ਅਮਰੀਕੀ ਚੋਣਾਂ 2020 ਨਤੀਜੇ : ਅਮਰੀਕਾ ਚੋਣਾਂ 'ਚ ਡੌਨਲਡ ਟਰੰਪ ਦੇ ਸਿਆਸੀ ਭਵਿੱਖ ਬਾਰੇ ਕੀ ਕਹਿ ਰਹੇ ਨੇ ਚੋਣ ਸਰਵੇਖਣ

ਅਮਰੀਕੀ ਵੋਟਰਾਂ ਵੱਲੋਂ 3 ਨਵੰਬਰ 2020 ਨੂੰ ਫ਼ੈਸਲਾ ਲਿਆ ਜਾਵੇਗਾ ਕਿ ਕੀ ਡੌਨਲਡ ਟਰੰਪ ਅਗਲੇ ਚਾਰ ਸਾਲਾਂ ਲਈ ਵ੍ਹਾਈਟ ਹਾਊਸ 'ਚ ਬਣੇ ਰਹਿਣਗੇ।

ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਨੂੰ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਵੱਲੋਂ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ।

ਬਾਇਡਨ, ਬਰਾਕ ਉਬਾਮਾ ਦੇ ਕਾਰਜਕਾਲ ਦੌਰਾਨ ਉਪ ਰਾਸ਼ਟਰਪਤੀ ਵੱਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ 1970 ਦੇ ਦਹਾਕੇ ਤੋਂ ਉਹ ਅਮਰੀਕੀ ਸਿਆਸਤ 'ਚ ਸ਼ਾਮਲ ਹਨ।

ਇਹ ਵੀ ਪੜ੍ਹੋ

ਜਿਵੇਂ-ਜਿਵੇਂ ਚੋਣਾਂ ਦਾ ਦਿਨ ਨਜ਼ਦੀਕ ਆ ਰਿਹਾ ਹੈ, ਪੋਲਿੰਗ ਕੰਪਨੀਆਂ ਮਤਦਾਤਾਵਾਂ ਤੋਂ ਉਨ੍ਹਾਂ ਦੀ ਰਾਏ ਪੁੱਛ ਕੇ ਇੱਕ ਰੁਝਾਨ ਬਾਰੇ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।

ਪੋਲਿੰਗ ਕੰਪਨੀਆਂ ਵੋਟਰਾਂ ਤੋਂ ਉਨ੍ਹਾਂ ਦੇ ਪਸੰਦੀਦਾ ਉਮੀਦਵਾਰ ਬਾਰੇ ਪੁੱਛ ਰਹੀਆਂ ਹਨ ਤਾਂ ਜੋ ਸਰਵੇਖਣ ਦੇ ਅਧਾਰ 'ਤੇ ਇੱਕ ਰੁਝਾਨ ਨੂੰ ਪੇਸ਼ ਕੀਤਾ ਜਾ ਸਕੇ। ਭਾਵੇਂ ਕਿ ਇਹ ਇੱਕ ਅੰਦਾਜ਼ਾ ਹੀ ਹੁੰਦਾ ਹੈ, ਪਰ ਫਿਰ ਵੀ ਜ਼ਿਆਦਾਤਰ ਚੋਣ ਨਤੀਜੇ ਰੁਝਾਨਾਂ ਅਨੁਸਾਰ ਹੀ ਆਉਂਦੇ ਹਨ।

ਅਸੀਂ ਇਸ ਲੇਖ 'ਚ ਉਨ੍ਹਾਂ ਸਰਵੇਖਣਾਂ ਦਾ ਜ਼ਿਕਰ ਕਰ ਰਹੇ ਹਾਂ ਅਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੰਨ੍ਹਾਂ ਚੋਣਾਂ ਬਾਰੇ ਉਹ ਕੀ ਜਾਣਕਾਰੀ ਦੇ ਰਹੇ ਹਨ।

ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਸ਼ਟਰੀ ਪੱਧਰ 'ਤੇ ਕਿਸ ਤਰ੍ਹਾਂ ਪ੍ਰਦਰਸ਼ਨ ਕਰ ਰਹੇ ਹਨ?

