ਕੰਗਨਾ ਰਨੌਤ : ਸ਼ਿਵ ਸੈਨਾ ਆਗੂ ਸੰਜੇ ਰਾਉਤ ਨੂੰ ਦੇਸ ਦੀਆਂ ਧੀਆਂ ਮਾਫ਼ ਨਹੀਂ ਕਰਨਗੀਆਂ - ਕੁਝ ਹੋਰ ਅਹਿਮ ਖ਼ਬਰਾਂ

ਐਤਵਾਰ ਨੂੰ ਸੁਸ਼ਾਤ ਰਾਜਪੂਤ ਮਾਮਲੇ ਵਿਚ ਅਦਾਕਾਰਾ ਰਿਆ ਚੱਕਰਵਰਤੀ ਦੀ ਨਾਰਕੌਟਿਸਰ ਬਿਊਰੋ ਵਲੋਂ ਕੀਤੀ ਗਈ 6 ਘੰਟੇ ਪੁੱਛਗਿੱਛ,,ਸ਼ਿਵ ਸੈਨਾ ਆਗੂ ਸੰਜੇ ਰਾਊਤ ਨਾਲ ਅਦਾਕਾਰਾ ਕੰਗਨਾ ਰੌਨਤ ਦੀ ਸ਼ਬਦੀ ਜੰਗ ਅਤੇ ਪੰਜਾਬ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਿੱਖਾਂ ਬਾਰੇ ਬਿਆਨ ਮੀਡੀਆ ਵਿਚ ਛਾਇਆ ਰਿਹਾ।

ਕੰਗਨਾ ਰਨੌਤ ਨੇ ਕਿਹਾ ਕਿ ਉਹ ਸ਼ਿਵ ਸੈਨਾ ਆਗੂ ਦੀਆਂ ਧਮਕੀਆਂ ਦੇ ਬਾਵਜੂਦ 9 ਸਿਤੰਬਰ ਨੂੰ ਮੁੰਬਈ ਜਾ ਕਹੇ ਹਨ ।ਉੱਧਰ ਅਦਾਕਾਰਾ ਦੇ ਪਿਤਾ ਜੋ ਹਿਮਾਚਲ ਵਿਚ ਰਹਿੰਦੇ ਹਨ, ਨੇ ਸੂਬੇ ਦੇ ਡੀਜੀਪੀ ਤੋਂ ਆਪਣੀ ਧੀ ਦੇ ਹਿਮਾਚਲ ਤੋਂ ਬਾਹਰ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ

1. 'ਪਹਿਲਾਂ ਸਿੱਖਾਂ ਨੂੰ ਹਥਿਆਰਾਂ ਨਾਲ ਮਾਰਿਆ ਜਾਂਦਾ ਸੀ ਹੁਣ ਬੌਧਿਕ ਤੌਰ 'ਤੇ'

ਮਨੁੱਖੀ ਹਕੂਕ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਗਾ ਕੇ ਹਕੂਮਤ ਵਲੋਂ ਕੀਤੇ ਘਿਨਾਉਣੇ ਪਾਪ ਨੂੰ ਉਜਾਗਰ ਕੀਤਾ ਸੀ।

ਉਨ੍ਹਾਂ ਕਿਹਾ, "ਦਿੱਲੀ ਦੀ ਸਰਕਾਰ ਨੇ ਬੇਗੁਨਾਹ ਸਿੱਖ ਨੌਜਵਾਨਾਂ, ਬਜ਼ੁਰਗਾਂ, ਬੀਬੀਆਂ ਅਤੇ ਇਥੋ ਤੱਕ ਕਿ ਬੱਚਿਆਂ ਤੱਕ ਨੂੰ ਆਪਣੇ ਸਰਕਾਰੀ ਕਰਿੰਦਿਆਂ ਰਾਹੀ ਮਰਵਾਇਆਂ। ਅਣਪਛਾਤੀਆਂ ਲਾਸ਼ਾਂ ਕਹਿ ਕੇ ਉਨ੍ਹਾਂ ਦਾ ਸੰਸਕਾਰ ਕਰ ਦਿੱਤਾ ਗਿਆ।"

