ਯੂਕਰੇਨ-ਰੂਸ ਜੰਗ: ਕੀ ਪੁਤਿਨ ਸੱਤਾ ਤੋਂ ਬਾਹਰ ਹੋ ਸਕਦੇ ਹਨ, ਇਹ ਹਨ ਯੂਕਰੇਨ-ਰੂਸ ਜੰਗ ਦੇ 5 ਸੰਭਾਵੀ ਨਤੀਜੇ

    • ਲੇਖਕ, ਜੇਮਸ ਲੈਂਡੇਲ
    • ਰੋਲ, ਕੂਟਨੀਤਿਕ ਪੱਤਰਕਾਰ

ਯੁੱਧ ਦੀ ਧੁੰਧ ਵਿੱਚ ਰਸਤਾ ਦੇਖਣਾ ਮੁਸ਼ਕਲ ਹੋ ਸਕਦਾ ਹੈ। ਜੰਗ ਦੇ ਮੈਦਾਨ ਤੋਂ ਆ ਰਹੀਆਂ ਖ਼ਬਰਾਂ ਅਤੇ ਬਿਆਨਬਾਜ਼ੀਆਂ, ਉੱਜੜੇ ਲੋਕਾਂ ਦੀਆਂ ਤਕਲੀਫ਼ਾਂ ਦਾ ਰੌਲਾ ਤੁਹਾਨੂੰ ਉਲਝਾਈ ਰੱਖਦਾ ਹੈ।

ਅਜਿਹੇ ਵਿੱਚ ਕੁਝ ਸਮਾਂ ਰੁਕ ਕੇ ਇਹ ਦੇਖਦੇ ਹਾਂ ਕਿ ਇਸ ਪੂਰੇ ਸੰਕਟ ਦੇ ਕੀ ਹੱਲ ਹੋ ਸਕਦੇ ਹਨ, ਜਿਨ੍ਹਾਂ ਉੱਪਰ ਕਿ ਸਿਆਸਤਦਾਨ ਤੇ ਫ਼ੌਜੀ ਵਿਸ਼ਲੇਸ਼ਕ ਵਿਚਾਰ ਕਰ ਰਹੇ ਹਨ?

ਇਨ੍ਹਾਂ ਵਿੱਚੋਂ ਕੁਝ ਹੱਲ ਜ਼ਿਆਦਾ ਵਿਹਾਰਕ ਲਗਦੇ ਹਨ ਤਾਂ ਕੁਝ ਦੀਆਂ ਸੰਭਾਵਾਨਾਵਾਂ ਬਹੁਤ ਮੱਧਮ ਜਾਪਦੀਆਂ ਹਨ।

ਪਹਿਲੀ ਸੰਭਾਵਨਾ- ਜੰਗ ਛੇਤੀ ਖ਼ਤਮ ਹੋ ਸਕਦੀ ਹੈ

ਇਸ ਸੰਭਾਵਨਾ ਮੁਤਾਬਕ ਰੂਸ ਆਪਣੇ ਹੱਲੇ ਤੇਜ਼ ਕਰ ਸਕਦਾ ਹੈ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਕੀਵ ਦਾ ਅਸਮਾਨ ਚਾਰੇ ਪਾਸਿਆਂ ਤੋਂ ਰੂਸੀ ਬੰਬਾਂ ਨਾਲ ਫਟ ਸਕਦਾ ਹੈ। ਰਾਜਧਾਨੀ ਦੀ ਊਰਜਾ ਅਤੇ ਸੰਚਾਰ ਦੇ ਮਾਧਿਅਮਾਂ ਨੂੰ ਕੱਟਿਆ ਜਾ ਸਕਦਾ ਹੈ। ਹਜ਼ਾਰਾਂ ਲੋਕ ਕਾਲ ਦੀ ਬੁਰਕੀ ਬਣ ਸਕਦੇ ਹਨ।

ਅਜਿਹੀ ਸੂਰਤ ਵਿੱਚ ਬੇਤਹਾਸ਼ਾ ਹੌਂਸਲਾ ਤੇ ਬਹਾਦਰੀ ਦਿਖਾਉਣ ਦੇ ਬਾਵਜੂਦ ਯੂਕਰੇਨ ਦਿਨਾਂ ਵਿੱਚ ਹੀ ਰੂਸ ਦੀ ਈਣ ਮੰਨਣ ਲਈ ਮਜਬੂਰ ਹੋ ਸਕਦਾ ਹੈ। ਇਸ ਤੋਂ ਬਾਅਦ ਰੂਸ ਉੱਥੇ ਕਿਸੇ ਕਠਪੁਤਲੀ ਸਰਕਾਰ ਨੂੰ ਗੱਦੀ ਨਸ਼ੀਨ ਕਰ ਦੇਵੇਗਾ।