ਰਾਸ਼ਟਰੀ ਪੱਧਰ 'ਤੇ ਕੀਤੇ ਜਾਂਦੇ ਸਰਵੇਖਣ ਵਧੀਆ ਮਾਰਗ ਦਰਸ਼ਕ ਵੱਜੋਂ ਕਾਰਜ ਕਰਦੇ ਹਨ।

ਇੰਨ੍ਹਾਂ ਸਰਵੇਖਣਾਂ ਤੋਂ ਪ੍ਰਾਪਤ ਰੁਝਾਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਕੋਈ ਉਮੀਦਵਾਰ ਦੇਸ਼ ਭਰ 'ਚ ਕਿੰਨ੍ਹਾਂ ਕੁ ਪ੍ਰਸਿੱਧ ਹੈ। ਪਰ ਚੋਣ ਨਤੀਜਿਆਂ ਦੀ ਭਵਿੱਖਬਾਣੀ ਕਰਨ ਲਈ ਇਹ ਕੋਈ ਵਧੀਆ ਢੰਗ ਨਹੀਂ ਹੈ।

ਮਿਸਾਲ ਦੇ ਤੌਰ 'ਤੇ ਸਾਲ 2016 'ਚ ਚੋਣ ਸਰਵੇਖਣਾਂ 'ਚ ਹਿਲੇਰੀ ਕਲਿੰਟਨ ਨੂੰ ਬੜ੍ਹਤ ਮਿਲੀ ਸੀ।

ਉਨ੍ਹਾਂ ਨੂੰ ਡੌਨਲਡ ਟਰੰਪ ਨਾਲੋਂ ਲਗਭਗ 3 ਮਿਲੀਅਨ ਵਧੇਰੇ ਵੋਟਾਂ ਹਾਸਲ ਹੋਈਆਂ ਸਨ, ਪਰ ਜਦੋਂ ਅਸਲ ਚੋਣ ਨਤੀਜੇ ਸਾਹਮਣੇ ਆਏ ਤਾਂ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।

ਉਸ ਸਮੇਂ ਅਮਰੀਕਾ ਨੇ ਇਲੈਕਟਰੋਲ ਕਾਲਜ ਪ੍ਰਣਾਲੀ ਦੀ ਵਰਤੋਂ ਕੀਤੀ ਸੀ ਅਤੇ ਇਸ ਰਾਹੀਂ ਮਿਲੀ ਬੜ੍ਹਤ ਅਸਲ ਨਤੀਜਿਆਂ ਨਾਲੋਂ ਵੱਖ ਹੋ ਸਕਦੀ ਹੈ।

ਇਸ ਪੱਖ ਤੋਂ ਵੇਖਿਆ ਜਾਵੇ ਤਾਂ ਜੋ ਬਾਇਡਨ ਨੇ ਜ਼ਿਆਦਾਤਰ ਸਾਲ ਕੌਮੀ ਸਰਵੇਖਣਾਂ 'ਚ ਟਰੰਪ ਨਾਲੋਂ ਵਧੇਰੇ ਵੋਟਾਂ ਹਾਸਲ ਕੀਤੀਆਂ ਹਨ।

ਹਾਲ ਦੇ ਕੁੱਝ ਹਫ਼ਤਿਆਂ ਦੌਰਾਨ ਕੀਤੇ ਗਏ ਸਰਵੇਖਣਾਂ 'ਚ ਉਨ੍ਹਾਂ ਨੂੰ ਤਕਰੀਬਨ 50% ਵਾਧਾ ਦਰਜ ਕੀਤਾ ਹੈ ਅਤੇ ਉਨ੍ਹਾਂ ਨੂੰ 10 ਅੰਕਾਂ ਦੀ ਬ੍ਹੜਤ ਹਾਸਲ ਹੋਈ ਹੈ।

ਇਸ ਦੇ ਉਲਟ ਸਾਲ 2016 'ਚ ਹੋਏ ਸਰਵੇਖਣ ਬਹੁਤ ਘੱਟ ਸਪਸ਼ੱਟ ਸਨ ਅਤੇ ਚੋਣ ਦਿਨ ਦੇ ਨੇੜੇ ਆਉਂਦਿਆਂ-ਆਉਂਦਿਆਂ ਡੌਨਲਡ ਟਰੰਪ ਅਤੇ ਉਨ੍ਹਾਂ ਦੀ ਵਿਰੋਧੀ ਹਿਲੇਰੀ ਕਲਿੰਟਨ ਵਿਚਾਲੇ ਵੱਡਾ ਵਕਫ਼ਾ ਆ ਗਿਆ ਸੀ।

