ਅਮਰੀਕੀ ਚੋਣਾਂ 2020 ਨਤੀਜੇ : ਰਾਸ਼ਟਰਪਤੀ ਚੋਣਾਂ ਕਿਵੇਂ ਹੁੰਦੀਆਂ ਹਨ, ਸੌਖੇ ਸ਼ਬਦਾਂ ਵਿੱਚ ਸਮਝੋ

ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਦਾ ਅਸਰ ਦੇਸ਼ ਅਤੇ ਵਿਦੇਸ਼ਾਂ ਦੋਹਾਂ ’ਚ ਹੁੰਦਾ ਹੈ। ਤਿੰਨ ਨਵੰਬਰ ਨੂੰ ਅਮਰੀਕਾ ’ਚ ਚੋਣਾਂ ਹੋਣ ਜਾ ਰਹੀਆਂ ਹਨ। ਜੋ ਵੀ ਨਤੀਜੇ ਆਉਣਗੇ, ਉਹ ਸਭ ਨੂੰ ਪ੍ਰਭਾਵਿਤ ਕਰਨਗੇ।

ਅਮਰੀਕਾ ਦੀ ਸਿਆਸਤ ’ਚ ਦੋ ਹੀ ਮੁੱਖ ਪਾਰਟੀਆਂ ਹਨ। ਰਿਪਬਲੀਕਨਜ਼ ਅਤੇ ਡੈਮੌਕ੍ਰੇਟਜ਼।

ਰਿਪਬਲਿਕਨਜ਼ ਅਮਰੀਕਾ ਦੀ ਕੰਜ਼ਰਵੇਟਿਵ ਪਾਰਟੀ ਹੈ ਅਤੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਹਨ।

ਡੈਮੌਕ੍ਰੇਟਜ਼ ਅਮਰੀਕਾ ਦੀ ਲਿਬਰਲ ਪਾਰਟੀ ਹੈ ਜਿਸ ਦੇ ਇਸ ਵਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਹਨ। 8 ਸਾਲ ਉਹ ਬਰਾਕ ਓਬਾਮਾ ਦੇ ਨਾਲ ਉਪ-ਰਾਸ਼ਟਰਪਤੀ ਵਜੋ ਸੇਵਾ ਨਿਭਾ ਚੁੱਕੇ ਹਨ।

ਇਹ ਵੀ ਪੜ੍ਹੋ

ਦੇਵੇਂ ਆਪਣੀ ਉਮਰ ਦੇ 70ਵੇਂ ਦਹਾਕੇ ’ਚ ਹਨ। ਟਰੰਪ 74 ਸਾਲ ਦੇ ਹਨ ਅਤੇ ਬਾਇਡਨ 78 ਸਾਲਾਂ ਦੇ ਹਨ।

ਚੋਣਾਂ ਦੇ ਨਤੀਜਿਆਂ ਵਿੱਚ ਇਹ ਵੀ ਸੰਭਵ ਹੈ ਕਿ ਜਿਸ ਨੂੰ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਦਿੱਤੀਆਂ, ਉਹ ਜੇਤੂ ਨਾ ਹੋਵੇ।

ਅਜਿਹਾ ਇਸ ਲਈ ਕਿਉਂਕਿ ਅਮਰੀਕਾ ਵਿੱਚ ਰਾਸ਼ਟਰਪਤੀ ਨੂੰ ਵੋਟਰ ਸਿੱਧਾ ਨਹੀਂ ਚੁਣਦੇ, ਸਗੋਂ ਇਹ ਇਲੈਕਟੋਰਲ ਕਾਲਜ ਰਾਹੀਂ ਤੈਅ ਕੀਤਾ ਜਾਂਦਾ ਹੈ।

ਤਾਂ ਫ਼ਿਰ ਅਮਰੀਕੀ ਵੋਟ ਕਿਸ ਨੂੰ ਪਾਉਂਦੇ ਹਨ?

