ ਉਹ ਕੁਰਾਨ ਸ਼ਰੀਫ ਨੂੰ ਇਕ ਪਾਸੇ ਰੱਖ ਦਿੰਦੀ ਸੀ।

ਜਦੋਂ ਉਨ੍ਹਾਂ ਦੀ ਸ਼ਾਗਿਰਦ ਸ਼ਾਂਤੀ ਹੀਰਾਨੰਦ ਉਨ੍ਹਾਂ ਨੂੰ ਪੁੱਛਦੀ, 'ਅੰਮੀ ਕੀ ਹੋਇਆ?' ਤਾਂ ਉਨ੍ਹਾਂ ਦਾ ਜਵਾਬ ਹੁੰਦਾ, 'ਅੱਲ੍ਹਾ ਮੀਆਂ ਨਾਲ ਲੜਾਈ!'

ਇੱਕ ਵਾਰ ਉਹ ਇੱਕ ਸੰਗੀਤ ਸਭਾ ਵਿੱਚ ਸ਼ਾਮਲ ਹੋਣ ਲਈ ਮੁੰਬਈ ਗਏ ਸਨ। ਅਚਾਨਕ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਹੱਜ ਲਈ ਮੱਕਾ ਜਾਣਗੇ।

ਉਨ੍ਹਾਂ ਨੇ ਬੱਸ ਆਪਣੀ ਫ਼ੀਸ ਲਈ, ਟਿਕਟ ਖਰੀਦਿਆਂ ਅਤੇ ਉੱਥੋਂ ਮੱਕਾ ਲਈ ਰਵਾਨਾ ਹੋ ਗਈ। ਜਦੋਂ ਤੱਕ ਉਹ ਮਦੀਨਾ ਪਹੁੰਚੀ ਉਨ੍ਹਾਂ ਦੇ ਸਾਰੇ ਪੈਸੇ ਖ਼ਤਮ ਹੋ ਗਏ ਸਨ।

ਉਨ੍ਹਾਂ ਜ਼ਮੀਨ ʼਤੇ ਬੈਠ ਕੇ ਨਾਤ (ਹਜਰਤ ਮੁਹੰਮਦ ਦੀ ਸ਼ਾਨ ਵਿੱਚ ਪੜ੍ਹਿਆ ਜਾਣ ਵਾਲਾ ਗੀਤ) ਪੜ੍ਹਨਾ ਸ਼ੁਰੂ ਕਰ ਦਿੱਤਾ। ਲੋਕਾਂ ਦੀ ਭੀੜ ਲੱਗੀ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਉਹ ਕੌਣ ਹਨ।

ਤੁਰੰਤ ਸਥਾਨਕ ਰੇਡੀਓ ਸਟੇਸ਼ਨ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਅਤੇ ਰੇਡੀਓ ਲਈ ਉਨ੍ਹਾਂ ਨਾਤ ਰਿਕਾਰਡ ਕੀਤੀ।

ਬੀਬੀਸੀ ਸਟੂਡੀਓ ਵਿੱਚ ਰੇਹਾਨ ਫਜ਼ਲ ਨਾਲ ਬੇਗ਼ਮ ਅਖ਼ਤਰ ਦੀ ਸ਼ਾਗਿਰਦ ਸ਼ਾਂਤੀ ਹੀਰਾਨੰਦ
ਤਸਵੀਰ ਕੈਪਸ਼ਨ, ਬੀਬੀਸੀ ਸਟੂਡੀਓ ਵਿੱਚ ਰੇਹਾਨ ਫਜ਼ਲ ਨਾਲ ਬੇਗ਼ਮ ਅਖ਼ਤਰ ਦੀ ਸ਼ਾਗਿਰਦ ਸ਼ਾਂਤੀ ਹੀਰਾਨੰਦ

ਬੇਗ਼ਮ ਅਖ਼ਤਰ ਦਾ ਸਾਫ਼ਟ ਕਾਰਨਰ

ਕਿਹਾ ਜਾਂਦਾ ਹੈ ਕਿ ਕਵੀ ਜਿਗਰ ਮੁਰਾਦਾਬਾਦੀ ਬੇਗ਼ਮ ਅਖ਼ਤਰ ਦੇ ਨਜ਼ਦੀਕੀਆਂ ਵਿੱਚੋਂ ਇੱਕ ਸੀ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਸੱਤਿਆਜੀਤ ਰੇਅ ਦੀ ਫਿਲਮ 'ਜਲਸਾਗਰ' 'ਚ ਵੀ ਕਲਾਸੀਕਲ ਗਾਇਕਾ ਦੀ ਭੂਮਿਕਾ ਨਿਭਾਈ ਸੀ।

