You’re viewing a text-only version of this website that uses less data. View the main version of the website including all images and videos.
ਬਾਂਦਰਾਂ ਨਾਲ ਚਿੜੀਆਘਰ ਵਿੱਚ ਰੱਖੇ ਗਏ ਮੁੰਡੇ ਦੀ ਕਹਾਣੀ, ਜਿਸ ਦੀ 114 ਸਾਲ ਬਾਅਦ ਮਾਫ਼ੀ ਮੰਗੀ ਗਈ
ਓਟਾ ਬੇਂਗਾ ਨੂੰ 1904 ਵਿੱਚ ਅਗਵਾ ਕਰ ਕੇ ਅਮਰੀਕਾ ਪਹੁੰਚਾ ਦਿੱਤਾ ਗਿਆ। ਜਿੱਥੇ ਉਸ ਨੂੰ ਇੱਕ ਜਾਨਵਰ ਵਾਂਗ ਨੁਮਾਇਸ਼ ਲਈ ਚਿੜੀਆਘਰ ਦੇ ਇੱਕ ਪਿੰਜਰੇ ਵਿੱਚ ਰੱਖਿਆ ਗਿਆ। ਉਹ ਮੂਲ ਰੂਪ ਵਿਚ ਅਫ਼ਰੀਕੀ ਦੇਸ਼ ਕੌਂਗੋ ਦਾ ਰਹਿਣ ਵਾਲਾ ਸੀ, ਜਿਸ ਨੂੰ ਹੁਣ ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ ਕਿਹਾ ਜਾਂਦਾ ਹੈ।
ਪੱਤਰਕਾਰ ਪਾਮੇਲਾ ਨਿਊਕਿਰਕ ਨੇ ਇਸ ਮਾਮਲੇ ਨੂੰ ਉਠਾਉਣ ਲਈ ਪਿਛਲੇ ਦਹਾਕਿਆਂ ਦੌਰਾਨ ਸਮੇਂ-ਸਮੇਂ 'ਤੇ ਕੀਤੀਆਂ ਕੋਸ਼ਿਸ਼ਾਂ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੈ।
ਅਮਰੀਕਾ ਦੇ ਨਿਊਯਾਰਕ ਦਾ ਬ੍ਰੋਂਕਸ ਚਿੜੀਆ ਘਰ ਇਸ ਸਿਆਹਫ਼ਾਮ ਮੁੰਡੇ ਨੂੰ ਬਾਂਦਰਾਂ ਦੇ ਪਿੰਜਰੇ ਵਿੱਚ ਰੱਖਣ ਲਈ ਅੱਜ ਤੋਂ ਲਗਭਗ ਸੌ ਸਾਲ ਪਹਿਲਾਂ ਚਰਚਾ ਵਿੱਚ ਆਇਆ ਸੀ। ਚਿੜੀਆ ਘਰ ਨੇ ਆਪਣੇ ਇਸ ਅਣਮਨੁੱਖੀ ਕਾਰੇ ਲਈ ਆਖ਼ਰ ਮੁਆਫ਼ੀ ਮੰਗ ਲਈ ਹੈ। ਭਾਵ ਸੌ ਸਾਲ ਬਾਅਦ।
ਇਹ ਮੁਆਫ਼ੀ ਅਫ਼ਰੀਕੀ-ਅਮਰੀਕੀ ਨਾਗਰਿਕ ਜੌਰਜ ਫਲੌਇਡ ਦੀ ਹੋਈ ਮੌਤ ਤੋਂ ਬਾਅਦ ਦੁਨੀਆਂ ਭਰ ਵਿੱਚ ਸਿਆਹਫ਼ਾਮ ਲੋਕਾਂ ਨਾਲ ਹੁੰਦੇ ਆ ਰਹੇ ਇਤਿਹਾਸਕ ਵਿਤਕਰੇ ਬਾਰੇ ਬਹਿਸ ਛਿੜਨ ਦੌਰਾਨ ਆਈ ਹੈ।
ਇਹ ਵੀ ਪੜ੍ਹੋ:
- ਜਸਵੰਤ ਸਿੰਘ ਖਾਲੜਾ: ਲਾਵਾਰਿਸ ਕਹਿ ਕੇ ਸਾੜੀਆਂ ਹਜ਼ਾਰਾਂ ਲਾਸ਼ਾਂ ਦਾ ਵਾਰਿਸ
- 'ਪਹਿਲਾਂ ਸਿੱਖਾਂ ਨੂੰ ਹਥਿਆਰਾਂ ਨਾਲ ਮਾਰਿਆ ਜਾਂਦਾ ਸੀ ਹੁਣ ਬੌਧਿਕ ਤੌਰ 'ਤੇ'
