ਕੀ ਕੋਰੋਨਵਾਇਰਸ ਦਾ ਇਲਾਜ ਕਾਲੀ ਮਿਰਚ ਵਿੱਚ ਹੈ-ਬੀਬੀਸੀ ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਕੋਰੋਨਾਵਾਇਰਸ ਮਹਾਂਮਾਰੀ ਬਾਰੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਦਾਅਵੇ ਕੀਤੇ ਜਾਂਦੇ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾਵਾਇਰਸ ਦੀ ਦਵਾਈ ਕਦੋਂ ਆਏਗੀ ਇਸ ਬਾਰੇ ਵੀ ਲੋਕਾਂ ਦੀ ਉਤਸੁਕਤਾ ਬਣੀ ਹੋਈ ਹੈ।

ਇਸ ਕੜੀ ਵਿੱਚ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਇੱਕ ਮੈਸੇਜ ਲਗਾਤਾਰ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾਵਾਇਰਸ ਦਾ ਘਰੇਲੂ ਇਲਾਜ ਮਿਲ ਗਿਆ ਹੈ।

ਬੀਬੀਸੀ ਨੂੰ ਵੀ ਪਾਠਕਾਂ ਨੇ ਫੈਕਟ ਚੈੱਕ ਨੰਬਰ 'ਤੇ ਵਾਇਰਲ ਮੈਸੇਜ ਭੇਜਿਆ ਅਤੇ ਇਸ ਦੀ ਸੱਚਾਈ ਜਾਣਨ ਲਈ ਕਿਹਾ। ਹੁਣ ਤੱਕ ਸਾਡੇ ਬਹੁਤ ਸਾਰੇ ਪਾਠਕ ਇਹ ਮੈਸੇਜ ਸਾਨੂੰ ਭੇਜ ਚੁੱਕੇ ਹਨ।

ਇਹ ਵੀ ਪੜ੍ਹੋ:

ਕੀ ਹੈ ਮੈਸੇਜ ਵਿੱਚ

"ਇੱਕ ਖੁਸ਼ੀ ਦੀ ਖ਼ਬਰ ਹੈ ਅੰਤਤੋਗਤਵਾ ਪੋਂਡੀਚੇਰੀ ਯੂਨੀਵਰਸਿਟੀ ਵਿੱਚ ਇੱਕ ਭਾਰਤੀ ਵਿਦਿਆਰਥੀ ਰਾਮੂ ਨੇ ਕੋਵਿਡ -19 ਦਾ ਘਰੇਲੂ ਇਲਾਜ ਲੱਭ ਲਿਆ ਹੈ, ਜਿਸ ਨੂੰ ਡਬਲਯੂਐੱਚਓ ਨੇ ਪਹਿਲੀ ਵਾਰ ਵਿੱਚ ਹੀ ਮਨਜ਼ੂਰੀ ਦੇ ਦਿੱਤੀ ਹੈ।

ਉਸਨੇ ਸਾਬਤ ਕਰ ਦਿੱਤਾ ਕਿ ਇੱਕ ਚਮਚਾ ਭਰਕੇ ਕਾਲੀ ਮਿਰਚ ਦਾ ਚੂਰਨ, ਦੋ ਚੱਮਚ ਸ਼ਹਿਦ, ਥੋੜ੍ਹਾ ਜਿਹਾ ਅਦਰਕ ਦਾ ਰਸ, ਲਗਾਤਾਰ 5 ਦਿਨਾਂ ਤੱਕ ਲਿਆ ਜਾਵੇ ਤਾਂ ਕੋਰੋਨਾ ਦੇ ਅਸਰ ਨੂੰ 100% ਤੱਕ ਖ਼ਤਮ ਕੀਤਾ ਜਾ ਸਕਦਾ ਹੈ।

"ਪੂਰੀ ਦੁਨੀਆਂ ਇਸ ਇਲਾਜ ਨੂੰ ਸ਼ੁਰੂ ਕਰ ਰਹੀ ਹੈ। ਅਖੀਰ 2020 ਵਿੱਚ ਇੱਕ ਚੰਗਾ ਤਜਰਬਾ। ਇਸ ਨੂੰ ਸਾਰੇ ਗਰੁੱਪਜ਼ ਵਿੱਚ ਸਾਂਝਾ ਜ਼ਰੂਰ ਕਰੋ। ਧੰਨਵਾਦ।"