ਬੇਗ਼ਮ ਅਖ਼ਤਰ ਦੀ ਪ੍ਰਸਿੱਧ ਉਰਦੂ ਸ਼ਾਇਰ ਜਿਗਰ ਮੁਰਾਦਾਬਾਦੀ ਨਾਲ ਗੂੜ੍ਹੀ ਦੋਸਤੀ ਸੀ। ਜਿਗਰ ਅਤੇ ਉਨ੍ਹਾਂ ਦੀ ਪਤਨੀ ਅਕਸਰ ਲਖਨਊ ਦੇ ਹੈਵਲੌਕ ਰੋਡ 'ਤੇ ਬੇਗ਼ਮ ਦੇ ਘਰ ਠਹਿਰਦੇ ਸਨ।

ਸ਼ਾਂਤੀ ਹੀਰਾਨੰਦ ਦੱਸਦੇ ਹਨ ਕਿ ਕਿਵੇਂ ਬੇਗ਼ਮ ਅਖ਼ਤਰ ਜਿਗਰ ਨਾਲ ਖੁੱਲ੍ਹ ਕੇ ਫਲਰਟ ਕਰਦੀ ਹੁੰਦੀ ਸੀ।

ਇੱਕ ਵਾਰ ਮਜ਼ਾਕ ਵਿਚ ਉਨ੍ਹਾਂ ਨੇ ਜਿਗਰ ਨੂੰ ਕਿਹਾ, "ਕਿੰਨਾ ਵਧੀਆ ਹੋਵੇਗਾ ਜੇ ਮੇਰਾ ਤੇਰੇ ਨਾਲ ਵਿਆਹ ਹੋ ਜਾਏ। ਕਲਪਨਾ ਕਰੋ ਕਿ ਸਾਡੇ ਕਿਹੋ ਜਿਹੇ ਬੱਚੇ ਹੋਣਗੇ। ਮੇਰੀ ਆਵਾਜ਼ ਅਤੇ ਤੁਹਾਡੀ ਸ਼ਾਇਰੀ ਦਾ ਕਿੰਨਾ ਵਧੀਆ ਸੁਮੇਲ!"

ਇਸ ʼਤੇ ਜਿਗਰ ਨੇ ਜ਼ੋਰਦਾਰ ਠਹਾਕਾ ਮਾਰਿਆ ਅਤੇ ਜਵਾਬ ਦਿੱਤਾ, "ਪਰ ਜੇਕਰ ਉਨ੍ਹਾਂ ਦੀ ਸ਼ਕਲ ਮੇਰੀ ਤਰ੍ਹਾਂ ਨਿਕਲੀ ਤਾਂ ਕੀ ਹੋਵੇਗਾ।"

ਹੱਜ ਯਾਤਰਾ ਦੌਰਾਨ ਬੇਗ਼ਮ ਅਖ਼ਤਰ

ਤਸਵੀਰ ਸਰੋਤ, SALEEM KIDWAI

ਤਸਵੀਰ ਕੈਪਸ਼ਨ, ਹੱਜ ਯਾਤਰਾ ਦੌਰਾਨ ਬੇਗ਼ਮ ਅਖ਼ਤਰ

ਕੁਮਾਰ ਗੰਧਰਵ ਅਤੇ ਫ਼ਿਰਾਕ ਨਾਲ ਦੋਸਤੀ

ਪ੍ਰਸਿੱਧ ਸ਼ਾਸਤਰੀ ਗਾਇਕ ਕੁਮਾਰ ਗੰਧਰਵ ਵੀ ਬੇਗ਼ਮ ਦੇ ਦੋਸਤਾਂ ਵਿੱਚੋਂ ਸਨ। ਜਦੋਂ ਵੀ ਉਹ ਲਖਨਊ ਵਿੱਚ ਹੁੰਦੇ ਤਾਂ ਉਹ ਅਕਸਰ ਆਪਣਾ ਬੈਗ਼ ਮੋਢੇ ਉੱਤੇ ਚੁੱਕ ਕੇ ਉਨ੍ਹਾਂ ਨੂੰ ਮਿਲਣ ਆਉਂਦੇ। ਉਹ ਸ਼ਾਕਾਹਾਰੀ ਸਨ।

