ਸਮਰਾਟ ਅਸ਼ੋਕ ਨੇ ਆਪਣੀਆਂ ਪਤਨੀਆਂ ਨੂੰ ਜ਼ਿੰਦਾ ਕਿਉਂ ਸਾੜਿਆ ਸੀ-ਵਿਵੇਚਨਾ

ਅਸ਼ੋਕ ਸਮਰਾਟ

ਤਸਵੀਰ ਸਰੋਤ, MAPLE PRESS

ਤਸਵੀਰ ਕੈਪਸ਼ਨ, ਅਸ਼ੋਕ ਅੰਰਗੇਜ਼ਾਂ ਨਾਲੋਂ ਵੀ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੇ ਸਭ ਤੋਂ ਵੱਡੇ ਹਿੱਸੇ ʼਤੇ ਕੀਤਾ ਸੀ ਰਾਜ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

ਅਸ਼ੋਕ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ 40 ਸਾਲਾਂ ਦੇ ਸ਼ਾਸਨ ਦੌਰਾਨ ਕਰੀਬ-ਕਰੀਬ ਪੂਰੇ ਭਾਰਤੀ ਉਪ ਮਹਾਂਦੀਪ ਨੂੰ ਇੱਕ ਸਰਕਾਰ ਅਧੀਨ ਇੱਕਜੁੱਟ ਕਰ ਦਿੱਤਾ ਸੀ।

ਤਾਮਿਲਨਾਡੂ ਅਤੇ ਕੇਰਲਾ ਨੂੰ ਛੱਡ ਕੇ ਅੱਜ ਦਾ ਪੂਰਾ ਭਾਰਤ, ਅੱਜ ਦਾ ਪਾਕਿਸਤਾਨ ਅਤੇ ਘੱਟੋ-ਘੱਟ ਅਫ਼ਗਾਨਿਸਤਾਨ ਦਾ ਘੱਟੋ-ਘੱਟ ਪੂਰਬੀ ਹਿੱਸਾ ਅਸ਼ੋਕ ਦੇ ਅਧਿਕਾਰ ਖੇਤਰ ਵਿੱਚ ਸੀ।

ਇੰਨਾ ਹੀ ਨਹੀਂ, ਉਹ ਇੱਕ ਅਜਿਹੇ ਧਰਮ ਨੂੰ ਵਿਸ਼ਵ ਭਰ ਦੀ ਸ਼੍ਰੇਣੀ ਤੱਕ ਪਹੁੰਚਾਉਣ ਵਿੱਚ ਵੀ ਸਫ਼ਲ ਰਹੇ, ਜਿਸ ਦੇ ਉਸ ਸਮੇਂ ਬਹੁਤ ਘੱਟ ਪੈਰੋਕਾਰ ਸਨ।

ਉਨ੍ਹਾਂ ਨੇ ਅਜਿਹੀਆਂ ਨੈਤਿਕ ਧਾਰਨਾਵਾਂ ਪੇਸ਼ ਕੀਤੀਆਂ, ਜਿਨ੍ਹਾਂ ਦਾ ਪ੍ਰਭਾਵ ਅੱਜ ਤੱਕ ਦੇਖਿਆ ਜਾ ਸਕਦਾ ਹੈ।

ਚਾਰਲਸ ਐਲਨ ਆਪਣੀ ਕਿਤਾਬ 'ਅਸ਼ੋਕਾ ਦਿ ਸਰਚ ਫਾਰ ਇੰਡੀਆਜ਼ ਲੌਸਟ ਏਮਪਰਰ' ਵਿੱਚ ਲਿਖਦੇ ਹਨ, "ਅਸ਼ੋਕ ਨੂੰ ਸਹੀ ਮਾਅਨਿਆਂ ਵਿੱਚ ਭਾਰਤ ਦਾ ਬਾਨੀ ਪਿਤਾ ਕਿਹਾ ਜਾ ਸਕਦਾ ਹੈ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਹ ਪਹਿਲੇ ਸ਼ਾਸਕ ਸਨ, ਜਿਨ੍ਹਾਂ ਨੇ ਭਾਰਤ ਨੂੰ ਇੱਕ ਰਾਸ਼ਟਰ ਵਜੋਂ ਜੋੜਿਆ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਮਹਾਤਮਾ ਗਾਂਧੀ ਤੋਂ ਬਹੁਤ ਪਹਿਲਾਂ ਅਹਿੰਸਾ ਦਾ ਸੰਕਲਪ ਸ਼ੁਰੂ ਕੀਤਾ ਸੀ।

ਉਹ ਸ਼ਾਇਦ ਦੁਨੀਆ ਦੇ ਪਹਿਲੇ ਰਾਜਾ ਸੀ, ਜਿਨ੍ਹਾਂ ਨੇ ਕਲਿਆਣਕਾਰੀ ਰਾਜ ਦੀ ਸਥਾਪਨਾ ਕੀਤੀ ਸੀ।

ਅਸ਼ੋਕ ਕਈ ਲੋਕਾਂ ਨੂੰ ਕਈ ਰੂਪਾਂ ਵਿੱਚ ਦਿਖਾਈ ਦਿੰਦੇ ਹਨ।

ਇੱਕ ਜੇਤੂ ਜਿਸਨੇ ਜੰਗ ਦੀ ਭਿਆਨਕਤਾ ਨੂੰ ਦੇਖਦੇ ਹੋਏ ਜਿੱਤ ਤਿਆਗ ਦਿੱਤੀ। ਇੱਕ ਰਿਸ਼ੀ ਜਾਂ ਕਹਿ ਲਓ ਕਿ ਰਿਸ਼ੀ ਅਤੇ ਇੱਕ ਸਮਰਾਟ ਦਾ ਰਲੇਵਾ, ਇੱਕ ਸਿਆਸੀ ਪ੍ਰਤਿਭਾ ਜਿਸ ਨੂੰ ਮਨੁੱਖੀ ਕਦਰਾਂ-ਕੀਮਤਾਂ ਦੀ ਡੂੰਘੀ ਸਮਝ ਸੀ।

ਰੋਮਿਲਾ ਥਾਪਰ ਆਪਣੀ ਕਿਤਾਬ ‘ਅਸ਼ੋਕਾ ਐਂਡ ਦਿ ਡਿਕਲਾਈਨ ਆਫ਼ ਮੌਰਿਆਜ਼’ ਵਿੱਚ ਲਿਖਦੀ ਹੈ, ਅਸ਼ੋਕ ਨੇ ਬਹੁਤ ਮਾਅਨਿਆਂ ਵਿੱਚ ਆਪਣੇ ਸਮੇਂ ਨੂੰ ਪੇਸ਼ ਕੀਤਾ। ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਨ੍ਹਾਂ ਨੇ ਆਪਣੇ ਸਮੇਂ ਨੂੰ ਸਮਝਿਆ ਅਤੇ ਭਾਰਤੀ ਸੰਦਰਭ ਵਿੱਚ ਇਸ ਦੀਆਂ ਲੋੜਾਂ ਪੂਰੀਆਂ ਕੀਤੀਆਂ।

ਸਮਰਾਟ ਅਸ਼ੋਕ

ਤਸਵੀਰ ਸਰੋਤ, OXFORD UNIVERSITY PRESS

ਤਸਵੀਰ ਕੈਪਸ਼ਨ, ਅਸ਼ੋਕ ਨੇ ਰਾਜਾ ਬਣਨ ਲਈ ਕਾਫ਼ੀ ਜੂਨੀਅਰ ਸੀ

ਮੌਰਿਆ ਵੰਸ਼ ਦੇ ਤੀਜੇ ਸ਼ਾਸਕ

ਸਮਰਾਟ ਅਸ਼ੋਕ ਦੀ ਕਹਾਣੀ ਉਨ੍ਹਾਂ ਦੇ ਦਾਦਾ ਚੰਦਰਗੁਪਤ ਮੌਰਿਆ ਅਤੇ ਉਸ ਸ਼ਖ਼ਸ ਚਾਣਕਿਆ ਤੋਂ ਸ਼ੁਰੂ ਹੁੰਦੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਮਗਧ ਦੀ ਗੱਦੀ ʼਤੇ ਬਿਠਾਇਆ ਸੀ।