ਕਿੱਥੇ ਸ਼ੁਰੂਆਤੀ ਸਰਵੇਖਣ ਕਲਿੰਟਨ ਦੀ ਜਿੱਤ ਵੱਲ ਇਸ਼ਾਰਾ ਕਰ ਰਹੇ ਸਨ ਅਤੇ ਬਾਅਦ 'ਚ ਅਸਲ ਜਿੱਤ ਟਰੰਪ ਦੀ ਹੋਈ।

ਕਿਹੜੇ ਸੂਬੇ ਇਸ ਚੋਣ ਦਾ ਫ਼ੈਸਲਾ ਕਰਨਗੇ?

ਜਿਵੇਂ ਕਿ ਸਾਲ 2016 'ਚ ਹਿਲੇਰੀ ਕਲਿੰਟਨ ਨਾਲ ਜੋ ਸਥਿਤੀ ਪੈਦਾ ਹੋਈ ਸੀ, ਉਸ ਤੋਂ ਇਹੀ ਪਤਾ ਚੱਲਦਾ ਹੈ ਕਿ ਤੁਸੀਂ ਕਿੰਨ੍ਹੀਆਂ ਵੋਟਾਂ ਨਾਲ ਜਿੱਤ ਰਹੇ ਹੋ, ਇਹ ਵਧੇਰੇ ਮਹੱਤਵਪੂਰਨ ਨਹੀਂ ਹੈ, ਪਰ ਤੁਸੀਂ ਕਿਸ ਇਲਾਕੇ ਤੋਂ ਉਨ੍ਹਾਂ ਵੋਟਾਂ ਨੂੰ ਆਪਣੇ ਹੱਕ 'ਚ ਕੀਤਾ ਇਹ ਵਧੇਰੇ ਮਹੱਤਵ ਰੱਖਦਾ ਹੈ।

ਬਹੁਤੇ ਸੂਬੇ ਲਗਭਗ ਹਮੇਸ਼ਾਂ ਇੱਕ ਹੀ ਤਰੀਕੇ ਨਾਲ ਵੋਟ ਕਰਦੇ ਹਨ।

ਇਸ ਦਾ ਮਤਲਬ ਇਹ ਹੈ ਕਿ ਦੋਵੇਂ ਉਮੀਦਵਾਰਾਂ 'ਚੋਂ ਕੌਣ ਜਿੱਤੇਗਾ ਇਸ ਦਾ ਫ਼ੈਸਲਾ ਸੂਬੇ ਦੇ ਹੱਥ 'ਚ ਹੁੰਦਾ ਹੈ।

ਇਹ ਉਹ ਥਾਵਾਂ ਹਨ ਜਿੱਥੇ ਚੋਣ ਜਿੱਤੀ ਵੀ ਜਾ ਸਕਦੀ ਹੈ ਅਤੇ ਹਾਰੀ ਵੀ। ਇੰਨ੍ਹਾਂ ਰਾਜਾਂ ਨੂੰ ਬੈਟਲ ਗ੍ਰਾਊਂਡ ਰਾਜ ਭਾਵ ਜਿੰਨ੍ਹਾਂ ਸੂਬਿਆਂ 'ਚ ਸਿੱਧੀ ਟੱਕਰ ਹੁੰਦੀ ਹੈ, ਕਿਹਾ ਜਾਂਦਾ ਹੈ।

ਇਲੈਕਟਰੋਲ ਕਾਲਜ ਪ੍ਰਣਾਲੀ ਦੀ ਵਰਤੋਂ ਅਮਰੀਕਾ ਆਪਣੇ ਰਾਸ਼ਟਰਪਤੀ ਦੀ ਚੋਣ ਕਰਨ ਲਈ ਕਰਦਾ ਹੈ।

ਹਰੇਕ ਰਾਜ ਨੂੰ ਆਪਣੀ ਆਬਾਦੀ ਦੇ ਅਧਾਰ 'ਤੇ ਵੋਟਾਂ ਦਿੱਤੀਆਂ ਜਾਂਦੀਆਂ ਹਨ। ਸਾਰੇ 538 ਚੋਣਵੀਂ ਕਾਲਜ ਪ੍ਰਣਾਲੀ ਦੀਆਂ ਵੋਟਾਂ 'ਚ ਜਿੱਤ ਹਾਸਲ ਕਰਨ ਲਈ ਉਮੀਦਵਾਰ ਨੂੰ 270 ਅੰਕ ਹਾਸਲ ਕਰਨੇ ਜ਼ਰੂਰੀ ਹੁੰਦੇ ਹਨ।