ਬੇਗ਼ਮ ਅਖ਼ਤਰ ਨਹਾ ਕੇ ਆਪਣੇ ਹੱਥਾਂ ਨਾਲ ਖਾਣਾ ਬਣਾਉਂਦੀ ਸੀ। ਇੱਕ ਵਾਰ ਉਹ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਸ਼ਹਿਰ ਦੇਵਾਸ ਵੀ ਗਈ। ਫਿਰ ਕੁਮਾਰ ਨੇ ਉਨ੍ਹਾਂ ਲਈ ਖਾਣਾ ਬਣਾਇਆ ਅਤੇ ਦੋਵਾਂ ਨੇ ਇਕੱਠੇ ਗਾਇਆ।

ਫਿਰਾਕ ਗੋਰਖ਼ਪੁਰੀ ਵੀ ਉਨ੍ਹਾਂ ਦੇ ਕਦਰਦਾਨਾਂ ਵਿੱਚੋਂ ਇੱਕ ਸਨ। ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਉਹ ਦਿੱਲੀ ਦੇ ਪਹਾੜਗੰਜ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਬੇਗ਼ਮ ਉਨ੍ਹਾਂ ਨੂੰ ਮਿਲਣ ਗਈ। ਫਿਰਾਕ ਡੂੰਘੇ ਸਾਹ ਲੈ ਰਹੇ ਸਨ ਪਰ ਚਿਹਰੇ 'ਤੇ ਮੁਸਕਾਨ ਸੀ।

ਉਨ੍ਹਾਂ ਨੇ ਆਪਣੀ ਇੱਕ ਗ਼ਜ਼ਲ ਬੇਗ਼ਮ ਅਖ਼ਤਰ ਨੂੰ ਦਿੱਤੀ ਅਤੇ ਇਸਰਾਰਾ ਕੀਤਾ ਕਿ ਉਹ ਹੁਣੇ ਉਨ੍ਹਾਂ ਲਈ ਗਾਉਣ।

ਗ਼ਜ਼ਲ ਸੀ, 'ਸ਼ਾਮ-ਏ-ਗ਼ਮ ਕੁਝ ਉਸ ਨਿਗਾਹੇਂ ਨਾਜ਼ ਦੀ ਬਾਤੇਂ ਕਰੋ, ਬੇਖ਼ੁਦੀ ਬੜਤੀ ਚਲੀ ਗਈ ਹੈ, ਰਾਜ਼ ਕੀ ਬਾਤੇਂ ਕਰੋʼ, ਜਦੋਂ ਬੇਗਮ ਨੇ ਉਹ ਗ਼ਜ਼ਲ ਗਾਈ ਤਾਂ ਫ਼ਿਰਾਕ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ।

ਜਿਗਰ ਮੁਰਾਦਾਬਾਦੀ

ਤਸਵੀਰ ਸਰੋਤ, SALEEM KIDWAI

ਤਸਵੀਰ ਕੈਪਸ਼ਨ, ਜਿਗਰ ਮੁਰਾਦਾਬਾਦੀ
ਇਹ ਵੀ ਪੜ੍ਹੋ-

ਟ੍ਰੇਨ ਵਿੱਚ ਦਿੱਤੇ ਗਜ਼ਲ ਨੂੰ ਸੁਰ

ਬੇਗ਼ਮ ਦੀ ਮਸ਼ਹੂਰ ਗਜ਼ਲ ʻਏ ਮੁਹੱਬਤ ਤੇਰੇ ਅੰਜਾਮ ਪੇ ਰੋਨਾ ਆਇਆ...ʼ ਦੇ ਪਿੱਛੇ ਵੀ ਦਿਲਚਸਪ ਕਹਾਣੀ ਹੈ।

ਉਨ੍ਹਾਂ ਦੀ ਸ਼ਾਗਿਰਦ ਸ਼ਾਂਤੀ ਹੀਰਾਚਨੰਦ ਦੱਸਦੀ ਹੈ ਕਿ ਇੱਕ ਵਾਰ ਜਦੋਂ ਉਹ ਮੁੰਬਈ ਸੈਂਟ੍ਰਲ ਸਟੇਸ਼ਨ ਤੋਂ ਲਖਨਊ ਲਈ ਰਵਾਨਾ ਹੋ ਰਹੇ ਸਨ ਤਾਂ ਉਨ੍ਹਾਂ ਨੂੰ ਸਟੇਸ਼ਨ ਛੱਡਣ ਆਏ ਸ਼ਕੀਲ ਬਦਾਂਯੂਨੀ ਨੇ ਉਨ੍ਹਾਂ ਦੇ ਹੱਥ ਵਿੱਚ ਇੱਕ ਚਿਟ ਫੜ੍ਹਾਈ।

