ਕੋਰੋਨਾਵਾਇਰਸ ਲਈ ਐਸਟਰਾਜ਼ੈਨੇਕਾ ਦੀ ਵੈਕਸੀਨ ਦਾ ਆਕਸਫੋਰਡ ਯੂਨੀਵਰਸਿਟੀ ਤੋਂ ਬਾਅਦ ਭਾਰਤ 'ਚ ਵੀ ਟ੍ਰਾਇਲ ਰੁਕੇ - ਅਹਿਮ ਖ਼ਬਰਾਂ

ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਭਾਰਤ ਵਿੱਚ ਆਕਸਫੋਰਡ ਵੱਲੋਂ ਕੋਰੋਨਾਵਾਇਰਸ ਦੀ ਵੈਕਸੀਨ ਦੇ ਚੱਲ ਰਹੇ ਟ੍ਰਾਇਲ ਨੂੰ ਰੋਕ ਦਿੱਤਾ ਹੈ।

ਸੰਸਥਾਨ ਮੁਤਾਬਕ, "ਅਸੀਂ ਹਾਲਾਤ ਦਾ ਜਾਇਜ਼ਾ ਲੈ ਰਹੇ ਅਤੇ ਭਾਰਤ ਵਿੱਚ ਚੱਲ ਰਹੇ ਟ੍ਰਾਇਲ ਨੂੰ ਰੋਕ ਰਹੇ ਹਾਂ, ਜਦੋਂ ਤੱਕ ਐਸਟਰਾਜ਼ੈਨੇਕਾ ਪਰੀਖਣ ਮੁੜ ਸ਼ੁਰੂ ਨਹੀਂ ਹੁੰਦੇ। ਅਸੀਂ ਡੀਸੀਜੀਆਈ ਦੇ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਅਤੇ ਪਰੀਖਣਾਂ 'ਤੇ ਅੱਗੇ ਟਿੱਪਣੀ ਨਹੀਂ ਕਰ ਸਕਦੇ।"

ਐਸਟਰਾਜ਼ੈਨੇਕਾ ਵਲੋਂ ਯੂਕੇ ਦੀ ਆਕਸਫੋਰਡ ਯੂਨੀਵਰਿਸਟੀ ਨਾਲ ਮਿਲ ਕੇ ਵਿਕਸਿਤ ਕੀਤੀ ਜਾ ਰਹੀ ਕੋਵਿਡ-19 ਵੈਕਸੀਨ ਦੇ ਕਲੀਨਿਕਲ ਟ੍ਰਾਇਲਾਂ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਹੈ। ਅਜਿਹਾ ਅਧਿਐਨ ਵਿੱਚ ਸ਼ਾਮਲ ਇੱਕ ਵਿਅਕਤੀ ਦੇ ਦਵਾਈ ਦੇ ਬੁਰੇ ਅਸਰ ਕਾਰਨ ਕੀਤਾ ਗਿਆ।

ਐਸਟਰਾਜ਼ੈਨੇਕਾ ਨੇ ਇਸ ਕਾਰਵਾਈ ਨੂੰ ਇੱਕ "ਅਣਵਿਆਖਿਆਈ ਬਿਮਾਰੀ" ਕਾਰਨ ਕੀਤੀ ਗਈ "ਰੁਟੀਨ" ਕਾਰਵਾਈ ਦੱਸਿਆ ਹੈ।

ਇਹ ਵੀ ਪੜ੍ਹੋ-

ਇਸ ਦਵਾਈ ਨੂੰ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਦਵਾਈ ਬਣਾਉਣ ਦੇ ਦੁਨੀਆਂ ਭਰ ਵਿੱਚ ਚੱਲ ਰਹੇ ਦਰਜਣ ਤੋਂ ਉੱਪਰ ਯਤਨਾਂ ਵਿੱਚ ਸਭ ਤੋਂ ਮੋਹਰੀ ਮੰਨਿਆਂ ਜਾ ਰਿਹਾ ਹੈ।

ਦਵਾਈ ਵੱਲੋਂ ਟੈਸਟਿੰਗ ਦੇ ਪਹਿਲੇ ਅਤੇ ਦੂਜੇ ਪੜਾਵਾਂ ਵਿੱਚੋਂ ਸਫ਼ਲਤਾ ਸਹਿਤ ਪਾਰ ਹੋ ਜਾਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਹ ਦਵਾਈ ਸਭ ਤੋਂ ਪਹਿਲਾਂ ਬਜ਼ਾਰ ਵਿੱਚ ਆਉਣ ਵਾਲੀਆਂ ਦਵਾਈਆਂ ਵਿੱਚੋਂ ਇੱਕ ਹੋਵੇਗੀ।