- IPL : ਬੀਸੀਸੀਆਈ ਨੇ ਮੈਚਾਂ ਦਾ ਸ਼ੈਡਿਊਲ ਕੀਤਾ ਜਾਰੀ, ਜਾਣੋ ਕਿਹੜੀਆਂ ਟੀਮਾਂ ਵਿਚਾਲੇ ਕਦੋਂ ਕਦੋਂ ਹੋਣਗੇ ਮੈਚ
- ਰਿਚਰਡ ਨਿਕਸਨ : ਭਾਰਤੀ ਔਰਤਾਂ ਬਾਰੇ ਕਿਹੋ ਜਿਹੀ ਨੀਵੇਂ ਪੱਧਰ ਦੀ ਭਾਸ਼ਾ ਵਰਤਦੇ ਸਨ ਮਰਹੂਮ ਰਾਸ਼ਟਰਪਤੀ
ਜਦੋਂ ਅਮਰੀਕੀ ਸਮਾਜ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਵਿੱਚ ਰੁਝਿਆ ਹੋਇਆ ਹੈ ਤਾਂ ਵਾਈਲਡਲਾਈਫ਼ ਕੰਜ਼ਰਵੇਸ਼ਨ ਸੁਸਾਇਟੀ ਦੇ ਮੁਖੀ ਕ੍ਰਿਸਟੀਅਨ ਸੈਂਪਰ ਨੇ ਕਿਹਾ ਕਿ ਇਹ "ਮੌਕਾ ਸੰਸਥਾ ਦੇ ਆਪਣੇ ਇਤਿਹਾਸ ਬਾਰੇ ਅਤੇ ਸੰਸਥਾ ਵਿੱਚ ਨਸਲਵਾਦ ਦੀ ਨਿਰੰਤਰਤਾ ਬਾਰੇ ਵਿਚਾਰ ਕਰਨ ਦਾ ਵੀ ਹੈ।"
ਉਨ੍ਹਾਂ ਨੇ ਕਿਹਾ ਕਿ ਸੁਸਾਈਟੀ, ਜੋ ਕਿ ਬ੍ਰੋਂਕਸ ਚਿੜੀਆ ਘਰ ਦੀ ਪ੍ਰਬੰਧਕ ਵੀ ਹੈ, ਉਹ ਓਟਾ ਬੇਂਗਾ ਘਟਨਾਕ੍ਰਮ ਬਾਰੇ ਪੂਰੀ ਪਾਰਦਰਸ਼ਿਤਾ ਵਰਤੇਗੀ, ਜੋ ਕਿ ਬੇਂਗਾ ਨੂੰ ਪਹਿਲੀ ਵਾਰ 9 ਸਤੰਬਰ 1906 ਦੇ ਦਿਨ ਨੁਮਾਇਸ਼ ਵਿੱਚ ਰੱਖਣ ਤੋਂ ਲੈ ਕੇ 28 ਸਤੰਬਰ 1906 ਨੂੰ ਉਸ ਦੀ ਰਿਹਾਈ ਤੱਕ ਯੂਰਪੀ ਅਤੇ ਅਮਰੀਕੀ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਰਿਹਾ।
ਹਾਲਾਂਕਿ ਕਿ ਇਹ ਮੁਆਫ਼ੀ ਕਈ ਸਾਲਾਂ ਦੇ ਟਾਲਮਟੋਲ ਤੋਂ ਬਾਅਦ ਮੰਗੀ ਗਈ
'ਉਹ ਚਿੜੀਆਘਰ ਦਾ ਮੁਲਾਜ਼ਮ ਸੀ'
ਇਸ ਘਟਨਾ ਤੋਂ ਕੁਝ ਸਿੱਖਣ ਦੀ ਬਜਾਇ ਵਾਈਲਡ ਲਾਈਫ਼ ਕੰਜ਼ਰਵੇਸ਼ਨ ਸੁਸਾਇਟੀ ਇੱਕ ਸਦੀ ਤੱਕ ਇਸ ਉੱਪਰ ਮਿੱਟੀ ਪਾਉਣ ਦੀ ਕੋਸ਼ਿਸ਼ ਵਿੱਚ ਲੱਗੀ ਰਹੀ।
ਚਿੜੀਆਘਰ ਦੇ ਪੁਰਾਣੇ ਰਿਕਾਰਡ ਵਿੱਚ ਸਾਲ 1906 ਦਾ ਇੱਕ ਪੱਤਰ ਉਜਾਗਰ ਕਰਦਾ ਹੈ ਕਿ ਜਦੋਂ ਮਾਮਲਾ ਭੱਖਣ ਲੱਗਿਆ ਅਤੇ ਚੌਤਰਫੋਂ ਨਿੰਦਾ ਦਾ ਮੀਂਹ ਵਰਣ ਲੱਗਿਆਂ ਤਾਂ ਅਧਿਕਾਰੀਆਂ ਨੇ ਇੱਕ ਕਹਾਣੀ ਘੜਨ ਦਾ ਵਿਚਾਰ ਕੀਤਾ ਕਿ ਬੇਂਗਾ ਚਿੜਿਆ ਘਰ ਦਾ ਇੱਕ ਮੁਲਾਜ਼ਮ ਸੀ। ਕਮਾਲ ਦੀ ਗੱਲ ਇਹ ਕਿ ਦਹਾਕਿਆਂ ਤੱਕ ਇਹ ਕਹਾਣੀ ਚੱਲਦੀ ਵੀ ਰਹੀ।
ਓਟਾ ਬੇਂਗਾ ਕੌਣ ਸੀ?