ਉੱਪਰ ਦਿੱਤੇ ਗਏ ਨਕਸ਼ੇ 'ਚ ਦਰਸਾਇਆ ਗਿਆ ਹੈ ਕਿ ਕੁਝ ਚੋਣ ਮੈਦਾਨਾਂ ਵਾਲੇ ਰਾਜਾਂ 'ਚ ਦੂਜੇ ਰਾਜਾਂ ਦੇ ਮੁਕਾਬਲੇ ਚੋਣਵੀਂ ਕਾਲਜ ਪ੍ਰਣਾਲੀ ਦੀਆਂ ਵੋਟਾਂ ਵੱਧ ਹਨ।ਇਸ ਲਈ ਉਮੀਦਵਾਰ ਅਕਸਰ ਹੀ ਇੰਨ੍ਹਾਂ ਇਲਾਕਿਆਂ 'ਚ ਚੋਣ ਪ੍ਰਚਾਰ ਲਈ ਵਧੇਰੇ ਸਮਾਂ ਬਿਤਾਉਂਦੇ ਹਨ।

ਇਹ ਵੀ ਪੜ੍ਹੋ-

ਬੈਟਲਗ੍ਰਾਊਂਡ ਸੂਬਿਆਂ 'ਚ ਕੌਣ ਅੱਗੇ ਹੈ?

ਮੌਜੂਦਾ ਸਮੇਂ ਬੈਟਲਗ੍ਰਾਊਂਡ ਰਾਜਾਂ 'ਚ ਹੋਏ ਸਰਵੇਖਣਾਂ ਦੇ ਰੁਝਾਨ ਬਾਇਡਨ ਦੇ ਹੱਕ 'ਚ ਹਨ। ਪਰ ਫਿਰ ਵੀ ਅੰਤਿਮ ਨਤੀਜੇ ਬਹੁਤ ਦੂਰ ਹਨ ਅਤੇ ਇਹ ਅੰਕੜੇ ਪਲ-ਪਲ 'ਤੇ ਬਦਲਦੇ ਰਹਿੰਦੇ ਹਨ।

ਖਾਸ ਕਰਕੇ ਜਦੋਂ ਡੌਨਲਡ ਟਰੰਪ ਚੋਣ ਮੈਦਾਨ 'ਚ ਹੋਣ ਤਾਂ ਕਿਸੇ ਵੀ ਸਰਵੇਖਣ ਦਾ ਰੁਝਾਨ ਅਗਲੇ ਹੀ ਪਲ ਉਲਟ ਸਕਦਾ ਹੈ।

ਚੋਣ ਸਰਵੇਖਣਾਂ ਦੇ ਰੁਝਾਨ ਦੱਸਦੇ ਹਨ ਕਿ ਜੋ ਬਾਇਡਨ ਨੂੰ ਮਿਸ਼ੀਗਨ, ਪੇਨਸਿਲਵੇਨੀਆ ਅਤੇ ਵਿਸਕੋਨਸਿਨ 'ਚ ਵੱਡੀ ਬੜ੍ਹਤ ਮਿਲ ਰਹੀ ਹੈ।

ਇੰਨ੍ਹਾਂ ਤਿੰਨੇ ਉਦਯੋਗਿਕ ਰਾਜਾਂ 'ਚ ਰਿਪਬਲਿਕਨ ਵਿਰੋਧੀ ਨੇ ਸਾਲ 2016 'ਚ 1% ਤੋਂ ਵੀ ਘੱਟ ਅੰਤਰ ਨਾਲ ਚੋਣਾਂ 'ਚ ਜਿੱਤ ਦਰਜ ਕੀਤੀ ਸੀ।