ਰਾਤ ਨੂੰ, ਪੁਰਾਣੇ ਜ਼ਮਾਨੇ ਦੇ ਪਹਿਲੇ ਦਰਜੇ ਦੇ ਡੱਬੇ ਵਿੱਚ, ਬੇਗ਼ਮ ਨੇ ਆਪਣਾ ਹਰਮੋਨੀਅਮ ਕੱਢਿਆ ਅਤੇ ਚਿਟ ਵਿੱਚ ਲਿਖੀ ਗ਼ਜ਼ਲ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਭੋਪਾਲ ਪਹੁੰਚਣ ਤੱਕ ਗਜ਼ਲ ਨੂੰ ਸੰਗੀਤ ਲੈਅ ਕਰ ਲਿਆ ਗਿਆ ਸੀ। ਇੱਕ ਹਫ਼ਤੇ ਦੇ ਅੰਦਰ ਹੀ ਬੇਗ਼ਮ ਅਖ਼ਤਰ ਨੇ ਲਖਨਊ ਰੇਡੀਓ ਸਟੇਸ਼ਨ ਤੋਂ ਉਹ ਗ਼ਜ਼ਲ ਪੇਸ਼ ਕੀਤੀ ਅਤੇ ਪੂਰੇ ਭਾਰਤ ਨੇ ਇਸ ਨੂੰ ਬਹੁਤ ਪਿਆਰ ਦਿੱਤਾ।

ਬੇਗ਼ਮ ਅਖ਼ਤਰ ਦੀਆਂ ਗ਼ਜ਼ਲਾਂ ਅੱਜ ਵੀ ਬਹੁਤ ਪ੍ਰਵਾਨਿਤ ਹਨ

ਤਸਵੀਰ ਸਰੋਤ, SHANTI HIRANAND

ਤਸਵੀਰ ਕੈਪਸ਼ਨ, ਬੇਗ਼ਮ ਅਖ਼ਤਰ ਦੀਆਂ ਗ਼ਜ਼ਲਾਂ ਅੱਜ ਵੀ ਬਹੁਤ ਪ੍ਰਵਾਨਿਤ ਹਨ

ਉਹ ਚੌਦਵੀਂ ਦੀ ਰਾਤ

ਇੱਕ ਵਾਰ ਬੇਗ਼ਮ ਅਖ਼ਤਰ ਫ਼ੌਜੀਆਂ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕਰਨ ਕਸ਼ਮੀਰ ਗਈ। ਜਦੋਂ ਉਹ ਵਾਪਸ ਪਰਤਣ ਲੱਗੀ ਤਾਂ ਫੌਜੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਸਕੀ ਦੀਆਂ ਕੁਝ ਬੋਤਲਾਂ ਦਿੱਤੀਆਂ।

ਕਸ਼ਮੀਰ ਦੇ ਤਤਕਾਲੀ ਮੁੱਖ ਮੰਤਰੀ ਸ਼ੇਖ ਅਬਦੁੱਲ੍ਹਾ ਨੇ ਸ੍ਰੀਨਗਰ 'ਚ ਹਾਊਸ ਬੋਟ 'ਤੇ ਉਨ੍ਹਾਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਸੀ।

ਜਦੋਂ ਰਾਤ ਪਈ ਤਾਂ ਬੇਗ਼ਮ ਨੇ ਵੇਟਰ ਨੂੰ ਘਰ ਦੀ ਕਿਸ਼ਤੀ ਦੀ ਛੱਤ 'ਤੇ ਹਾਰਮੋਨੀਅਮ ਲਿਆਉਣ ਲਈ ਕਿਹਾ।

ਉਨ੍ਹਾਂ ਨੇ ਆਪਣੇ ਨਾਲ ਆਈ ਰੀਟਾ ਗਾਂਗੁਲੀ ਨੂੰ ਪੁੱਛਿਆ, "ਜੇ ਮੈਂ ਥੋੜ੍ਹੀ ਜਿਹੀ ਸ਼ਰਾਬ ਪੀ ਲਵਾਂ ਤਾਂ ਕੀ ਤੁਹਾਨੂੰ ਕੋਈ ਇਤਰਾਜ਼ ਹੋਵੇਗਾ?" ਰੀਟਾ ਨੇ ਹਾਮੀ ਭਰ ਦਿੱਤੀ। ਵੇਟਰ ਗਲਾਸ ਅਤੇ ਸੋਡਾ ਲੈ ਆਇਆ।