ਅਸ਼ੋਕ ਚੰਦਰਗੁਪਤ ਮੌਰਿਆ ਦਾ ਪੋਤਾ ਸੀ। 323 ਈਸਾ ਪੂਰਵ ਵਿੱਚ ਸਿਕੰਦਰ ਦੀ ਮੌਤ ਦੇ ਇੱਕ-ਦੋ ਸਾਲ ਦੇ ਅੰਦਰ, ਸਿੰਧ ਨਦੀ ਦੇ ਪੂਰਬ ਵੱਲ ਯੂਨਾਨੀ ਦਬਦਬਾ ਖ਼ਤਮ ਹੋਣਾ ਸ਼ੁਰੂ ਹੋ ਗਿਆ।

ਚਾਣਕਿਆ ਦੇ ਮਾਰਗਦਸ਼ਨ ਵਿੱਚ ਪਹਿਲਾਂ ਤਾਂ ਚੰਦਰਗੁਪਤ ਮੌਰਿਆ ਨੇ ਧਨਾ ਨੰਦਾ ਦੇ ਖ਼ਿਲਾਫ਼ ਹਾਰ ਦਾ ਸਵਾਦ ਚੱਖਿਆ ਪਰ ਫਿਰ ਉਹ ਨੂੰ ਹਰਾ ਕੇ ਅਤੇ ਉੱਤਰੀ ਭਾਰਤ ਦਾ ਨਿਰਵਿਵਾਦ ਸ਼ਾਸਕ ਬਣ ਗਿਆ।

ਆਪਣੇ 24 ਸਾਲਾਂ ਦੇ ਸ਼ਾਸਨ ਦੌਰਾਨ ਮੌਰਿਆ ਦੀ ਫੌਜ ਜੇਤੂ ਰਹੀ। 305 ਈਸਵੀ ਪੂਰਵ ਵਿੱਚ, ਜਦੋਂ ਬੇਬੀਲੋਨ ਅਤੇ ਪਰਸ਼ੀਆ ਦੇ ਨਵੇਂ ਸ਼ਾਸਕ ਸੈਲਿਊਕਸ ਨੇ ਸਿਕੰਦਰ ਤੋਂ ਗੁਆਚੀ ਹੋਈ ਜ਼ਮੀਨ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਚੰਦਰਗੁਪਤ ਮੌਰਿਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਚੰਦਰਗੁਪਤ ਮੌਰਿਆ ਤੋਂ ਬਾਅਦ ਬਿੰਦੁਸਰ ਮਗਧ ਦਾ ਰਾਜਾ ਬਣੇ। ਚਾਣਕਿਆ ਬਿੰਦੁਸਰ ਦੇ ਮਾਰਗਦਰਸ਼ਕ ਬਣੇ। ਉਨ੍ਹਾਂ ਦੇ ਪੋਤੇ ਅਤੇ ਚੇਲੇ ਰਾਧਾਗੁਪਤ ਨੇ ਅਸ਼ੋਕ ਦੇ ਮਗਧ ਦਾ ਰਾਜਾ ਬਣਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਏਐੱਲ ਬਾਸ਼ਮ ਆਪਣੀ ਕਿਤਾਬ 'ਦਿ ਵੈਂਡਰ ਦੈਟ ਵਾਜ਼ ਇੰਡੀਆ' ਵਿਚ ਲਿਖਦੇ ਹਨ, "ਬਿੰਦੁਸਰ ਦਾ ਪੁੱਤਰ ਸੁਸੀਮਾ ਉਨ੍ਹਾਂ ਦੀ ਗੱਦੀ ਦਾ ਵਾਰਸ ਸੀ ਅਤੇ ਇਹ ਮੰਨਿਆ ਜਾਂਦਾ ਸੀ ਕਿ ਉਸ ਤੋਂ ਬਾਅਦ ਉਹ ਮਗਧ ਦਾ ਰਾਜਾ ਬਣੇਗਾ।"

"ਬਿੰਦੁਸਰ ਦੇ ਉੱਤਰਾਧਿਕਾਰੀਆਂ ਦੀ ਸੂਚੀ ਵਿੱਚ ਅਸ਼ੋਕ ਦਾ ਨਾਮ ਕਾਫ਼ੀ ਨੀਵਾਂ ਸੀ। ਉਹ ਛੋਟੇ ਕੱਦ ਦੇ ਸੀ ਅਤੇ ਮੋਟੇ ਵੀ ਸੀ। ਉਨ੍ਹਾਂ ਨੂੰ ਚਮੜੀ ਦੀ ਬਿਮਾਰੀ ਸੀ ਜਿਸ ਕਾਰਨ ਉਹ ਬਦਸੂਰਤ ਦਿਖਾਈ ਦਿੰਦੇ ਸਨ।"

"ਸ਼ਾਇਦ ਇਹੀ ਕਾਰਨ ਸੀ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨਾਲ ਖਿਝੇ-ਖਿਝੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸੰਭਾਵੀ ਵਾਰਸਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਸੀ।"

ਸਮਰਾਟ ਅਸ਼ੋਕ

ਤਸਵੀਰ ਸਰੋਤ, SITGWICK & JACKSON

ਤਸਵੀਰ ਕੈਪਸ਼ਨ, ਅਸ਼ੋਕ ਆਪਣੇ ਭਰਾਵਾਂ ਨੂੰ ਵੀ ਕਤਲ ਕਰਵਾਇਆ

ਵਿਦਿਸ਼ਾ 'ਚ ਕਾਰੋਬਾਰੀ ਦੀ ਧੀ ਨਾਲ ਪਿਆਰ

ਇਹੀ ਕਾਰਨ ਸੀ ਕਿ ਰਾਜਧਾਨੀ ਪਾਟਲੀਪੁੱਤਰ ਤੋਂ ਦੂਰ ਤਕਸ਼ਿਲਾ ਵਿੱਚ ਜਦੋਂ ਬਗ਼ਾਵਤ ਹੋਈ ਤਾਂ ਉਨ੍ਹਾਂ ਦੇ ਪਿਤਾ ਬਿੰਦੁਸਾਰ ਨੇ ਉਸ ਨੂੰ ਕੁਚਲਣ ਲਈ ਅਸ਼ੋਕ ਨੂੰ ਭੇਜਿਆ।

ਉਸ ਤੋਂ ਬਾਅਦ ਉਨ੍ਹਾਂ ਨੂੰ ਮੱਧ ਭਾਰਤ ਵਿੱਚ ਉਜੈਨ ਵਿੱਚ ਬਾਦਸ਼ਾਹ ਦੇ ਰਾਜ ਪ੍ਰਤੀਨਿਧੀ ਵਜੋਂ ਭੇਜਿਆ ਗਿਆ। ਉੱਥੇ ਵਿਦਿਸ਼ਾ ਵਿੱਚ ਇੱਕ ਸਥਾਨਕ ਵਪਾਰੀ ਦੀ ਸੁੰਦਰ ਧੀ ਮਹਾਦੇਵੀ ਸਾਕਿਆ ਕੁਮਾਰੀ ਨਾਲ ਉਨ੍ਹਾਂ ਨੂੰ ਪਿਆਰ ਹੋ ਗਿਆ।

ਰੋਮਿਲਾ ਥਾਪਰ ਆਪਣੀ ਕਿਤਾਬ 'ਅਸ਼ੋਕਾ ਐਂਡ ਦਿ ਡਿਕਲਾਈਨ ਆਫ਼ ਦਿ ਮੌਰਿਆਜ਼' ਵਿੱਚ ਲਿਖਦੀ ਹੈ, "ਦੀਪਾਵਾਮਸਾ ਵਿੱਚ ਇਸ ਵਿਆਹ ਦਾ ਕੋਈ ਜ਼ਿਕਰ ਨਹੀਂ ਹੈ, ਪਰ ਅਸ਼ੋਕ ਦੇ ਦੋ ਬੱਚੇ, ਮਹਿੰਦਾ ਅਤੇ ਸੰਘਮਿਤਾ ਪੈਦਾ ਹੋਏ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਬੁੱਧ ਧਰਮ ਦੇ ਪ੍ਰਚਾਰ ਲਈ ਸ਼੍ਰੀਲੰਕਾ ਭੇਜਿਆ ਗਿਆ ਸੀ।"