ਜਦੋਂ ਅਮਰੀਕੀ ਵੋਟਰ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਂਦੇ ਹਨ ਤਾਂ ਉਹ ਅਸਲ ਵਿੱਚ ਅਧਿਕਾਰੀਆਂ ਦੇ ਇੱਕ ਸਮੂਹ ਨੂੰ ਆਪਣਾ ਵੋਟ ਦਿੰਦੇ ਹਨ, ਜੋ ਕਿ ਇਲੈਕਟੋਰਲ ਕਾਲਜ ਬਣਾਉਂਦੇ ਹਨ।

"ਕਾਲਜ" ਸ਼ਬਦ ਦਾ ਅਰਥ, ਅਜਿਹੇ ਲੋਕਾਂ ਦਾ ਸਮੂਹ ਹੈ ਜੋ ਇੱਕੋ ਜਿਹੇ ਕੰਮਾਂ ਨਾਲ ਜੁੜੇ ਹੋਣ। ਜਿਹੜੇ ਲੋਕ ਇਲੈਕਟਰਜ਼ ਹੁੰਦੇ ਹਨ ਉਨ੍ਹਾਂ ਦਾ ਕੰਮ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ ਚੁਣਨਾ ਹੁੰਦਾ ਹੈ।

ਇਲੈਕਟੋਰਲ ਕਾਲਜ ਦੀ ਬੈਠਕ ਹਰ ਚਾਰ ਸਾਲ 'ਚ ਚੋਣਾਂ ਤੋਂ ਕੁਝ ਹਫ਼ਤੇ ਬਾਅਦ ਹੁੰਦੀ ਹੈ ਤਾਂਕਿ ਇਸ ਕੰਮ ਨੂੰ ਅਮਲੀ ਰੂਪ ਦਿੱਤਾ ਜਾ ਸਕੇ।

ਇਲੈਕਟੋਰਲ ਕਾਲਜ ਕਿਸ ਤਰ੍ਹਾਂ ਕੰਮ ਕਰਦਾ ਹੈ?

ਹਰ ਸੂਬੇ ਵਿੱਚ ਇਲੈਕਟਰਜ਼ ਦੀ ਗਿਣਤੀ ਮੋਟੇ ਤੌਰ 'ਤੇ ਉਸ ਸੂਬੇ ਦੀ ਅਬਾਦੀ ਦੇ ਅਨੁਪਾਤ ਵਿੱਚ ਹੁੰਦੀ ਹੈ।

ਕੁੱਲ ਇਲੈਕਟਰਜ਼ ਦੀ ਗਿਣਤੀ 538 ਹੈ।

ਕੈਲੀਫੋਰਨੀਆ ਵਿੱਚ ਸਭ ਤੋਂ ਵੱਧ 55 ਇਲੈਕਟਰ ਹਨ ਜਦੋਂਕਿ ਵਿਓਮਿੰਗ, ਅਲਾਸਕਾ ਅਤੇ ਉੱਤਰੀ ਡੈਕੋਟਾ ਵਰਗੇ ਕੁਝ ਸੂਬਿਆਂ 'ਚ ਇਨ੍ਹਾਂ ਦੀ ਗਿਣਤੀ ਘੱਟ ਤੋਂ ਘੱਟ ਤਿੰਨ ਹੈ।

ਹਰ ਇਲੈਕਟਰ ਇੱਕ ਇਲੈਕਟੋਰਲ ਵੋਟ ਦੀ ਨੁਮਾਇੰਦਗੀ ਕਰਦਾ ਹੈ ਅਤੇ ਕਿਸੇ ਵੀ ਉਮੀਦਵਾਰ ਨੂੰ ਰਾਸ਼ਟਰਪਤੀ ਦਾ ਅਹੁਦਾ ਜਿੱਤਣ ਲਈ 270 ਜਾਂ ਉਸ ਤੋਂ ਵੱਧ ਵੋਟਾਂ ਦੀ ਲੋੜ ਹੁੰਦੀ ਹੈ।