ਉਨ੍ਹਾਂ ਕਿਹਾ ਕਿ ਖਾਲੜਾ ਨੇ 25,000 ਦੇ ਕਰੀਬ ਅਣਪਛਾਤੀਆਂ ਕਹਿ ਕੇ ਸਸਕਾਰੀਆਂ ਸਿੱਖਾ ਦੀਆਂ ਲਾਸ਼ਾ ਨੂੰ ਉਜਾਗਰ ਕੀਤਾ ਅਤੇ ਦੁਨੀਆਂ ਭਰ ਦੇ ਮੰਚ 'ਤੇ ਇਹ ਮੁੱਦਾ ਚੁੱਕਿਆ।

ਉਨ੍ਹਾਂ ਕਿਹਾ, "ਅੱਜ ਵੀ ਸਿੱਖਾਂ ਦੇ ਪ੍ਰਤੀ ਨੀਤੀਆਂ ਉਹ ਹੀ ਹਨ ਕਿ ਸਿੱਖਾ ਨੂੰ ਖ਼ਤਮ ਕਰ ਦਿੱਤਾ ਜਾਵੇ, ਪਰ ਢੰਗ ਵਸੀਲਿਆਂ ਨੂੰ ਬਦਲ ਦਿਤਾ ਗਿਆ ਹੈ। ਪਹਿਲਾਂ ਤਸੀਹੇ ਦੇ ਕੇ ਮਾਰਿਆ ਜਾਂਦਾ ਸੀ, ਹੁਣ ਸਾਨੂੰ ਆਪਸ 'ਚ ਲੜਾ ਕੇ ਬੌਧਿਕ ਤੌਰ 'ਤੇ ਕੰਗਾਲ ਕਰਕੇ ਮਾਰਿਆ ਜਾ ਰਿਹਾ ਹੈ। ਜ਼ਰੂਰੀ ਹੈ ਕਿ ਕੌਮ ਸੁਤੇਚ ਰਹੇ।"

ਗੌਰਤਬਲ ਹੈ ਕਿ ਜਸਵੰਤ ਸਿੰਘ ਖਾਲੜਾ ਨੇ ਲਾਵਾਰਿਸ ਕਹਿ ਕੇ ਸਸਕਾਰੀਆਂ ਲਾਸ਼ਾਂ ਬਾਰੇ ਖੋਜ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ, ਸਥਾਨਕ ਨਗਰ ਨਿਗਮ ਦੀਆਂ ਫ਼ਾਇਲਾਂ ਦੇ ਅਧਾਰ ਉੱਤੇ ਅਜਿਹੇ ਵਿਅਕਤੀਆਂ ਦਾ ਰਿਕਾਰਡ ਖੰਗਾਲਿਆਂ ਤਾਂ ਉਨ੍ਹਾਂ ਨੂੰ ਇੱਥੇ ਹੀ 2097 ਜਣਿਆਂ ਦੇ ਸਬੂਤ ਮਿਲ ਗਏ।

ਖਾਲ਼ੜਾ ਨੇ ਕੈਨੈਡੀਅਨ ਸੰਸਦ ਅਤੇ ਮੀਡੀਆ ਵਿਚ ਬੋਲਦਿਆਂ ਕਿਹਾ ਸੀ ਕਿ ਜੇਕਰ ਅੰਮ੍ਰਿਤਸਰ ਦੇ ਸ਼ਹਿਰ ਦੇ ਇੱਕ ਦੁਰਗਿਆਨਾ ਮੰਦਰ ਸਮਸਾਨਘਾਟ ਵਿਚ ਇੰਨੀ ਵੱਡੀ ਗਿਣਤੀ ਹੈ ਤਾਂ ਇਹ ਗਿਣਤੀ ਪੂਰੇ ਪੰਜਾਬ ਵਿਚ 25000 ਤੋਂ ਵੱਧ ਬਣਦੀ ਹੈ।

2. 'ਜੇ ਪਿਆਰ ਗੁਨਾਹ ਹੈ ਤਾਂ ਰਿਆ ਸਜ਼ਾ ਲਈ ਤਿਆਰ'