ਜਿੰਨ੍ਹਾਂ ਬੈਟਲ ਗ੍ਰਾਊਂਡ ਰਾਜਾਂ 'ਚ ਟਰੰਪ ਨੇ 2016 'ਚ ਜਿੱਤ ਦਰਜ ਕੀਤੀ ਸੀ, ਉਹ ਹੁਣ ਟਰੰਪ ਦੀ ਚੋਣ ਮੁਹਿੰਮ ਟੀਮ ਲਈ ਸਭ ਤੋਂ ਚਿੰਤਾ ਵਾਲੇ ਰਾਜ ਹੋਣਗੇ। ਆਈਓਵਾ, ਓਹੀਓ ਅਤੇ ਟੈਕਸਸ 'ਚ ਟਰੰਪ ਅਤੇ ਬਾਇਡਨ ਵਿਚਾਲੇ ਸਿਰੇ ਦੀ ਟੱਕਰ ਹੈ।

ਉਹ ਸਰਵੇਖਣ ਜੁਲਾਈ ਮਹੀਨੇ ਟਰੰਪ ਵੱਲੋਂ ਮੁੜ ਚੋਣ ਮੁਹਿੰਮ ਪ੍ਰਬੰਧਕ ਦੀ ਬਦਲੀ ਦੇ ਫ਼ੈਸਲੇ ਅਤੇ ਉਸ ਦੇ 'ਜਾਅਲੀ ਪੋਲ' ਦੇ ਹਵਾਲਿਆਂ ਬਾਰੇ ਦੱਸ ਸਕਦੇ ਹਨ।

ਹਾਲਾਂਕਿ ਸੱਟੇਬਾਜ਼ੀ ਬਾਜ਼ਾਰਾਂ 'ਚ ਅਜੇ ਟਰੰਪ 'ਤੇ ਪੂਰੀ ਤਰ੍ਹਾਂ ਨਾਲ ਮੋਹਰ ਨਹੀਂ ਲਗਾਈ ਗਈ ਹੈ। ਨਵੇਂ ਰੁਝਾਨਾਂ ਤਹਿਤ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਟਰੰਪ ਦੇ ਜਿੱਤਣ ਦਾ ਮੌਕਾ 3 'ਚੋਂ 1 ਹੀ ਹੈ।

ਕੀ ਨਤੀਜੇ ਦੱਸਦੇ ਹਨ ਕਿ ਪਹਿਲੀ ਡਿਬੇਟ ਕਿੰਨ੍ਹੇ ਜਿੱਤੀ?

20 ਸਤੰਬਰ ਨੂੰ ਹੋਈ ਆਪਣੀ ਪਹਿਲੀ ਡਿਬੇਟ ’ਚ ਜੋਅ ਬਾਇਡਨ ਅਤੇ ਡੌਨਲਡ ਟਰੰਪ ਇੱਕ ਦੂਜੇ ਨੂੰ ਬਰਾਬਰੀ ਦੀ ਟੱਕਰ ਦਿੰਦੇ ਨਜ਼ਰ ਆਏ।

ਕਈ ਮਾਹਰਾਂ ਅਤੇ ਬੀਬੀਸੀ ਦੇ ਐਂਥਨੀ ਜ਼ੁਰਚਿਰ ਨੂੰ ਇਹ ਡਿਬੇਟ ਨੂੰ ‘ਰੋਟੀ ਖੋਹਣ ਵਾਂਗ ਦੀ ਸਿਆਸੀ ਲੜਾਈ’ ਲੱਗ ਰਹੀ ਸੀ।

ਪਰ ਪੋਲ ਸਾਨੂੰ ਕੀ ਕਹਿੰਦੇ ਹਨ?