ਆਮ ਤੌਰ 'ਤੇ ਸੂਬੇ ਆਪਣੇ ਸਾਰੇ ਇਲੈਕਟੋਰਲ ਕਾਲਜ ਵੋਟਾਂ ਉਸੇ ਨੂੰ ਦਿੰਦੇ ਹਨ ਜਿਸ ਨੂੰ ਸੂਬੇ ਵਿੱਚ ਆਮ ਵੋਟਰਾਂ ਨੇ ਜਿਤਾਇਆ ਹੁੰਦਾ ਹੈ।

ਮਿਸਾਲ ਦੇ ਤੌਰ 'ਤੇ, ਜੇਕਰ ਰਿਪਬਲੀਕਨ ਉਮੀਦਵਾਰ ਨੂੰ ਟੈਕਸਸ ਵਿੱਚ 50.1 ਫ਼ੀਸਦ ਵੋਟਾਂ ਨਾਲ ਜਿੱਤ ਹਾਸਿਲ ਹੋਈ ਹੈ ਤਾਂ ਉਸ ਨੂੰ ਸੂਬੇ ਦੇ ਸਾਰੇ 38 ਇਲੈਕਟੋਰਲ ਕਾਲਜ ਵੋਟ ਦੇ ਦਿੱਤੇ ਜਾਣਗੇ।

ਸਿਰਫ਼ ਦੋ ਸੂਬਿਆਂ (ਮਾਈਨ ਅਤੇ ਨੋਬ੍ਰਾਸਕਾ) ਅਜਿਹੇ ਹਨ ਜੋ ਕਿ ਆਪਣੇ ਇਲੈਕਟੋਰਲ ਕਾਲਜ ਨੂੰ ਆਪਣੇ ਵੋਟਰਾਂ ਵੱਲੋਂ ਹਰ ਉਮੀਦਵਾਰ ਨੂੰ ਦਿੱਤੇ ਵੋਟਾਂ ਦੇ ਹਿਸਾਬ ਨਾਲ ਵੰਡਦੇ ਹਨ।

ਇਸੇ ਕਰਕੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਖ਼ਾਸ 'ਸਵਿੰਗ ਸਟੇਟਸ' ਨੂੰ ਨਿਸ਼ਾਨਾ ਬਣਾਉਂਦੇ ਹਨ।

ਇਹ ਅਜਿਹੇ ਸੂਬੇ ਹਨ ਜਿੱਥੇ ਵੋਟ ਕਿਸੇ ਵੀ ਪਾਸੇ ਜਾ ਸਕਦੇ ਹਨ। ਇਸੇ ਕਰਕੇ ਉਮੀਦਵਾਰ ਦੇਸ ਭਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਹਾਸਿਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।

ਇਹ ਉਮੀਦਵਾਰ ਜਿੰਨੇ ਸੂਬਿਆਂ ਵਿੱਚ ਜਿੱਤਦੇ ਜਾਂਦੇ ਹਨ ਉਹ ਉਨ੍ਹਾਂ ਨੂੰ ਲੋੜੀਂਦੇ 270 ਇਲੈਕਟੋਰਲ ਕਾਲਜ ਵੋਟਾਂ ਦੇ ਨੇੜੇ ਲੈ ਜਾਂਦੇ ਹਨ।

ਕੀ ਅਜਿਹਾ ਹੋ ਸਕਦਾ ਹੈ, ਲੋਕਾਂ ਦੀਆਂ ਵੋਟਾਂ ਤਾਂ ਵੱਧ ਮਿਲੀਆਂ ਹੋਣ, ਫ਼ਿਰ ਵੀ ਤੁਸੀਂ ਰਾਸ਼ਟਰਪਤੀ ਨਾ ਬਣ ਸਕੋ?