ਤੀਜੇ ਪੜਾਅ ਵਿੱਚ ਪਿਛਲੇ ਹਫ਼ਤਿਆਂ ਦੌਰਾਨ ਪਹੁੰਚੀ ਇਸ ਦਵਾਈ ਵਿੱਚ ਅਮਰੀਕਾ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਅਤੇ ਬ੍ਰਿਟੇਨ ਸਮੇਤ ਇਸ ਦਵਾਈ ਦੇ ਟ੍ਰਾਇਲਜ਼ ਵਿੱਚ 30,000 ਤੋਂ ਵਧੇਰੇ ਵਲੰਟੀਅਰ ਹਿੱਸਾ ਲੈ ਰਹੇ ਹਨ।

ਭਾਰਤ: ਰਿਆ ਚੱਕਰਵਰਤੀ ਦੇ ਨਿਰਪੱਖ ਟ੍ਰਾਇਲ ਤੋਂ ਬਿਨਾਂ ਇਨਸਾਫ਼ ਸੰਭਵ ਨਹੀਂ

ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਰਿਆ ਚੱਕਰਵਰਤੀ ਦੇ ਖ਼ਿਲਾਫ ਮੁੱਖਧਾਰਾ ਮੀਡੀਆ ਚੈਨਲਾਂ ਵੱਲੋਂ ਛੇੜੀ ਗਈ ਮੁਹਿੰਮ 'ਤੇ ਮਨੁੱਖੀ ਅਧਿਕਾਰ ਜਥੇਬੰਦੀ ਐਮਨੇਸਟੀ ਇੰਟਰਨੈਸ਼ਨਲ ਭਾਰਤ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਵਿਨਾਸ਼ ਕੁਮਾਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਸਹੀ ਅਤੇ ਨਿਰਪੱਖ ਟ੍ਰਾਇਲ ਦਾ ਅਧਿਕਾਰ ਨਿਆਂ ਨੂੰ ਯਕੀਨੀ ਬਣਾਉਣ ਲਈ ਸਰਬਉੱਚ ਹੈ। ਇਸ ਅਧਿਕਾਰ ਤੋਂ ਵਾਂਝਾ ਰੱਖਿਆ ਜਾਣਾ ਮੁਲਜ਼ਮ ਨਾਲ ਓਨੀ ਹੀ ਬੇਇਨਸਾਫ਼ੀ ਹੁੰਦੀ ਹੈ, ਜਿੰਨੀ ਕਿ ਪੀੜਤ ਨਾਲ ਹੋਈ ਹੋਵੇ।"

"ਜਿਸ ਤਰ੍ਹਾਂ ਮੀਡੀਆ ਚੈਨਲਾਂ ਨੇ ਰਿਆ ਅਤੇ ਉਸ ਦੇ ਪਰਿਵਾਰ ਸਣੇ ਕੁਝ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਉਨ੍ਹਾਂ ਦੇ ਇਸ ਅਧਿਕਾਰ ਵਿੱਚ ਅੜਿੱਕਾ ਬਣੇ ਹਨ। ਮੀਡੀਆ ਏਜੰਸੀਆਂ ਨੂੰ ਨਿਆਂ ਹੋਵੇ ਇਸ ਦੀ ਜਵਾਬਦੇਹੀ ਤੈਅ ਕਰਨ ਵਿੱਚ ਭੂਮਿਕਾ ਨਿਭਾਉਣੀ ਚਾਹੀਦੀ ਹੈ ਪਰ ਉਹ ਨਿਰਪੱਖ ਕਾਨੂੰਨੀ ਪ੍ਰਕਿਰਿਆ ਦਾ ਬਦਲ ਨਹੀਂ ਹਨ।"

ਲੋਕਾਂ ਨੂੰ ਨਿਰਪੱਖ ਸੁਣਵਾਈ ਦਾ ਅਧਿਕਾਰ ਭਾਰਤ ਦਾ ਸੰਵਿਧਾਨ ਅਤੇ ਨਾਗਰਿਕ ਤੇ ਸਿਆਸੀ ਅਧਿਕਾਰਾਂ 'ਤੇ ਕੌਮਾਂਤਰੀ ਸਮਝੌਤੇ ਵੱਲੋਂ (ICCPR) ਵੱਲੋਂ ਗਾਰੰਟੀਸ਼ੁਦਾ ਹੈ। ਕਿਸੇ ਨੂੰ ਵੀ ਦੋਸ਼ੀ ਸਾਬਤ ਹੋਣ ਤੱਕ ਨਿਰੋਦਸ਼ ਹੋਣ ਦਾ ਅਧਿਕਾਰ ਹੈ।