ਉੱਥੇ ਹੀ ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ 'ਤੇ ਵੀ ਅੰਗ੍ਰੇਜ਼ੀ ਵਿੱਚ ਇਸ ਦਾਅਵੇ ਨੂੰ ਲੈ ਕੇ ਟਵੀਟ ਕੀਤੇ ਗਏ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

ਯੂਨੀਵਰਸਿਟੀ ਅਤੇ WHO ਦਾ ਕੀ ਕਹਿਣਾ ਹੈ

ਬੀਬੀਸੀ ਹਿੰਦੀ ਦੀ ਫੈਕਟ ਚੈੱਕ ਦੀ ਟੀਮ ਨੇ ਜਦੋਂ ਪੁਡੂਚੇਰੀ ਯੂਨੀਵਰਸਿਟੀ ਦੇ ਬੁਲਾਰੇ ਕੇਕੇ ਮਕੇਸ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਈ ਦਵਾਈ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਨਹੀਂ ਬਣਾਈ ਹੈ ਅਤੇ ਇਹ ਦਾਅਵਾ ਫਰਜ਼ੀ ਹੈ।

ਜੇ ਤੁਸੀਂ ਡਬਲਯੂਐੱਚਓ ਦੀ ਵੈਬਸਾਈਟ 'ਤੇ ਜਾਂਦੇ ਹੋ, ਤਾਂ ਉਨ੍ਹਾਂ ਨੇ ਅਜਿਹੀਆਂ ਗੁੰਮਰਾਹਕੁੰਨ ਖ਼ਬਰਾਂ ਲਈ ਇੱਕ ਵੱਖਰਾ ਸੈਕਸ਼ਨ ਬਣਾਇਆ ਹੈ ਅਤੇ ਉਸਨੇ ਉੱਥੇ ਦਵਾਈਆਂ ਅਤੇ ਖਾਣ-ਪੀਣ ਸਬੰਧੀ ਸਾਰੇ ਝੂਠੇ ਦਾਅਵਿਆਂ ਦਾ ਸੱਚ ਬਿਆਨ ਕੀਤਾ ਹੈ।

ਡਬਲਯੂਐੱਚਓ ਨੇ ਦਵਾਈ ਸਬੰਧੀ ਆਪਣੀ ਵੈਬਸਾਈਟ 'ਤੇ ਲਿਖਿਆ ਹੈ, "ਹਾਲੇ ਕਈ ਦਵਾਈਆਂ ਦੇ ਟਰਾਇਲ ਚੱਲ ਰਹੇ ਹਨ ਅਤੇ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਹਾਈਡ੍ਰੋਸਾਈਕਲੋਰੋਕਿਨ ਜਾਂ ਕੋਈ ਹੋਰ ਦਵਾਈ ਕੋਵਿਡ -19 ਦਾ ਇਲਾਜ ਹੈ।"

"ਹਾਈਡ੍ਰੋਸਾਈਕਲੋਰੋਕਿਨ ਦੀ ਗਲਤ ਵਰਤੋਂ ਨਾਲ ਜਾਨ ਵੀ ਜਾ ਸਕਦੀ ਹੈ। WHO ਕੋਵਿਡ -19 ਦੇ ਇਲਾਜ ਲਈ ਦਵਾਈ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਉਸ ਦੇ ਮੁਲਾਂਕਣ ਕਰਨ ਵਿੱਚ ਮਦਦ ਕਰ ਰਿਹਾ ਹੈ।"

ਕਾਲੀ ਮਿਰਚ ਦਾ ਦਾਅਵਾ ਕਿੰਨਾ ਸਹੀ

ਇਸਦੇ ਨਾਲ ਹੀ ਡਬਲਯੂਐੱਚਓ ਨੇ ਸਪਸ਼ਟ ਕੀਤਾ ਹੈ ਕਿ ਅਜੇ ਤੱਕ ਕੋਰੋਨਾਵਾਇਰਸ ਦੀ ਕੋਈ ਦਵਾਈ ਨਹੀਂ ਬਣਾਈ ਗਈ ਹੈ ਅਤੇ ਨਾ ਹੀ ਕਾਲੀ ਮਿਰਚ ਦੀ ਵਰਤੋਂ ਖਾਣੇ ਵਿੱਚ ਕਰਨ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕਾਲੀ ਮਿਰਚ ਤੁਹਾਡੇ ਖਾਣੇ ਨੂੰ ਸਵਾਦ ਬਣਾ ਸਕਦੀ ਹੈ ਪਰ ਕੋਰੋਨਾਵਾਇਰਸ ਤੋਂ ਬਚਾਅ ਨਹੀਂ ਸਕਦੀ।