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦਾ ਜਾਂ ਤਾਂ ਕਤਲ ਕਰ ਦਿੱਤਾ ਜਾ ਸਕਦਾ ਹੈ ਜਾਂ ਹੋ ਸਕਦਾ ਹੈ ਉਹ ਪੱਛਮੀ ਯੂਕਰੇਨ ਵਿੱਚ ਚਲੇ ਜਾਣ। ਇੱਕ ਹੋਰ ਸੰਭਾਵਨਾ ਹੈ ਕਿ ਉਹ ਦੇਸ ਤੋਂ ਭੱਜ ਕੇ ਜਲਾਵਤਨੀ ਵਿੱਚ ਸਰਕਾਰ ਦਾ ਐਲਾਨ ਕਰ ਦੇਣ।

ਰੂਸ ਦੇ ਰਾਸ਼ਟਰਪਤੀ ਪੁਤਿਨ ਆਪਣੀ ਕੁਝ ਫ਼ੌਜ ਵਾਪਸ ਸੱਦ ਲੈਣਗੇ ਤੇ ਕੁਝ ਫੌਜ ਨੂੰ ਇੰਤਜ਼ਾਮ ਸੰਭਾਲਣ ਲਈ ਉੱਥੇ ਹੀ ਛੱਡ ਸਕਦੇ ਹਨ।

ਇਹ ਵੀ ਪੜ੍ਹੋ:

ਯੂਕਰੇਨ ਦੇ ਲੋਕਾਂ ਦਾ ਪਰਵਾਸ ਜਾਰੀ ਰਹੇਗਾ। ਯੂਕਰੇਨ ਬੇਲਾਰੂਸ ਵਾਂਗ ਰੂਸ ਦਾ ਸਹਿਯੋਗੀ ਦੇਸ ਬਣ ਸਕਦਾ ਹੈ।

ਹਾਲਾਂਕਿ ਇਸ ਸਭ ਕੁਝ ਹਾਲਾਤ ਉੱਪਰ ਨਿਰਭਰ ਕਰੇਗਾ ਪਰ ਕਠਪੁਤਲੀ ਸਰਕਾਰ ਨੂੰ ਉਮੀਦ ਹੈ ਕਿ ਟਿਕਾਊ ਨਹੀਂ ਹੋਵੇਗੀ ਅਤੇ ਬਗਾਵਤ ਦੀ ਸੰਭਾਵਨਾ ਕਾਇਮ ਰਹੇਗੀ।

ਦੂਜੀ ਸੰਭਾਵਨਾ- ਜੰਗ ਲੰਬੀ ਚੱਲ ਸਕਦੀ ਹੈ

ਇਸ ਦੀ ਸੰਭਾਵਨਾ ਜ਼ਿਆਦਾ ਹੈ। ਰੂਸੀ ਫ਼ੌਜ ਉੱਥੇ ਫਸ ਸਕਦੀ ਹੈ। ਫ਼ੌਜੀਆਂ ਦਾ ਹੌਂਸਲਾ ਟੁੱਟ ਸਕਦਾ ਹੈ। ਸਪਲਾਈ ਲਾਈਨ ਟੁੱਟ ਸਕਦੀ ਹੈ।

ਕੀਵ ਵਰਗੇ ਸ਼ਹਿਰਾਂ ਉੱਪਰ ਕਬਜ਼ਾ ਕਰਨ ਨੂੰ ਦੇਰ ਲੱਗ ਸਕਦੀ ਹੈ ਕਿਉਂਕਿ ਇੱਥੇ ਲੜਾਈ ਸ਼ਹਿਰ ਦੇ ਅੰਦਰ ਹੋਣ ਦੀ ਸੰਭਾਵਨਾ ਹੈ।

ਸਾਲ 1990 ਵਿੱਚ ਵੀ ਰੂਸ ਨੂੰ ਚੇਚਨੀਆ ਦੀ ਰਾਜਧਾਨੀ ਗ੍ਰੋਜ਼ਨੀ ਉੱਪਰ ਕਬਜ਼ਾ ਕਰਨ ਸਮੇਂ ਵੀ ਬਹੁਤ ਸੰਘਰਸ਼ ਕਰਨਾ ਪਿਆ ਸੀ।