•ਓਟਾ ਬੇਂਗਾ ਨੂੰ ਮਾਰਚ 1904 ਵਿੱਚ ਉਸ ਸਮੇਂ ਦੇ ਬੈਲਜੀਅਨ ਕਾਂਗੋ ਤੋਂ ਇੱਕ ਅਮਰੀਕੀ ਵਪਾਰੀ ਸੈਮੂਅਲ ਵਰਨਰ ਨੇ ਫੜਿਆ ਸੀ। ਉਸ ਸਮੇਂ ਬੇਂਗਾ ਪੱਕਾ ਤਾਂ ਨਹੀਂ ਪਰ ਸ਼ਾਇਦ ਬਾਰਾਂ ਜਾਂ ਤੇਰ੍ਹਾਂ ਸਾਲ ਸੀ।
•ਉਸ ਨੂੰ ਜਹਾਜ਼ ਰਾਹੀਂ ਅਮਰੀਕਾ ਦੇ ਨਿਊ ਔਰਲੀਨਜ਼ ਲਿਆਂਦਾ ਗਿਆ ਜਿੱਥੇ ਅੱਠ ਹੋਰ ਨੌਜਵਾਨਾਂ ਨਾਲ ਉਸਨੂੰ ਸੇਂਟ ਲਿਊਈਸ ਦੇ ਵਰਲਡ ਫ਼ੇਅਰ ਵਿੱਚ ਨੁਮਾਇਸ਼ 'ਤੇ ਲਾਇਆ ਜਾਣਾ ਸੀ।
• ਮੇਲਾ ਠੰਡ ਦੇ ਵਿੱਚ ਵੀ ਚਲਦਾ ਰਿਹਾ, ਪਰ ਇਨ੍ਹਾਂ ਮੁੰਡਿਆਂ ਨੂੰ ਬਿਨਾਂ ਲੋੜੀਂਦੇ ਕੱਪੜਿਆਂ ਅਤੇ ਜਗ੍ਹਾ ਦੇ ਹੀ ਰੱਖਿਆ ਗਿਆ।
• ਸਤੰਬਰ 1906 ਵਿੱਚ ਉਸ ਦੀ ਨਿਊਯਾਰਕ ਦੇ ਬ੍ਰੋਂਕਸ ਚਿੜੀਆਘਰ ਵਿੱਚ 20 ਦਿਨ੍ਹਾਂ ਲਈ ਨੁਮਾਇਸ਼ ਲਾਈ ਗਈ, ਜਿੱਥੇ ਬਹੁਤ ਲੋਕ ਉਸ ਨੂੰ ਦੇਖਣ ਪਹੁੰਚੇ।
• ਇਸਾਈ ਪ੍ਰਚਾਰਕਾਂ ਨੇ ਉਸ ਦੀ ਬੰਦ-ਖਲਾਸੀ ਕਰਵਾਈ ਅਤੇ ਉਸ ਨੂੰ ਅਫ਼ਰੀਕਨ ਅਮਰੀਕਨ ਰੈਵਰਨਡ ਜੇਮਜ਼ ਐੱਚ ਗੋਰਡਨ ਵੱਲੋਂ ਨਿਊਯਾਰਕ ਵਿੱਚ ਚਲਾਏ ਜਾਂਦੇ ਯਤੀਮ ਖਾਨੇ ਵਿੱਚ ਭੇਜ ਦਿੱਤਾ ਗਿਆ।
• ਜਨਵਰੀ 1910 ਵਿਚ ਉਹ ਵਰਜ਼ੀਨੀਆਂ ਵਿੱਚ ਸਿਆਹਫ਼ਾਮ ਪਾੜ੍ਹਿਆਂ ਲਈ ਚਲਾਏ ਜਾਂਦੇ ਲਿੰਚਬਰਗ ਥਿਊਲੋਜੀਕਲ ਸੈਮੀਨਰੀ ਅਤੇ ਕਾਲਜ ਵਿੱਚ ਚਲਾ ਗਿਆ।
• ਉਥੇ ਉਸਨੇ ਆਸ-ਪਾਸ ਦੇ ਮੁੰਡਿਆਂ ਨੂੰ ਸ਼ਿਕਾਰ ਕਰਨਾ ਅਤੇ ਮੱਛੀ ਫੜਨਾ ਸਿਖਾਇਆ ਅਤੇ ਆਪਣੇ ਪਿਛਲੇ ਘਰ ਦੇ ਸਾਹਸ ਭਰੇ ਕਿੱਸੇ ਵੀ ਸੁਣਾਏ।