ਬੇਗ਼ਮ ਅਖ਼ਤਰ, ਸ਼ਾਹਿਦ ਅਤੇ ਸਲੀਮ ਕਿਦਵਈ

ਤਸਵੀਰ ਸਰੋਤ, SALEEM KIDWAI

ਤਸਵੀਰ ਕੈਪਸ਼ਨ, ਬੇਗ਼ਮ ਅਖ਼ਤਰ, ਸ਼ਾਹਿਦ ਅਤੇ ਸਲੀਮ ਕਿਦਵਈ

ਬੇਗ਼ਮ ਨੇ ਰੀਟਾ ਨੂੰ ਕਿਹਾ, "ਜ਼ਰਾ ਹੇਠਾਂ ਜਾ ਕੇ ਦੇਖੋ ਕਿ ਕੀ ਹਾਊਸ ਬੋਟ ਵਿਚ ਕੋਈ ਸੁੰਦਰ ਗਲਾਸ ਹੈ ਜਾਂ ਨਹੀਂ? ਇਹ ਗਲਾਸ ਦੇਖਣ ਵਿੱਚ ਵਧੀਆ ਨਹੀਂ ਹੈ।"

ਰੀਟਾ ਕੱਟ ਗਲਾਸ ਦਾ ਗਲਾਸ ਲੈ ਗਈ। ਇਸ ਨੂੰ ਧੋ ਕੇ ਬੇਗ਼ਮ ਅਖ਼ਤਰ ਲਈ ਇਸ ਵਿੱਚ ਸ਼ਰਾਬ ਪਾ ਦਿੱਤੀ। ਉਸ ਨੇ ਚੰਨ ਵੱਲ ਡਰਿੰਕ ਵਧਾਉਂਦਿਆਂ ਕੇ ਕਿਹਾ, "ਚੰਗੀ ਸ਼ਰਾਬ ਚੰਗੇ ਗਲਾਸ ਵਿੱਚ ਹੀ ਪੀਣੀ ਚਾਹੀਦੀ ਹੈ।"

ਰੀਟਾ ਯਾਦ ਕਰਦੀ ਹੈ ਕਿ ਉਸ ਰਾਤ ਬੇਗ਼ਮ ਅਖ਼ਤਰ ਦੋ ਘੰਟੇ ਤੱਕ ਗਾਉਂਦੀ ਰਹੀ। ਖ਼ਾਸ ਕਰ ਕੇ ਇਬਨੇ ਇੰਸ਼ਾ ਦੀ ਉਹ ਗਜ਼ਲ ਗਾ ਕੇ ਤਾਂ ਉਨ੍ਹਾਂ ਨੇ ਅਵਾਕ ਕਰ ਦਿੱਤਾ।

ʻਕੱਲ੍ਹ ਚੌਦਵੀਂ ਕੀ ਰਾਤ ਥੀ, ਸ਼ਬ ਭਰ ਰਹਾ ਚਰਚਾ ਤੇਰਾ...ਕੁਝ ਨੇ ਕਹਾ ਯੇ ਚਾਂਦ ਹੈ, ਕੁਝ ਨੇ ਕਹਾ ਚਿਹਰਾ ਤੇਰਾ...ʼ

ਪਦਮਸ਼੍ਰੀ ਵੰਡ ਸਮਾਰੋਹ ਵਿੱਚ ਬੇਗ਼ਮ ਅਖ਼ਤਰ, ਇੰਦਰਾ ਗਾਂਧੀ ਅਤੇ ਵੀਵੀ ਗਿਰੀ

ਤਸਵੀਰ ਸਰੋਤ, SALEEM KIDWAI

ਤਸਵੀਰ ਕੈਪਸ਼ਨ, ਪਦਮਸ਼੍ਰੀ ਵੰਡ ਸਮਾਰੋਹ ਵਿੱਚ ਬੇਗ਼ਮ ਅਖ਼ਤਰ, ਇੰਦਰਾ ਗਾਂਧੀ ਅਤੇ ਵੀਵੀ ਗਿਰੀ

ਪੀਰ ਦੀ ਸਲਾਹ

ਜਦੋਂ ਅਖ਼ਤਰ 11 ਸਾਲਾਂ ਦੀ ਸੀ ਤਾਂ ਉਨ੍ਹਾਂ ਦੀ ਮਾਂ ਮੁਸ਼ਤਰੀ ਉਨ੍ਹਾਂ ਨੂੰ ਆਪਣੇ ਨਾਲ ਬਰੇਲੀ ਦੇ ਪੀਰ ਅਜ਼ੀਜ ਮਿਆਂ ਦੇ ਕੋਲ ਲੈ ਗਈ। ਉਨ੍ਹਾਂ ਦੇ ਹੱਥ ਵਿੱਚ ਇੱਕ ਨੋਟਬੁੱਕ ਸੀ, ਜਿਸ ਵਿੱਚ ਤਮਾਮ ਗਜ਼ਲਾਂ ਲਿਖੀਆਂ ਹੋਈਆਂ ਸਨ।

