ਟਰੰਪ ਤੇ ਬਾਇਡਨ ਵਿਚਕਾਰ ਡਿਬੇਟ: ਟਰੰਪ ਨੇ ਕਿਹਾ, ਭਾਰਤ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਛਿਪਾ ਰਿਹਾ ਹੈ

ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਡੌਨਲਡ ਟਰੰਪ ਅਤੇ ਜੋ ਬਾਇਡਨ ਵਿਚਕਾਰ ਪਹਿਲੀ ਬਹਿਸ ਸ਼ੁਰੂ ਹੋ ਚੁੱਕੀ ਹੈ। ਦੋਵੇਂ ਉਮੀਦਵਾਰ ਵੱਖੋ-ਵੱਖ ਮੁੱਦਿਆਂ ਜਿਵੇਂ ਸਿਹਤ, ਨਿਆਂ, ਆਰਥਿਕਤਾ ਬਾਰੇ ਇੱਕ ਦੂਜੇ ਉੱਪਰ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ।

ਕੋਵਿਡ-19 ਮਹਾਂਮਾਰੀ ਬਾਰੇ ਪੁੱਛੇ ਜਾਣ 'ਤੇ ਟਰੰਪ ਨੇ ਕਿਹਾ ਕਿ ਜੇ ਜੋ ਬਾਇਡਨ ਉਨ੍ਹਾਂ ਦੀ ਥਾਂ ਰਾਸ਼ਟਰਪਤੀ ਹੁੰਦੇ ਤਾਂ ਅਮਰੀਕਾ ਵਿੱਚ ਕਿਤੇ ਵਧੇਰੇ ਮੌਤਾਂ ਹੁੰਦੀਆਂ। ਜਵਾਬ ਵਿੱਚ ਬਾਇਡਨ ਨੇ ਕਿਹਾ ਕਿ ਮਹਾਂਮਾਰੀ ਨਾਲ ਲੜਨ ਲਈ ਟਰੰਪ ਕੋਲ ਕੋਈ ਯੋਜਨਾ ਨਹੀਂ ਹੈ।

ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 70 ਲੱਖ ਤੋਂ ਵਧੇਰੇ ਮਾਮਲੇ ਹਨ ਅਤੇ ਬਿਮਾਰੀ ਹੁਣ ਤੱਕ ਲਗਭਗ ਦੋ ਲੱਖ ਲੋਕਾਂ ਦੀ ਜਾਨ ਲੈ ਚੁੱਕੀ ਹੈ।

ਇਹ ਵੀ ਪੜ੍ਹੋ:

ਬਹਿਸ ਵਿੱਚ ਕੌਣ ਭਾਰੂ ਰਿਹਾ?

ਬੀਬੀਸੀ ਪੱਤਰਕਾਰ ਐਂਥਨੀ ਜ਼ਰਚਰ ਦੇ ਵਿਸ਼ਲੇਸ਼ਣ ਮੁਤਾਬਕ

ਬਹਿਸ ਦੇ ਸ਼ੁਰੂ ਤੋਂ ਹੀ ਇਹ ਸਪਸ਼ਟ ਸੀ ਕਿ ਰਾਸ਼ਟਰਪਤੀ ਟਰੰਪ ਆਪਣੇ ਵਿਰੋਧੀ ਨੂੰ ਖਿਝਾਉਣਾ ਚਾਹੁੰਦੇ ਹਨ। ਸ਼ੁਰੂ ਦੇ ਕੁਝ ਮਿੰਟਾਂ ਵਿੱਚ ਹੀ ਇਹ ਸਾਫ਼ ਹੋ ਗਿਆ ਕਿ ਟਰੰਪ ਅਜਿਹਾ ਸਾਬਕਾ ਉਪ-ਰਾਸ਼ਟਰਪਤੀ ਬਾਇਡ ਨੂੰ ਵਾਰ-ਵਾਰ ਟੋਕ ਕੇ ਕਰਨ ਵਾਲੇ ਹਨ।