ਰੂਸ ਨੂੰ ਅਧਿਕਾਰ ਹੇਠ ਲਏ ਸ਼ਹਿਰਾਂ ਤੇ ਪਕੜ ਕਾਇਮ ਰੱਖਣ ਲਈ ਜੂਝਣਾ ਪੈ ਸਕਦਾ ਹੈ। ਸਮੇਂ ਦੇ ਨਾਲ ਯੂਕਰੇਨੀ ਫ਼ੌਜ ਵੀ ਸੰਗਠਿਤ ਹੋ ਕੇ ਹੋਰ ਤਕੜੀ ਟੱਕਰ ਦੇ ਸਕਦੀ ਹੈ।

ਪੱਛਮੀ ਦੇਸ ਯੂਕਰੇਨ ਨੂੰ ਹਥਿਆਰ ਦਿੰਦੇ ਰਹਿਣਗੇ। ਰੂਸ ਲਈ ਇੰਨੇ ਵੱਡੇ ਖੇਤਰ ਵਿੱਚ ਫ਼ੌਜ ਤਾਇਨਾਤ ਰੱਖਣੀ ਮੁਸ਼ਕਲ ਹੋ ਜਾਵੇਗੀ।

ਫਿਰ ਹੋ ਸਕਦਾ ਹੈ ਕਈ ਸਾਲ ਬਾਅਦ-ਜਿਵੇਂ ਅਫ਼ਗਾਨਿਸਤਾਨ ਵਿੱਚ ਹੋਇਆ। ਰੂਸ ਵਿੱਚ ਨਵੀਂ ਲੀਡਰਸ਼ਿਪ ਉੱਭਰੇ ਅਤੇ ਉਹ ਯੂਕਰੇਨ ਵਿੱਚੋਂ ਜਾਣ ਦਾ ਫ਼ੈਸਲਾ ਕਰੇ। ਅਫ਼ਗਾਨਿਸਤਾਨ ਵਿੱਚ ਸੋਵੀਅਤ ਸੰਘ 1979 ਤੋਂ 1989 ਤੱਕ ਬਾਗੀਆਂ ਨਾਲ ਲੜਦਾ ਰਿਹਾ ਆਖਰ ਉਸ ਨੂੰ ਦੇਸ ਤੋਂ ਜਾਣਾ ਪਿਆ।

ਤੀਜੀ ਸੰਭਾਵਨਾ- ਜੰਗ ਪੂਰੇ ਯੂਰਪ ਨੂੰ ਲਪੇਟੇ ਵਿੱਚ ਲੈ ਲਵੇ

ਰਾਸ਼ਟਰਪਤੀ ਪੁਤਿਨ ਸਾਬਕਾ ਸੋਵੀਅਤ ਸੰਘ ਦਾ ਹਿੱਸਾ ਰਹੇ ਮੁਲਕਾਂ ਉੱਪਰ ਕਬਜ਼ੇ ਲਈ ਚੜ੍ਹਾਈ ਕਰ ਸਕਦੇ ਹਨ। ਇਹ ਦੇਸ ਨਾਟੋ ਦੇ ਮੈਂਬਰ ਨਹੀਂ ਹਨ। ਇਹ ਅਨੁਮਾਨ ਗਲਤ ਸਾਬਤ ਵੀ ਹੋ ਸਕਦਾ ਹੈ।

ਪੁਤਿਨ ਪੱਛਮੀ ਦੇਸਾਂ ਵੱਲੋਂ ਯੂਕਰੇਨ ਨੂੰ ਹਥਿਆਰ ਦਿੱਤੇ ਜਾਣ ਨੂੰ ਭੜਕਾਊ ਕਾਰਵਾਈ ਕਰਾਰ ਦੇਕੇ ਨਾਟੋ ਦੇਸਾਂ ਉੱਪਰ ਹਮਲੇ ਦੀ ਧਮਕੀ ਦੇ ਸਕਦੇ ਹਨ।