• ਮਾਰਚ 1916 ਵਿੱਚ ਉਹ ਆਪਣੀ ਮਿੱਟੀ ਦੇ ਮੋਹ ਕਾਰਨ ਤਣਾਅ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੇ ਲੁਕਾ ਕੇ ਰੱਖੀ ਇੱਕ ਬੰਦੂਕ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਕਿਹਾ ਜਾਂਦਾ ਹੈ ਉਸ ਸਮੇਂ ਉਸਦੀ ਉਮਰ ਤਕਰੀਬਨ 25 ਸਾਲ ਸੀ।
ਸਰੋਤ- ਸਪੈਕਟੇਕਲ: ਦਾ ਐਸਟੋਨੀਸ਼ਿੰਗ ਲਾਈਫ਼ ਆਫ਼ ਓਟਾ ਬੇਂਗਾ।
ਇਹ ਵੀ ਪੜ੍ਹੋ
1916 ਵਿੱਚ ਓਟਾ ਬੇਂਗਾ ਦੀ ਮੌਤ ਤੋਂ ਬਾਅਦ ਨਿਊਯਾਰਕ ਟਾਈਮਜ਼ ਅਖ਼ਬਾਰ ਦੇ ਇੱਕ ਲੇਖ ਨੇ ਉਸਦੀ ਨੁਮਾਇਸ਼ ਦੀਆਂ ਕਹਾਣੀਆਂ ਨੂੰ ਰੱਦ ਕਰ ਦਿੱਤਾ।
ਲੇਖ ਵਿੱਚ ਕਿਹਾ ਗਿਆ, "ਇਹ ਰੁਜ਼ਗਾਰ ਸੀ ਜਿਸਨੇ ਇੱਕ ਬੇਬੁਨਿਆਦ ਰਿਪੋਰਟ ਨੂੰ ਜਨਮ ਦਿੱਤਾ ਕਿ ਉਸਨੂੰ ਬਾਂਦਰ ਦੇ ਪਿੰਜਰੇ ਵਿੱਚ ਨੁਮਾਇਸ਼ ਲਈ ਪਾਰਕ ਵਿੱਚ ਰੱਖਿਆ ਗਿਆ ਸੀ।''
ਇਸ ਲੇਖ ਵਿੱਚ ਬਿਨ੍ਹਾਂ ਸ਼ੱਕ ਉਨ੍ਹਾਂ ਕਈ ਲੇਖਾਂ ਦਾ ਖੰਡਨ ਕੀਤਾ ਗਿਆ, ਜੋ ਕਿ ਦਹਾਕੇ ਪਹਿਲਾਂ ਯੂਰਪ ਅਤੇ ਦੇਸ ਦੇ ਅਖਬਾਰਾਂ ਵਿੱਚ ਛਪੇ ਸਨ।
ਇਕੱਲੇ ਨਿਊਯਾਰਕ ਟਾਈਮਜ਼ ਨੇ ਇਸ ਮਾਮਲੇ 'ਤੇ ਇੱਕ ਦਰਜਨ ਲੇਖ ਪ੍ਰਕਾਸ਼ਿਤ ਕੀਤੇ ਸਨ। ਪਹਿਲਾ ਲੇਖ 9 ਸਤੰਬਰ 1906 ਨੂੰ 'ਬੁਸ਼ਮੈਨ ਸ਼ੇਅਰਜ਼ ਏ ਕੇਜ ਵਿਦ ਬ੍ਰੌਂਕਸ ਪਾਰਕ ਏਪਸ' ਸਿਰਲੇਖ ਹੇਠ ਛਪਿਆ।
ਇਸ ਤੋਂ ਬਾਅਦ 1974 ਵਿੱਚ ਚਿੜੀਆਘਰ ਦੇ ਕਿਉਰੇਟਰ, ਵਿਲੀਅਮ ਬਰਿਜਸ ਨੇ ਦਾਅਵਾ ਕੀਤਾ ਕਿ ਅਸਲ ਵਿੱਚ ਜੋ ਕੁਝ ਹੋਇਆ ਉਸ ਬਾਰੇ ਪਤਾ ਨਹੀਂ ਲੱਗ ਸਕਿਆ।
