ਚੀਨੀ ਸਰਹੱਦ ’ਤੇ ਤਾਇਨਾਤ ‘ਗੁਪਤ ਫੋਰਸ’ ਜੋ ਭਾਰਤੀ ਪੀਐੱਮ ਨੂੰ ਰਿਪੋਰਟ ਕਰਦੀ ਹੈ

    • ਲੇਖਕ, ਫ਼ੈਸਲ ਮੁਹੰਮਦ ਅਲੀ
    • ਰੋਲ, ਬੀਬੀਸੀ ਪੱਤਰਕਾਰ

ਲੱਦਾਖ਼ ਦੀ ਪੈਂਗੋਂਗ ਝੀਲ ਦੇ ਦੱਖਣੀ ਕੰਢੇ ਨਾਲ ਜੁੜਦੇ ਇਲਾਕੇ ਵਿੱਚ ਭਾਰਤ ਦੀ ਸਪੈਸ਼ਲ ਫਰੰਟੀਅਰ ਫੋਰਸ ਦੀ ਵਿਕਾਸ ਰੈਜੀਮੈਂਟ ਦੇ ਕੰਪਨੀ ਲੀਡਰ ਨੀਮਾ ਤੇਂਜ਼ਿਨ ਦੀ ਸ਼ਨਿੱਚਰਵਾਰ ਰਾਤ ਇੱਕ ਸੈਨਿਕ ਕਾਰਵਾਈ ਦੌਰਾਨ ਮੌਤ ਹੋ ਗਈ।

ਅਫ਼ਸਰ ਨੀਮਾ ਤੇਂਜ਼ਿਨ ਦੀ ਤਿਰੰਗੇ ਵਿੱਚ ਲਪੇਟੀ ਦੇਹ, ਮੰਗਲਵਾਰ ਸਵੇਰੇ ਲੇਹ ਸ਼ਹਿਰ ਤੋਂ ਛੇ ਕਿਲੋਮੀਟਰ ਦੂਰ ਚੋਗਲਾਮਸਾਰ ਪਿੰਡ ਵਿੱਚ ਲਿਆਂਦੀ ਗਈ।

ਤਿੱਬਤ ਦੀ ਜਲਾਵਤਨੀ ਸੰਸਦ ਦੀ ਮੈਂਬਰ ਨਾਮਡੋਲ ਲਾਗਆਰੀ ਅਨੁਸਾਰ, ਕਦੀ ਸੁਤੰਤਰ ਮੁਲਕ ਪਰ ਹੁਣ ਚੀਨ ਦੇ ਖ਼ੇਤਰ ਤਿੱਬਤ ਦੇ ਨੀਮਾ ਤੇਂਜ਼ਿਨ ਭਾਰਤ ਦੇ ਸਪੈਸ਼ਲ ਸੈਨਾ ਦਲ ਸਪੈਸ਼ਲ ਫ਼ਰੰਟੀਅਰ ਫ਼ੋਰਸ (SFF) ਦੇ ਵਿਕਾਸ ਰੈਜੀਮੈਂਟ ਵਿੱਚ ਕੰਪਨੀ ਲੀਡਰ ਸੀ।

ਇਹ ਵੀ ਪੜ੍ਹੋ:

ਤਿੰਨ ਦਿਨ ਪਹਿਲਾਂ ਹੀ ਭਾਰਤੀ ਟੁਕੜੀ ਅਤੇ ਚੀਨੀ ਪੀਪਲਸ ਲਿਬਰੇਸ਼ਨ ਆਰਮੀ ਵਿੱਚ ਪੈਂਗੌਂਗ ਝੀਲ ਖੇਤਰ ਵਿੱਚ ਹੋਈ ਝੜਪ ਵਿੱਚ ਉਸ ਦੀ ਜਾਨ ਚਲੀ ਗਈ।

ਸ਼ਨੀਵਾਰ ਦੀ ਘਟਨਾ ਵਿੱਚ ਐੱਸਐੱਫਐੱਫ ਦਾ ਇੱਕ ਹੋਰ ਮੈਂਬਰ ਵੀ ਫ਼ੱਟੜ ਹੋ ਗਏ ਸਨ। ਭਾਰਤੀ ਫ਼ੌਜ ਨੇ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਟਿੱਪਣੀ ਨਹੀਂ ਕੀਤੀ ਹੈ।