ਇਹ ਬਹੁਤ ਭਿਆਨਕ ਹੋ ਸਕਦਾ ਹੈ। ਨਾਟੋ ਬਨਾਮ ਰੂਸ ਜੰਗ ਛਿੜਨ ਦਾ ਖਤਰਾ ਰਹੇਗਾ।

ਹਾਲਾਂਕਿ ਜੇ ਪੁਤਿਨ ਨੂੰ ਲੱਗਿਆ ਕਿ ਰੂਸ ਵਿੱਚ ਆਪਣੀ ਗੱਦੀ ਬਚਾਅ ਕੇ ਰੱਖਣ ਦਾ ਇਹੀ ਇੱਕ ਮਾਤਰ ਤਰੀਕਾ ਹੈ ਤਾਂ ਉਹ ਇਹ ਕਦਮ ਚੁੱਕ ਸਕਦੇ ਹਨ।

ਇਹੀ ਗੱਲ ਪਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਹੈ। ਪੁਤਿਨ ਲੰਬੇ ਸਮੇਂ ਤੋਂ ਚੱਲੇ ਆ ਰਹੇ ਕੌਮਾਂਤਰੀ ਨਿਯਮਾਂ ਨੂੰ ਤੋੜਨਾ/ਬਦਲਣਾ ਚਾਹੁੰਦੇ ਹਨ। ਫਿਰ ਵੀ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਬਹੁਤ ਥੋੜ੍ਹੀ ਹੈ।

ਜ਼ਿਕਰਯੋਗ ਹੈ ਕਿ ਪੁਤਿਨ ਆਪਣੀ ਪਰਮਾਣੂ ਤਾਕਤ ਨੂੰ ਚੌਕਸ ਕਰ ਚੁੱਕੇ ਹਨ।

ਹਾਲਾਂਕਿ ਜ਼ਿਆਦਾਤਰ ਜੰਗੀ ਵਿਸ਼ਲੇਸ਼ਕਾਂ ਨੂੰ ਇਨ੍ਹਾਂ ਹਥਿਆਰਾਂ ਦੀ ਵਰਤੋਂ ਬਾਰੇ ਸੰਦੇਹ ਹਨ ਪਰ ਇਸ ਦੇ ਨਾਲ ਹੀ ਧਿਆਨਯੋਗ ਹੈ ਕਿ ਰੂਸੀ ਸਿਧਾਂਤ ਯੁੱਧ ਦੇ ਮੈਦਾਨ ਵਿੱਚ ਪਰਮਾਣੂ ਹਥਿਆਰਾਂ ਦੀ ਰਣਨੀਤਿਕ ਵਰਤੋਂ ਦੀ ਆਗਿਆ ਦਿੰਦੇ ਹਨ।

ਚੌਥੀ ਸੰਭਾਵਨਾ- ਕੂਟਨੀਤਿਕ ਹੱਲ

ਮੌਜੂਦਾ ਸਥਿਤੀਆਂ ਦੇ ਬਾਵਜੂਦ ਹੋ ਸਕਦਾ ਹੈ ਕਿ ਮਾਮਲੇ ਦਾ ਕੋਈ ਕੂਟਨੀਤਿਕ ਹੱਲ ਨਿਕਲ ਆਵੇ?

ਗੱਲਬਾਤ ਚੱਲ ਰਹੀ ਹੈ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਪੁਤਿਨ ਨਾਲ ਟੈਲੀਫ਼ੋਨ ਉੱਪਰ ਗੱਲਬਾਤ ਕੀਤੀ ਹੈ। ਕੂਟਨੀਤਿਕਾਂ ਦਾ ਕਹਿਣਾ ਹੈ ਕਿ ਤਜਵੀਜ਼ਾਂ ਰੂਸ ਤੱਕ ਪਹੁੰਚਾਈਆਂ ਜਾ ਰਹੀਆਂ ਹਨ।

ਹੈਰਾਨੀਜਨਕ ਰੂਪ ਵਿੱਚ ਬੇਲਾਰੂਸ-ਯੂਕਰੇਨ ਸਰਹੱਦ ਉੱਪਰ ਯੂਕਰੇਨ ਤੇ ਰੂਸੀ ਅਧਿਕਾਰੀਆਂ ਦੀ ਗੱਲਬਾਤ ਵੀ ਹੋਈ ਹੈ।

ਇਸ ਤੋਂ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਗੱਲਬਾਤ ਲਈ ਤਿਆਰ ਹੋ ਕੇ ਪੁਤਿਨ ਨੇ ਜੰਗਬੰਦੀਆਂ ਦੀਆਂ ਸੰਭਾਵਨਾਵਾਂ ਨੂੰ ਮੰਨਿਆ ਜ਼ਰੂਰ ਹੈ।