ਆਪਣੀ ਕਿਤਾਬ ਗੈਦਰਿੰਗ ਆਫ਼ ਐਨੀਮਲਜ਼ ਵਿੱਚ ਉਸਨੇ ਲਿਖਿਆ, "ਕੀ ਓਟਾ ਬੇਂਗਾ ਦੀ ਕਿਸੇ ਅਜੀਬ, ਦੁਰਲੱਭ ਜਾਨਵਰ ਵਾਂਗ ਨੁਮਾਇਸ਼ ਲਾਈ ਗਈ ਸੀ?" ਇਹ ਅਜਿਹਾ ਸਵਾਲ ਸੀ ਜਿਸਦਾ ਜਵਾਬ ਚਿੜੀਆ ਘਰ ਦੇ ਦਸਤਾਵੇਜ਼ਾਂ ਦੇ ਸੰਚਾਲਕ ਵਜੋਂ ਉਹ ਖੁਦ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ।
ਉਸਨੇ ਅੱਗੇ ਲਿਖਿਆ,"ਉਸਨੂੰ ਦੇਖੇ ਜਾਣ ਲਈ ਕੁਝ ਘੰਟਿਆ ਲਈ ਪਿੰਜਰੇ ਵਿੱਚ ਨੰਗਿਆਂ ਬੰਦ ਕੀਤੇ ਜਾਣਾ ਸੰਭਵ ਨਹੀਂ ਲੱਗਦਾ।" ਸਪੱਸ਼ਟ ਹੈ ਕਿ ਵਿਲੀਅਮ ਬਰਿਜਸ ਜ਼ੁਲੋਜੀਕਲ ਸੁਸਾਇਟੀ ਆਰਕਾਈਵਜ਼ ਦੇ ਸਾਰੇ ਸਬੂਤਾਂ ਨੂੰ ਨਜ਼ਰਅੰਦਾਜ ਕਰਕੇ ਅਜਿਹਾ ਕਹਿ ਰਹੇ ਸਨ।
ਓਟਾ ਬੇਂਗਾ ਦੀ ਨੁਮਾਇਸ਼ ਬਾਰੇ ਚਿੜੀਆਘਰ ਦੇ ਡਾਇਰੈਕਟਰ ਦਾ ਇੱਕ ਲੇਖ ਜ਼ੁਲੋਜੀਕਲ ਸੁਸਾਇਟੀ ਦੇ ਆਪਣੇ ਇੱਕ ਪ੍ਰਕਾਸ਼ਨ ਵਿੱਚ ਵੀ ਪ੍ਰਕਾਸ਼ਤ ਹੋਇਆ ਸੀ।
ਫਿਰ ਵੀ ਬ੍ਰਿਜਸ ਨੇ ਲਿਖਿਆ, "ਇੰਨੇ ਲੰਬੇ ਸਮੇਂ ਬਾਅਦ ਇਹ ਸਭ ਨਿਸ਼ਚਿਤ ਤੌਰ 'ਤੇ ਕਿਹਾ ਜਾ ਸਕਦਾ ਹੈ, ਸਿਵਾਏ ਇਸ ਗੱਲ ਦੇ ਕਿ ਇਹ ਸਭ ਚੰਗੀ ਨੀਅਤ ਨਾਲ ਕੀਤਾ ਗਿਆ ਸੀ, ਓਟਾ ਬੇਂਗਾ ਨਿਊਯਾਰਕ ਦੇ ਲੋਕਾਂ ਲਈ ਦਿਲਚਸਪ ਸੀ।"
'ਕੈਦੀ ਅਤੇ ਕੈਦ ਕਰਨ ਵਾਲੇ ਦਰਮਿਆਨ ਦੋਸਤੀ'
ਇਹ ਸਾਰੇ ਭਰਮਾਊ ਤੱਥ ਸਾਲ 1992 ਵਿੱਚ ਪ੍ਰਕਾਸ਼ਿਤ ਹੋਈ ਇੱਕ ਕਿਤਾਬ ਦੇ ਹਨ। ਇਸ ਦੇ ਸਹਿ ਲੇਖਕ ਸੈਮੂਅਲ ਵਰਨਰ ਦੇ ਪੋਤੇ ਹਨ। ਸੈਮੂਅਲ ਉਹ ਵਿਅਕਤੀ ਸੀ ਜੋ 1904 ਵਿੱਚ ਸੇਂਟ ਲੂਈਸ ਵਰਲਡ ਫੇਅਰ ਵਿੱਚ ਨੁਮਾਇਸ਼ ਕਰਨ ਲਈ, ਓਟਾ ਬੇਂਗਾ ਅਤੇ ਹੋਰਨਾਂ ਨੂੰ ਫੜ੍ਹਨ ਲਈ ਕੌਂਗੋ ਗਿਆ ਸੀ।