ਇਹ ਵੀ ਪੜ੍ਹੋ-

ਆਈਸੀਸੀਪੀਆਰ, ਕਨਵੈਨਸ਼ਨ ਆਨ ਐਲੀਮੀਨੇਸ਼ਨ ਆਫ ਆਲ ਫਾਰਮਸ ਆਫ ਡਿਸਕ੍ਰਿਮੀਨੇਸ਼ਨ ਅਗੇਨਸਟ ਵੂਮੈਨ (CEDAW) ਟ੍ਰਾਇਲ ਦੌਰਾਨ ਔਰਤ ਦੀ ਨਿੱਜਤਾ, ਸੁਰੱਖਿਆ ਅਤੇ ਹੋਰ ਮਨੁੱਖੀ ਅਧਿਕਾਰਾਂ ਦੀ ਵੀ ਰੱਖਿਆ ਕਰਦਾ ਹੈ।

ਮੀਡੀਆ ਚੈਨਲ ਬੋਲਣ ਦੇ ਅਧਿਕਾਰ ਦੀ ਸੁਤੰਤਰਤਾ ਦੇ ਹੱਕਦਾਰ ਹਨ, ਇਸ ਆਜ਼ਾਦੀ ਤਹਿਤ ਨਿਆਂ ਪ੍ਰਕਿਰਿਆ ਵਿੱਚ ਦਖ਼ਲ ਦੇਣ ਤੋਂ ਬਚਿਆ ਜਾਵੇ।

ਅਵਿਨਾਸ਼ ਕੁਮਾਰ ਕਹਿੰਦੇ ਹਨ, "ਪਿਛਲੇ ਦੋ ਮਹੀਨੇ ਤੋਂ ਰਿਆ ਦੇ ਖਿਲਾਫ਼ ਮੀਡੀਆ ਵਿੱਚ ਕਿਆਸ ਅਧਾਰਿਤ ਖ਼ਬਰਾਂ ਅਤੇ ਸਮੱਗਰੀ ਪੇਸ਼ ਕੀਤੀ ਗਈ। ਕੁਝ ਮਹਿਲਾ ਵਿਰੋਧੀ ਪ੍ਰਤੀਕਰਮ ਵੀ ਆਏ। ਇਸ ਮਾਮਲੇ ਦੀ ਕਵਰੇਜ਼ ਨੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਧਿਆਨ ਖਿੱਚਿਆ ਹੈ, ਜਿਸ ਦੇ ਸਿੱਟੇ ਵਜੋਂ ਆਨਲਾਈਨ ਹਿੰਸਾ ਅਤੇ ਰਿਆ ਖ਼ਿਲਾਫ਼ ਮਾੜੇ ਵਤੀਰੇ ਕਈ ਮਾਮਲੇ ਸਾਹਮਣੇ ਆਏ ਹਨ।"

"ਮੀਡੀਆ ਕਵਰੇਜ਼ ਜੋ ਉਸ ਦੇ ਚਰਿੱਤਰ ਨੂੰ ਸ਼ੱਕੀ ਤੇ ਬਦਨਾਮ ਕਰਦੀ ਹੈ, ਉਹ ਬਿਨਾਂ ਕਿਸੇ ਉਦੇਸ਼ ਦੇ ਹੈ। ਅਜਿਹੀਆਂ ਗਤੀਵਿਧੀਆਂ ਪੀੜਤ ਨੂੰ ਨਿਆਂ ਮਿਲਣ ਵਿੱਚ ਔਖੀਆਈ ਆਉਂਦੀ ਹੈ ਅਤੇ ਲਿੰਗਕ ਬਰਬਰਤਾ ਦੀ ਕੋਸ਼ਿਸ਼'ਚ ਵੀ ਰੁਕਾਵਟ ਬਣਦੀ ਹੈ।"

ਕੋਰੋਨਾਵਾਇਰਸ: ਪੰਜਾਬ ਵਿੱਚ ਮੌਤ ਦੀ ਦਰ ਭਾਰਤ 'ਚ ਸਭ ਤੋਂ ਵੱਧ, ਮਹਾਰਾਸ਼ਟਰ ਨੂੰ ਵੀ ਛੱਡਿਆ ਪਿੱਛੇ