ਐਨਬੀਸੀ ਨਿਊਜ਼ ਤੇ ਵਾਲ ਸਟ੍ਰੀਟ ਜਨਰਲ ਦੇ ਨੇਸ਼ਨਲ ਪੋਲ ਦੇ ਨਤੀਜੇ ਕਹਿੰਦੇ ਹਨ ਇਸ ਡਿਬੋਟ ਤੋਂ ਬਾਅਦ ਜੋਅ ਬਾਇਡਨ ਨੂੰ 53 ਫ਼ੀਸਦ ਅਤੇ ਡੌਨਲਡ ਟਰੰਪ ਨੂੰ 39 ਫ਼ੀਸਦ ਵੋਟ ਪਏ। ਯਾਨੀ 6 ਫ਼ੀਸਦ ਦਾ ਹੋਰ ਜ਼ਿਆਦਾ ਅੰਤਰ ਜੋ ਕਿ ਹੁਣ ਤੱਕ ਦੇ ਪੋਲ ਦਾ ਸਭ ਤੋਂ ਵੱਡਾ ਅੰਤਰ ਸੀ।

ਪਰ ਨਿਊਯਾਰਕ ਟਾਈਮਜ਼ ਅਤੇ ਸਾਈਨਾ ਕੋਲਜ ਵਲੋਂ ਕੀਤੇ ਗਏ ਪੋਲ ਅਨੁਸਾਰ ਬਾਈਡਨ ਪੈਨਸਿਲਵੇਨੀਆ ’ਚ 7 ਫ਼ੀਸਦ ਅਤੇ ਫਲੋਰੀਡਾ ’ਚ 5 ਫ਼ੀਸਦ ਵੋਟਾਂ ਨਾਲ ਅੱਗੇ ਹਨ।

ਯਾਨੀ ਕਿ ਇੰਝ ਲੱਗਦਾ ਹੈ ਕਿ ਪ੍ਰੇਜ਼ੀਡੇਂਸ਼ਲ ਡਿਬੇਟ ਦਾ ਕੋਈ ਅਸਰ ਪੋਲ ਨਤੀਜਿਆਂ ’ਤੇ ਨਜ਼ਰ ਨਹੀਂ ਆਇਆ।

ਕੀ ਕੋਰੋਨਾਵਾਇਰਸ ਨੇ ਟਰੰਪ ਦੀਆਂ ਵੋਟਾਂ ਨੂੰ ਪ੍ਰਭਾਵਿਤ ਕੀਤਾ ਹੈ?

ਵਿਸ਼ਵਵਿਆਪੀ ਕੋਰੋਨਾ ਵਾਇਰਸ ਮਹਾਂਮਾਰੀ ਇਸ ਸਮੇਂ ਅਮਰੀਕਾ 'ਚ ਸੁਰਖੀਆਂ 'ਚ ਹੈ।

ਸਾਲ ਦੇ ਸ਼ੁਰੂ ਤੋਂ ਹੀ ਮਹਾਮਾਂਰੀ ਕੋਵਿਡ-19 ਨਾਲ ਨਜਿੱਠਣ ਦੇ ਟਰੰਪ ਪ੍ਰਸ਼ਾਸਨ ਦੇ ਯਤਨ ਚਰਚਾ 'ਚ ਹਨ।

ਰਾਸ਼ਟਰਪਤੀ ਟਰੰਪ ਵੱਲੋਂ ਮਹਾਂਮਾਰੀ ਸਬੰਧੀ ਲਏ ਗਏ ਫ਼ੈਸਲਿਆਂ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਦੀ ਵਿਚਾਰਧਾਰਾ ਵੀ ਪ੍ਰਭਾਵਿਤ ਹੋਈ ਹੈ।

ਮਾਰਚ ਦੇ ਮੱਧ 'ਚ ਟਰੰਪ ਵੱਲੋਂ ਰਾਸ਼ਟਰੀ ਐਮਰਜੈਂਸੀ ਦੇ ਐਲਾਨ ਅਤੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਰਾਜਾਂ ਨੂੰ 50 ਬਿਲੀਅਨ ਡਾਲਰ ਦੀ ਮਦਦ ਰਾਸ਼ੀ ਮੁਹੱਈਆ ਕਰਵਾਉਣ ਦੇ ਐਲਾਨ ਤੋਂ ਬਾਅਦ, ਉਨ੍ਹਾਂ ਦੇ ਸਮਰਥਕਾਂ 'ਚ ਖਾਸਾ ਵਾਧਾ ਹੋਇਆ।

ਇਪਸੋਸ, ਜੋ ਕਿ ਇੱਕ ਪ੍ਰਮੁੱਖ ਚੋਣ ਸਰਵੇਖਣ ਕੰਪਨੀ ਹੈ, ਦੇ ਅੰਕੜਿਆਂ ਮੁਤਾਬਕ 55 % ਅਮਰੀਕੀ ਲੋਕਾਂ ਨੇ ਟਰੰਪ ਦੇ ਕਾਰਜਾਂ 'ਤੇ ਮੋਹਰ ਲਗਾਈ।