ਹਾਂ, ਅਜਿਹਾ ਹੋ ਸਕਦਾ ਹੈ।

ਅਜਿਹਾ ਉਨ੍ਹਾਂ ਉਮੀਦਵਾਰਾਂ ਨਾਲ ਹੋ ਸਕਦਾ ਹੈ ਜੋ ਕਿ ਦੇਸ ਭਰ ਵਿੱਚ ਸਭ ਤੋਂ ਵੱਧ ਹਰਮਨ ਪਿਆਰੇ ਹੋਣ ਪਰ ਉਹ 270 ਇਲੈਕਟੋਰਲ ਵੋਟ ਹਾਸਿਲ ਕਰਨ ਲਈ ਲੋੜੀਂਦੇ ਸੂਬਿਆਂ ਵਿੱਚ ਨਾ ਜਿੱਤੇ ਹੋਣ।

ਅਸਲ ਵਿੱਚ ਪਿਛਲੀਆਂ ਪੰਜ ਚੋਣਾਂ ਵਿੱਚੋਂ ਦੋ ਵਿੱਚ ਅਜਿਹੇ ਉਮੀਦਵਾਰ ਜਿੱਤੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਦੇ ਮੁਕਾਬਲੇ ਆਮ ਲੋਕਾਂ ਦੀਆਂ ਘੱਟ ਵੋਟਾਂ ਮਿਲੀਆਂ ਸਨ।

2016 ਵਿੱਚ ਡੌਨਲਡ ਟਰੰਪ ਨੂੰ ਹਿਲੇਰੀ ਕਲਿੰਟਨ ਦੇ ਮੁਕਾਬਲੇ ਤਕਰਕੀਬਨ 30 ਲੱਖ ਘੱਟ ਵੋਟਾਂ ਮਿਲੀਆਂ ਸਨ ਪਰ ਉਹ ਰਾਸ਼ਟਰਪਤੀ ਬਣ ਗਏ, ਕਿਉਂਕਿ ਇਲੈਕੋਟਰਲ ਕਾਲਜ ਨੇ ਉਨ੍ਹਾਂ ਨੂੰ ਬਹੁਮਤ ਦੇ ਦਿੱਤਾ ਸੀ।

2000 ਵਿੱਚ ਜੌਰਜ ਡਬਲਯੂ ਬੁਸ਼ ਨੇ 271 ਇਲੈਕੋਰਲ ਵੋਟ ਜਿੱਤੇ ਸੀ। ਹਾਲਾਂਕਿ, ਡੈਮੋਕਰੈਟਿਕ ਉਮੀਦਵਾਰ ਅਲ ਗੌਰ ਨੂੰ ਆਮ ਲੋਕਾਂ ਤੋਂ ਪੰਜ ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ।

ਸਿਰਫ਼ ਤਿੰਨ ਅਜਿਹੇ ਰਾਸ਼ਟਰਪਤੀ ਹੋਏ ਹਨ ਜੋ ਕਿ ਆਮ ਲੋਕਾਂ ਦੀਆਂ ਜ਼ਿਆਦਾ ਵੋਟਾਂ ਨਾ ਹਾਸਿਲ ਕਰਨ ਦੇ ਬਾਵਜੂਦ ਜੇਤੂ ਰਹੇ।

ਇਹ ਸਾਰੇ 19ਵੀਂ ਸਦੀ ਵਿੱਚ ਹੋਏ ਸਨ। ਇਹ ਜੌਨ ਕਵਿੰਸੀ ਐਡਮਸ, ਰਦਰਫੋਰਡ ਬੀ ਹਾਯੇਸ ਅਤੇ ਬੈਂਜਾਮਿਨ ਹੈਰੀਸਨ ਸਨ।

ਅਜਿਹਾ ਸਿਸਟਮ ਕਿਉਂ ਬਣਾਇਆ ਗਿਆ ਸੀ?