ਇਸ ਦੌਰਾਨ ਕਈ ਮੌਕਿਆਂ ਤੇ ਬਹਿਸ ਵਿੱਚ ਅਜਿਹੇ ਮੌਕੇ ਆਏ ਜਦੋਂ ਦੋਵੇਂ ਉਲਝ ਪਏ। ਇੱਕ ਵਾਰ ਟਰੰਪ ਨੇ ਬਾਇਡਨ ਦੀ ਬੁਧੀਮਤਾ ਬਾਰੇ ਸਵਾਲ ਖੜ੍ਹਾ ਕੀਤਾ ਤਾਂ ਬਾਇਡਨ ਨੇ ਟਰੰਪ ਨੂੰ ਜੋਕਰ ਕਿਹਾ ਅਤੇ ਕਿਹਾ, "ਕੀ ਤੁਸੀਂ ਚੁੱਪ ਕਰੋਗੇ?

ਇਸ ਬਹਿਸ ਵਿੱਚ ਮੇਜ਼ਬਾਨੀ ਕਰਨਾ ਮੇਜ਼ਬਾਨ ਕ੍ਰਿਸ ਲਈ ਅੱਜ ਦੀ ਰਾਤ ਦਾ ਸਭ ਤੋਂ ਮੁਸ਼ਕਲ ਕੰਮ ਹੋਵੇਗਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੋਰੋਨਾਵਾਇਰਸ ਬਾਰੇ ਸਵਾਲਾਂ ਨੂੰ ਸੰਭਾਲਣਾ ਰਾਸ਼ਟਰਪਤੀ ਟਰੰਪ ਲਈ ਇੱਕ ਮੁਸ਼ਕਲ ਸੀ ਪਰ ਉਨ੍ਹਾਂ ਨੇ ਸਿਰਫ਼ ਇਹੀ ਕਿਹਾ ਕਿ ਜੇ ਬਾਇਡਨ ਉਨ੍ਹਾਂ ਦੀ ਥਾਂ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਕਿਤੇ ਜ਼ਿਆਦਾ ਮੌਤਾਂ ਹੋਣੀਆਂ ਸਨ।

ਬਾਇਡਨ ਨੇ ਟਰੰਪ ਦੀ ਟੈਕਸ ਚੋਰੀ ਬਾਰੇ ਪੁੱਛ ਕੇ ਦੁਖਦੀ ਰਗ ਤੇ ਹੱਥ ਧਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਸਕੂਲ ਅਧਿਆਪਕਾਂ ਨਾਲੋਂ ਵੀ ਘੱਟ ਫੈਡਰਲ ਟੈਕਸ ਚੁਕਾਇਆ। ਹਾਲਾਂਕਿ ਇਹ ਬਹਿਸ ਸੁਣ ਰਹੇ ਲੋਕਾਂ ਲਈ ਵੱਡਾ ਸੁਨੇਹਾ ਹੋ ਸਕਦਾ ਸੀ ਪਰ ਇਹ ਟਰੰਪ ਨਾਲ ਜਾਰੀ ਤੂੰ-ਤੂੰ-ਮੈਂ-ਮੈਂ ਵਿੱਚ ਰੁਲ ਗਿਆ।

ਕੋਰੋਨਾਵਾਇਰਸ 'ਤੇ ਚਰਚਾ

ਬਾਇਡਨ ਨੇ ਕੋਰੋਨਾ ਮਹਾਮਾਰੀ ਖਿਲਾਫ਼ ਪੈਂਤੜੇ ਬਾਰੇ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕੀਤੀ, ਜਿਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਰਕਾਰ ਨੇ ਬਿਹਤਰੀਨ ਕੰਮ ਕੀਤਾ ਹੈ।

ਉਨ੍ਹਾਂ ਨੇ ਕਿਹਾ,"ਸਾਡੀ ਸਰਕਾਰ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਮਾਸਕ,ਪੀਪੀਈ ਕਿੱਟਾਂ ਅਤੇ ਦਵਾਈਆਂ ਲੈ ਕੇ ਆਈ। ਅਸੀਂ ਕੋਰੋਨਾ ਵੈਕਸੀਨ ਬਣਾਉਣ ਤੋਂ ਬਸ ਕੁਝ ਹੀ ਹਫ਼ਤੇ ਦੂਰ ਹਾਂ। ਮੈਂ ਕੰਪਨੀਆਂ ਨਾਲ ਗੱਲ ਕੀਤੀ ਹੈ ਅਤੇ ਮੈਂ ਕਿਹ ਸਕਦਾ ਹਾਂ ਕਿ ਅਸੀਂ ਜਲਦੀ ਹੀ ਵੈਕਸੀਨ ਬਣਾ ਲਵਾਂਗੇ।

