ਭਾਰਤ-ਚੀਨ ਵਿਵਾਦ: 5 ਭਾਰਤੀਆਂ ਨੂੰ ਅਗਵਾ ਕਰਨ ਤੇ ਸਰਹੱਦੀ ਗੋਲੀਬਾਰੀ 'ਤੇ ਚੀਨ ਨੇ ਕੀ ਦਿੱਤਾ ਜਵਾਬ

ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ 5 ਭਾਰਤੀਆਂ ਦੀ ਜਾਣਕਾਰੀ ਹੁਣ ਚੀਨ ਨੇ ਦਿੱਤੀ ਹੈ। ਇਹ 5 ਭਾਰਤੀ ਚੀਨ ਦੀ ਸੀਮਾ 'ਚ ਮਿਲੇ ਸਨ।

ਕੇਂਦਰੀ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਤੋਂ ਲੋਕ ਸਭਾ ਮੈਂਬਰ ਕਿਰਨ ਰਿਜੀਜੂ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਹੈ, "ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਭਾਰਤੀ ਫੌਜ ਦੇ ਸੰਦੇਸ਼ ਦਾ ਜਵਾਬ ਦਿੰਦਿਆਂ ਹੋਇਆ ਇਹ ਦੱਸਿਆ ਹੈ ਕਿ ਅਰੁਣਾਚਲ ਤੋਂ ਲਾਪਤਾ ਹੋਏ 5 ਨੌਜਵਾਨ ਚੀਨ ਦੀ ਸੀਮਾ ਵਿੱਚ ਮਿਲੇ ਹਨ। ਉਨ੍ਹਾਂ ਨੇ ਸਾਡੀ ਓਥਰਿਟੀ ਨੂੰ ਸੌਂਪੇ ਜਾਣ ਦੀ ਪ੍ਰਕਿਰਿਆ 'ਤੇ ਕੰਮ ਚੱਲ ਰਿਹਾ ਹੈ।"

ਸੋਮਵਾਰ ਨੂੰ ਇਨ੍ਹਾਂ 5 ਭਾਰਤੀਆਂ ਦੇ ਲਾਪਤਾ ਹੋਣ ਨੂੰ ਲੈ ਕੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਚੀਨ ਨੇ ਕਿਹਾ ਸੀ ਕਿ ਉਹ ਅਰੁਣਾਚਲ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ, ਬਲਕਿ ਇਹ ਚੀਨ ਦੇ ਦੱਖਣੀ ਤਿੱਬਤ ਦਾ ਇਲਾਕਾ ਹੈ।

ਇਹ ਵੀ ਪੜ੍ਹੋ-

ਇੱਕ ਦਿਨ ਪਹਿਲਾਂ ਹੀ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚਾਓ ਲਿਜਿਐਂਗ ਨੇ ਕਿਹਾ ਸੀ, "ਚੀਨ ਨੇ ਕਦੇ ''ਕਥਿਤ'' ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ, ਇਹ ਚੀਨ ਦੇ ਦੱਖਣੀ ਤਿੱਬਤ ਦਾ ਇਲਾਕਾ ਹੈ।"

"ਸਾਡੇ ਕੋਲ ਭਾਰਤੀ ਫੌਜ ਵੱਲੋਂ ਇਸ ਇਲਾਕੇ ਤੋਂ 5 ਲਾਪਤਾ ਭਾਰਤੀਆਂ ਨੂੰ ਲੈ ਕੇ ਸਵਾਲ ਆਇਆ ਪਰ ਅਜੇ ਸਾਡੇ ਕੋਲ ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ।"

ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ ਦੇ ਉਪਰੀ ਸੂਬਨਸਿਰੀ ਜ਼ਿਲ੍ਹੇ ਤੋਂ 5 ਲੋਕਾਂ ਦੇ 'ਪੀਪਲਜ਼ ਲਿਬਰੇਸ਼ਨ ਆਰਮੀ' (ਪੀਐੱਲਏ) ਦੇ ਸੈਨਿਕਾਂ ਵੱਲੋਂ ਕਥਿਤ ਤੌਰ 'ਤੇ ਅਗਵਾ ਕੀਤੇ ਜਾਣ ਦੇ ਮੁੱਦੇ ਨੂੰ ਚੀਨੀ ਸੈਨਾ ਦੇ ਸਾਹਮਣੇ ਚੁੱਕਿਆ ਸੀ।