ਜਦੋਂ 1787 ਵਿੱਚ ਅਮਰੀਕੀ ਸੰਵਿਧਾਨ ਤਿਆਰ ਹੋ ਰਿਹਾ ਸੀ ਉਦੋਂ ਆਮ ਲੋਕਾਂ ਦੁਆਰਾ ਚੁਣੇ ਗਏ ਵਿਅਕਤੀ ਨੂੰ ਰਾਸ਼ਟਰਪਤੀ ਬਣਾਉਣਾ ਅਮਲੀ ਰੂਪ ਵਿੱਚ ਅਸੰਭਵ ਸੀ। ਅਜਿਹਾ ਦੇਸ ਦੇ ਅਕਾਰ ਅਤੇ ਸੰਚਾਰ ਦੀ ਮੁਸ਼ਕਿਲ ਕਾਰਨ ਸੀ।

ਨਾਲ ਹੀ ਵਾਸ਼ਿੰਗਟਨ ਡੀਸੀ ਵਿੱਚ ਸੰਸਦ ਮੈਂਬਰਾਂ ਨੂੰ ਰਾਸ਼ਟਰਪਤੀ ਨੂੰ ਚੁਣਨ ਦੀ ਇਜਾਜ਼ਤ ਦੇਣ ਨੂੰ ਲੈ ਕੇ ਉਤਸ਼ਾਹ ਨਾ ਦੇ ਬਰਾਬਰ ਸੀ।

ਅਜਿਹੇ ਵਿੱਚ ਸੰਵਿਧਾਨ ਬਣਾਉਣ ਵਾਲਿਆਂ ਨੇ ਇਲੈਕਟੋਰਲ ਕਾਲਜ ਦੀ ਵਿਵਸਥਾ ਕਰ ਦਿੱਤੀ। ਇਸ ਵਿੱਚ ਹਰ ਸੂਬਾ ਇਲੈਕਟਰ ਚੁਣਦਾ ਹੈ।

ਛੋਟੇ ਸੂਬੇ ਇਸ ਪ੍ਰਬੰਧ ਦੇ ਪੱਖ ਵਿੱਚ ਸਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਰਾਸ਼ਟਰਪਤੀ ਤੈਅ ਕਰਨ ਵਿੱਚ ਕੌਮੀ ਪਾਪੂਲਰ ਵੋਟ ਦੇ ਮੁਕਾਬਲੇ ਆਪਣੀ ਅਵਾਜ਼ ਵੱਧ ਦਮਦਾਰ ਤਰੀਕੇ ਨਾਲ ਰੱਖਣ ਦਾ ਮੌਕਾ ਮਿਲਿਆ।

ਇਲੈਕਟੋਰਲ ਕਾਲਜ ਨੂੰ ਦੱਖਣੀ ਸੂਬਿਆਂ ਨੇ ਵੀ ਪਸੰਦ ਕੀਤਾ ਸੀ। ਇਨ੍ਹਾਂ ਥਾਵਾਂ 'ਤੇ ਅਬਾਦੀ ਵਿੱਚ ਦਾਸਾਂ ਦੀ ਗਿਣਤੀ ਵੱਧ ਸੀ।

ਭਾਵੇਂ ਕਿ ਪਹਿਲਾਂ ਦਾਸ ਵੋਟ ਨਹੀਂ ਪਾਉਂਦੇ ਸਨ ਪਰ ਉਨ੍ਹਾਂ ਨੂੰ ਅਮਰੀਕੀ ਮਰਦਮਸ਼ੁਮਾਰੀ ਵਿੱਚ ਗਿਣਿਆ ਜਾਂਦਾ ਸੀ। ਹਾਲਾਂਕਿ ਇੰਨ੍ਹਾਂ ਦੀ ਗਿਣਤੀ ਇੱਕ ਵਿਅਕਤੀ ਦੇ ਤਿੰਨ ਬਟਾ ਪੰਜਵੇਂ ਵਿਅਕਤੀ ਦੇ ਤੌਰ 'ਤੇ ਹੁੰਦੀ ਸੀ।