"ਜਦੋਂ ਅਸ਼ੋਕ ਸਮਰਾਟ ਬਣੇ ਤਾਂ ਮਹਾਦੇਵੀ ਨੇ ਪਾਟਲੀਪੁੱਤਰ ਜਾਣ ਦੀ ਬਜਾਇ ਵਿਦਿਸ਼ਾ ਵਿੱਚ ਰਹਿਣਾ ਪਸੰਦ ਕੀਤਾ। ਕਿਹਾ ਜਾਂਦਾ ਹੈ ਕਿ ਦੇਵੀ ਇੱਕ ਬੋਧੀ ਸੀ ਅਤੇ ਵਿਦਿਸ਼ਾ ਉਸ ਸਮੇਂ ਬੁੱਧ ਧਰਮ ਦਾ ਕੇਂਦਰ ਹੁੰਦਾ ਸੀ।"

"ਦੂਜਾ, ਉਹ ਇੱਕ ਵਪਾਰੀ ਦੀ ਧੀ ਸੀ ਅਤੇ ਉਨ੍ਹਾਂ ਦਾ ਸਮਾਜਿਕ ਰੁਤਬਾ ਸ਼ਾਹੀ ਪਰਿਵਾਰ ਦੇ ਲੋਕਾਂ ਦੇ ਪੱਧਰ 'ਤੇ ਨਹੀਂ ਸੀ।"

ਸਮਰਾਟ ਅਸ਼ੋਕ

ਤਸਵੀਰ ਸਰੋਤ, BBC/Getty

ਆਪਣੇ ਭਰਾਵਾਂ ਨੂੰ ਮਾਰ ਕੇ ਗੱਦੀ ʼਤੇ ਕਾਬਿਜ਼ ਹੋਏ

ਬਿੰਦੁਸਾਰ ਨੇ ਅਸ਼ੋਕ ਦੇ ਵੱਡੇ ਭਰਾ ਸੁਸੀਮਾ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਸੀ।

ਪਰ 274 ਈਸਾ ਪੂਰਵ ਵਿੱਚ, ਇੱਕ ਹੋਰ ਬਗ਼ਾਵਤ ਹੋ ਗਈ ਅਤੇ ਇਸ ਨਾਲ ਨਜਿੱਠਣ ਲਈ ਇਸ ਵਾਰ ਯੁਵਰਾਡ ਸੁਸੀਮਾ ਨੂੰ ਭੇਜਿਆ ਗਿਆ।

ਇਹ ਬਗ਼ਾਵਤ ਪਿਛਲੀ ਬਗ਼ਾਵਤ ਨਾਲੋਂ ਵਧੇਰੇ ਗੰਭੀਰ ਸੀ, ਇਸ ਲਈ ਰਾਜਕੁਮਾਰ ਸੁਸੀਮਾ ਨੂੰ ਲੰਬੇ ਸਮੇਂ ਲਈ ਤਕਸ਼ਸ਼ਿਲਾ ਵਿੱਚ ਹੀ ਰਹਿਣਾ ਪਿਆ।

ਇਸ ਦੌਰਾਨ ਰਾਜਾ ਬਿੰਦੁਸਾਰ ਗੰਭੀਰ ਤੌਰ ʼਤੇ ਬੀਮਾਰ ਹੋ ਗਏ।

ਉਨ੍ਹਾਂ ਨੇ ਸੁਸੀਮਾ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਅਤੇ ਅਸ਼ੋਕ ਨੂੰ ਉਨ੍ਹਾਂ ਦੀ ਥਾਂ ਤੇ ਤਕਸ਼ਸ਼ਿਲਾ ਜਾਣ ਦਾ ਆਦੇਸ਼ ਦਿੱਤਾ।

ਇਸ ਦੌਰਾਨ ਅਸ਼ੋਕ ਦੀ ਸਮਰਥਕ ਮੰਤਰੀ ਰਾਧਾਗੁਪਤ ਨੇ ਦਖ਼ਲ ਦੇ ਕੇ ਸ਼ਾਹੀ ਹੁਕਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਚਾਰਲਸ ਐਲਨ ਲਿਖਦੇ ਹਨ, "ਅਸ਼ੋਕ ਨੇ ਆਪਣੀ ਬਿਮਾਰੀ ਦਾ ਨਾਟਕ ਕੀਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਅਸਥਾਈ ਰਾਜਾ ਐਲਾਨਣ।"

ਇਹ ਸੁਣਦੇ ਹੀ ਬਿੰਦੁਸਾਰ ਨੂੰ ਮਿਰਗੀ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਜਦੋਂ ਸੁਸੀਮਾ ਪਾਟਲੀਪੁਤਰ ਵਾਪਸ ਆਏ ਤਾਂ ਉਨ੍ਹਾਂਨੇ ਦੇਖਿਆ ਕਿ ਉਨ੍ਹਾਂ ਦੇ ਛੋਟੇ ਭਰਾ ਅਸ਼ੋਕ ਨੇ ਪਾਟਲੀਪੁੱਤਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ ਅਤੇ ਇਸਦੇ ਮੁੱਖ ਦਰਵਾਜ਼ੇ ਦੀ ਪਹਿਰੇਦਾਰੀ ਯੂਨਾਨ ਤੋਂ ਲਿਆਂਦੇ ਕਿਰਾਏ ਦੇ ਸੈਨਿਕ ਕਰ ਰਹੇ ਹਨ।

ਚਾਰ ਸਾਲ ਸੱਤਾ ਲਈ ਹੋਏ ਸੰਘਰਸ਼ ਵਿੱਚ ਪਾਟਲੀਪੁਤਰ ਦੇ ਪੂਰਬੀ ਦੁਆਰ ʼਤੇ ਸੁਸੀਮਾ ਦਾ ਕਤਲ ਪਹਿਲਾ ਕਦਮ ਸੀ।

ਇਸ ਦੌਰਾਨ ਅਸ਼ੋਕ ਨੇ ਆਪਣੇ 99 ਹੋਰ ਮਤਰੇਏ ਭਰਾਵਾਂ ਨੂੰ ਵੀ ਮਾਰ ਦਿੱਤਾ, ਉਦੋਂ ਹੀ ਉਹ ਆਪਣੇ ਆਪ ਨੂੰ ਮਗਧ ਦਾ ਰਾਜਾ ਐਲਾਨਣ ਦੇ ਯੋਗ ਹੋਏ ਸਨ।

ਸੁਨੀਲ ਖਿਲਨਾਨੀ ਆਪਣੀ ਕਿਤਾਬ 'ਇਨਕਾਰਨੇਸ਼ੰਸ ਇੰਡੀਆ ਇਨ ਫਿਫਟੀ ਲਾਈਵਜ਼' ਵਿੱਚ ਲਿਖਦੇ ਹਨ, "ਮਾਰੇ ਗਏ ਭਰਾਵਾਂ ਦੀ ਗਿਣਤੀ ਅਸਲ ਵਿੱਚ ਛੇ ਸੀ।"

"ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੱਦੀ ਲਈ ਖੂਨੀ ਸੰਘਰਸ਼ ਕਈ ਸਾਲਾਂ ਤੱਕ ਚੱਲਿਆ। ਉਸ ਸਮੇਂ ਅਸ਼ੋਕ ਦੀ ਉਮਰ 34 ਸਾਲ ਸੀ।"

ਸਮਰਾਟ ਅਸ਼ੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸ਼ੋਕ ਮਧਰੇ ਕੱਦ ਵਾਲਾ ਮੋਟਾ ਵਿਅਕਤੀ ਸੀ

ਅਸ਼ੋਕ ਦੀਆਂ ਛੇ ਪਤਨੀਆਂ

ਉਨ੍ਹਾਂ ਨੇ ਤਾਜਪੋਸ਼ੀ ਦੀ ਖੁਸ਼ੀ ਇੱਕ ਹੋਰ ਰਾਜਕੁਮਾਰੀ ਨਾਲ ਵਿਆਹ ਕਰਵਾ ਕੇ ਮਨਾਈ।

ਅਸ਼ੋਕ ਦੇ ਹਰਮ ਵਿੱਚ ਕਈ ਔਰਤਾਂ ਸਨ ਪਰ ਉਨ੍ਹਾਂ ਵਿਚੋਂ ਬਹੁਤ ਸਾਰੀਆਂ ਉਨ੍ਹਾਂ ਨੂੰ ਆਕਰਸ਼ਕ ਨਹੀਂ ਸਮਝਦੀਆਂ ਸਨ। ਕਿਹਾ ਜਾਂਦਾ ਹੈ ਕਿ ਅਸ਼ੋਕ ਨੇ ਉਨ੍ਹਾਂ ਨੂੰ ਜ਼ਿੰਦਾ ਸੜਵਾ ਦਿੱਤਾ ਸੀ।