ਅਮਰੀਕਾ ਵਿੱਚ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਭਾਰਤ, ਰੂਸ ਅਤੇ ਚੀਨ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਲਕੋ ਰਹੇ ਹਨ।

ਬਾਇਡਨ ਨੇ ਜਦੋਂ ਕਿਹਾ ਕਿ ਟਰੰਪ ਮਾਸਕ ਪਾਉਣ ਬਾਰੇ ਗੰਭੀਰ ਨਹੀਂ ਹਨ ਤਾਂ ਟਰੰਪ ਨੇ ਕਿਹਾ,"ਬਾਇਡਨ 200 ਫੁੱਟ ਦੀ ਦੂਰੀ ਤੇ ਹੁੰਦੇ ਹਨ ਤਾਂ ਵੀ ਵੱਡਾ ਸਾਰਾ ਮਾਸਕ ਪਾ ਕੇ ਆ ਜਾਂਦੇ ਹਨ।"

ਇਸ 'ਤੇ ਬਹਿਸ ਦੀ ਮੇਜ਼ਬਾਨੀ ਕਰ ਰਹੇ ਫੌਕਸ ਨਿਊਜ਼ ਦੇ ਐਂਕਰ ਕ੍ਰਿਸ ਵੈਲੇਸ ਨੇ ਪੁੱਛਿਆ," ਜੇ ਬਾਇਡਨ ਭੀੜ ਇਕੱਠੀ ਕਰ ਪਾਉਂਦੇ ਤਾਂ ਵੀ ਅਜਿਹਾ ਹੀ ਕਰਦੇ।"

ਬਾਇਡਨ ਨੇ ਤਨਜ਼ ਕਸਦਿਆਂ ਕਿਹਾ," ਤੁਸੀਂ ਆਪਣੀ ਬਾਂਹ ਵਿੱਚ ਬਲੀਚ ਦਾ ਟੀਕਾ ਲਾ ਲਓ ਸ਼ਾਇਦ ਇਸ ਨਾਲ ਕੋਰੋਨਾ ਠੀਕ ਹੋ ਜਾਵੇ।"

ਇਸ ਬਾਰੇ ਟਰੰਪ ਨੇ ਕਿਹਾ,"ਮੈਂ ਇਹ ਗੱਲ ਤਨਜ਼ ਵਿੱਚ ਕਹੀ ਸੀ ਅਤੇ ਤੁਸੀਂ ਇਹ ਗੱਲ ਜਾਣਦੇ ਹੋ।"

ਟਰੰਪ ਨੇ ਇਹ ਵੀ ਕਿਹਾ ਕਿ ਜੇ ਬਾਇਡਨ ਉਨ੍ਹਾਂ ਦੀ ਥਾਂ ਰਾਸ਼ਟਰਪਤੀ ਹੁੰਦੇ ਤਾਂ ਦੋ ਕਰੋੜ ਤੋਂ ਵਧੇਰੇ ਲੋਕਾਂ ਦੀ ਮੌਤ ਹੁੰਦੀ। ਬਾਇਡਨ ਦਾ ਕਹਿਣਾ ਸੀ ਕਿ ਸਾਰੇ ਜਾਣਦੇ ਹਨ ਕਿ ਟਰੰਪ ਝੂਠੇ ਹਨ।

ਟਰੰਪ ਤੇ ਬਾਇਡਨ ਨੇ ਬਿਨਾਂ ਹੱਥ ਮਿਲਾਏ ਕੀਤੀ ਸ਼ੁਰੂਆਤ

ਕੋਰੋਨਾਵਾਇਰਸ ਦੀ ਲਾਗ ਨੂੰ ਦੇਖਦਿਆਂ ਦੋਵਾਂ ਉਮੀਦਵਾਰਾਂ ਨੇ ਬਹਿਸ ਦੇ ਸ਼ੁਰੂ ਵਿੱਚ ਹੱਥ ਨਹੀਂ ਮਿਲਾਇਆ।

