ਜੰਗ ਕਾਰਨ ਉੱਜੜੇ ਲੋਕਾਂ ਦੇ ਭੁੱਖੇ ਪੇਟ ਭਰ ਰਿਹਾ ਇਹ ਪੰਜਾਬੀ

"ਹਾਲਾਤ ਇਹ ਹਨ ਕਿ ਛੋਟੇ-ਛੋਟੇ ਟੈਚੀ ਆਪਣੇ ਪੈਕ ਕੀਤੇ ਹੋਏ ਹਨ, ਜਿਨ੍ਹਾਂ ਵਿੱਚ ਆਪਣੇ ਦਸਤਾਵੇਜ਼, ਕੱਪੜੇ ਰੱਖੇ ਹੋਏ ਹਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਹਨ। ਕਿਸੇ ਸਮੇਂ ਇਹ ਹੋ ਸਕਦਾ ਹੈ ਕਿ ਸਾਨੂੰ ਇੱਥੋਂ ਛੱਡ ਕੇ ਜਾਣਾ ਪੈ ਸਕਦਾ ਹੈ ਜਾਂ ਕੁਝ ਵੀ ਹੋ ਸਕਦਾ ਹੈ।"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਰਮੀਨੀਆ 'ਤੇ ਰਹਿਣ ਵਾਲੇ ਪਰਵੇਜ਼ ਅਲੀ ਖ਼ਾਨ ਦਾ। ਕਈ ਸਾਲ ਪਹਿਲਾਂ ਪੰਜਾਬ ਦੇ ਮਲੇਰਕੋਟਲਾ ਤੋਂ ਆਰਮੀਨੀਆ ਗਏ ਪਰਵੇਜ਼ ਅਲੀ ਖ਼ਾਨ ਉੱਥੇ ਰੈਸਟੋਰੈਂਟ ਚਲਾਉਂਦੇ ਹਨ।

ਦਰਅਸਲ, ਆਰਮੀਨੀਆ ਅਤੇ ਅਜ਼ਰਬਾਈਜਾਨ ਵਿਚਾਲੇ ਸੰਘਰਸ਼ ਜਾਰੀ ਹੈ। ਦੋਵਾਂ ਮੁਲਕਾਂ ਵਿਚਾਲੇ ਪੈਂਦੀ ਥਾਂ ਨੋਗੋਰਨੋ-ਕਾਰਾਬਾਖ਼ 'ਚ ਜੰਗ ਛਿੜੀ ਹੋਈ ਹੈ।

ਇਹ ਵੀ ਪੜ੍ਹੋ-

ਪਰਵੇਜ਼ ਆਰਮੀਨੀਆ ਦੀ ਰਾਜਧਾਨੀ ਯੇਰੇਵਨ ਵਿੱਚ ਰੈਸਟੋਰੈਂਟ ਚਲਾਉਂਦੇ ਹਨ ਅਤੇ ਸੰਘਰਸ਼ ਦੌਰਾਨ ਉਹ ਯੇਰੇਵਨ ਵਿੱਚ ਪਹੁੰਚ ਰਹੇ ਪ੍ਰਭਾਵਿਤਾਂ ਨੂੰ ਮੁਫ਼ਤ ਖਾਣਾ ਵੀ ਵੰਡ ਰਹੇ ਹਨ।

ਆਰਮੀਨੀਆ ਵਿੱਚ ਬੜੀ ਥੋੜ੍ਹੀ ਜਿਹੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ।

ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲ ਕਰਦਿਆਂ ਪਰਵੇਜ਼ ਅਲੀ ਨੇ ਦੱਸਿਆ ਕਿ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਹਨ, ਐਮਰਜੈਂਸੀ ਲਾਗੂ ਹੈ। ਕਿਸੇ ਵੀ ਸਮੇਂ ਨਾਗਰਿਕਾਂ 'ਤੇ ਕੋਈ ਵੀ ਹਮਲਾ ਹੋ ਸਕਦਾ ਹੈ।

ਪਰਵੇਜ਼ ਅਲੀ ਨੇ ਹੋਰ ਕੀ-ਕੀ ਕਿਹਾ, ਉਨ੍ਹਾਂ ਦੀ ਜ਼ੁਬਾਨੀ-

ਭਾਰਤੀ ਅੰਬੈਂਸੀ ਨੇ ਆਪਣੇ ਪੇਜ 'ਤੇ ਗਾਈਡਲਾਈਨ ਜਾਰੀ ਕੀਤੀਆਂ ਹੋਈਆਂ ਹਨ ਅਤੇ ਐਮਰਜੈਂਸੀ ਨੰਬਰ ਦਿੱਤੇ ਹੋਏ ਹਨ। ਯੇਰੇਵਨ ਸ਼ਹਿਰ ਦੇ ਹਾਲਾਤ ਅਜੇ ਬਹੁਤੇ ਖ਼ਰਾਬ ਨਹੀਂ ਹਨ ਅਤੇ ਜੰਗ ਆਰਤਾਸ਼ਾਕ ਵਿੱਚ ਲੱਗੀ ਹੋਈ ਹੈ।

ਪਰ ਐਮਰਜੈਂਸੀ ਦਾ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਕਿਸੇ ਸਮੇਂ ਕੋਈ ਚੀਜ਼ ਹੋ ਸਕਦੀ ਹੈ, ਬੰਕਰਾਂ 'ਚ ਜਾਣਾ ਪੈ ਸਕਦਾ ਹੈ, ਮੈਟਰੋ ਵਿੱਚ ਜਾਣਾ ਪੈ ਸਕਦਾ ਹੈ, ਸਬਵੇਅ ਅੰਦਰ ਜਾਣਾ ਪੈ ਸਕਦਾ ਹੈ। ਪਰ ਅਜੇ ਯੇਰੇਵਨ ਵਿੱਚ ਸਭ ਕੁਝ ਸੁਰੱਖਿਅਤ ਹੈ, ਫਿਰ ਵੀ ਲੋਕ ਡਰੇ ਹੋਏ ਹਨ।