ਕਿਤਾਬ ਪੂਰੀ ਤਰ੍ਹਾਂ ਵਰਨਰ ਅਤੇ ਓਟਾ ਬੇਂਗਾ ਦੀ ਦੋਸਤੀ ਦੀ ਕਹਾਣੀ ਕਹਿੰਦੀ ਹੈ।
ਕਿਤਾਬ ਦੇ ਛਪਣ ਤੋਂ ਬਾਅਦ ਸਿਰਫ਼ ਇੱਕ ਅਖ਼ਬਾਰ ਨੇ ਇਹ ਤੱਥ ਛਾਪਿਆ ਕਿ ਛੋਟੇ ਵਰਨਰ ਨੇ ਇਹ ਦਾਅਵਾ ਕੀਤਾ ਹੈ ਕਿ, ਓਟਾ ਬੇਂਗਾ ਜਿਸਨੇ ਗੁਲਾਮੀ ਦਾ ਬਹੁਤ ਵਿਰੋਧ ਕੀਤਾ ਸੀ, ਨਿਊਯਾਰਕ ਦੇ ਲੋਕਾਂ ਲਈ ਪ੍ਰਦਰਸ਼ਨ ਕਰ ਕੇ ਖ਼ੁਸ਼ ਹੁੰਦਾ ਸੀ।
ਇਸ ਤਰ੍ਹਾਂ ਇੱਕ ਸਦੀ ਤੱਕ, ਉਹ ਸੰਸਥਾ ਅਤੇ ਵਿਅਕਤੀ ਜਿਸ ਨੇ ਓਟਾ ਬੇਂਗਾ ਅਤੇ ਉਸ ਦੇ ਉੱਤਰਾਧਿਕਾਰੀਆਂ ਦਾ ਸੋਸ਼ਣ ਕੀਤਾ, ਨੇ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਇੱਕ ਝੂਠੀ ਕਹਾਣੀ ਘੜੀ ਅਤੇ ਪੂਰੀ ਦੁਨੀਆ ਵਿੱਚ ਫ਼ੈਲਾਅ ਦਿੱਤੀ।
ਹੁਣ ਵੀ ਸੈਂਪਰ ਨੇ ਓਟਾ ਬੇਂਗਾ ਨੂੰ "ਕਈ ਦਿਨਾਂ" ਤੱਕ ਨੁਮਾਇਸ਼ ਕਰਨ ਲਈ ਮਾਫ਼ੀ ਮੰਗੀ ਹੈ ਪਰ ਉਸਨੂੰ ਤਿੰਨ ਹਫ਼ਤਿਆ ਤੱਕ ਬਾਂਦਰ ਦੇ ਪਿੰਜਰੇ ਵਿੱਚ ਕੈਦ ਕਰਕੇ ਰੱਖਣ ਲਈ ਨਹੀਂ।
ਇਸ ਚਿੜੀਆਘਰ ਨੇ ਹੁਣ ਆਨਲਾਈਨ ਡਿਜੀਟਲ ਕੀਤੇ ਹੋਏ ਦਸਤਾਵੇਜ਼ ਛਾਪੇ ਹਨ, ਜਿਸ ਵਿੱਚ ਉਹ ਚਿੱਠੀਆਂ ਵੀ ਹਨ ਜਿਨ੍ਹਾਂ ਵਿੱਚ ਓਟਾ ਬੇਂਗਾ ਅਤੇ ਹੋਰ ਫੜੇ ਗਏ ਵਿਅਕਤੀਆਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ ਹੈ।
ਉਨਾਂ ਵਿੱਚੋਂ ਬਹੁਤ ਸਾਰੀਆਂ ਚਿੱਠੀਆਂ ਪਹਿਲਾਂ ਹੀ 2015 ਵਿੱਚ ਪ੍ਰਕਾਸ਼ਿਤ ਹੋਈ ਕਿਤਾਬ, ਸਪੈਕਟਲ: ਦਿ ਐਸਟੋਨਿਸ਼ਿੰਗ ਲਾਈਫ਼ ਆਫ਼ ਓਟਾ ਬੇਂਗਾ ਵਿੱਚ ਛਪੇ ਹੋਏ ਹਨ।