ਇਲੈਕਟੋਰਲ ਵੋਟਾਂ ਦੀ ਗਿਣਤੀ ਸੂਬੇ ਦੀ ਅਬਾਦੀ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਸੀ। ਅਜਿਹੇ ਵਿੱਚ ਦੱਖਣੀ ਸੂਬਿਆਂ ਦਾ ਰਾਸ਼ਟਰਪਤੀ ਚੁਣਨ ਵਿੱਚ ਵੱਧ ਦਖ਼ਲ ਹੁੰਦਾ ਸੀ। ਜੇ ਆਮ ਲੋਕ ਸਿੱਧੇ ਤੌਰ 'ਤੇ ਰਾਸ਼ਟਰਪਤੀ ਦੀ ਚੋਣ ਕਰਦੇ ਤਾਂ ਅਜਿਹਾ ਨਹੀਂ ਸੀ ਹੋ ਸਕਦਾ ਸੀ।

ਕੀ ਇਲੈਕਟਰਜ਼ ਨੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਵੋਟ ਪਾਉਣੀ ਹੁੰਦੀ ਹੈ?

ਕਈ ਸੂਬਿਆਂ ਵਿੱਚ ਇਲੈਕਟਰਜ਼ ਆਪਣੀ ਪਸੰਦ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਆਪਣਾ ਵੋਟ ਦੇ ਸਕਦੇ ਹਨ। ਪਰ ਅਸਲੀਅਤ ਇਹ ਹੈ ਕਿ ਇਲੈਕਟਰਜ਼ ਤਕਰੀਬਨ ਹਮੇਸ਼ਾ ਹੀ ਉਸ ਉਮੀਦਵਾਰ ਨੂੰ ਵੋਟ ਦਿੰਦੇ ਹਨ ਜਿਸ ਨੂੰ ਸੂਬੇ ਵਿੱਚ ਸਭ ਤੋਂ ਵੱਧ ਵੋਟਾਂ ਮਿਲੀਆਂ ਹੋਣ।

ਜੇਕਰ ਕੋਈ ਇਲੈਕਟਰ ਉਸ ਸੂਬੇ ਦੇ ਰਾਸ਼ਟਰਪਤੀ ਅਹੁਦੇ ਲਈ ਪਸੰਦ ਉਮੀਦਵਾਰ ਦੇ ਵਿਰੁੱਧ ਵੋਟ ਪਾਉਂਦਾ ਹੈ ਤਾਂ ਉਸ ਨੂੰ "ਆਸਥਾਵਿਰੋਧੀ" ਕਿਹਾ ਜਾਂਦਾ ਹੈ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਜੇ ਕਿਸੇ ਉਮੀਦਵਾਰ ਨੂੰ ਬਹੁਮਤ ਨਾ ਮਿਲੇ ਤਾਂ ਕੀ ਹੁੰਦਾ ਹੈ?

ਅਜਿਹੇ ਵਿੱਚ ਅਮਰੀਕੀ ਸੰਸਦ ਦਾ ਹੇਠਲਾ ਸਦਨ ਹਾਊਸ ਆਫ਼ ਰਿਪ੍ਰੈਜੈਂਟੇਟਿਵਜ਼ ਵੋਟਾਂ ਦੇ ਕੇ ਰਾਸ਼ਟਰਪਤੀ ਦੀ ਚੋਣ ਕਰਦਾ ਹੈ।

ਹੁਣ ਤੱਕ ਅਜਿਹਾ ਸਿਰਫ਼ ਇੱਕ ਵਾਰ ਹੋਇਆ ਹੈ। 1824 ਵਿੱਚ ਚਾਰ ਉਮੀਦਵਾਰਾਂ ਵਿੱਚ ਇਲੋਕਟੋਰਲ ਵੋਟ ਵੰਡੇ ਗਏ ਸਨ। ਇਸ ਕਰਕੇ ਕਿਸੇ ਨੂੰ ਵੀ ਬਹੁਮਤ ਹਾਸਲ ਨਾ ਹੋ ਸਕਿਆ।

ਦੋ ਪਾਰਟੀਆਂ ਦੇ ਅਮਰੀਕੀ ਸਿਸਟਮ ਤੇ ਦਬਦਬੇ ਰੱਖਣ ਦੇ ਚੱਲਦਿਆਂ ਅੱਜ ਦੇ ਦੌਰ ਵਿੱਚ ਅਜਿਹਾ ਹੋਣਾ ਮੁਸ਼ਕਿਲ ਹੈ।

ਸਾਨੂੰ ਨਤੀਜੇ ਕਦੋਂ ਮਿਲਣਗੇ?