ਇਸੇ ਕਰਕੇ ਉਨ੍ਹਾਂ ਨੂੰ ‘ਕੰਡਾਸ਼ੋਕਾ’ ਵੀ ਕਿਹਾ ਜਾਂਦਾ ਸੀ। ਪਾਟਲੀਪੁੱਤਰ ਦੇ ਸਿੰਘਾਸਣ 'ਤੇ ਬੈਠਣ ਤੋਂ ਬਾਅਦ ਅਸ਼ੋਕ ਨੇ ਵਿਦਿਸ਼ਾ ਵਿੱਚ ਛੱਡੀ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਆਪਣੇ ਕੋਲ ਬੁਲਾ ਲਿਆ ਸੀ।

ਅਸ਼ੋਕ ਦੀਆਂ ਘੱਟੋ-ਘੱਟ ਛੇ ਪਤਨੀਆਂ ਸਨ। ਇਲਾਹਾਬਾਦ ਵਿੱਚ ਸਥਾਪਿਤ ਸ਼ਿਲਾਲੇਖ ਵਿੱਚ ਕਾਰੂਵਕੀ ਨੂੰ ਅਸ਼ੋਕ ਦੀ ਦੂਜੀ ਪਤਨੀ ਦੱਸਿਆ ਗਿਆ ਹੈ।

ਅਸ਼ੋਕ ਦੀ ਮੁੱਖ ਪਤਨੀ ਅਸਾਂਧੀਮਿੱਤਰਾ ਸੀ, ਜਿਨ੍ਹਾਂ ਦਾ ਅਸ਼ੋਕ ਦੇ ਸ਼ਾਸਨ ਦੇ 13ਵੇਂ ਸਾਲ ਵਿੱਚ ਮੌਤ ਹੋ ਗਈ ਸੀ।

ਅਸ਼ੋਕ 265 ਈਸਾ ਪੂਰਵ ਵਿੱਚ ਬੋਧੀ ਬਣ ਗਏ ਸਨ, ਹਾਲਾਂਕਿ ਉਨ੍ਹਾਂ ਨੇ ਖ਼ੁਦ ਮੰਨਿਆ ਕਿ ਪਹਿਲੇ ਡੇਢ ਸਾਲ ਵਿੱਚ ਇਸ ਧਰਮ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ।

ਉਨ੍ਹਾਂ ਦੇ ਬੋਧੀ ਬਣਨ ਦੇ ਦੋ ਸਾਲਾਂ ਦੇ ਅੰਦਰ, ਉਨ੍ਹਾਂ ਦੇ ਬੱਚੇ ਮਹਿੰਦਾ ਅਤੇ ਸੰਘਾਮਿਤਰਾ ਵੀ ਬੋਧੀ ਭਿਕਸ਼ੂ ਅਤੇ ਸਾਧਵੀ ਬਣ ਗਏ।

ਸਮਰਾਟ ਅਸ਼ੋਕ

ਤਸਵੀਰ ਸਰੋਤ, ALLEN LANE

ਤਸਵੀਰ ਕੈਪਸ਼ਨ, ਅਸ਼ੋਕ ਨੇ ਜੰਗ ਨੂੰ ਨਸ਼ਲਕੁਸ਼ੀ ਹੀ ਸਮਝਿਆ

ਕਲਿੰਗ ਦੀ ਖ਼ੂਨੀ ਜੰਗ

ਅਸ਼ੋਕ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਅੰਗਰੇਜ਼ਾਂ ਤੋਂ ਪਹਿਲਾਂ ਭਾਰਤ ਦੇ ਸਭ ਤੋਂ ਵੱਡੇ ਖੇਤਰ 'ਤੇ ਰਾਜ ਕੀਤਾ ਸੀ।

ਜਿਸ ਸਮੇਂ ਅਸ਼ੋਕ ਨੇ ਗੱਦੀ 'ਤੇ ਬਿਰਾਜਮਾਨ ਹੋਏ, ਉਸ ਸਮੇਂ ਰੋਮ ਅਤੇ ਕਾਰਥੇਜ ਵਿਚਕਾਰ ਪਹਿਲਾ ਪਿਉਨਿਕ ਯੁੱਧ ਹੋ ਰਿਹਾ ਸੀ। ਪਰਸ਼ੀਆ ਵਿੱਚ ਇੱਕ ਖੂਨੀ ਸੰਘਰਸ਼ ਚੱਲ ਰਿਹਾ ਸੀ ਅਤੇ ਚੀਨੀ ਸਮਰਾਟ ਆਪਣੀ ਮਹਾਨ ਕੰਧ ਬਣਾ ਰਿਹਾ ਸੀ।

ਅਸ਼ੋਕ ਨੇ 362 ਈਸਵੀ ਪੂਰਵ ਵਿੱਚ ਕਲਿੰਗਾ ਵਿਰੁੱਧ ਲੜਾਈ ਲੜੀ ਸੀ।

ਇਸ ਲੜਾਈ ਵਿੱਚ ਇੱਕ ਲੱਖ ਲੋਕ ਮਾਰੇ ਗਏ ਸਨ ਅਤੇ ਜੰਗ ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ ਵੀ ਇੰਨੇ ਹੀ ਲੋਕ ਮਾਰੇ ਗਏ ਸਨ।

ਡੇਢ ਲੱਖ ਤੋਂ ਵੱਧ ਲੋਕਾਂ ਨੂੰ ਜਾਂ ਤਾਂ ਕੈਦ ਕਰ ਦਿੱਤਾ ਗਿਆ ਜਾਂ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ।

ਪੈਟਰਿਕ ਓਲੀਵੇਲ ਆਪਣੀ ਹਾਲ ਹੀ ਵਿੱਚ ਪ੍ਰਕਾਸ਼ਿਤ ਪੁਸਤਕ ‘ਅਸ਼ੋਕਾ ਪੋਰਟਰੇਟ ਆਫ ਏ ਫਿਲਾਸਫਰ ਕਿੰਗ’ ਵਿੱਚ ਲਿਖਦੇ ਹਨ, “ਸੁਮਿਤ ਗੁਹਾ ਨੇ ਕਲਿੰਗਾ ਦੀ ਉਸ ਸਮੇਂ ਦੀ ਆਬਾਦੀ 9 ਲੱਖ 75 ਹਜ਼ਾਰ ਦੱਸਦੇ ਹਨ।"

"ਜੇਕਰ ਆਬਾਦੀ ਨੂੰ 10 ਲੱਖ ਵੀ ਮੰਨ ਲਿਆ ਜਾਵੇ ਤਾਂ ਮਰਨ ਵਾਲਿਆਂ ਦੀ ਗਿਣਤੀ ਕੁੱਲ ਆਬਾਦੀ ਦਾ 20 ਫੀਸਦ ਸੀ ਅਤੇ ਜੇ ਅਸੀਂ ਕੈਦੀਆਂ ਦੀ ਗਿਣਤੀ ਨੂੰ ਵੀ ਸ਼ਾਮਲ ਕਰੀਏ, ਤਾਂ ਕੁੱਲ ਆਬਾਦੀ ਦੇ 35 ਫੀਸਦ ਲੋਕ ਇਸ ਯੁੱਧ ਨਾਲ ਪ੍ਰਭਾਵਿਤ ਹੋਇਆ ਸੀ, ਇਸ ਨਜ਼ਰੀਏ ਨਾਲ ਜੰਗ ਨੂੰ ਜੇਕਰ ਨਸਲਕੁਸ਼ੀ ਕਿਹਾ ਜਾਵੇ ਤਾਂ ਅਣਉਚਿਤ ਨਹੀਂ ਹੋਵੇਗਾ।"