ਬੁੱਧਵਾਰ ਨੂੰ ਕੋਵਡਿ-19 ਕਾਰਨ ਪੰਜਾਬ ਵਿੱਚ ਹੋਈਆਂ 71 ਤਾਜ਼ਾ ਮੌਤਾਂ ਕਾਰਨ ਸੂਬੇ ਦੀ ਮੌਤ ਦਰ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਿਤ ਸੂਬੇ ਮਹਾਰਾਸ਼ਟਰ (2.90%) ਨੂੰ ਪਿੱਛੇ ਛੱਡ ਕੇ 2.95% ਹੋ ਗਈ ਹੈ।

ਇਹ ਦੇਸ਼ ਵਿੱਚ ਸਭ ਤੋਂ ਬੁਰੀ ਹੈ। ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 69,684 ਮਰੀਜ਼ਾਂ ਵਿੱਚੋਂ ਹੁਣ ਤੱਕ 2,061 ਜਣੇ ਆਪਣੀ ਜਾਨ ਗੁਆ ਚੁੱਕੇ ਹਨ ਇਨ੍ਹਾਂ ਵਿੱਚੋਂ ਪ੍ਰਤੀ ਦਿਨ 41.8 ਦੀ ਔਸਤਨ ਨਾਲ 1,165 ਮੌਤਾਂ ਪਹਿਲੀ ਅਗਸਤ ਤੋਂ ਬਾਅਦ ਹੋਈਆਂ ਹਨ।

ਇਹ ਵੀ ਪੜ੍ਹੋ:

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਕੋਰੋਨਾਵਾਇਰਸ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੀ ਮਾਹਰਾਂ ਦੀ ਟੀਮ ਸੂਬੇ ਦੇ ਦੌਰੇ 'ਤੇ ਹੈ।

ਇਸ ਟੀਮ ਵਿੱਚ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਦੇ ਮਾਹਰ ਜੇਐੱਸ ਠਾਕੁਰ ਅਤੇ ਨੈਸ਼ਨਲ ਸੈਂਟਰਕ ਫਾਰ ਡਿਜ਼ੀਜ਼ ਕੰਟਰੋਲ ਦੇ ਨਿਰਦੇਸ਼ਕ ਅਸ਼ੋਕ ਕੁਮਾਰ ਹਨ।

ਇਹ ਟੀਮ ਕੋਰੋਨਾਵਾਇਰਸ ਮਹਾਂਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਮੋਹਾਲੀ ਜ਼ਿਲ੍ਹਿਆਂ ਦਾ ਦੌਰਾ ਕਰ ਕੇ ਸਥਿਤੀ ਦਾ ਮੁਆਇਨਾ ਕਰ ਰਹੀ ਹੈ। ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਹੀ ਪੰਜਾਬ ਦੀਆਂ 63% ਮੌਤਾਂ ਦਰਜ ਕੀਤੀਆਂ ਗਈਆਂ ਹਨ।

ਪੰਜਾਬ ਸਰਕਾਰ ਦੇ ਕੋਵਿਡ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਮੌਤਾਂ ਵਿੱਚ ਹੋਏ ਇਸ ਵਾਧੇ ਲਈ ਮਰੀਜ਼ਾਂ ਦੀਆਂ ਹੋਰ ਬਿਮਾਰੀਆਂ ਅਤੇ ਦੇਰੀ ਨਾਲ ਰਿਪੋਰਟ ਕਰਨ ਨੂੰ ਜ਼ਿੰਮੇਵਾਰ ਦੱਸਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਹ ਵੀ ਪੜ੍ਹੋ:

ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਪੱਖੀ ਸੰਗਠਨਾਂ ਦੀਆਂ ਕੀ ਹਨ ਦਲੀਲਾਂ

ਵੀਡੀਓ: ਲੌਕਡਾਊਨ ਦੌਰਾਨ ਬੇਸਹਾਰਿਆਂ ਦੇ ਆਸ਼ਰਮ ਦਾ ਗੁਜ਼ਾਰਾ ਕਿਵੇਂ ਔਖਾ ਹੋਇਆ

ਵੀਡੀਓ: ਕੰਗਨਾ ਰਨੌਤ ਦੇ ਮੁੰਬਈ ਸਥਿਤ ਦਫ਼ਤਰ 'ਤੇ BMC ਦੀ ਕਾਰਵਾਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)