ਉਹ ਕਹਿੰਦੇ ਹਨ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਲੋਕਾਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ, ਆਪਣੇ ਹੱਥ ਲਗਾਤਾਰ ਧੋਵੋ, ਸੰਤੁਲਿਤ ਭੋਜਨ ਖਾਓ, ਪਾਣੀ ਠੀਕ ਤਰ੍ਹਾਂ ਨਾਲ ਪੀਓ, ਕਸਰਤ ਕਰੋ ਅਤੇ ਚੰਗੀ ਨੀਂਦ ਲਓ।

ਹਾਲਾਂਕਿ ਡਬਲਯੂਐੱਚਓ ਨੇ ਮੰਨਿਆ ਹੈ ਕਿ ਕੁਝ ਪੱਛਮੀ, ਰਵਾਇਤੀ ਅਤੇ ਘਰੇਲੂ ਇਲਾਜ ਕੋਵਿਡ -19 ਦੇ ਲੱਛਣਾਂ ਤੋਂ ਰਾਹਤ ਦੇ ਸਕਦੇ ਹਨ ਪਰ ਉਹ ਇਸ ਬਿਮਾਰੀ ਦਾ ਇਲਾਜ ਨਹੀਂ ਹੈ।

ਕੋਵਿਡ -19 ਲਾਗ ਦੇ ਮਾਮਲੇ ਵਿੱਚ ਸਰੀਰ ਦੀ ਪ੍ਰਤੀਰੋਧੀ ਸ਼ਕਤੀ (ਇਮਿਊਨ ਸਿਸਟਮ) ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਇਸ ਪ੍ਰਤੀਰੋਧੀ ਸ਼ਕਤੀ ਨੂੰ ਬਿਹਤਰ ਕਰਨ ਲਈ ਭਾਰਤ ਦੇ ਆਯੁਸ਼ ਮੰਤਰਾਲੇ ਨੇ ਕਈ ਤਰ੍ਹਾਂ ਦੀਆਂ ਸਲਾਹਾਂ ਜਾਰੀ ਕੀਤੀਆਂ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਯੋਗਾ ਦਿਵਸ 'ਤੇ ਪ੍ਰਤੀਰੋਧੀ ਸ਼ਕਤੀ ਨੂੰ ਬਿਹਤਰ ਕਰਨ ਲਈ ਪ੍ਰਾਣਾਯਾਮ ਦਾ ਅਭਿਆਸ ਕਰਨ ਅਤੇ ਕਾੜ੍ਹਾ ਪੀਣ ਵਰਗੀਆਂ ਸਲਾਹਾਂ ਦਿੱਤੀਆਂ ਸਨ।

ਆਯੁਸ਼ ਮੰਤਰਾਲਾ ਵੀ ਪ੍ਰਤੀਰੋਧੀ ਸ਼ਕਤੀ ਨੂੰ ਬਿਹਤਰ ਬਣਾਉਣ ਲਈ ਕਾੜ੍ਹਾ, ਹਲਦੀ ਦੇ ਦੁੱਧ ਅਤੇ ਕਸਰਤ ਵਰਗੇ ਸੁਝਾਅ ਦਿੰਦਾ ਰਿਹਾ ਹੈ।

ਇਹ ਵੀ ਪੜ੍ਹੋ:

ਕੋਰੋਨਾ ਦੇ ਲੱਛਣਾਂ ਵਿੱਚ ਖੰਘ, ਜ਼ੁਕਾਮ, ਬੁਖਾਰ, ਸਰੀਰ ਵਿੱਚ ਦਰਦ, ਖੁਸ਼ਬੂ ਜਾਂ ਬਦਬੂ ਨਾ ਆਉਣਾ ਆਦਿ ਸ਼ਾਮਲ ਹਨ।

ਕਾਲੀ ਮਿਰਚ, ਸ਼ਹਿਦ, ਅਦਰਕ ਆਦਿ ਦੀ ਵਰਤੋਂ ਨਾਲ ਖੰਘ ਅਤੇ ਜ਼ੁਕਾਮ ਵਰਗੇ ਲੱਛਣਾਂ ਤੋਂ ਰਾਹਤ ਮਿਲਦੀ ਹੈ ਪਰ ਇਹ ਕੋਰੋਨਾਵਾਇਰਸ ਦਾ ਇਲਾਜ ਹੈ, ਜੋ ਬੀਬੀਸੀ ਦੇ ਫੈਕਟ ਚੈੱਕ ਵਿੱਚ ਸਾਬਤ ਨਹੀਂ ਹੁੰਦਾ ਹੈ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)