US Election 2020: ਟਰੰਪ ਅਤੇ ਬਾਇਡਨ ਦੀ ਕਿਸਮਤ ਦੀ ਚਾਬੀ ਕਿੰਨਾਂ ਸੂਬਿਆਂ ਦੇ ਹੱਥਾਂ ਵਿੱਚ ਹੈ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਡੌਨਲਡ ਟਰੰਪ ਦੇ ਦੁਬਾਰਾ ਸੱਤਾ ਵਿੱਚ ਆਉਣ ਲਈ ਜਾਂ ਫਿਰ ਜੋਅ ਬਾਇਡਨ ਦੇ ਨਵੇਂ ਰਾਸ਼ਟਰਪਤੀ ਬਣਨ ਲਈ 538 ਵਿੱਚੋਂ 270 ਇਲੈਕਟੋਰਲ ਵੋਟਾਂ ਜਿੱਤਣ ਦੀ ਲੋੜ ਹੈ।

ਹਾਲੇ ਤੱਕ ਦੋਵੇਂ ਉਮੀਦਵਾਰ ਇਸ ਜਾਦੂਈ ਨੰਬਰ ਤੋਂ ਮੀਲਾਂ ਦੂਰ ਹਨ। ਬਾਇਡਨ ਨੂੰ 224 ਵੋਟਾਂ ਮਿਲੀਆਂ ਹਨ ਤੇ ਰਾਸ਼ਟਰਪਤੀ ਟਰੰਪ ਨੂੰ 213 ਵੋਟਾਂ ਮਿਲੀਆਂ ਹਨ।

ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਾਲ 2016 ਵਿੱਚ ਤਿੰਨ ਮਹੱਤਵਪੂਰਣ ਸੂਬਿਆਂ ਵਿਸਕਾਨਸਿਨ, ਮਿਸ਼ੀਗਨ ਅਤੇ ਪੈਨਸਿਲਵੇਨੀਆਂ ਵਿੱਚ ਸਿਰਫ਼ 70,000 ਵੋਟਾਂ ਨੇ ਟਰੰਪ ਨੂੰ ਜਿਤਾ ਦਿੱਤਾ ਸੀ।

ਇਹ ਵੀ ਪੜ੍ਹੋ

ਇਹ ਵੋਟ ਹਿਲੇਰੀ ਕਲਿੰਟਨ ਦੀਆਂ 30 ਲੱਖ ਆਮ ਵੋਟਾਂ 'ਤੇ ਭਾਰੀ ਪੈ ਗਏ ਸਨ।

ਅਮਰੀਕਾ ਵਿੱਚ 50 ਸੂਬੇ ਹਨ ਅਤੇ ਹਰ ਸੂਬੇ ਵਿੱਚ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਕਿੰਨੀ ਹੋਵੇਗੀ ਉਥੋਂ ਦੀ ਆਬਾਦੀ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹਰ ਸੂਬੇ ਕੋਲ ਇਲੈਕਟੋਰਲ ਕਾਲਜ ਦੇ ਵੋਟਾਂ ਦੀ ਗਿਣਤੀ ਵੱਖ ਵੱਖ ਹੁੰਦੀ ਹੈ।

ਕਈ ਰਾਜਾਂ ਵਿੱਚ ਟਰੰਪ ਦੀ ਜਿੱਤ ਦੀਆਂ ਕਿਆਸਰਾਈਆਂ ਹਨ ਅਤੇ ਵੋਟਾਂ ਦੀ ਗਿਣਤੀ ਵਿੱਚ ਇੰਨਾਂ ਅੱਗੇ ਚਲ ਰਿਹਾ ਹੈ ਕਿ ਘੱਟ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ।

ਇੰਨਾਂ ਅੰਦਾਜ਼ਿਆਂ ਦੇ ਚਲਦਿਆਂ ਮੀਡੀਆਂ ਨੇ ਟਰੰਪ ਅਤੇ ਬਾਇਡਨ ਨੂੰ ਉਨਾਂ ਖੇਤਰਾਂ ਵਿੱਚੋਂ ਜੇਤੂ ਘੋਸ਼ਿਤ ਕਰ ਦਿੱਤਾ ਹੈ ਜਿੰਨਾਂ ਵਿੱਚ ਉਹ ਅੱਗੇ ਚੱਲ ਰਹੇ ਹਨ।

ਅਧਿਕਾਰਿਤ ਤੌਰ 'ਤੇ ਹਾਲੇ ਕਿਸੇ ਰਾਜ ਦੇ ਨਤੀਜੇ ਘੋਸ਼ਿਤ ਨਹੀਂ ਕੀਤੇ ਗਏ ਹਨ।

ਮੀਡੀਆ ਦੇ ਅਨੁਮਾਨਾਂ ਨੂੰ ਦੇਖੀਏ ਤਾਂ ਟਰੰਪ ਨੂੰ ਫ਼ਲੋਰੀਡਾ, ਓਹਿਉ, ਟੈਕਸਸ ਅਤੇ ਆਏਵਾ ਤੋਂ ਜੇਤੂ ਐਲਾਨਿਆ ਗਿਆ ਹੈ ਜਦੋਂ ਕਿ ਬਾਇਡਨ ਨੂੰ ਕੈਲੇਫ਼ੋਰਨੀਆਂ, ਵਾਸ਼ਿੰਗਟਨ, ਨਿਊਯਾਰਕ ਅਤੇ ਇਲੇਨੋਏ ਤੋਂ ਜੇਤੂ ਘੋਸ਼ਿਤ ਕੀਤਾ ਗਿਆ ਹੈ।