ਗੌਤਮ ਬੁੱਧ ਦੇ ਪੈਰੋਕਾਰ ਬਣ ਗਏ

ਇਸ ਜਿੱਤ ਨੇ ਅਸ਼ੋਕ ਦੇ ਸਾਮਰਾਜ ਨੂੰ ਬੰਗਾਲ ਦੀ ਖਾੜੀ ਤੱਕ ਵਧਾ ਦਿੱਤਾ ਅਤੇ ਉਹ ਅਗਲੇ 37 ਸਾਲਾਂ ਤੱਕ ਇਸ ਉੱਤੇ ਹਾਵੀ ਰਿਹਾ। ਪਰ ਇਹ ਜਿੱਤ ਇੰਨੀ ਖੂਨੀ ਸੀ ਕਿ ਇਸ ਨੇ ਅਸ਼ੋਕ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ।

ਉਨ੍ਹਾਂ ਨੇ ਜਨਤਕ ਤੌਰ 'ਤੇ ਆਪਣਾ ਅਫਸੋਸ ਪ੍ਰਗਟ ਕੀਤਾ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ। ਅਸ਼ੋਕ ਨੇ ਗੌਤਮ ਬੁੱਧ ਦੇ ਵਿਚਾਰਾਂ ਨੂੰ ਅਪਣਾਇਆ ਜੋ ਭਾਰਤ ਵਿੱਚ ਅਜੇ ਨਵਾਂ-ਨਵਾਂ ਸੀ।

ਅਸ਼ੋਕ ਦੇ ਰਾਜ ਦੌਰਾਨ ਭਾਰਤੀ ਸਮਾਜ ਵਿੱਚ ਵਿਭਿੰਨਤਾ ਮੌਜੂਦ ਸੀ। ਇਹ ਇੰਨੀ ਪਹਿਲਾਂ ਕਦੇ ਨਹੀਂ ਸੀ। ਵਿਭਿੰਨਤਾ ਨਾਲ ਭਰੇ ਸਮਾਜ ਨੂੰ ਇਕੱਠੇ ਜੋੜ ਕੇ ਰੱਖਣ ਲਈ ਇੱਕ ਅਜਿਹੀ ਵਿਸ਼ਵ ਦ੍ਰਿਸ਼ਟੀ ਚਾਹੀਦੀ ਸੀ ਜੋ ਲੋੜੀਂਦੀ ਲਚੀਲੀ ਹੋਵੇ।

ਚਾਰਲਸ ਐਲਨ ਲਿਖਦੇ ਹਨ, "ਕਲਿੰਗਾ ਯੁੱਧ ਨੇ ਅਸ਼ੋਕ ਨੂੰ ਇੱਕ ਨਾਮਾਤਰ ਬੋਧੀ ਤੋਂ ਇੱਕ ਧਾਰਮਿਕ ਬੋਧੀ ਵਿੱਚ ਬਦਲ ਦਿੱਤਾ। ਉਸ ਸਮੇਂ ਤੋਂ, ਸਮਰਾਟ ਅਸ਼ੋਕ ਨੇ ਬੁੱਧ ਦੀਆਂ ਸਿੱਖਿਆਵਾਂ ਦੇ ਅਨੁਸਾਰ ਨੈਤਿਕ ਕਦਰਾਂ-ਕੀਮਤਾਂ ਦੇ ਆਲੇ ਦੁਆਲੇ ਆਪਣਾ ਸ਼ਾਸਨ ਢਾਲਿਆ।"

"ਇੱਕ ਚੰਗੇ ਸ਼ਾਸਕ ਹੋਣ ਦੇ ਨਾਤੇ, ਅਸ਼ੋਕ ਨੇ ਆਪਣੇ-ਆਪ ਨੂੰ ਆਪਣੀ ਜਨਤਾ ਲਈ ਉਪਲਬਧ ਕਰਾਇਆ। ਪਰ ਸਿਰਫ਼ ਕੁਝ ਚੋਣਵੇਂ ਲੋਕ ਹੀ ਉਨ੍ਹਾਂ ਦੇ ਬੋਲੇ ਗਏ ਸ਼ਬਦ ਸੁਣ ਸਕਦੇ ਸਨ।"

"ਅਸ਼ੋਕ ਚਾਹੁੰਦੇ ਸਨ ਕਿ ਸਾਰਾ ਸੰਸਾਰ ਉਨ੍ਹਾਂ ਨੂੰ ਸੁਣੇ। ਇਸ ਲਈ ਉਨ੍ਹਾਂ ਨੇ ਉਹਨਾਂ ਨੂੰ ਲਿਖਤੀ ਭਾਸ਼ਾ ਵਿੱਚ ਪ੍ਰਗਟ ਕਰਨ ਦੀ ਪਹਿਲ ਕੀਤੀ ਤਾਂ ਜੋ ਉਹ ਸਦਾ ਲਈ ਜਿਉਂਦੇ ਰਹਿ ਸਕਣ।"

ਚਿਤਰਸ਼ੈਲੀ

ਤਸਵੀਰ ਸਰੋਤ, HARPER COLLINS

ਤਸਵੀਰ ਕੈਪਸ਼ਨ, ਅਸ਼ੋਕ ਨੇ 'ਧੰਮ' ਦੀ ਧਾਰਨਾ ਨੂੰ ਗ੍ਰਹਿਣ ਕੀਤਾ

ਲੋਕਾਂ ਦੀ ਬੋਲੀ ਵਿੱਚ ਸੁਨੇਹਾ

ਉਨ੍ਹਾਂ ਨੇ ਆਪਣੇ ਸੰਦੇਸ਼ਾਂ ਨੂੰ ਪ੍ਰਾਕ੍ਰਿਤ ਭਾਸ਼ਾ ਵਿੱਚ ਲਿਖਿਆ ਜੋ ਉਨ੍ਹਾਂ ਦੇ ਪੂਰੇ ਸਾਮਰਾਜ ਵਿੱਚ ਬੋਲੀ ਜਾਂਦੀ ਸੀ। ਸੁਨੀਲ ਖਿਲਨਾਨੀ ਲਿਖਦੇ ਹਨ, "ਅਸ਼ੋਕ ਦੀ ਸੰਚਾਰ ਸ਼ੈਲੀ ਮੌਰਿਆ ਸਮਰਾਟਾਂ ਵਿੱਚ ਵਿਲੱਖਣ ਸੀ।"

“ਸੱਤਵੇਂ ਸ਼ਿਲਾਲੇਖ ਵਿੱਚ ਅਸ਼ੋਕ ਨੇ ਲਿਖਵਾਇਆ ਸੀ ਕਿ ਜਿੱਥੇ ਕਿਤੇ ਵੀ ਪੱਥਰ ਦੇ ਥੰਮ੍ਹ ਜਾਂ ਪੱਥਰ ਦੇ ਖੰਡ ਹੋਣ, ਉਨ੍ਹਾਂ ਦੇ ਸ਼ਬਦ ਉੱਕਰੇ ਜਾਣ ਤਾਂ ਜੋ ਉਹ ਲੰਬੇ ਸਮੇਂ ਤੱਕ ਹੋਂਦ ਵਿੱਚ ਰਹਿਣ।"

"ਉਸ ਵੇਲੇ ਤੱਕ ਜਦੋਂ ਤੱਕ ਮੇਰੇ ਪੁੱਤ-ਪੋਤਰੇ ਰਾਜ ਕਰਨ, ਜਾਂ ਜਿੰਨਾ ਚਿਰ ਸੂਰਜ ਅਤੇ ਚੰਦ ਚਮਕਦੇ ਰਹਿਣਗੇ, ਉਦੋਂ ਤੱਕ ਲੋਕ ਇਹ ਸ਼ਬਦ ਪੜ੍ਹ ਸਕਦੇ ਹਨ। ਜ਼ਿਆਦਾਤਰ ਸ਼ਿਲਾਲੇਖਾਂ ਵਿੱਚ, ਅਸ਼ੋਕ ਦਾ ਜ਼ਿਕਰ ਕਿਸੇ ਹੋਰ ਵਿਅਕਤੀ ਜਾਂ 'ਉਹ' ਵਜੋਂ ਕੀਤਾ ਗਿਆ ਹੈ।"