ਪੀਰ ਨੇ ਨੋਟਬੁੱਕ ਦੇ ਇੱਕ ਪੰਨੇ ਹੱਥ ਰੱਖਿਆ ਅਤੇ ਕਿਹਾ ਕਿ ਇਸ ਨੂੰ ਪੜ੍ਹੋ, ਅਖ਼ਤਰੀ ਨੇ ਬਹਜ਼ਾਦ ਲਖਨਵੀ ਦੀ ਉਸ ਗਜ਼ਲ ਨੂੰ ਉੱਚੀ ਆਵਾਜ਼ ਵਿੱਚ ਪੜ੍ਹਿਆ।

"ਦਿਵਾਨਾ ਬਨਾਨਾ ਹੈ ਤੋ ਦਿਵਾਨਾ ਬਨਾ ਦੇ...ਵਰਨਾ ਕਹੀਂ ਤਕਦੀਰ ਤਮਾਸ਼ਾ ਨਾ ਬਨਾ ਦੇ...ਏ ਦੇਖਨੇ ਵਾਲੋਂ, ਮੈਨੂੰ ਹੰਸ-ਹੰਸ ਦੇ ਨਾ ਦੇਖੋ...ਤੁਮ ਕੋ ਵੀ ਮੁਹੱਬਤ ਕਹੀ ਮੁਝ ਸਾ ਨਾ ਬਨਾ ਦੇ..."

ਪੀਰ ਸਾਹਬ ਨੇ ਕਿਹਾ, ਅਗਲੀ ਰਿਕਾਰਡਿੰਗ ਵਿੱਚ ਇਸ ਗਜ਼ਲ ਨੂੰ ਸਭ ਤੋਂ ਪਹਿਲੇ ਗਾਉਣਾ। ਅਖ਼ਤਰੀ ਕਲਕੱਤਾ ਪਹੁੰਚਦੇ ਹੀ ਆਪਣੀ ਰਿਕਾਰਡਿੰਗ ਕੰਪਨੀ ਕੋਲ ਗਈ...ਅਤੇ ਦਿਵਾਨਾ ਬਨਾਨਾ ਹੈ...ਗਾਇਆ।

ਸਾਰੰਗੀ ʼਤੇ ਉਨ੍ਹਾਂ ਦੀ ਸੰਗਤ ਦੇ ਉਸਤਾਦ ਵੱਡੇ ਗ਼ੁਲਾਮ ਅਲੀ ਖ਼ਾਨ ਨੇ (ਦੋਵਾਂ ਪਟਿਆਲਾ ਘਰਾਨੇ ਵਿੱਚੋਂ ਸਨ) 1925 ਦੀ ਦੁਰਗਾ ਪੂਜਾ ਦੌਰਾਨ ਉਹ ਰਿਕਾਰਡ ਰਿਲੀਜ਼ ਕੀਤਾ ਗਿਆ ਅਤੇ ਉਸ ਨੇ ਪੂਰੇ ਬੰਗਾਲ ਵਿੱਚ ਤਹਿਲਕਾ ਮਚਾ ਦਿੱਤਾ। ਉਸ ਤੋਂ ਬਾਅਦ ਤੋਂ ਅਖ਼ਤਰੀ ਫ਼ੈਜ਼ਾਬਾਦੀ ਉਰਫ਼ ਬੇਗ਼ਮ ਅਖ਼ਤਰ ਨੇ ਕਦੇ ਪਿੱਛੇ ਮੁੜ ਦੇ ਨਹੀਂ ਦੇਖਿਆ।