ਇਸ ਤੋਂ ਬਾਅਦ ਡੈਮੋਕਰੇਟਿਕ ਪਾਰਟੀ ਦਾ ਸਮਰਥਨ ਉਸ ਤੋਂ ਛੁੱਟ ਗਿਆ ਪਰ ਰਿਪਬਲੀਕਨ ਪਾਰਟੀ ਆਪਣੇ ਰਾਸ਼ਟਰਪਤੀ ਦੇ ਹੱਕ 'ਚ ਖੜ੍ਹੀ ਰਹੀ।

ਹਾਲਾਂਕਿ, ਹਾਲ 'ਚ ਹੀ ਹਾਸਲ ਹੋਏ ਅੰਕੜਿਆਂ ਅਨੁਸਾਰ ਉਨ੍ਹਾਂ ਦੇ ਆਪਣੇ ਸਮਰਥਕਾਂ ਨੇ ਹੀ ਹੁਣ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਦੇਸ਼ ਦੇ ਦੱਖਣ ਅਤੇ ਪੱਛਮੀ ਰਾਜ ਵਾਇਰਸ ਦੇ ਨਵੇਂ ਹਮਲੇ ਨੂੰ ਝੱਲ ਚੁੱਕੇ ਹਨ।

ਜੁਲਾਈ ਦੇ ਸ਼ੁਰੂਆਤੀ ਦਿਨਾਂ 'ਚ ਰਿਪਬਲਿਕਨ ਪਾਰਟੀ ਦੇ ਸਮਰਥਕਾਂ 'ਚ 78% ਗਿਰਾਵਟ ਆਈ ਹੈ।

ਇਸ ਤੋਂ ਪਤਾ ਚੱਲਦਾ ਹੈ ਕਿ ਉਹ ਕੋਵਿਡ-19 ਬਾਰੇ ਇੰਨੇ ਘੱਟ ਆਸ਼ਾਵਾਦੀ ਕਿਉਂ ਰਹੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਸਥਿਤੀ ਠੀਕ ਹੋਣ ਦੀ ਬਜਾਏ ਪਹਿਲਾਂ ਤੋਂ ਵੀ ਬਦਤਰ ਹੋ ਜਾਵੇਗੀ।

ਹਾਲ 'ਚ ਹੀ ਉਨ੍ਹਾਂ ਨੇ ਪਹਿਲੀ ਵਾਰ ਮਾਸਕ ਵੀ ਦਾਨ ਕੀਤੇ ਅਤੇ ਸਾਰੇ ਅਮਰੀਕੀ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਵੀ ਕੀਤੀ।

ਟਰੰਪ ਨੇ ਕਿਹਾ ਕਿ ਇਸ ਦਾ ਪ੍ਰਭਾਵ ਪਵੇਗਾ ਅਤੇ ਇਸ ਸਮੇਂ ਦੇਸ਼ ਭਗਤੀ ਵਿਖਾਉਣ ਦਾ ਮੌਕਾ ਹੈ।

ਵਾਸ਼ਿੰਗਟਨ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਤਿਆਰ ਕੀਤੇ ਗਏ ਇੱਕ ਪ੍ਰਮੁੱਖ ਮਾਡਲ ਅਨੁਸਾਰ ਚੋਣਾਂ ਦੇ ਦਿਨ ਤੱਕ ਦੇਸ਼ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦਾ ਅੰਕੜਾ 2,50,000 ਨੂੰ ਪਾਰ ਕਰ ਜਾਵੇਗਾ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਕੀ ਅਸੀਂ ਚੋਣ ਸਰਵੇਖਣਾਂ 'ਤੇ ਭਰੋਸਾ ਕਰ ਸਕਦੇ ਹਾਂ?