"ਪਰ ਕੁਝ ਚੱਟਾਨਾਂ ਦੇ ਸ਼ਿਲਾਲੇਖਾਂ ਵਿੱਚ, ਪਹਿਲੇ ਵਿਅਕਤੀ ਯਾਨਿ 'ਮੈਂ' ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਸ ਕਾਰਨ ਸਾਨੂੰ ਇਹਨਾਂ ਚੱਟਾਨਾਂ ਦੇ ਸ਼ਿਲਾਲੇਖਾਂ ਵਿੱਚ ਵਿਅਕਤੀ ਦੀ ਸੰਵੇਦਨਸ਼ੀਲਤਾ ਦੀ ਇੱਕ ਪਲ ਦੀ ਝਲਕ ਮਿਲਦੀ ਹੈ।"

ਅਸ਼ੋਕ ਦੇ ਜ਼ਿਆਦਾਤਰ ਸ਼ਿਲਾਲਖ ਪ੍ਰਾਕ੍ਰਿਤ ਭਾਸ਼ਾ ਦੀ ਬ੍ਰਾਹਮੀ ਲਿਪੀ ਵਿੱਚ ਹਨ। ਕੁਝ ਸ਼ਿਲਾ ਲੇਖ ਗ੍ਰੀਕ ਅਤੇ ਅਰਮਾਇਕੀ ਲੀਪਿਆਂ ਵਿੱਚ ਵੀ ਮਿਲੇ ਹਨ।

ਇਤਿਹਾਸਕਾਰ ਰੋਮਿਲਾ ਥਾਪਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਤਿਹਾਸਕਾਰ ਰੋਮਿਲਾ ਥਾਪਰ ਨੇ ਸਮਰਾਟ ਅਸ਼ੋਕ ਦੇ ਜੀਵਨ 'ਤੇ ਕਿਤਾਬ ਲਿਖੀ ਹੈ

ਸਹਿਣਸ਼ੀਲਤਾ ਅਤੇ ਅਹਿੰਸਾ 'ਤੇ ਜ਼ੋਰ ਦਿੱਤਾ

ਅਸ਼ੋਕ ਨੇ 'ਧੰਮ' ਦੀ ਧਾਰਨਾ ਨੂੰ ਗ੍ਰਹਿਣ ਕੀਤਾ।

'ਧੰਮ' ਅਧਿਆਤਮਿਕ ਸ਼ੁੱਧਤਾ ਜਾਂ ਪਵਿੱਤਰ ਰੀਤੀ-ਰਿਵਾਜਾਂ 'ਤੇ ਆਧਾਰਿਤ ਨਹੀਂ ਸੀ, ਸਗੋਂ ਸੰਸਾਰਕ ਆਚਰਣ 'ਤੇ ਆਧਾਰਿਤ ਸੀ।

ਇਹ ਵਿਚਾਰ ਸਹਿਣਸ਼ੀਲਤਾ ਦੇ ਹੱਕ ਵਿੱਚ ਸੀ ਅਤੇ ਹਿੰਸਾ ਦੇ ਵਿਰੁੱਧ ਸੀ।

ਰੋਮਿਲਾ ਥਾਪਰ ਦਾ ਕਹਿਣਾ ਹੈ, "ਅਸ਼ੋਕ ਨੇ ਜਿਹੜੇ ਸਿਧਾਂਤਾ ਨੂੰ ਸਭ ਤੋਂ ਵੱਧ ਮਹੱਤ ਦਿੰਦੇ ਹਨ ਉਨ੍ਹਾਂ ਵਿੱਚ ਪਹਿਲਾ ਹੈ ਵਿਭਿੰਨ ਮਤਾ-ਮਤਾਂਤਰਾਂ ਦੀ ਸਹਿ-ਹੋਂਦ। ਉਨ੍ਹਾਂ ਦਾ ਮੰਨਣਾ ਸੀ ਸਭ ਨੂੰ ਮਿਲ ਜੁਲ ਕੇ ਸਹਿ-ਹੋਂਦ ਦੀ ਭਾਵਨਾ ਨਾਲ ਰਹਿਣਾ ਸਿੱਖਣਾ ਹੋਵੇਗਾ।"

"ਤੁਹਾਨੂੰ ਦੂਜੇ ਲੋਕਾਂ ਦੀਆਂ ਸੰਪਰਦਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਦੂਜਿਆਂ ਦੀਆਂ ਸੰਪਰਦਾਵਾਂ ਦਾ ਸਤਿਕਾਰ ਕਰਨ ਨਾਲ ਹੀ ਤੁਸੀਂ ਆਪਣੇ ਸੰਪਰਦਾ ਦਾ ਸਤਿਕਾਰ ਕਰਨ ਦੇ ਯੋਗ ਹੋਵੋਗੇ।"

"ਇਹ ਧੰਮ ਦਾ ਮੂਲ ਸਿਧਾਂਤ ਹੈ। ਮੈਨੂੰ ਇਹ ਦਿਲਚਸਪ ਲੱਗਦਾ ਹੈ ਕਿ ਇਸ ਉੱਤੇ ਕਿੰਨਾ ਜ਼ੋਰ ਦਿੱਤਾ ਗਿਆ ਹੈ। ਸ਼ਾਇਦ ਉਸ ਸਮੇਂ ਸੰਪਰਦਾਵਾਂ ਵਿਚਕਾਰ ਬਹੁਤ ਵੈਰ-ਵਿਰੋਧ ਰਿਹਾ ਹੋਵੇਗਾ।"

ਧੰਮ ਅਨੁਸਾਰ ਪਰਜਾ ਦੀ ਭਲਾਈ, ਉਨ੍ਹਾਂ ਦੀ ਸਿਹਤ ਅਤੇ ਖੁਸ਼ਹਾਲੀ ਬਾਰੇ ਸੋਚਣਾ ਅਤੇ ਇਸ ਦਿਸ਼ਾ ਵਿੱਚ ਕੰਮ ਕਰਨਾ ਹਾਕਮ ਦਾ ਫਰਜ਼ ਹੈ।

ਰਾਜਾ ਦਾ ਵੀ ਫਰਜ਼ ਹੈ ਕਿ ਸੜਕ ਕੰਢੇ ਬੋਹੜ ਜਾਂ ਅੰਬ ਦੇ ਰੁੱਖ ਲਗਾਉਣੇ ਅਤੇ ਯਾਤਰੀਆਂ ਲਈ ਭੋਜਨ ਅਤੇ ਆਰਾਮ ਦਾ ਪ੍ਰਬੰਧ ਕਰਨਾ।

ਅਸ਼ੋਕ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਚਾਰ 12ਵੇਂ ਸ਼ਿਲਾ ਲੈਖ ਵਿੱਚ ਹਨ। ਜਿਸ ਵਿਚ ਧਾਰਮਿਕ ਸਹਿਣਸ਼ੀਲਤਾ 'ਤੇ ਜ਼ੋਰ ਦਿੱਤਾ ਗਿਆ ਹੈ। ਅਸ਼ੋਕ ਇਸ ਨੂੰ ਵਾਕ ਸੰਜਮ ਕਹਿੰਦੇ ਹਨ।

ਸ਼ਿਲਾਲੇਖ ਵਿੱਚ ਲਿਖਿਆ ਹੈ, "ਜੋ ਕੋਈ ਵੀ ਆਪਣੇ ਧਰਮ ਦੀ ਬਹੁਤ ਸ਼ਰਧਾ ਭਾਵਨਾ ਨਾਲ ਉਸਤਤ ਕਰਦਾ ਹੈ ਅਤੇ ਦੂਜੇ ਧਰਮਾਂ ਦੀ ਨਿੰਦਾ ਕਰਦਾ ਹੈ, ਉਹ ਆਪਣੇ ਹੀ ਧਰਮ ਨੂੰ ਨੁਕਸਾਨ ਪਹੁੰਚਾਉਂਦਾ ਹੈ।"

"ਇਸ ਲਈ ਵੱਖ-ਵੱਖ ਧਰਮਾਂ ਵਿੱਚ ਮੇਲਜੋਲ ਹੋਣਾ ਚਾਹੀਦਾ ਹੈ। ਸਾਰਿਆਂ ਨੂੰ ਦੂਜਿਆਂ ਦੇ ਵਿਚਾਰਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ।"

ਕਿਤਾਬ 'ਦਿ ਗ੍ਰੇਟ ਤਾਂਗ ਡਾਇਨੇਸਟੀ ਰਿਕਾਰਡ ਆਫ ਦਿ ਵੈਸਟਰਨ ਰੀਜਨ'