ਰਿਆ ਚੱਕਰਵਰਤੀ ਦੇ ਵਕੀਲ ਨੇ ਕਿਹਾ- ਜੇ ਪਿਆਰ ਗੁਨਾਹ ਹੈ ਤਾਂ ਰਿਆ ਸਜ਼ਾ ਲਈ ਤਿਆਰ ਹੈ।

ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨੇ ਸ਼ਿੰਦੇ ਨੇ ਕਿਹਾ ਹੈ ਕਿ ਜੇ ਕਿਸੇ ਨਾਲ ਪਿਆਰ ਕਰਨਾ ਗੁਨਾਹ ਹੈ, ਤਾਂ ਰਿਆ ਸਜ਼ਾ ਲਈ ਤਿਆਰ ਹੈ।

ਉਨ੍ਹਾਂ ਨੇ ਕਿਹਾ ਕਿ ਰਿਆ ਚੱਕਰਵਰਤੀ ਗ੍ਰਿਫ਼ਤਾਰੀ ਲਈ ਤਿਆਰ ਹੈ, ਕਿਉਂਕਿ ਉਸ ਦੇ ਖਿਲਾਫ਼ ਫ਼ਰਜ਼ੀ ਮੁਹਿੰਮ ਚਲਾ ਕੇ ਉਸ ਨੂੰ ਬੇਵਜ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਵਕੀਲ ਸਤੀਸ਼ ਮਾਨੇ ਸ਼ਿੰਦੇ ਨੇ ਕਿਹਾ ਕਿ ਬੇਗੁਨਾਹ ਹੋਣ ਕਾਰਨ ਉਹ ਸੀਬੀਆਈ, ਈਡੀ ਅਤੇ ਐਨਸੀਬੀ ਸਮੇਤ ਕਿਸੇ ਵੀ ਕੇਸ ਵਿੱਚ ਅਗਾਊ ਜ਼ਮਾਨਤ ਲਈ ਅਦਾਲਤ ਨਹੀਂ ਗਈ।

ਇਸ ਦੌਰਾਨ ਰਿਆ ਚੱਕਰਵਰਤੀ ਮੁੰਬਈ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਦਫ਼ਤਰ ਪਹੁੰਚੀ ਸੀ । ਐਤਵਾਰ ਸਵੇਰੇ ਹੀ ਉਸਨੂੰ ਐਨਸੀਬੀ ਨੇ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜਿਆ ਸੀ।

ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਿਪਟੀ ਡਾਇਰੈਕਟਰ ਅਮਿਤ ਫੱਕੜ ਘਵਾਟੇ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ ਸੀ ਕਿ ਰਿਆ ਤੋਂ ਸਿਰਫ਼ ਪੁੱਛਗਿੱਛ ਕੀਤੀ ਜਾਏਗੀ ਅਤੇ ਹੋਰ ਕੁਝ ਨਹੀਂ।

ਇਹ ਵੀ ਪੜ੍ਹੋ:

3. ਦਿੱਲੀ ਮੁੰਬਈ ਚ ਮੈਟਰੋ ਮੁੜ ਸ਼ੁਰੂ ਹੋਵੇਗੀ

ਦਿੱਲੀ, ਲਖਨਊ ਮੈਟਰੋ ਰੇਲ ਦੀ ਪੂਰੀ ਤਿਆਰੀ, ਸੋਮਵਾਰ ਤੋਂ ਹੋਵੇਗੀ ਮੁੜ ਸ਼ੁਰੂ. ਮੈਟਰੋ ਰੇਲ ਸੇਵਾ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੇ ਲਈ ਦਿੱਲੀ ਅਤੇ ਲਖਨਊ ਮੈਟਰੋ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ।

ਦਿੱਲੀ ਮੈਟਰੋ 169 ਦਿਨਾਂ ਬਾਅਦ ਯੈਲੋ ਲਾਈਨ ਅਤੇ ਰੈਪਿਡ ਮੈਟਰੋ 'ਤੇ ਆਪਣੀਆਂ ਸੇਵਾਵਾਂ ਸ਼ੁਰੂ ਕਰੇਗੀ।ਡੀਐਮਆਰਸੀ ਨੇ ਦੱਸਿਆ ਕਿ ਇੱਕ ਡਿਪੂ ਵਿੱਚ ਸਫਾਈ ਅਤੇ ਸੈਨੇਟਾਈਜ਼ੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ।