ਬੇਗ਼ਮ ਅਖ਼ਤਰ ਅਤੇ ਉਨ੍ਹਾਂ ਦੀ ਮਾਂ ਮੁਸ਼ਤਰੀ

ਤਸਵੀਰ ਸਰੋਤ, SHANTI HEERANAND

ਤਸਵੀਰ ਕੈਪਸ਼ਨ, ਬੇਗ਼ਮ ਅਖ਼ਤਰ ਅਤੇ ਉਨ੍ਹਾਂ ਦੀ ਮਾਂ ਮੁਸ਼ਰੀ

ਸਿਗਰਟ ਦੀ ਤਲਬ

ਬੇਗ਼ਮ ਅਖ਼ਤਰ ਚੇਨ ਸਮੋਕਰ ਸੀ। ਇੱਕ ਵਾਰ ਉਹ ਰੇਲ ਗੱਡੀ ਵਿੱਚ ਸਫ਼ਰ ਕਰ ਰਹੀ ਸੀ। ਦੇਰ ਰਾਤ ਟਰੇਨ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਸਟੇਸ਼ਨ 'ਤੇ ਰੁਕੀ। ਬੇਗ਼ਮ ਪਲੇਟਫਾਰਮ 'ਤੇ ਉਤਰੀ।

ਉਨ੍ਹਾਂ ਨੇ ਉੱਥੇ ਮੌਜੂਦ ਗਾਰਡ ਨੂੰ ਕਿਹਾ, "ਭਾਈ, ਮੇਰੇ ਕੋਲ ਸਿਗਰਟ ਖ਼ਤਮ ਹੋ ਗਈ ਹੈ। ਕੀ ਤੁਸੀਂ ਸੜਕ ਦੇ ਪਾਰ ਜਾ ਕੇ ਮੇਰੇ ਲਈ ਕੈਪਸਟਨ ਦਾ ਇੱਕ ਪੈਕੇਟ ਲੈ ਆਓਗੇ?" ਗਾਰਡ ਨੇ ਸਿਗਰਟ ਲਿਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਬੇਗ਼ਮ ਅਖ਼ਤਰ ਕੁਝ ਨਾ ਦੇਖਦਿਆਂ ਹੋਇਆ ਤੁਰੰਤ ਗਾਰਡ ਦੇ ਹੱਥੋਂ ਉਸ ਦੀ ਲਾਲਟੈਨ ਅਤੇ ਝੰਡਾ ਖੋਹ ਲਿਆ ਅਤੇ ਕਿਹਾ ਕਿ ਜੇਕਰ ਉਹ ਉਸਦੇ ਲਈ ਸਿਗਰੇਟ ਲੈ ਕੇ ਆਵੇਗਾ ਤਾਂ ਹੀ ਉਸ ਨੂੰ ਵਾਪਸ ਮਿਲੇਗਾ।

ਉਨ੍ਹਾਂ ਨੇ 100 ਰੁਪਏ ਦਾ ਨੋਟ ਗਾਰਡ ਨੂੰ ਦਿੱਤਾ। ਗੱਡੀ ਉਸ ਸਟੇਸ਼ਨ 'ਤੇ ਉਦੋਂ ਤੱਕ ਰੁਕੀ ਜਦੋਂ ਤੱਕ ਗਾਰਡ ਸਿਗਰਟ ਲੈ ਕੇ ਨਹੀਂ ਆ ਗਿਆ।

ਸਿਗਰਟਾਂ ਕਾਰਨ ਹੀ ਉਨ੍ਹਾਂ ਨੂੰ ਫਿਲਮ 'ਪਾਕੀਜ਼ਾ' ਛੇ ਵਾਰ ਦੇਖਣੀ ਪਈ। ਹਰ ਵਾਰ ਉਹ ਸਿਗਰਟ ਪੀਣ ਲਈ ਹਾਲ ਤੋਂ ਬਾਹਰ ਆ ਜਾਂਦੀ ਅਤੇ ਜਦੋਂ ਉਹ ਵਾਪਸ ਆਉਂਦੀ ਸੀ ਤਾਂ ਫਿਲਮ ਦਾ ਕੁਝ ਹਿੱਸਾ ਖ਼ਤਮ ਹੋ ਜਾਂਦਾ ਸੀ। ਅਗਲੇ ਦਿਨ ਉਹ ਉਸ ਹਿੱਸੇ ਨੂੰ ਦੇਖਣ ਲਈ ਮੇਫੇਅਰ ਹਾਲ ਮੁੜ ਆਉਂਦੀ। ਇਸ ਤਰ੍ਹਾਂ ਉਨ੍ਹਾਂ ਨੇ ਫਿਲਮ 'ਪਾਕੀਜ਼ਾ' ਨੂੰ ਛੇ ਟੇਕਸ 'ਚ ਪੂਰਾ ਕੀਤਾ।