ਜਿਸ ਦਾ ਜਵਾਬ ਮੰਗਲਵਾਰ ਨੂੰ ਚੀਨ ਵੱਲੋਂ ਦਿੱਤਾ ਗਿਆ ਹੈ।

ਭਾਰਤ ਨੇ ਕਿਹਾ, ਚੀਨੀ ਸੈਨਾ ਨੇ ਚਲਾਈ ਗੋਲੀ, ਚੀਨ ਦਾ ਆਇਆ ਜਵਾਬ

ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸਲ ਕੰਟਰੋਲ ਰੇਖਾ 'ਤੇ ਸੋਮਵਾਰ ਨੂੰ ਪਹਿਲੇ ਭਾਰਤ ਸੈਨਿਕਾਂ ਨੇ ਗੋਲੀ ਚਲਾਈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲਿਜਿਆਨ ਨੇ ਆਪਣੀ ਦੈਨਿਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਭਾਰਤੀ ਸੈਨਕ ਗ਼ੈਰ-ਕਾਨੂੰਨੀ ਤੌਰ 'ਤੇ ਐੱਲਏਸੀ ਦੇ ਦੂਜੇ ਪਾਸੇ ਗਏ ਸਨ, ਜਿਸ ਤੋਂ ਬਾਅਦ ਚੀਨੀ ਸੀਮਾ ਦੀ ਨਿਗਰਾਨੀ ਕਰਨ ਵਾਲੇ ਸੈਨਿਕ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਸਨ ਪਰ ਉਦੋਂ ਹੀ ਭਾਰਤੀ ਸੈਨਿਕਾਂ ਨੇ ਚਿਤਾਵਨੀ ਦੇਣ ਲਈ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਬੁਲਾਰੇ ਨੇ ਕਿਹਾ ਕਿ 1975 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸੀਮਾ 'ਤੇ ਗੋਲੀਬਾਰੀ ਹੋਈ ਹੈ।

ਚੀਨ ਵੱਲੋਂ ਇਹ ਪ੍ਰਤਿਕਿਰਿਆ ਭਾਰਤੀ ਸੈਨਾ ਦੇ ਮੰਗਲਵਾਰ ਨੂੰ ਸਾਹਮਣੇ ਆਏ ਬਿਆਨ ਤੋਂ ਬਾਅਦ ਦਿੱਤੀ ਗਈ ਹੈ।

ਜਿਸ ਵਿੱਚ ਦਾਅਵਾ ਕੀਤਾ ਗਿਆ ਹੈ, "ਭਾਰਤੀ ਸੈਨਾ ਨੇ ਐੱਸਏਸੀ ਦਾ ਉਲੰਘਣ ਨਹੀਂ ਕੀਤਾ ਅਤੇ ਨਾ ਹੀ ਗੋਲਬਾਰੀ ਵਰਗੀ ਕੋਈ ਹਮਲਾਵਰ ਕਾਰਵਾਈ ਕੀਤੀ।"

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਚੀਨੀ ਸੈਨਾ ਦੇ ਵੈਸਟਰਨ ਥਿਓਟਰ ਕਮਾਨ ਦੇ ਇੱਕ ਬੁਲਾਰੇ ਨੇ ਇਲਜ਼ਾਮ ਲਗਾਇਆ ਸੀ ਕਿ ਭਾਰਤੀ ਸੈਨਿਕਾਂ ਨੇ ਪੈਂਗੌਂਗ ਤਸੋ ਝੀਲ ਦੇ ਦੱਖਣੀ ਤਟ 'ਤੇ ਸ਼ੇਨਪਾਓ ਪਹਾੜੀ ਖੇਤਰ ਵਿੱਚ ਐੱਲਏਸੀ ਦਾ ਉਲੰਘਣ ਕੀਤਾ ਹੈ ਅਤੇ ਚੀਨੀ ਗਸ਼ਤੀ ਦਲ ਵੱਲ ਗੋਲੀਆਂ ਚਲਾਈਆਂ।