ਹਾਂ, 31 ਅਗਸਤ ਨੂੰ ਭਾਰਤੀ ਫ਼ੌਜ ਨੇ ਆਪਣੇ ਇੱਕ ਬਿਆਨ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਸੀ। ਭਾਰਤੀ ਸੈਨਾ ਮੁਤਾਬਿਕ, ਇਸ ਘਟਨਾ ਵਿੱਚ ਚੀਨੀ ਫ਼ੌਜ ਨੇ ਪੂਰਵੀ ਲਦਾਖ ਵਿੱਚ ਭੜਕਾਊ ਸੈਨਿਕ ਗਤੀਵਿਧੀਆਂ ਨਾਲ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ।

ਭਾਰਤੀ ਸੈਨਾ ਦੇ ਬੁਲਾਰੇ ਕਰਨਲ ਅਮਰ ਆਨੰਦ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਪੈਂਗੌਂਗ ਝੀਲ ਦੇ ਦੱਖਣੀ ਕੰਢੇ 'ਤੇ ਚੀਨੀ ਫੌਜ ਦੀਆਂ ਗਤੀਵਿਧੀਆਂ ਨੂੰ ਭਾਰਤੀ ਟੁਕੜੀਆਂ ਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ।

ਉਨ੍ਹਾਂ ਕਿਹਾ ਕਿ ਭਾਰਤ ਦੀ ਸਥਿਤੀ ਨੂੰ ਕਮਜ਼ੋਰ ਕਰਨ ਅਤੇ ਜ਼ਮੀਨੀ ਹਾਲਾਤ ਬਦਲਣ ਦੀ ਚੀਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਕੀ ਹੈ ਐਸਐਫ਼ਐਫ਼?

ਭਾਰਤੀ ਸੈਨਾ ਦੇ ਸਾਬਕਾ ਕਰਨਲ ਅਤੇ ਰੱਖਿਆ ਮਾਮਲਿਆਂ ਦੇ ਮਾਹਰ ਅਜੈ ਸ਼ੁਕਲਾ ਨੇ ਆਪਣੇ ਬਲਾਗ ਵਿੱਚ ਕੰਪਨੀ ਲੀਡਰ ਨੀਮਾ ਤੇਂਜ਼ਿਨ ਅਤੇ ਸਪੈਸ਼ਲ ਫ਼ਰੰਟੀਅਰ ਫ਼ੋਰਸ ਦਾ ਜ਼ਿਕਰ ਵੀ ਕੀਤਾ ਹੈ।

ਪਰ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਕੰਪਨੀ ਲੀਡਰ ਨੀਮਾ ਤੇਂਜ਼ਿਨ ਦੀ ਦੇਹ ਨੂੰ ਪਰਿਵਾਰ ਨੂੰ ਸੌਂਪਣ ਵੇਲੇ ਇਸ ਘਟਨਾ ਨੂੰ ਗੁਪਤ ਰੱਖਣ ਦੀ ਹਦਾਇਤ ਦਿੱਤੀ ਗਈ ਸੀ।

ਅਸਲ ਵਿੱਚ, ਸਾਲ 1962 ਵਿੱਚ ਤਿਆਰ ਕੀਤੀ ਗਈ ਸਪੈਸ਼ਲ ਟੁਕੜੀ ਐੱਸਐੱਫ਼ਐੱਫ਼ ਭਾਰਤੀ ਨਹੀਂ ਬਲਕਿ ਭਾਰਤ ਦੀ ਸੂਹੀਆ ਏਜੰਸੀ ਰਾਅ ਯਾਨੀ ਰਿਸਰਚ ਐਂਡ ਅਨੈਲੇਸਿਸ ਵਿੰਗ ਦਾ ਹਿੱਸਾ ਹੈ।

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਇੱਕ ਰਿਪੋਰਟ ਮੁਤਾਬਿਕ, ਇਸ ਯੂਨਿਟ ਦਾ ਕੰਮ ਇੰਨਾ ਗ਼ੁਪਤ ਹੁੰਦਾ ਹੈ ਕਿ ਸ਼ਾਇਦ ਫ਼ੌਜ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਕੀ ਕਰ ਰਹੀ ਹੈ।