ਬੇਗ਼ਮ ਅਖ਼ਤਰ

ਤਸਵੀਰ ਸਰੋਤ, SHANTI HEERANAND

ਤਸਵੀਰ ਕੈਪਸ਼ਨ, ਬੇਗ਼ਮ ਅਖ਼ਤਰ ਸ਼ਾਇਦ ਹਿੰਦੁਸਤਾਨੀ ਸੰਗੀਤ ਵਿੱਚ ਗ਼ਜ਼ਲ, ਦਾਦਰਾ ਅਤੇ ਠੁਮਰੀ ਦਾ ਸਭ ਤੋਂ ਵੱਡਾ ਨਾਂ ਸੀ

ਸੁੰਦਰ ਚਿਹਰਿਆਂ ਤੋਂ ਪ੍ਰੇਰਣਾ

ਉਨ੍ਹਾਂ ਦੀ ਇੱਕ ਹੋਰ ਸ਼ਾਗਿਰਦ ਰੀਟਾ ਗਾਂਗੁਲੀ ਯਾਦ ਕਰਦੀ ਹੈ ਕਿ ਜਦੋਂ ਵੀ ਬੇਗ਼ਮ ਅਖ਼ਤਰ ਮੁੰਬਈ ਆਉਂਦੇ ਸਨ, ਉਹ ਸੰਗੀਤਕਾਰ ਮਦਨ ਮੋਹਨ ਨੂੰ ਮਿਲੇ ਬਿਨਾਂ ਵਾਪਸ ਨਹੀਂ ਜਾਂਦੀ ਸੀ।

ਮਦਨ ਮੋਹਨ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਹੋਟਲ ਆਉਂਦੇ ਅਤੇ ਹਮੇਸ਼ਾ ਆਪਣੀ ਗੋਰੀ ਔਰਤ ਮਿੱਤਰਾਂ ਨੂੰ ਨਾਲ ਲਿਆਉਂਦੇ।

ਅੱਧੀ ਰਾਤ ਤੋਂ ਬਾਅਦ ਤੱਕ ਬੇਗ਼ਮ ਅਖ਼ਤਰ ਅਤੇ ਮਦਨ ਮੋਹਨ ਦੇ ਸੰਗੀਤ ਦਾ ਦੌਰ ਚੱਲਦੇ ਅਤੇ ਵਿੱਚੋਂ ਹੀ ਉਹ ਗੋਰੀਆਂ ਬਿਨਾਂ ਦੱਸੇ ਹੋਟਲ ʼਚੋਂ ਗਾਇਬ ਹੋ ਜਾਂਦੀਆਂ।

ਕਈ ਵਾਰ ਬੇਗ਼ਮ ਮਦਨ ਮੋਹਨ ਕੋਲੋਂ ਪੁੱਛਦੀ, "ਤੁਸੀਂ ਉਨ੍ਹਾਂ ਚੁੜੈਲਾਂ ਨੂੰ ਕਿਉਂ ਲਿਆਉਂਦੇ ਹੋ? ਉਨ੍ਹਾਂ ਨੂੰ ਤਾਂ ਸੰਗੀਤ ਦੀ ਵੀ ਸਮਝ ਨਹੀਂ ਹੈ।"

ਮਦਨ ਮੋਹਨ ਮੁਸਕਰਾਉਂਦੇ ਅਤੇ ਕਹਿੰਦੇ, "ਤਾਂ ਜੋ ਤੁਸੀਂ ਚੰਗਾ ਗਾ ਸਕੋ। ਤੁਸੀਂ ਹੀ ਤਾਂ ਕਹਿੰਦੇ ਹੋ ਕਿ ਤੁਹਾਨੂੰ ਸੁੰਦਰ ਚਿਹਰਿਆਂ ਤੋਂ ਪ੍ਰੇਰਣਾ ਮਿਲਦੀ ਹੈ।"

ਬੇਗ਼ਮ ਅਖ਼ਤਰ ਦਾ ਜਵਾਬ ਹੁੰਦਾ, "ਬੇਕਾਰ ਵਿੱਚ ਆਪਣੀ ਤਾਰੀਫ਼ ਨਾ ਕਰਾਓ, ਤੁਹਾਨੂੰ ਪਤਾ ਹੈ ਕਿ ਤੁਹਾਡਾ ਚਿਹਰਾ ਮੈਨੂੰ ਪ੍ਰੇਰਿਤ ਕਰਨ ਲਈ ਕਾਫੀ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)