ਇਹ ਬਹਿਸ ਕੁਈਨਜ਼ਲੈਂਡ ਵਿੱਚ ਹੋ ਰਹੀ ਹੈ। ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੇ ਕਾਰਨ ਸੀਮਤ ਸੰਖਿਆ ਵਿੱਚ ਲੋਕਾਂ ਨੂੰ ਬਹਿਸ ਸੁਣਨ ਲਈ ਪਹੁੰਚਣ ਦੀ ਆਗਿਆ ਦਿੱਤੀ ਗਈ ਹੈ।

ਟਰੰਪ ਪਰਿਵਾਰ ਨੇ ਨਹੀਂ ਪਾਏ ਮਾਸਕ

ਇੱਕ ਪੱਤਰਕਾਰ ਨੇ ਬਹਿਸ ਵਾਲੇ ਹਾਲ ਤੋਂ ਰਿਪੋਰਟ ਕੀਤਾ ਕਿ ਉੱਥੇ ਮੌਜੂਦ ਸਾਰੇ ਲੋਕਾਂ ਨੇ ਮਾਸਕ ਪਾਏ ਹੋਏ ਹਨ ਪਰ ਟਰੰਪ ਪਰਿਵਾਰ ਦੇ ਕਈ ਮੈਂਬਰ ਉੱਥੇ ਬਿਨਾਂ ਮਾਸਕ ਤੋਂ ਹੀ ਦਾਖ਼ਲ ਹੋ ਗਈ।

ਇੱਕ ਡਾਕਟਰ ਨੇ ਇਹ ਸਮਝਦਿਆਂ ਕਿ ਸ਼ਾਇਦ ਉਨ੍ਹਾਂ ਨੂੰ ਮਾਸਕ ਦਿੱਤਾ ਨਹੀਂ ਗਿਆ ਮਾਸਕ ਦੀ ਪੇਸ਼ਕਸ਼ ਕੀਤੀ ਪਰ ਕਿਸੇ ਨੇ ਡਾਕਟਰ ਤੋਂ ਲਿਆ ਨਹੀਂ।

ਹਾਲਾਂਕਿ ਡਾਕਟਰ ਨੇ ਪ੍ਰੈੱਸ ਕੋਲ ਇਸ ਬਾਰੇ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਪਰ ਸੁਣਿਆ ਗਿਆ ਕਿ ਕਿਸੇ ਹੋਰ ਨੇ ਉਸ ਨੂੰ ਕਿਹਾ,"ਤੁਸੀਂ ਇੰਨਾ ਹੀ ਕਰ ਸਕਦੇ ਹੋ"।

ਜਦਕਿ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਡੌਨਲਡ ਟਰੰਪ ਦੀ ਧੀ ਇਵਾਂਕਾ ਟਰੰਪ ਵੱਲੋਂ ਟਵੀਟ ਕੀਤੀ ਇੱਕ ਤਸਵੀਰ ਵਿੱਚ ਉਨ੍ਹਾਂ ਨੇ ਮਾਸਕ ਪਾਏ ਹੋਏ ਹਨ।

ਇਹ ਵੀ ਪੜ੍ਹੋ:

ਵੀਡੀਓ: ਖੇਤੀ ਕਾਨੂੰਨਾ ਖਿਲਾਫ਼ ਸੰਗਰੂਰ ਪਹੁੰਚੇ ਸੁਖਬੀਰ ਬਾਦਲ ਨੂੰ ਕਾਲੇ ਝੰਡੇ ਕਿਉਂ ਦਿਖਾਏ ਗਏ

ਵੀਡੀਓ: ਰਾਮ ਮੰਦਿਰ ਕਾਰ ਸੇਵਾ ਵਿੱਚ ਜਾਣ ਵਾਲੇ ਦੋ ਬੰਦਿਆਂ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ

ਵੀਡੀਓ: ਕੇਂਦਰ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੀ ਯੋਜਨਾ ਕੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)