ਇਹ ਡਾਇਰੈਕਟਰ ਜਨਰਲ ਆਫ਼ ਸਕਿਊਰਟੀ ਦੇ ਜ਼ਰੀਏ ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੀ ਹੈ, ਇਸ ਲਈ ਇਸਦੇ ਗੌਰਵ ਦੀਆਂ ਕਹਾਣੀਆਂ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ।

ਆਈਬੀ ਦੇ ਸੰਸਥਾਪਕ ਡਾਇਰੈਕਟਰ ਭੋਲਾ ਨਾਥ ਮਲਿਕ ਅਤੇ ਦੂਸਰੇ ਵਿਸ਼ਵ ਯੁੱਧ ਦੇ ਸੈਨਿਕ ਅਤੇ ਬਾਅਦ ਵਿੱਚ ਉਡੀਸਾ ਦੇ ਮੁੱਖ ਮੰਤਰੀ ਬੀਜੂ ਪਟਨਾਇਕ ਦੀ ਸਲਾਹ 'ਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਤਿੱਬਤੀ ਗੁਰੀਲਿਆਂ ਦੀ ਇੱਕ ਟੁਕੜੀ ਤਿਆਰ ਕਰਨ ਦਾ ਸੋਚਿਆ ਸੀ।

ਉਹ ਅਜਿਹੀ ਟੁਕੜੀ ਤਿਆਰ ਕਰਨਾ ਚਾਹੁੰਦੇ ਸਨ ਜੋ ਹਿਮਾਲਿਆ ਦੇ ਖ਼ਤਰਨਾਕ ਇਲਾਕਿਆਂ ਵਿੱਚ ਚੀਨੀਆਂ ਨਾਲ ਲੋਹਾ ਲੈ ਸਕੇ।

ਭਾਰਤ ਨਾਲ ਜੰਗ ਹੋਣ ਦੀ ਸੂਰਤ ਵਿੱਚ ਸੀਮਾਂ ਅੰਦਰ ਜਾ ਕੇ ਖ਼ੁਫੀਆ ਕਾਰਵਾਈਆਂ ਕਰਨ ਦੇ ਇਰਾਦੇ ਨਾਲ ਤਿਆਰ ਕੀਤੀ ਗਈ ਐਸਐਫ਼ਐਫ਼ ਦੇ ਪਹਿਲੇ ਇੰਸਪੈਕਟਰ ਜਨਰਲ ਮੇਜਰ ਜਨਰਲ (ਰਿਟਾਇਰਡ) ਸੁਜਾਨ ਸਿੰਘ ਉਬਾਨ ਸਨ।

ਸੁਜਾਨ ਸਿੰਘ ਉਬਾਨ ਦੂਜੇ ਵਿਸ਼ਵ ਯੁੱਧ ਸਮੇਂ ਬਰਤਾਨਵੀ ਭਾਰਤੀ ਸੈਨਾ ਦੇ 22ਮਾਉਂਟੇਨ ਰੈਜੀਮੈਂਟ ਦੇ ਕਮਾਂਡਰ ਸਨ। ਇਸੇ ਕਰਕੇ ਕਈ ਲੋਕ ਐਸਐਫ਼ਐਫ਼ ਨੂੰ 'ਇਸ਼ਟੈਬਲਿਸ਼ਮੈਂਟ 22' ਦੇ ਨਾਮ ਨਾਲ ਬੁਲਾਉਂਦੇ ਹਨ।

ਕਈ ਅਪਰੇਸ਼ਨਾਂ ਵਿੱਚ ਸ਼ਾਮਿਲ ਰਹੀ ਹੈ ਐਸਐਫ਼ਐਫ਼

ਲੱਦਾਖ, ਸਿੱਕਿਮ ਵਰਗੇ ਇਲਾਕਿਆਂ ਤੋਂ ਤਿੱਬਤੀ ਮੂਲ ਦੇ ਲੋਕ ਬਹੁਤ ਪਹਿਲਾਂ ਤੋਂ ਆਧੁਨਿਕ ਭਾਰਤੀ ਫ਼ੌਜ ਦਾ ਹਿੱਸਾ ਰਹੇ ਹਨ।