ਇਸ ਦੇ ਪ੍ਰਕਾਸ਼ਨ ਤੋਂ ਪੰਜ ਸਾਲ ਬਾਅਦ ਤੱਕ ਚਿੜੀਆਘਰ ਦੇ ਅਧਿਕਾਰੀਆਂ ਨੇ ਅਫ਼ਸੋਸ ਜ਼ਾਹਰ ਕਰਨ ਜਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਦੀ ਜੁਰਅਤ ਨਹੀਂ ਦਿਖਾਈ।
ਜਦੋਂ ਮੈਨੂੰ ਚਿੜੀਆ ਘਰ ਦੇ ਪ੍ਰਾਈਵੇਟ ਹਾਊਸ ਜਾਣ ਦਾ ਮੌਕਾ ਮਿਲਿਆ ਜਿਥੇ ਓਟਾ ਬੇਂਗਾ ਨੂੰ ਲੋਕਾਂ ਨੂੰ ਨੁਮਾਇਸ਼ ਲਈ ਰੱਖਿਆ ਗਿਆ ਸੀ, ਉਸ ਸਮੇਂ ਤੱਕ ਇਹ ਹਿੱਸਾ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ।
'ਬਾਂਦਰ ਘਰ ਦਾ ਸਭ ਤੋਂ ਵਧੀਆ ਕਮਰਾ'
ਹੁਣ ਸੈਂਪਰ ਨੇ ਕਿਹਾ, "ਸਾਨੂੰ ਡੂੰਘਾ ਦੁੱਖ ਹੈ ਕਿ ਅਜਿਹੀਆਂ ਗਤੀਵਿਧੀਆਂ ਜਾਂ ਇਸ ਸਭ ਦੀ ਜਨਤਕ ਤੌਰ 'ਤੇ ਨਿੰਦਾ ਜਾਂ ਵਿਰੋਧ ਕਰਨ ਵਿੱਚ ਸਾਡੀ ਨਾਕਾਮੀ ਕਾਰਨ ਬਹੁਤ ਸਾਰੇ ਲੋਕਾਂ ਅਤੇ ਪੀੜ੍ਹੀਆਂ ਨੂੰ ਦੁੱਖ ਹੋਇਆ।"
ਸੈਂਪਰ ਨੇ ਚਿੜੀਆ ਘਰ ਦੇ ਬਾਨੀ ਮੈਂਬਰਾਂ ਮੈਡੀਸਨ ਗਰਾਂਟ ਅਤੇ ਹੈਨਰੀ ਫੇਅਰਫੀਲਡ ਔਸਬੋਰਨ ਦੀ ਵੀ ਨਿੰਦਾ ਕੀਤੀ, ਜਿੰਨਾ ਨੇ ਓਟਾ ਬੇਂਗਾ ਦੀ ਨੁਮਾਇਸ਼ ਕਰਨ ਵਿੱਚ ਸਿੱਧੀ ਭੂਮਿਕਾ ਨਿਭਾਈ ਸੀ।
ਮੈਡੀਸਨ ਗਰਾਂਟ ਨੇ ਅੱਗੇ ਜਾ ਕੇ ਕਿਤਾਬ 'ਦਿ ਪਾਸਿੰਗ ਆਫ਼ ਦਾ ਗ੍ਰੇਟ ਰੇਸ' ਲਿਖੀ ਜੋ ਕਿ ਝੂਠੇ ਨਸਲਵਾਦੀ ਵਿਗਿਆਨ 'ਤੇ ਅਧਾਰਿਤ ਸੀ। ਇਸ ਕਿਤਾਬ ਦੀ ਔਸਬੋਰਨ ਅਤੇ ਅਡੋਲਫ਼ ਹਿਟਲਰ ਨੇ ਵੀ ਇਸ ਦੀ ਸ਼ਲਾਘਾ ਕੀਤੀ ਸੀ।
ਔਸਬੋਰਨ ਨੇ ਅਮੈਰੀਕਨ ਮਿਊਜ਼ੀਅਮ ਆਫ਼ ਨੈਚੂਰਲ ਹਿਸਟਰੀ ਦੀ 25 ਸਾਲ ਅਗਵਾਈ ਕੀਤੀ, ਜਿੱਥੇ ਉਸਨੇ 1921 ਵਿੱਚ ਦੂਸਰੀ ਕੌਮਾਂਤਰੀ ਇਊਜੇਨਿਕਸ ਕਾਂਗਰਸ ਦੀ ਮੇਜ਼ਬਾਨੀ ਕੀਤੀ।