ਪਰ ਐਰੀਜੋਨਾ, ਪੈਨਸਿਲਵੇਨੀਆ, ਉੱਤਰੀ ਕੈਰੋਲੀਨਾ, ਵਿਸਕਾਨਸਿਨ ਅਤੇ ਜਾਰਜੀਆ ਵਿੱਚ ਫ਼ਸਵੀਂ ਟੱਕਰ ਹੈ। ਇੰਨਾਂ ਰਾਜਾਂ ਵਿੱਚ ਗਿਣਤੀ ਸੁਸਤ ਰਫ਼ਤਾਰ ਨਾਲ ਹੋ ਰਹੀ ਹੈ।

ਇੰਨਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਜਾਂ ਤਾਂ ਕੱਲ੍ਹ ਮੁਕੰਮਲ ਹੋਵੇਗੀ ਜਾਂ ਫ਼ਿਰ ਇਸ ਹਫ਼ਤੇ ਦੇ ਆਖ਼ੀਰ ਤੱਕ।

ਮਾਹਰ ਕਹਿੰਦੇ ਹਨ ਕਿ ਸ਼ਾਇਦ ਇਹ ਸੂਬੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਕਿਸਮਤ ਦਾ ਫ਼ੈਸਲਾ ਕਰਨ।

ਧਿਆਨ ਇਸ ਗੱਲ ਦਾ ਰੱਖਣਾ ਹੈ ਕਿ ਟਰੰਪ ਅਤੇ ਬਾਇਡਨ ਦੋਵਾਂ ਕੋਲ ਹੀ ਵਾਈਟ ਹਾਊਸ ਤੱਕ ਪਹੁੰਚਣ ਦੇ ਕਈ ਰਾਹ ਹਨ ਅਤੇ ਮਾਹਰ ਮੰਨਦੇ ਹਨ ਕਿ ਉਨ੍ਹਾਂ ਦੀ ਜਿੱਤ ਪੈਨਸਿਲਵੇਨੀਆ ਵਰਗੇ ਸੂਬਿਆਂ ਦੇ ਨਤੀਜਿਆਂ 'ਤੇ ਨਿਰਭਰ ਕਰਦੀ ਹੈ।

ਪੈਨਸਿਲਵੇਨੀਆ

ਇਲੈਕਟੋਰਲ ਕਾਲਜ ਵੋਟਾਂ - 29

ਪੈਨਸਿਲਵੇਨੀਆ ਵਿੱਚ 14 ਲੱਖ ਵੋਟਾਂ ਦੀ ਗਿਣਤੀ ਹੋਣੀ ਹਾਲੇ ਬਾਕੀ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਮੇਲ ਰਾਹੀਂ ਪਾਈਆਂ ਗਈਆਂ ਹਨ।

ਸੂਬੇ ਵਿੱਚ ਵੋਟਾਂ ਦੀ ਗਿਣਤੀ ਹੌਲੀ ਹੌਲੀ ਅੱਗੇ ਵੱਧ ਰਹੀ ਹੈ ਕਿਉਂਕਿ ਅਧਿਕਾਰੀ ਮਤ ਪੱਤਰਾਂ ਨੂੰ ਬਕਸਿਆਂ ਅਤੇ ਬੋਰੀਆਂ ਵਿੱਚੋਂ ਕੱਢ ਕੇ ਗਿਣਤੀ ਕਰ ਰਹੇ ਹਨ ਜਿਸ ਵਿੱਚ ਸਮਾਂ ਲੱਗ ਰਿਹਾ ਹੈ। ਕਈ ਇਲਾਕਿਆਂ ਦੀਆਂ ਵੋਟਾਂ ਦੀ ਗਿਣਤੀ ਬੁੱਧਵਾਰ ਸਵੇਰ ਤੱਕ ਰੋਕ ਦਿੱਤੀ ਗਈ ਹੈ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਐਰੀਜ਼ੋਨਾ

ਇਲੈਕਟੋਰਲ ਕਾਲਜ ਵੋਟਾਂ - 11

ਰੁਝਾਨਾਂ ਮੁਤਾਬਕ ਇਹ ਸੂਬਾ ਬਾਇਡਨ ਦੇ ਨਾਮ ਜਾਵੇਗਾ। ਐਰੀਜ਼ੋਨਾ ਵਿੱਚ 82 ਫ਼ੀਸਦ ਯਾਨੀ 26 ਲੱਖ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਪਰ ਗਿਣਤੀ ਬੁੱਧਵਾਰ ਸਵੇਰ ਨੂੰ ਮੁਕੰਮਲ ਹੋਵੇਗੀ।