ਜਿਵੇਂ ਕਿ ਯੇਰੇਵਨ ਦੇ ਹਾਲਾਤ ਇੰਨੇ ਮਾੜੇ ਨਹੀਂ ਹਨ ਇਸ ਕਰ ਕੇ ਇੱਥੋਂ ਦੇ ਲੋਕਾਂ ਦਾ ਜ਼ਿਆਦਾਤਰ ਧਿਆਨ, ਜੰਗ ਵਾਲੀ ਥਾਂ ਤੋਂ ਪ੍ਰਭਾਵਿਤ ਹੋ ਕੇ ਆ ਰਹੇ ਲੋਕਾਂ ਵਿੱਚ ਲੱਗਿਆ ਹੋਇਆ ਹੈ।

ਜਿਹੜੇ ਲੋਕ ਉੱਜੜ ਕੇ ਆਏ ਹਨ, ਉਨ੍ਹਾਂ ਲੋਕਾਂ ਦੀ ਮਦਦ ਲਈ ਇੱਥੋਂ ਦੇ ਲੋਕਾਂ ਨੇ ਆਪਣੇ ਘਰ-ਬਾਹਰ, ਰੈਸਟੋਰੈਂਟ-ਹੋਟਲ ਸਭ ਕੁਝ ਖੋਲ੍ਹ ਕੇ ਰੱਖ ਦਿੱਤੇ ਹਨ।

ਇੱਥੇ ਕੱਚਾ ਸਾਮਾਨ ਦਾ ਤਾਂ ਬਥੇਰਾ ਹੈ ਪਰ ਤਿਆਰ ਭੋਜਨ ਉਨ੍ਹਾਂ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਇਸ ਲਈ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਖਾਣਾ ਬਣਾ ਕੇ ਦੇਣਾ ਚਾਹੀਦਾ ਹੈ।

ਅਸੀਂ ਇਸ ਦਸੰਬਰ ਵਿੱਚ ਪਲਾਨ ਕੀਤਾ ਸੀ ਕਿ ਅਸੀਂ ਚੈੱਕ ਰਿਪਬਲਿਕ ਵਿੱਚ ਇੱਕ ਰੈਸਟੋਰੈਂਟ ਖੋਲ੍ਹਣਾ ਸੀ, ਅਸੀਂ ਪਿਛਲੇ ਨਵੰਬਰ ਵਿੱਚ ਸਾਰੀ ਤਿਆਰੀ ਕਰ ਕੇ ਆਏ ਸੀ ਅਤੇ ਇਸ ਅਪ੍ਰੈਲ 'ਚ ਅਸੀਂ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਸੀ।

ਜਿਹੜਾ ਸਾਡਾ ਫੰਡ ਬਣਿਆ ਹੋਇਆ ਸੀ, ਉਹ 50 ਫੀਸਦੀ ਤਾਂ ਕੋਵਿਡ ਨੇ ਹੀ ਖ਼ਤਮ ਕਰ ਦਿੱਤਾ। ਇਸ ਦੌਰਾਨ ਕਿਉਂਕਿ ਕੰਮ-ਧੰਦੇ ਚੱਲ ਨਹੀਂ ਰਹੇ ਸੀ ਪਰ ਖਰਚੇ ਚੱਲ ਰਹੇ ਸੀ।

ਜਿਹੜਾ ਸਾਡੇ ਕੋਲ ਅੱਧਾ ਫੰਡ ਬਚਿਆ, ਉਹ ਪਰਿਵਾਰ ਅਤੇ ਬੱਚਿਆਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਕੱਲ੍ਹ ਦਾ ਤਾਂ ਕੁਝ ਨਹੀਂ ਪਤਾ, ਇਸ ਲਈ ਇਹ ਫੰਡ ਸਾਨੂੰ ਅੱਜ ਇਨ੍ਹਾਂ ਲੋਕਾਂ 'ਤੇ ਲਾ ਦੇਣਾ ਚਾਹੀਦਾ ਹੈ।

500 ਲੋਕਾਂ ਨੂੰ ਅਸੀਂ ਰੋਜ਼ਾਨਾ ਖਾਣਾ ਦੇ ਰਹੇ ਹਾਂ, ਪਰ ਹੁਣ ਮੰਗ ਵਧਦੀ ਜਾ ਰਹੀ ਹੈ। ਪਹਿਲਾਂ ਤਾਂ 2 ਕੁ ਦਿਨ 500 ਗਿਆ ਪਰ ਪਿਛਲੇ 1-2 ਦਿਨਾਂ ਤੋਂ 700 ਟਿਫਿਨ ਗਿਆ।

ਇਹ ਟਿਫਿਨ ਬਿਲਕੁੱਲ ਮੁਫ਼ਤ ਹੈ ਅਤੇ ਕੋਈ ਪੈਸਾ ਸ਼ਾਮਲ ਨਹੀਂ ਹੈ। ਜਦੋਂ ਤੱਕ ਮੇਰੀ ਜੇਬ੍ਹ ਵਿੱਚ ਇੱਕ ਰੁਪੱਈਆ ਬਾਕੀ ਹੈ ਉਦੋਂ ਤੱਕ ਮੈਂ ਲੋਕਾਂ ਦੀ ਮਦਦ ਕਰਾਂਗਾ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)