ਭਾਰਤੀ ਸੈਨਾ ਦਾ ਦਾਅਵਾ, ਚੀਨ ਨੇ ਕੀਤੀ ਗੋਲੀਬਾਰੀ

ਭਾਰਤੀ ਸੈਨਾ ਨੇ ਐੱਲਏਸੀ 'ਤੇ ਚੀਨੀ ਸੈਨਾ ਵੱਲੋਂ ਗੋਲੀਬਾਰੀ ਕਰਨ ਦੀ ਪੁਸ਼ਟੀ ਕਰਦਿਆਂ ਹੋਇਆ ਇਲਜ਼ਾਮ ਲਗਾਇਆ ਹੈ ਕਿ ਚੀਨੀ ਸੈਨਾ ਖੁੱਲ੍ਹਮਖੁੱਲ੍ਹਾ ਸਮਝੌਤਿਆਂ ਦਾ ਉਲੰਘਣ ਕਰ ਰਹੀ ਹੈ ਅਤੇ ਹਮਲਾਵਰ ਹਰਕਤਾਂ ਕਰ ਰਹੀ ਹੈ।

ਸੈਨਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ, "7 ਸਤੰਬਰਸ ਸੋਮਵਾਰ ਨੂੰ ਚੀਨੀ ਸੈਨਾ (ਪੀਐੱਲਏ) ਦੇ ਸੈਨਿਕ ਐੱਲਏਸੀ 'ਤੇ ਭਾਰਤ ਦੇ ਇੱਕ ਪੋਜ਼ੀਸ਼ਨ ਵੱਲੋਂ ਵਧਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਜਦੋਂ ਸਾਡੇ ਸੈਨਿਕਾਂ ਨੇ ਉਨ੍ਹਾਂ ਨੂੰ ਭਜਾਇਆ ਤਾਂ ਉਨ੍ਹਾਂ ਨੇ ਹਵਾ ਵਿੱਚ ਕਈ ਰਾਊਂਡ ਫਾਇਰ ਕਰ ਕੇ ਸਾਡੇ ਸੈਨਿਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।"

ਸੈਨਾ ਨੇ ਇਲਜ਼ਾਮ ਲਗਾਇਆ ਹੈ ਕਿ ਚੀਨ ਦੇ ਵੈਸਟਰਨ ਥਿਏਟਰ ਕਮਾਂਡ ਨੇ ਆਪਣੇ ਬਿਆਨ ਨਾਲ ਆਪਣੇ ਦੇਸ਼ ਅੰਦਰ ਅਤੇ ਕੌਮਾਂਤਰੀ ਜਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਤੋਂ ਪਹਿਲਾ ਚੀਨ ਨੇ ਦਾਅਵਾ ਕੀਤਾ ਸੀ ਕਿ ਸੋਮਵਾਰ ਨੂੰ ਐੱਲਏਸੀ 'ਤੇ ਤੈਨਾਤ ਭਾਰਤੀ ਸੈਨਿਕਾਂ ਨੇ ਇੱਕ ਵਾਰ ਫਿਰ ਗ਼ੈਰ-ਕਾਨੂੰਨੀ ਤਰੀਕੇ ਨਾਲ ਐੱਲਏਸੀ ਨੂੰ ਪਾਰ ਕੀਤਾ ਅਤੇ ਚੀਨੀ ਸੀਮਾ 'ਤੇ ਤੈਨਾਤ ਸੈਨਿਕਾਂ 'ਤੇ ਵਾਰਨਿੰਗ ਸ਼ਾਟਸ ਫਾਇਰ ਕੀਤੇ।

ਚੀਨ ਮੁਤਾਬਕ ਚੀਨੀ ਸੈਨਿਕ ਗੱਲਬਾਤ ਕਰਨ ਵਾਲੇ ਸਨ। ਚੀਨ ਦੀ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਚੀਨੀ ਸੈਨਾ ਦੇ ਚੀਨੀ ਸੈਨਾ ਦੇ ਇੱਕ ਬੁਲਾਰੇ ਦੇ ਹਵਾਲੇ ਨਾਲ ਲਿਖਿਆ ਹੈ ਕਿ ਹਾਲਾਤ ਨੂੰ ਸਥਿਰ ਕਰਨ ਲਈ ਚੀਨੀ ਸੈਨਿਕਾਂ ਨੂੰ ਮਜਬੂਰ ਹੋ ਕੇ ਜਵਾਬੀ ਕਾਰਵਾਈ ਕਰਨੀ ਪਈ।