ਅਹਿਮ ਸਵਾਲ ਇਹ ਹੈ ਕਿ ਕੀ ਪੱਛਮ ਦੇ ਕੂਟਨੀਤੀਵਾਨ ਇੱਕ ਆਫ਼ ਰੈਂਪ ਦੀ ਤਜਵੀਜ਼ ਪੇਸ਼ ਕਰਨਗੇ। ਮਤਲਬ ਕਿ ਕੋਈ ਅਜਿਹਾ ਰਾਹ ਜਿਸ ਨਾਲ ਸਾਰੀਆਂ ਧਿਰਾਂ ਜੰਗ ਦੇ ਰਾਹ ਤੋਂ ਹਟ ਜਾਣ।

ਕੂਟਨੀਤਿਕਾਂ ਦਾ ਕਹਿਣਾ ਹੈ ਕਿ ਇਹ ਅਹਿਮ ਹੈ ਕਿ ਪੁਤਿਨ ਜਾਣਦੇ ਹਨ ਕਿ ਪਾਬੰਦੀਆਂ ਹਟਾਉਣ ਦੇ ਲਈ ਕੀ ਕਰਨਾ ਪਵੇਗਾ। ਇਸ ਲਈ ਆਪਣਾ ਮੂੰਹ ਬਚਾਉਣ ਲਈ ਉਨ੍ਹਾਂ ਵੱਲੋਂ ਇੱਕ ਸਮਝੌਤਾ ਹੋ ਸਕਦਾ ਹੈ।

ਹਾਲਾਂਕਿ ਜੇ ਇਹ ਜੰਗ ਰੂਸ ਲਈ ਬਹੁਤ ਬੁਰੇ ਨਤੀਜੇ ਲੈ ਕੇ ਆਇਆ ਤਾਂ ਕੀ ਹੋਵੇਗਾ?

ਜਿਵੇਂ-ਜਿਵੇਂ ਜੰਗ ਦੇ ਮੈਦਾਨ ਵਿੱਚ ਫ਼ੌਜੀਆਂ ਦੀਆਂ ਲਾਸ਼ਾਂ ਰੂਸ ਪਹੁੰਚਣਗੀਆਂ ਅਸੰਤੋਸ਼ ਵਧੇਗਾ।

ਅਜਿਹੀ ਸੂਰਤ ਵਿੱਚ ਜੰਗ ਨੂੰ ਖਤਮ ਕਰਨ ਨਾਲੋਂ ਜਾਰੀ ਰੱਖਣਾ ਉਨ੍ਹਾਂ ਲਈ ਵਧੇਰੇ ਮੁਸ਼ਕਲਾਂ ਵਾਲਾ ਹੋ ਸਕਦਾ ਹੈ।

ਚੀਨ ਵੀ ਦਖਲ ਅੰਦਾਜ਼ੀ ਕਰਕੇ ਰੂਸ ਨੂੰ ਜੰਗਬੰਦੀ ਲਈ ਸਹਿਮਤ ਕਰਾ ਸਕਦਾ ਹੈ। ਉਹ ਇਹ ਵੀ ਕਹਿ ਸਕਦਾ ਹੈ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਰੂਸ ਤੋਂ ਤੇਲ ਅਤੇ ਗੈਸ ਨਹੀਂ ਖ਼ਰੀਦੇਗਾ।

ਫਿਰ ਨਿਸ਼ਚਿਤ ਹੀ ਪੁਤਿਨ ਨੂੰ ਨਵਾਂ ਰਾਹ ਤਲਾਸ਼ਣਾ ਪਵੇਗਾ।

ਇਸੇ ਦੌਰਾਨ ਹੋ ਸਕਦਾ ਹੈ ਕਿ ਯੂਕਰੇਨ ਸਰਕਾਰ ਇਹ ਸੋਚੇ ਕਿ ਅਨਮੋਲ ਮਨੁੱਖੀ ਜ਼ਿੰਦਗੀਆਂ ਗੁਆਉਣ ਨਾਲੋਂ ਸਮਝੌਤਾ ਬਿਹਤਰ ਹੈ। ਇਸ ਸੂਰਤ ਵਿੱਚ ਵੀ ਕੂਟਨੀਤਿਕ ਸਮਝੌਤਾ ਸੰਭਵ ਹੈ।