ਸਿੱਧੇ ਪ੍ਰਧਾਨ ਮੰਤਰੀ ਦੇ ਦੇਖ ਰੇਖ ਵਿੱਚ ਤਿਆਰ ਅਤੇ ਇੰਟੈਲੀਜੈਂਸ ਬਿਊਰੋ ਯਾਨੀ ਆਈਬੀ ਦਾ ਹਿੱਸਾ ਬਣਾਈ ਗਈ ਐਸਐਫ਼ਐਫ਼ ਹੁਣ ਰਾਅ ਦੇ ਅਧੀਨ ਹੈ ਅਤੇ ਇਸਦਾ ਹੈੱਡਕੁਆਟਰ ਉਤਰਾਖੰਡ ਦੇ ਚਕਰਾਤਾ ਵਿੱਚ ਹੈ।

ਕਿਹਾ ਜਾਂਦਾ ਹੈ ਕਿ ਸ਼ੁਰੂਆਤ ਵਿੱਚ ਅਮਰੀਕੀ ਅਤੇ ਭਾਰਤੀ ਇੰਟੈਲੀਜੈਂਸ ਬਿਊਰੋ ਦੇ ਟ੍ਰੇਨਰਾਂ ਵੱਲੋਂ ਟਰੇਨ ਕੀਤੀ ਗਈ ਐਸਐਫ਼ਐਫ਼ ਨੂੰ ਭਾਰਤ ਨੇ ਬੰਗਲਾਦੇਸ਼ ਜੰਗ, ਕਾਰਗਿਲ, ਆਪਰੇਸ਼ਨ ਬਲੂ ਸਟਾਰ ਅਤੇ ਹੋਰ ਕਈ ਸੈਨਿਕ ਕਾਰਵਾਈਆਂ ਵਿੱਚ ਇਸਤੇਮਾਲ ਕੀਤਾ ਸੀ।

ਕਈ ਲੋਕ ਮੰਨਦੇ ਹਨ ਕਿ ਇਸ ਵਿੱਚ ਸ਼ਾਮਲ ਲੋਕ 1950 ਦੇ ਦਹਾਕੇ ਦੇ ਉਨ੍ਹਾਂ ਖੰਪਾ ਵਿਦਰੋਹੀਆਂ ਦੇ ਉੱਤਰਾਧਿਕਾਰੀ ਹਨ, ਜਿਹੜੇ ਤਿੱਬਤ 'ਤੇ ਚੀਨੀ ਹਮਲੇ ਖਿਲਾਫ਼ ਉੱਠ ਖੜ੍ਹੇ ਹੋਏ ਸਨ।

ਚੀਨ ਦੇ ਕਬਜੇ ਵਿੱਚ ਆਉਣ ਤੋਂ ਬਾਅਦ ਤਿੱਬਤ ਦੇ ਨੇਤਾ ਦਲਾਈ ਲਾਮਾ ਨੂੰ 1959 ਵਿੱਚ 23 ਸਾਲ ਦੀ ਉਮਰ ਵਿੱਚ ਭੱਜ ਕੇ ਭਾਰਤ ਆਉਣਾ ਪਿਆ ਸੀ, ਜਿਸ ਤੋਂ ਬਾਅਦ ਤਿੱਬਤੀਆਂ ਦੀ ਇੱਕ ਵੱਡੀ ਆਬਾਦੀ ਭਾਰਤ ਦੇ ਉੱਤਰ-ਪੂਰਬ, ਦਿੱਲੀ, ਹਿਮਾਚਲ ਅਤੇ ਕਈ ਹੋਰ ਇਲਾਕਿਆਂ ਵਿੱਚ ਵਸੀ ਹੋਈ ਹੈ।

ਇਸ ਵਿੱਚ ਕਈ ਲੋਕ ਅਜਿਹੇ ਵੀ ਹਨ, ਜੋ ਨੀਮਾ ਤੇਂਜ਼ਿਨ ਅਤੇ ਤੇਂਜ਼ਿਨ ਲੌਨਦੇਨ ਦੀ ਤਰ੍ਹਾਂ ਐਸਐਫ਼ਐਫ਼ ਦਾ ਹਿੱਸਾ ਬਣਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)