ਭਾਰਤੀ ਸਮਾਚਾਰ ਏਜੰਸੀ ਏਐੱਨਆਈ ਨੇ ਵੀ ਕਿਹਾ ਹੈ ਕਿ ਐੱਲਏਸੀ 'ਤੇ ਪੂਰਬੀ ਲੱਦਾਖ਼ ਵਿੱਚ ਫਾਇਰਿੰਗ ਹੋਈ ਹੈ।

ਚੀਨੀ ਸੈਨਾ ਦੇ ਬੁਲਾਰੇ ਸੀਨੀਅਰ ਕਰਨਲ ਜਾਂਗ ਸ਼ਿਯੂਲੀ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, "ਭਾਰਤੀ ਸੈਨਿਕਾਂ ਨੇ ਭਾਰਤ-ਚੀਨ ਸੀਮਾ ਦੇ ਪੱਛਮੀ ਹਿੱਸੇ ਵਿੱਚ ਐੱਲਏਸੀ ਨੂੰ ਪਾਰ ਕੀਤਾ ਅਤੇ ਪੰਗੌਂਗ ਤਸੋ ਝੀਲ ਦੇ ਦੱਖਣੀ ਕਿਨਾਕੇ ਨਜ਼ਦੀਕ ਸ਼ੇਨਪਾਓ ਪਹਾੜ ਦੇ ਇਲਾਕੇ ਵਿੱਚ ਵੜ ਗਏ।"

ਬਿਆਨ ਮੁਤਾਬਕ ਭਾਰਤੀ ਸੈਨਾ ਦੇ ਇਸ ਕਦਮ ਨੇ ਦੋਵਾਂ ਪੱਖਾਂ ਵਿਚਾਲੇ ਜੋ ਸਹਿਮਤੀ ਬਣੀ ਸੀ, ਇਹ ਉਸ ਦਾ ਗੰਭੀਰ ਉਲੰਘਣ ਹੈ, ਅਤੇ ਇਸ ਨੇ ਇਲਾਕੇ ਵਿੱਚ ਤਣਾਅ ਵਧਾ ਦਿੱਤਾ ਹੈ।

ਚੀਨੀ ਸੈਨਾ ਦੇ ਬੁਲਾਰੇ ਮੁਤਾਬਕ ਇਸ ਨਾਲ ਦੋਵਾਂ ਪੱਖਾਂ ਵਿੱਚ ਗ਼ਲਤਫਹਿਮੀ ਵਧੇਗੀ ਅਤੇ ਇਹ ਗੰਭੀਰ ਸੈਨਿਕ ਭੜਕਾਊ ਅਤੇ ਘਿਣਾਉਣੀ ਕਾਰਵਾਈ ਹੈ।

ਬੁਲਾਰੇ ਜਾਂਗ ਨੇ ਕਿਹਾ, "ਅਸੀਂ ਭਾਰਤੀ ਪੱਧ ਕੋਲੋਂ ਮੰਗ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੀਆਂ ਖ਼ਤਰਨਾਕ ਹਰਕਤਾਂ ਨੂੰ ਫੌਰਨ ਬੰਦ ਕਰੇ, ਜਿਨ੍ਹਾਂ ਸੈਨਿਕਾਂ ਨੇ ਐੱਲਏਸੀ ਨੂੰ ਪਾਰ ਕੀਤਾ ਹੈ ਉਨ੍ਹਾਂ ਨੂੰ ਤੁਰੰਤ ਵਾਪਸ ਬੁਲਾਏ, ਸੀਮਾ 'ਤੇ ਤੈਨਾਤ ਸੈਨਿਕਾਂ ਨੂੰ ਕਾਬੂ ਵਿੱਚ ਰੱਖੇ, ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਅਤੇ ਜਿਨ੍ਹਾਂ ਸੈਨਿਕਾਂ ਨੇ ਵੀ ਵਾਰਨਿੰਗ ਸ਼ਾਟਸ ਫਾਇਰ ਕੀਤੇ ਹਨ, ਉਨ੍ਹਾਂ ਨੂੰ ਸਜ਼ਾ ਦੇਵੇ ਤੇ ਇਹ ਵੀ ਤੈਅ ਕਰੇ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।"

ਇਹ ਵੀ ਪੜ੍ਹੋ-

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)