ਦੂਜੇ ਪਾਸੇ ਮੰਨ ਲਓ ਕਿ ਯੂਕਰੇਨ, ਕ੍ਰੀਮੀਆ ਅਤੇ ਡੋਨਬਾਸ ਦੇ ਕੁਝ ਹਿੱਸਿਆਂ ਉੱਪਰ ਰੂਸੀ ਕਬਜ਼ੇ ਨੂੰ ਸਵੀਕਾਰ ਕਰ ਲਵੇ।

ਬਦਲੇ ਵਿੱਚ ਪੁਤਿਨ ਉਸਦੇ ਯੂਰਪ ਦੇ ਨਾਲ ਰਿਸ਼ਤਿਆਂ ਨੂੰ ਮੰਨਣਾ ਮਨਜ਼ੂਰ ਕਰ ਸਕਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹਾਲਾਂਕਿ ਇਸ ਦੀ ਸੰਭਾਵਨਾ ਥੋੜ੍ਹੀ ਹੈ ਪਰ ਅਸੰਭਵ ਵੀ ਨਹੀਂ ਹੈ।

ਪੰਜਵੀਂ ਸੰਭਾਵਨਾ- ਪੁਤਿਨ ਦੀ ਸੱਤਾ ਤੋਂ ਬੇਦਖਲੀ

ਫਿਰ ਪੁਤਿਨ ਦਾ ਕੀ ਹੋਵੇਗਾ? ਹਮਲੇ ਦੇ ਐਲਾਨ ਦੌਰਾਨ ਉਨ੍ਹਾਂ ਨੇ ਕਿਹਾ ਸੀ,''ਅਸੀਂ ਕਿਸੇ ਵੀ ਸਿੱਟੇ ਲਈ ਤਿਆਰ ਹਾਂ।''

ਹਾਲਾਂਕਿ ਜੇ ਇਹ ਨਤੀਜਾ ਉਨ੍ਹਾਂ ਨੂੰ ਰੂਸ ਦੀ ਸੱਤਾ ਤੋਂ ਬਾਹਰ ਵੱਲ ਲਿਜਾਂਦਾ ਹੋਇਆ, ਫਿਰ? ਹੁਣ ਇਹ ਸੋਚ ਤੋਂ ਪਰ੍ਹੇ ਲੱਗ ਸਕਦਾ ਹੈ ਪਰ ਜਿਸ ਗਤੀ ਨਾਲ ਦੁਨੀਆਂ ਬਦਲ ਰਹੀ ਹੈ, ਕੁਝ ਵੀ ਹੋ ਸਕਦਾ ਹੈ।

ਕਿੰਗਸ ਕਾਲਜ ਲੰਡਨ ਵਿੱਚ ਵਾਰ ਸਟਡੀਜ਼ ਦੇ ਪ੍ਰੋਫ਼ੈਸਰ ਅਮੀਰਾਤ ਲਾਰੈਂਸ ਫਰੀਡਮੈਨ ਨੇ ਇਸੇ ਹਫ਼ਤੇ ਲਿਖਿਆ ਸੀ, ''ਅਜਿਹਾ ਲਗਦਾ ਹੈ ਕਿ ਕੀਵ ਦੇ ਨਾਲ ਮਾਸਕੋ ਵਿੱਚ ਵੀ ਸਰਕਾਰ ਬਦਲੇਗੀ।''

ਉਹ ਅਜਿਹਾ ਕਿਸ ਅਧਾਰ 'ਤੇ ਕਹਿ ਰਹੇ ਹਨ? ਸ਼ਾਇਦ ਪੁਤਿਨ ਨੇ ਇੱਕ ਵਿਨਾਸ਼ਕਾਰੀ ਰਸਤਾ ਚੁਣਿਆ ਹੈ। ਹਜ਼ਾਰਾਂ ਰੂਸੀ ਫ਼ੌਜੀ ਮਰਦੇ ਹਨ। ਆਰਥਿਕ ਪਾਬੰਦੀਆਂ ਝੱਲਣੀਆਂ ਪੈਂਦੀਆਂ ਹਨ। ਪੁਤਿਨ ਦੇ ਹਮਾਇਤੀਆਂ ਦੀ ਸੰਖਿਆ ਵਿੱਚ ਕਮੀ ਆਉਂਦੀ ਹੈ। ਸੰਭਵ ਹੈ ਬਗਾਵਤ ਦਾ ਖ਼ਤਰਾ ਹੋਵੇ।