ਤਸਵੀਰ ਸਰੋਤ, NUMATA CENTER FOR BUDDHIST TRANSLATION & RESEARCH

ਤਸਵੀਰ ਕੈਪਸ਼ਨ, ਕਿਤਾਬ 'ਦਿ ਗ੍ਰੇਟ ਤਾਂਗ ਡਾਇਨੇਸਟੀ ਰਿਕਾਰਡ ਆਫ ਦਿ ਵੈਸਟਰਨ ਰੀਜਨ'

ਅਸ਼ੋਕ ਦੀ ਮੌਤ

ਅਸ਼ੋਕ ਦੀ ਮੌਤ ਤੋਂ ਬਾਅਦ ਮੌਰਿਆ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ।

ਉਨ੍ਹਾਂ ਦੀ ਧਾਰਮਿਕ ਸ਼ਰਧਾ ਇੰਨੀ ਵਧ ਗਈ ਕਿ ਉਨ੍ਹਾਂ ਨੇ ਆਪਣਾ ਸਾਰਾ ਖ਼ਜ਼ਾਨਾ ਖਾਲ੍ਹੀ ਕਰ ਦਿੱਤਾ। ਬੋਧੀ ਕਹਾਣੀਆਂ ਦੇ ਅਨੁਸਾਰ, ਉਨ੍ਹਾਂ ਨੇ ਆਪਣਾ ਸਭ ਕੁਝ ਦਾਨ ਕਰ ਦਿੱਤਾ ਸੀ।

ਲੀ ਰੋਂਗਜ਼ੀ ਆਪਣੀ ਕਿਤਾਬ 'ਦਿ ਗ੍ਰੇਟ ਤਾਂਗ ਡਾਇਨੇਸਟੀ ਰਿਕਾਰਡ ਆਫ਼ ਦਿ ਵੈਸਟਰਨ ਰੀਜਨ' ਵਿੱਚ ਲਿਖਦੇ ਹਨ, "ਜਦੋਂ ਅਸ਼ੋਕ ਬੀਮਾਰ ਸੀ ਅਤੇ ਉਹ ਮੌਤ ਦੇ ਬਿਸਤਰੇ 'ਤੇ ਸੀ"

"ਉਹ ਜਾਣਦੇ ਸੀ ਕਿ ਉਹ ਹੁਣ ਨਹੀਂ ਬਚੇਣਗੇ। ਉਹ ਚੰਗੇ ਕਾਰਨਾਂ ਲਈ ਆਪਣੇ ਸਾਰੇ ਹੀਰੇ ਅਤੇ ਗਹਿਣੇ ਦਾਨ ਕਰਨਾ ਚਾਹੁੰਦਾ ਸੀ ਪਰ ਉਦੋਂ ਤੱਕ ਉਨ੍ਹਾਂ ਦੇ ਮੰਤਰੀ ਸੱਤਾ ʼਤੇ ਕਾਬਿਜ਼ ਹੋ ਗਏ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਕਰਨ ਦਿੱਤਾ ਜੋ ਉਹ ਚਾਹੁੰਦੇ ਸਨ।"

ਅਸ਼ੋਕ ਦੀ ਮੌਤ ਤੋਂ ਬਾਅਦ ਮੌਰਿਆ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ।

ਉਨ੍ਹਾਂ ਦੀ ਧਾਰਮਿਕ ਸ਼ਰਧਾ ਇੰਨੀ ਵਧ ਗਈ ਕਿ ਉਨ੍ਹਾਂ ਨੇ ਆਪਣਾ ਸਾਰਾ ਖ਼ਜ਼ਾਨਾ ਖਾਲ੍ਹੀ ਕਰ ਦਿੱਤਾ। ਬੋਧੀ ਕਹਾਣੀਆਂ ਦੇ ਅਨੁਸਾਰ, ਉਨ੍ਹਾਂ ਨੇ ਆਪਣਾ ਸਭ ਕੁਝ ਦਾਨ ਕਰ ਦਿੱਤਾ ਸੀ।

ਲੀ ਰੋਂਗਜ਼ੀ ਆਪਣੀ ਕਿਤਾਬ 'ਦਿ ਗ੍ਰੇਟ ਤਾਂਗ ਡਾਇਨੇਸਟੀ ਰਿਕਾਰਡ ਆਫ਼ ਦਿ ਵੈਸਟਰਨ ਰੀਜਨ' ਵਿੱਚ ਲਿਖਦੇ ਹਨ, "ਜਦੋਂ ਅਸ਼ੋਕ ਬੀਮਾਰ ਸੀ ਅਤੇ ਉਹ ਮੌਤ ਦੇ ਬਿਸਤਰੇ 'ਤੇ ਸੀ"

"ਉਹ ਜਾਣਦੇ ਸੀ ਕਿ ਉਹ ਹੁਣ ਨਹੀਂ ਬਚੇਣਗੇ। ਉਹ ਚੰਗੇ ਕਾਰਨਾਂ ਲਈ ਆਪਣੇ ਸਾਰੇ ਹੀਰੇ ਅਤੇ ਗਹਿਣੇ ਦਾਨ ਕਰਨਾ ਚਾਹੁੰਦਾ ਸੀ ਪਰ ਉਦੋਂ ਤੱਕ ਉਨ੍ਹਾਂ ਦੇ ਮੰਤਰੀ ਸੱਤਾ ʼਤੇ ਕਾਬਿਜ਼ ਹੋ ਗਏ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਕਰਨ ਦਿੱਤਾ ਜੋ ਉਹ ਚਾਹੁੰਦੇ ਸਨ।"

ਅਸ਼ੋਕ ਦੀ ਮੌਤ 232 ਈਸਾ ਪੂਰਵ ਵਿੱਚ ਹੋਈ ਸੀ।

ਸ਼ਿਲਾਲੇਖ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਿਹਦਰਥ ਮੌਰਿਆ ਵੰਸ਼ ਦਾ ਆਖ਼ਰੀ ਰਾਜਾ ਸੀ

ਮੌਰਿਆ ਵੰਸ਼ ਦਾ ਅੰਤ

ਬ੍ਰਿਹਦਰਥ ਮੌਰਿਆ ਵੰਸ਼ ਦਾ ਆਖ਼ਰੀ ਰਾਜਾ ਸੀ। 181-180 ਈਸਵੀ ਪੂਰਵ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਸੈਨਾਪਤੀ ਪੁਸ਼ਿਆਮਿਤਰ ਨੇ ਕਤਲ ਕਰ ਦਿੱਤਾ ਸੀ।

ਉਨ੍ਹਾਂ ਨੇ ਬਾਅਦ ਵਿੱਚ ਸ਼ੁੰਗਾ ਰਾਜਵੰਸ਼ ਦੀ ਸਥਾਪਨਾ ਕੀਤੀ। ਮੌਰਿਆ ਰਾਜਵੰਸ਼ ਕੁੱਲ 137 ਸਾਲ ਤੱਕ ਚੱਲਿਆ।

ਰੋਮਿਲਾ ਥਾਪਰ ਲਿਖਦੀ ਹੈ, "ਹੋਰ ਰਾਜਵੰਸ਼ਾਂ ਜਿਵੇਂ ਕਿ ਹਾਨ ਅਤੇ ਰੋਮਨ ਦੇ ਮੁਕਾਬਲੇ, ਮੌਰਿਆ ਰਾਜਵੰਸ਼ ਬਹੁਤ ਥੋੜ੍ਹੇ ਸਮੇਂ ਲਈ ਸੀ। ਇਸ ਦਾ ਉਭਾਰ ਚੰਦਰਗੁਪਤ ਮੌਰਿਆ ਦੀਆਂ ਜਿੱਤਾਂ ਦੇ ਨਾਲ ਸ਼ੁਰੂ ਹੋਇਆ ਸੀ।"