ਉਥੇ ਹੀ, ਯੂਪੀਐਮਆਰਸੀ ਦੇ ਮੈਨੇਜਿੰਗ ਡਾਇਰੈਕਟਰ ਨੇ ਲਖਨਊ ਮੈਟਰੋ ਬਾਰੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਮੈਟਰੋ 30-40% ਦੀ ਸਮਰੱਥਾ ਵਿੱਚ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗੀ। ਮੈਟਰੋ 5.5 ਮਿੰਟ ਦੇ ਅੰਤਰਾਲ 'ਤੇ ਆਉਂਦੀ ਰਹੇਗੀ।

ਉਨ੍ਹਾਂ ਨੇ ਸਾਰੇ ਯਾਤਰੀਆਂ ਨੂੰ ਮਾਸਕ ਪਹਿਨਣ, ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਕਿਸੇ ਵੀ ਚੀਜ਼ ਨੂੰ ਹੱਥ ਨਾ ਲਗਾਉਣ ਦੀ ਅਪੀਲ ਕੀਤੀ ਹੈ।

4. ਕੰਗਨਾ ਨੇ ਸੰਜੇ ਰਾਉਤ ਖ਼ਿਲਾਫ਼ ਜਾਰੀ ਕੀਤਾ ਵੀਡੀਓ, ਪਿਤਾ ਨੇ ਮੰਗੀ ਪੁਲਿਸ ਸੁਰੱਖਿਆ

ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅਤੇ ਸ਼ਿਵ ਸੈਨਾ ਨੇਤਾ ਤੇ ਰਾਜ ਸਭਾ ਸੰਸਦ ਸੰਜੇ ਰਾਉਤ ਦਰਮਿਆਨ ਵਿਵਾਦ ਵਧਦਾ ਹੀ ਜਾ ਰਿਹਾ ਹੈ।

ਕੰਗਨਾ ਰਨੌਤ ਨੇ ਟਵਿਟਰ 'ਤੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਇਕ ਟੀਵੀ ਚੈਨਲ ਨਾਲ ਸੰਜੇ ਰਾਉਤ ਦੀ ਗੱਲਬਾਤ ਦੌਰਾਨ ਉਨ੍ਹਾਂ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ 'ਤੇ ਪ੍ਰਤੀਕ੍ਰਿਆ ਦਿੱਤੀ ਹੈ।

ਕੰਗਨਾ ਰਨੌਤ ਨੇ ਵੀਡੀਓ ਵਿੱਚ ਕਿਹਾ ਕਿ ਦੇਸ਼ ਦੀਆਂ ਧੀਆਂ ਸੰਜੇ ਰਾਉਤ ਨੂੰ ਮੁਆਫ਼ ਨਹੀਂ ਕਰਨਗੀਆਂ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਉਤਸ਼ਾਹਤ ਕੀਤਾ ਹੈ।

ਸਾਰੇ ਵਿਵਾਦ ਤੋਂ ਬਾਅਦ ਹੁਣ ਕੰਗਨਾ ਦੇ ਪਿਤਾ ਨੇ ਆਪਣੀ ਧੀ ਲਈ ਪੁਲਿਸ ਸੁਰਖਿਆ ਦੀ ਮੰਗ ਨੂੰ ਲੈ ਕੇ ਲਿਖਿਤ 'ਚ ਅਰਜ਼ੀ ਲਗਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਬਾਰੇ ਡੀਜੀਪੀ ਨਾਲ ਗੱਲਬਾਤ ਹੋਈ ਹੈ ਅਤੇ ਅਸੀਂ ਇਸ ਬਾਰੇ ਵੀ ਚਰਚਾ ਕਰ ਰਹੇ ਹਾਂ ਕਿ ਹਿਮਾਚਲ ਤੋਂ ਬਾਹਰ ਕੰਗਨਾ ਨੂੰ ਸੁਰੱਖਿਆ ਕਿਵੇਂ ਦਿੱਤੀ ਜਾਵੇ, ਕਿਉਂਕਿ ਉਹ 9 ਸਤੰਬਰ ਨੂੰ ਮੁਬੰਈ ਜਾ ਰਹੀ ਹੈ।

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)