ਇਹ ਕਹਿ ਕੇ ਚੋਣ ਸਰਵੇਖਣਾਂ ਨੂੰ ਖਾਰਜ ਕੀਤਾ ਜਾ ਸਕਦਾ ਹੈ ਕਿ ਸਾਲ 2016 'ਚ ਇੰਨ੍ਹਾਂ ਦੇ ਨਤੀਜੇ ਬਿਲਕੁੱਲ ਉਲਟ ਰਹੇ ਸਨ ਅਤੇ ਰਾਸ਼ਟਰਪਤੀ ਟਰੰਪ ਅਕਸਰ ਹੀ ਕੁੱਝ ਇਸ ਤਰ੍ਹਾਂ ਦਾ ਹੀ ਕਰਦੇ ਹਨ। ਪਰ ਇਹ ਪੂਰੀ ਤਰ੍ਹਾਂ ਨਾਲ ਸੱਚ ਨਹੀਂ ਹੈ।

2016 'ਚ ਬਹੁਤੇ ਕੌਮੀ ਚੋਣ ਸਰਵੇਖਣਾਂ ਨੇ ਹਿਲੇਰੀ ਨੂੰ ਕੁੱਝ ਅੰਕਾਂ ਨਾਲ ਅੱਗੇ ਵਿਖਾਇਆ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਗਲਤ ਸਨ, ਕਿਉਂਕਿ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਤੋਂ 30 ਲੱਖ ਵੱਧ ਵੋਟਾਂ ਹਾਸਲ ਕੀਤੀਆਂ ਸਨ।

2016 'ਚ ਪੋਲਸਟਰਾਂ ਨੂੰ ਕਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਖਾਸ ਕਰਕੇ ਕਾਲਜ ਡਿਗਰੀ ਤੋਂ ਬਿਨ੍ਹਾਂ ਵੋਟਰਾਂ ਦੀ ਸਹੀ ਤਰ੍ਹਾਂ ਨਾਲ ਨੁਮਾਇੰਦਗੀ ਕਰਨ 'ਚ ਅਸਫਲਤਾ।

ਇਸ ਦਾ ਮਤਲਬ ਇਹ ਹੈ ਕਿ ਕੁੱਝ ਪ੍ਰਮੁੱਖ ਬੈਟਲਗ੍ਰਾਊਂਡ ਰਾਜਾਂ 'ਚ ਟਰੰਪ ਨੂੰ ਮਿਲ ਰਹੇ ਲਾਭ ਨੂੰ ਅੰਤ ਤੱਕ ਧਿਆਨ ਨਾਲ ਨਹੀਂ ਵੇਖਿਆ ਗਿਆ ਸੀ। ਪਰ ਹੁਣ ਬਹੁਤੀਆਂ ਚੋਣ ਸਰਵੇਖਣ ਕੰਪਨੀਆਂ ਨੇ ਇਸ ਨੂੰ ਦਰੁੱਸਤ ਕਰ ਲਿਆ ਹੈ।

ਪਰ ਇਸ ਸਾਲ ਕੋਰੋਨਾਵਾਇਰਸ ਮਹਾਂਮਾਰੀ ਅਤੇ ਆਰਥਿਕਤਾ 'ਤੇ ਲੋਕ ਕਿਵੇਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ , ਇੰਨ੍ਹਾਂ ਦੋਵਾਂ 'ਤੇ ਮਹਾਮਾਰੀ ਦੇ ਪ੍ਰਭਾਵ ਦੇ ਕਾਰਨ ਇਸ ਵਾਰ ਦੀਆਂ ਰਾਸ਼ਟਰਪਤੀ ਚੋਣਾਂ ਆਮ ਨਾਲੋਂ ਕੁੱਝ ਵਧੇਰੇ ਅਨਿਸ਼ਚਿਤਤਾ 'ਚ ਰਹਿਣਗੀਆਂ।

ਇਸ ਲਈ ਸਾਰੇ ਹੀ ਚੋਣ ਸਰਵੇਖਣਾਂ ਨੂੰ ਪੂਰੀ ਤਰ੍ਹਾਂ ਨਾਲ ਅਸਲ ਨਤੀਜੇ ਦੇ ਰੂਪ 'ਚ ਮਾਨਤਾ ਨਾ ਦੇ ਕੇ ਕੁੱਝ ਤਬਦੀਲੀ ਦੀ ਗੁੰਜਾਇਸ਼ ਰੱਖਣੀ ਹੀ ਸਮੇਂ ਦੀ ਅਸਲ ਮੰਗ ਹੈ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)