"ਉਸਦੇ ਪੋਤੇ ਅਸ਼ੋਕ ਦੇ ਰਾਜ ਦੌਰਾਨ ਆਪਣੇ ਸਿਖ਼ਰ 'ਤੇ ਪਹੁੰਚ ਗਿਆ ਸੀ, ਪਰ ਫਿਰ ਪਤਨ ਸ਼ੁਰੂ ਹੋ ਗਿਆ। ਅਸ਼ੋਕ ਦੇ ਪੁੱਤਰ ਅਤੇ ਪੋਤਰੇ ਆਪਣੇ ਦਾਦਾ-ਦਾਦੇ ਦੀ ਸਮਰੱਥਾ ਵਾਲੇ ਨਹੀਂ ਸਨ ਅਤੇ ਉਨ੍ਹਾਂ ਦਾ ਰਾਜ ਵੀ ਬਹੁਤ ਸਾਰੇ ਦਾਅਵੇਦਾਰਾਂ ਵਿੱਚ ਵੰਡਿਆ ਗਿਆ ਸੀ।"

ਉਸ ਕੋਲ ਆਪਣੇ ਪਿਤਾ ਅਤੇ ਦਾਦੇ ਵਾਂਗ ਲਿਖਣ ਦੀ ਯੋਗਤਾ ਨਹੀਂ ਸੀ। ਅਸ਼ੋਕ ਵਾਂਗ ਉਨ੍ਹਾਂ ਨੇ ਕੋਈ ਸ਼ਿਲਾਲੇਖ ਨਹੀਂ ਛੱਡਿਆ।

ਅਸ਼ੋਕਾ ਚੱਕਰ ਭਾਰਤੀ ਝੰਡੇ ਦੇ ਕੇਂਦਰ ਵਿੱਚ ਰੱਖਿਆ ਗਿਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸ਼ੋਕਾ ਚੱਕਰ ਭਾਰਤੀ ਝੰਡੇ ਦੇ ਕੇਂਦਰ ਵਿੱਚ ਰੱਖਿਆ ਗਿਆ ਸੀ

ਅਸ਼ੋਕ ਦੀ ਵਿਰਾਸਤ ਨੂੰ ਆਜ਼ਾਦ ਭਾਰਤ ਨੇ ਅਪਣਾਇਆ

ਉਨ੍ਹਾਂ ਦੀ ਮੌਤ ਤੋਂ ਬਾਅਦ ਮੌਰਿਆ ਸਾਮਰਾਜ ਦਾ ਪਤਨ ਹੋਣ ਲੱਗਾ।

ਆਖ਼ਰਕਾਰ ਅਸ਼ੋਕ ਨੂੰ ਭਾਰਤ ਵਾਸੀਆਂ ਨੇ ਇੱਕ ਤਰ੍ਹਾਂ ਨਾਲ ਭੁਲਾ ਹੀ ਦਿੱਤਾ। ਹੌਲੀ-ਹੌਲੀ ਪ੍ਰਾਕ੍ਰਿਤ ਭਾਸ਼ਾ ਅਤੇ ਬ੍ਰਾਹਮੀ ਲਿਪੀ ਦੀ ਵਰਤੋਂ ਖ਼ਤਮ ਹੋ ਗਈ ਅਤੇ ਲੋਕ ਸ਼ਿਲਾਲੇਖਾਂ 'ਤੇ ਲਿਖੇ ਸੰਦੇਸ਼ਾਂ ਨੂੰ ਪੜ੍ਹਨਾ ਭੁੱਲ ਗਏ।

ਕਿਸਮਤ ਦੀ ਖੇਡ ਦੇਖੋ ਅਸ਼ੋਕਾ ਨੂੰ 19ਵੀਂ ਸਦੀ ਵਿੱਚ ਬ੍ਰਿਟਿਸ਼ ਇਤਿਹਾਸਕਾਰ ਵਿਲੀਅਮ ਜੋਨਸ ਅਤੇ ਜੇਮਸ ਪ੍ਰਿੰਸੇਪ ਦੁਆਰਾ ਮੁੜ ਖੋਜਿਆ ਗਿਆ ਸੀ।

ਉਨ੍ਹਾਂ ਨੇ ਲੋਕਾਂ ਨੂੰ ਬ੍ਰਾਹਮੀ ਲਿਪੀ ਦੇ ਅਰਥ ਸਮਝਾਏ।

ਅਸ਼ੋਕਾ ਚਿੰਨ੍ਹ

ਤਸਵੀਰ ਸਰੋਤ, BBC/Getty

ਤਸਵੀਰ ਕੈਪਸ਼ਨ, ਭਾਰਤੀ ਲੋਕਾਂ ਲਈ ਅਸ਼ੋਕਾ ਅਜਿਹੀ ਪ੍ਰੇਰਨਾਦਾਇਕ ਸ਼ਖ਼ਸੀਅਤ ਸੀ

ਭਾਰਤ ਦੀ ਆਜ਼ਾਦੀ ਤੋਂ ਇੱਕ ਮਹੀਨਾ ਪਹਿਲਾਂ ਜੁਲਾਈ 1947 ਵਿੱਚ ਸੰਵਿਧਾਨ ਸਭਾ ਵਿੱਚ ਬੋਲਦੇ ਹੋਏ, ਜਵਾਹਰ ਲਾਲ ਨਹਿਰੂ ਨੇ ਭਾਰਤੀ ਤਿਰੰਗੇ ਦੇ ਕੇਂਦਰ ਵਿੱਚ ਅਸ਼ੋਕ ਦੇ ਚੱਕਰ ਨੂੰ ਰੱਖ ਕੇ, ਰਾਸ਼ਟਰੀ ਝੰਡੇ ਦੇ ਡਿਜ਼ਾਈਨ ਬਾਰੇ ਫ਼ੈਸਲਾ ਕਰਨ ਲਈ ਇੱਕ ਪ੍ਰਸਤਾਵ ਪੇਸ਼ ਕੀਤਾ।

ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਨਾ ਸਿਰਫ਼ ਇਸ ਝੰਡੇ ਨਾਲ ਅਸ਼ੋਕ ਦੇ ਇਸ ਪ੍ਰਤੀਕ ਹੀ ਨਹੀਂ ਬਲਿਕ ਉਨ੍ਹਾਂ ਨੂੰ ਵੀ ਜੋੜਿਆ ਹੈ ਜੋ ਭਾਰਤ ਹੀ ਨਹੀਂ ਵਿਸ਼ਵ ਇਤਿਹਾਸ ਦੀ ਮਹੱਤਵਪੂਰਨ ਹਸਤੀ ਸਨ।

ਭਾਰਤੀ ਲੋਕਾਂ ਲਈ ਅਸ਼ੋਕਾ ਅਜਿਹੀ ਪ੍ਰੇਰਨਾਦਾਇਕ ਸ਼ਖ਼ਸੀਅਤ ਸੀ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਸ਼ੋਕ ਨੂੰ ਘੱਟੋ-ਘੱਟ ਨਵੇਂ ਰਾਸ਼ਟਰ ਦੇ ਸਰਪ੍ਰਸਤ ਸੰਤ ਦਾ ਦਰਜਾ ਦਿੱਤਾ ਸੀ।

ਅਸ਼ੋਕ ਦੇ ਚਾਰ ਸ਼ੇਰਾਂ ਨੂੰ ਨਾ ਸਿਰਫ਼ ਭਾਰਤੀ ਡਾਕ ਟਿਕਟਾਂ 'ਤੇ ਦਰਸਾਇਆ ਗਿਆ ਹੈ, ਸਗੋਂ ਭਾਰਤ ਦਾ ਇਹ ਰਾਜ ਚਿੰਨ੍ਹ ਸਮੁੱਚੇ ਭਾਰਤੀ ਜੀਵਨ ਦਾ ਅਨਿੱਖੜਵਾਂ ਪ੍ਰਤੀਕ ਬਣ ਗਿਆ ਹੈ।

ਇਹ ਸ਼ਾਂਤੀਪੂਰਨ ਸਹਿ-ਹੋਂਦ ਦਾ ਪ੍ਰਤੀਕ ਵੀ ਹੈ। ਸਮਰਾਟ ਅਸ਼ੋਕ ਦਾ ਜਨਤਕ ਜੀਵਨ ਵਿੱਚ ਵੀ ਸੰਜਮ ਅਤੇ ਆਤਨਿਯੰਤਰਣ ਦਾ ਸੰਦੇਸ਼ ਅੱਜ ਭਾਰਤੀਆਂ ਲਈ ਇੱਕ ਚੇਤਾਵਨੀ ਵੀ ਹੈ ਅਤੇ ਪ੍ਰੇਰਨਾ ਵੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)