ਹੈਰਾਨੀ ਦੀ ਗੱਲ ਇਹ ਸੀ ਕਿ ਸੈਂਪਰ ਨੇ ਚਿੜੀਆ ਘਰ ਦੇ ਸੰਸਥਾਪਕ ਡਾਇਰੈਕਟਰ ਵਿਲੀਅਮ ਹੌਰਨਾਡੇ ਦਾ ਜ਼ਿਕਰ ਤੱਕ ਨਹੀਂ ਕੀਤਾ। ਉਹ ਦੇਸ ਦੇ ਸਭ ਤੋਂ ਪ੍ਰਸਿੱਧ ਜੀਵ ਵਿਗਿਆਨੀ ਅਤੇ ਵਾਸ਼ਿੰਗਟਨ ਡੀ.ਸੀ. ਦੇ ਰਾਸ਼ਟਰੀ ਚਿੜੀਆਘਰ ਦੇ ਸੰਸਥਾਪਕ ਡਾਇਰੈਕਟਰ ਵੀ ਸਨ।
ਇਹ ਵੀ ਪੜ੍ਹੋ
ਹੌਰਨਾਡੇ ਨੇ ਪਿੰਜਰੇ ਵਿੱਚ ਇਹ ਦਰਸਾਉਣ ਲਈ ਕਿ ਬੇਂਗਾ ਇੱਕ ਇਨਸਾਨੀ ਮਾਸ ਵੀ ਖਾਂਦਾ ਸੀ ਹੱਡੀਆਂ ਖਿਲਾਰ ਦਿੱਤੀਆਂ ਸਨ। ਉੱਪਰੋਂ ਉਸ ਨੇ ਡੀਂਗ ਵੀ ਮਾਰੀ ਕਿ ਬੇਂਗਾ ਨੂੰ ਬਾਂਦਰਾਂ ਦੇ ਵਾੜੇ ਦਾ ਸਭ ਤੋਂ ਬਿਹਤਰੀਨ ਕਮਰਾ ਦਿੱਤਾ ਗਿਆ ਸੀ।
ਕੁਝ ਲੋਕ ਮਹਿਸੂਸ ਕਰਦੇ ਹਨ ਕਿ ਕੰਜ਼ਰਵੇਸ਼ਨ ਸੁਸਾਈਟੀ ਨੂੰ ਹੁਣ ਆਪਣੀ ਅਧੂਰੀ ਮਾਫ਼ੀ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਇਸ ਘਟਨਾ ਬਾਰੇ ਸੱਚੇ ਵੇਰਵੇ ਸਾਹਮਣੇ ਲਿਆਉਣੇ ਚਾਹੀਦੇ ਹਨ। ਜੋ ਕਿ ਇੱਕ ਉੱਘੇ ਸਿੱਖਿਆ ਸੰਸਥਾਨ ਨੂੰ ਕਰਨਾ ਚਾਹੀਦਾ ਹੈ।
ਇਸ ਘਟਨਾ ਨੇ ਜ਼ੂਲੌਜੀਕਲ ਸੁਸਾਇਟੀ ਨੂੰ ਲੋਕਾਂ ਨੂੰ ਕੰਨਜਰਵੇਸ਼ਨ ਅੰਦੋਲਨ ਦੇ ਇਤਿਹਾਸ ਅਤੇ ਨਸਲ ਸੁਧਾਰ ਨਾਲ ਆਪਣੇ ਸੰਬੰਧਾਂ ਬਾਰੇ ਜਾਗਰੂਕ ਕਰਨ ਦਾ ਮੌਕਾ ਦਿੱਤਾ ਹੈ।
ਇੱਕ ਸੁਝਾਅ ਇਹ ਵੀ ਰਿਹਾ ਹੈ ਕਿ ਸੁਸਾਇਟੀ ਆਪਣੇ ਸਿੱਖਿਆ ਕੇਂਦਰ ਦਾ ਨਾਮ ਓਟਾ ਬੇਂਗਾ ਦੇ ਨਾਮ 'ਤੇ ਰੱਖੇ, ਜਿਸਦਾ ਦੁੱਖ ਭਰਿਆ ਜੀਵਨ ਅਤੇ ਵਿਰਾਸਤ ਬ੍ਰੋਂਕਸ ਚਿੜੀਆ ਘਰ ਨਾਲ ਹਮੇਸ਼ਾ ਲਈ ਜੁੜੇ ਹੋਏ ਹਨ।