ਹਰ ਵੋਟ ਗਿਨਣ ਨੂੰ ਤਾਂ ਕਾਫ਼ੀ ਦਿਨ ਲੱਗ ਜਾਂਦੇ ਹਨ ਪਰ ਅਗਲੀ ਹੀ ਸਵੇਰ ਇਹ ਕਾਫ਼ੀ ਹੱਦ ਤੱਕ ਸਾਫ਼ ਹੋ ਜਾਂਦਾ ਹੈ ਕਿ ਜਿੱਤਿਆ ਕੌਣ ਹੈ।

2016 ’ਚ ਤਾਂ ਡੌਨਲਡ ਟਰੰਪ ਨੇ ਸਵੇਰੇ ਤੜਕੇ 3 ਵਜੇ ਹੀ ਨਿਊਯਾਰਕ ਦੇ ਮੰਚ ਤੋਂ ਆਪਣੀ ਸਪੀਚ ਦੇ ਦਿੱਤੀ ਸੀ।

ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿੱਚ ਸਮਾਂ ਲੱਗ ਸਕਦਾ ਹੈ - ਕੁਝ ਦਿਨ ਜਾਂ ਹਫ਼ਤੇ। ਇਸ ਦਾ ਕਾਰਨ ਪੋਸਟਲ ਬੈਲਟ ਦੇ ਗਿਣਤੀ ਦੇ ਵਿੱਚ ਆਇਆ ਵਾਧਾ ਹੈ।

ਪਿਛਲੀ ਵਾਰ 2000 ’ਚ ਨਤੀਜੇ ਕੁਝ ਘੰਟਿਆਂ ’ਚ ਸਾਫ ਨਹੀਂ ਹੋ ਪਾਏ ਸਨ। ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਕ ਕਰੀਬ ਇਕ ਮਹੀਨੇ ਬਾਅਦ ਨਤੀਜੇ ਸਾਫ਼ ਹੋ ਪਾਏ ਸਨ।

ਜੇਤੂ ਉਮੀਦਵਾਰ ਕਦੋਂ ਆਫ਼ਿਸ ਸੰਭਾਲ ਸਕਦਾ ਹੈ?

ਜੇਕਰ ਚੋਣਾਂ ਜੋਅ ਬਾਇਡਨ ਜਿੱਤਦੇ ਹਨ ਤਾਂ ਉਹ ਉਸੇ ਵੇਲੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਦੀ ਜਗ੍ਹਾਂ ਲੈ ਸਕਦੇ ਹਨ ਕਿਉਂ ਉਨ੍ਹਾਂ ਨੂੰ ਨਵੀਂ ਕੈਬਨਿਟ ਦਾ ਗਠਨ ਕਰਨ ’ਚ ਵੀ ਵਕਤ ਲੱਗੇਗਾ।

ਨਵੇਂ ਰਾਸ਼ਟਰਪਤੀ ਨੂੰ ਅਧਿਕਾਰਤ ਤੌਰ ’ਤੇ 20 ਜਨਵਰੀ ਨੂੰ ਹੋਣ ਵਾਲੇ ਸਮਾਗਮ ’ਚ ਕੁਰਸੀ ਮਿਲਦੀ ਹੈ।

ਸੈਰੇਮਨੀ ਤੋਂ ਬਾਅਦ ਰਾਸ਼ਟਰਪਤੀ ਵਾਈਟ ਹਾਊਸ ’ਚ ਆਪਣੇ ਅਗਲੇ 4 ਸਾਲਾਂ ਲਈ ਜਾਂਦੇ ਹਨ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)