ਇਸ ਰਾਜ ਵਿੱਚ ਬਾਇਡਨ ਨੂੰ 51.8 ਫ਼ੀਸਦ ਅਤੇ ਟਰੰਪ ਨੂੰ 46.8 ਫ਼ੀਸਦ ਵੋਟ ਮਿਲੇ ਹਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬਾਕੀ ਬਚੇ 18 ਫ਼ੀਸਦ ਵੋਟਾਂ ਵਿੱਚੋਂ ਬਾਇਡਨ ਦੇ ਹੱਕ ਵਿੱਚ ਭੁਗਤੀਆਂ ਵੋਟਾਂ ਦੀ ਗਿਣਤੀ ਜ਼ਿਆਦਾ ਹੋਵੇਗੀ।

ਮਿਸ਼ੀਗਨ

ਇਲੈਕਟੋਰਲ ਕਾਲਜ ਵੋਟਾਂ - 16

ਇਥੇ 87 ਫ਼ੀਸਦ ਵੋਟਾਂ ਯਾਨੀ 47 ਲੱਖ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਬਾਕੀ ਵੋਟਾਂ ਦੀ ਗਿਣਤੀ ਬੁੱਧਵਾਰ ਹੋਵੇਗੀ। ਰਾਸ਼ਟਰਪਤੀ ਟਰੰਪ ਇਸ ਸੂਬੇ ਵਿੱਚ ਅੱਗੇ ਚੱਲ ਰਹੇ ਹਨ।

ਇਥੇ ਟਰੰਪ ਨੂੰ 49.9 ਫ਼ੀਸਦ ਵੋਟ ਹਾਸਿਲ ਹੋਏ ਅਤੇ ਬਾਇਡਨ ਨੂੰ 48.5 ਫ਼ੀਸਦ ਵੋਟਾਂ ਮਿਲੀਆਂ ਹਨ। ਮੁਕਾਬਲਾ ਫ਼ਸਵਾਂ ਹੈ ਪਰ ਮਾਹਰਾਂ ਦਾ ਮੰਨਨਾ ਹੈ ਕਿ ਇਸ ਸੂਬੇ ਵਿੱਚ ਟਰੰਪ ਦੀ ਜਿੱਤ ਹੋਣੀ ਚਾਹੀਦੀ ਹੈ।

ਵਿਸਕਾਨਸਿਨ

ਇਲੈਕਟੋਰਲ ਕਾਲਜ ਵੋਟਾਂ - 10

ਇਥੇ 95 ਫ਼ੀਸਦ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਸਮਾਚਾਰ ਏਜੰਸੀਆਂ ਮੁਤਾਬਿਕ ਬਾਇਡਨ ਨੂੰ 49.3 ਫ਼ੀਸਦ ਵੋਟ ਮਿਲੇ ਹਨ ਤੇ ਟਰੰਪ ਨੂੰ 49.9 ਫ਼ੀਸਦ।

ਮਤਲਬ ਇਸ ਸੂਬੇ ਦਾ ਨਤੀਜਾ ਕਿਸੇ ਦੇ ਵੀ ਪੱਖ ਵਿੱਚ ਹੋ ਸਕਦਾ ਹੈ। ਇਸੇ ਲਈ ਇਸ ਸੂਬੇ ਦੇ 10 ਇਲੈਕਟੋਰਲ ਕਾਲਜ ਵੋਟਾਂ ਦੀ ਖ਼ਾਸ ਅਹਿਮੀਅਤ ਦੱਸੀ ਜਾਂਦੀ ਹੈ।

ਜਾਰਜੀਆ

ਇਲੈਕਟੋਰਲ ਕਾਲਜ ਵੋਟਾਂ - 16

ਇਸ ਸੂਬੇ ਦੀਆਂ 94 ਫ਼ੀਸਦ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਹੁਣ ਤੱਕ ਟਰੰਪ ਨੂੰ 50.5 ਫ਼ੀਸਦ ਵੋਟ ਮਿਲ ਚੁੱਕੇ ਹਨ ਜਦੋਂਕਿ ਜੋਅ ਬਾਇਡਨ ਨੂੰ 48.3 ਫ਼ੀਸਦ ਵੋਟ ਪ੍ਰਾਪਤ ਹੋਏ ਹਨ।

ਜਾਰਜੀਆ ਇੱਕ ਤਰੀਕੇ ਨਾਲ ਬਾਇਡਨ ਕਾਰਡ ਦੀ ਤਰ੍ਹਾਂ ਉੱਭਰ ਕੇ ਆਇਆ ਹੈ।

ਮੰਗਲਵਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਟਰੰਪ ਜਿੱਤ ਵੱਲ ਵੱਧ ਰਹੇ ਹਨ ਪਰ ਬਾਅਦ ਵਿੱਚ ਬਾਇਡਨ ਨੇ ਇਸ ਫ਼ਰਕ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ। ਟਰੰਪ ਹਾਲੇ ਵੀ ਅੱਗੇ ਹਨ ਪਰ ਹੁਣ ਮੁਕਾਬਲਾ ਦਿਲਚਸਪ ਹੋ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)