ਉਹ ਵਿਰੋਧ ਦਬਾਉਣ ਲਈ ਰੂਸ ਵਿੱਚ ਅੰਦਰੂਨੀ ਸੁਰੱਖਿਆ ਦੀ ਵਰਤੋਂ ਕਰ ਸਕਦੇ ਹਨ। ਫਿਰ ਵੀ ਹੋ ਸਕਦਾ ਹੈ ਕਿ ਹਾਲਾਤ ਠੀਕ ਹੋਣ ਦੀ ਥਾਵੇਂ ਵਿਗੜ ਜਾਣ।

ਪੱਛਮ ਪਹਿਲਾਂ ਹੀ ਸਾਫ਼ ਕਰ ਚੁੱਕਿਆ ਹੈ ਕਿ ਜੇ ਪੁਤਿਨ ਤੋਂ ਇਲਾਵਾ ਕੋਈ ਹੋਰ ਉਦਾਰਵਾਦੀ ਆਗੂ ਰੂਸ ਦੀ ਸੱਤਾ ਵਿੱਚ ਆਉਂਦਾ ਹੈ ਤਾਂ ਉਹ ਪਾਬੰਦੀਆਂ ਹਟਾਉਣ ਬਾਰੇ ਵਿਚਾਰ ਕਰ ਸਕਦੇ ਹਨ।

ਅਜਿਹੀ ਸੂਰਤ ਵਿੱਚ ਤਖਤਾਪਲਟ ਦੀ ਸੰਭਾਵਨਾ ਹੋ ਸਕਦੀ ਹੈ। ਜਦੋਂ ਲੋਕਾਂ ਨੂੰ ਲੱਗਣ ਲੱਗੇ ਕਿ ਪੁਤਿਨ ਉਨ੍ਹਾਂ ਦੀ ਤਰਜਮਾਨੀ ਨਹੀ ਕਰ ਰਹੇ ਹਨ ਅਤੇ ਨਾਹੀ ਉਨ੍ਹਾਂ ਦੇ ਭਲੇ-ਬੁਰੇ ਬਾਰੇ ਸੋਚ ਰਹੇ ਹਨ।

ਸਿੱਟੇ ਵਜੋਂ ਕਹਿ ਸਕਦੇ ਹਾਂ ਕਿ...

ਉਪਰਲੇ ਸਾਰੇ ਸੰਭਾਵੀ ਹੱਲ ਅਨੋਖੇ ਕਤਈ ਨਹੀਂ ਹਨ। ਇਨ੍ਹਾਂ ਨੂੰ ਜੋੜ ਕੇ ਸੰਭਾਵਨਾਵਾਂ ਦੇ ਬਿਲਕੁਲ ਵੱਖਰੇ-ਵੱਖਰੇ ਸਮੀਕਰਨ ਬਣਾਏ ਜਾ ਸਕਦੇ ਹਨ।

ਹਾਲਾਂਕਿ ਇਸ ਲੜਾਈ ਦੌਰਾਨ ਹਾਲਾਤ ਬਦਲ ਗਏ ਹਨ ਦੁਨੀਆਂ ਪਹਿਲਾਂ ਵਰਗੀ ਨਹੀਂ ਹੋਣਗੀਆਂ।

ਰੂਸ ਦੇ ਬਾਕੀ ਦੇਸਾਂ ਨਾਲ ਸੰਬੰਧ ਵੱਖਰੇ ਹੋਣਗੇ। ਸੁਰੱਖਿਆ ਬਾਰੇ ਯੂਰਪ ਦਾ ਨਜ਼ਰੀਆ ਬਦਲ ਜਾਵੇਗਾ।

ਹੋ ਸਕਦਾ ਹੈ ਕਿ ਉਦਾਰਵਾਦੀ ਕੌਮਾਂਤਰੀ ਸ਼ਾਸਨ ਉੱਪਰ ਨਿਰਭਰ ਜ਼ਿਆਦਾਤਰ ਦੇਸਾਂ ਨੇ ਤੈਅ ਕਰ ਲਿਆ ਹੋਵੇ ਕਿ ਉਨ੍ਹਾਂ ਲਈ ਕਿਹੜਾ ਰਾਹ ਵਧੀਆ ਰਹੇਗਾ?

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)