ਰਿਆ ਨੂੰ ਬਿਨਾਂ ਜਾਂਚ ‘ਸੁਸ਼ਾਂਤ ਦਾ ਵਿਲੇਨ’ ਬਣਾਉਣ ਪਿੱਛੇ ਕਿਹੜੀ ਸੋਚ ਕੰਮ ਕਰ ਰਹੀ - ਬਲਾਗ

    • ਲੇਖਕ, ਦਿਵਿਆ ਆਰਿਆ,
    • ਰੋਲ, ਬੀਬੀਸੀ ਪੱਤਰਕਾਰ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਰਿਆ ਚੱਕਰਵਰਤੀ ਦੀ ਜ਼ਿੰਦਗੀ ਅੱਜ-ਕੱਲ ਸੀਰੀਅਲ ਵਾਂਗ ਟੀਵੀ ਚੈਨਲਾਂ ਤੇ ਦਿਖਾਈ ਜਾ ਰਹੀ ਹੈ।

ਕਦੇ ਉਹ ਛਲ-ਕਪਟ ਅਤੇ ਕਾਲੇ ਜਾਦੂ ਦੇ ਨਾਲ ਮਰਦਾਂ ਨੂੰ ਆਪਣੇ ਵੱਸ ਵਿੱਚ ਕਰਨ ਵਾਲੀ ਔਰਤ ਦੀ ਕਹਾਣੀ ਬਣ ਜਾਂਦੀ ਹੈ, ਤਾਂ ਕਦੇ ਇੱਕ ਮਜ਼ਬੂਤ, ਤਾਕਤਵਰ, ਖ਼ੁਸ਼-ਮਿਜ਼ਾਜ ਮਰਦ ਨੂੰ ਤਣਾਅ ਦਾ ਸ਼ਿਕਾਰ ਤੇ ਕਮਜ਼ੋਰ ਇਨਸਾਨ ਬਣਾ ਕੇ ਦਿਖਾਉਣ ਵਾਲੀ ਔਰਤ ਦੀ।

ਕਹਾਣੀ ਵਿੱਚ ਹਰ ਰੋਜ਼ ਨਵੇਂ ਮੋੜ ਆ ਰਹੇ ਹਨ। ਅਹਿਮ ਭੂਮਿਕਾ ਦਾ ਦਾਅਵਾ ਕਰਨ ਵਾਲੇ ਕਿਰਦਾਰ ਆਉਂਦੇ ਹਨ ਅਤੇ ਰਾਇਸ਼ੁਮਾਰੀ ਇਵੇਂ ਕੀਤੀ ਜਾਂਦੀ ਹੈ ਜਿਵੇਂ ਇਹੀ ਡੂੰਘਾ ਸੱਚ ਹੋਵੇ।

ਪਰ ਕਹਾਣੀ ਰਹਿੰਦੀ ਹੈ ਮਰਦ ਅਤੇ ਔਰਤ ਦੇ ਰਿਸ਼ਤੇ ਦੀ, ਜਿਸ ਵਿੱਚ ਮਰਦ ਹੀਰੋ ਹੈ ਅਤੇ ਔਰਤ ਵਿਲੇਨ ਹੈ। ਉਹ ਵੀ ਬਿਨਾਂ ਜਾਂਚ ਦੇ ਘੱਟੋ-ਘੱਟ ਹੁਣ ਤੱਕ ਤਾਂ ਪਲਾਟ ਇਹੀ ਰਿਹਾ ਹੈ।

14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੂੰ ਉਨ੍ਹਾਂ ਦੇ ਫਲੈਟ ਵਿੱਚ ਮ੍ਰਿਤ ਪਾਏ ਜਾਣ ਤੋਂ ਬਾਅਦ ਇੱਕ ਲੰਬੇ ਸਮੇਂ ਤੱਕ ਇਸ ਦੀ ਵਜ੍ਹਾ ਬਾਲੀਵੁੱਡ ਦਾ ਭਾਈ-ਭਤੀਜਾਵਾਦ ਦੱਸਿਆ ਗਿਆ। ਫ਼ਿਲਮ ਸਨਅਤ ਤੋਂ ਸਵਾਲ ਪੁੱਛੇ ਗਏ, ਟੀਵੀ ਸਟੂਡੀਓਜ਼ ਵਿੱਚ ਬਹਿਸ ਕੀਤੀ ਗਈ।

ਇਹ ਵੀ ਪੜ੍ਹੋ:

ਫਿਰ ਸ਼ੱਕ ਦੀ ਸੂਈ ਉਨ੍ਹਾਂ ਦੀ ਗਰਲਫਰੈਂਡ ਰਿਆ ਚੱਕਰਵਰਤੀ ਵੱਲ ਮੁੜ ਗਈ। ਉਨ੍ਹਾਂ ਨੂੰ ਪੈਸੇ ਦੀ ਲਾਲਚੀ ਦੱਸ ਕੇ ਬਲਾਤਕਾਰ ਅਤੇ ਕਤਲ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਤੰਗ ਆ ਕੇ ਉਨ੍ਹਾਂ ਨੇ ਮੁੰਬਈ ਪੁਲਿਸ ਦੇ ਸਾਈਬਰ ਕਰਾਈਮ ਕੋਲ ਪਹੁੰਚ ਕੀਤੀ।

ਹਾਵੀ ਹੋਣ ਵਾਲੀਆਂ ਔਰਤਾਂ

ਇਨ੍ਹਾਂ ਅਫ਼ਵਾਹਾਂ ਉੱਪਰ ਇੱਕ ਤਰ੍ਹਾਂ ਨਾਲ ਉਸ ਸਮੇਂ ਮੁਹਰ ਲੱਗ ਗਈ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਰਿਆ ਚੱਕਰਵਰਤੀ ਉੱਪਰ ਆਪਣੇ ਪੁੱਤਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ, ਪੈਸੇ ਹੜਪਣ ਅਤੇ ਘਰ ਵਾਲਿਆਂ ਤੋਂ ਦੂਰ ਕਰਨ ਦੇ ਇਲਜ਼ਾਮਾਂ ਨਾਲ ਐਫ਼ਆਈਆਰ ਦਰਜ ਕਰਵਾਈ।

ਉਹ ਦਾਅਵੇ ਜਿਨ੍ਹਾਂ ਨੂੰ ਪੁਲਿਸ ਦੀ ਜਾਂਚ ਅਤੇ ਅਦਾਲਤ ਦੀ ਸੁਣਾਵਾਈ ਦੌਰਾਨ ਪਰਖਿਆ ਜਾਂਦਾ ਹੈ। ਉਨ੍ਹਾਂ ਨੂੰ ਪਹਿਲਾਂ ਇਲਜ਼ਾਮ ਕਹਿਣਾ ਹੀ ਉਚਿਤ ਹੈ।

ਜਦੋਂਕਿ ਅਜਿਹਾ ਹੋਇਆ ਨਹੀਂ। ਬਿਹਾਰ ਵਿੱਚ ਜਨਤਾ ਦਲ ਯੂਨਾਈਟਡ ਦੇ ਆਗੂ ਮਹੇਸ਼ਵਰ ਹਜ਼ਾਰੀ ਨੇ ਰਿਆ ਚੱਕਰਵਰਤੀ ਨੂੰ ਵਿਸ਼-ਕੰਨਿਆ ਦੱਸਿਆ।

ਉਨ੍ਹਾਂ ਕਿਹਾ,"ਉਨ੍ਹਾਂ ਨੂੰ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਭੇਜਿਆ ਗਿਆ, ਸੁਸ਼ਾਂਤ ਸਿੰਘ ਨੂੰ ਪਿਆਰ ਦੇ ਜਾਲ ਵਿੱਚ ਫ਼ਸਾਉਣ ਲਈ ਅਤੇ ਫਿਰ ਉਨ੍ਹਾਂ ਨੇ ਉਨ੍ਹਾਂ (ਸੁਸ਼ਾਂਤ) ਦਾ ਕੀ ਹਾਲ ਕੀਤਾ ਸਾਰੇ ਜਾਣਦੇ ਹਨ।"

ਅਜਿਹੇ ਬਿਆਨਾਂ ਤੋਂ ਬਾਅਦ ਬੰਗਾਲ ਦੀਆਂ ਔਰਤਾਂ 'ਤੇ ਸੋਸ਼ਲ ਮੀਡੀਆ ਉੱਪਰ ਖ਼ੂਬ ਚਿੱਕੜ ਸੁੱਟਿਆ ਗਿਆ। ਅੰਗਰੇਜ਼ੀ ਬੋਲਣ ਵਾਲੀਆਂ, ਵਿਆਹ ਤੋਂ ਬਾਹਰ ਜਿਣਸੀ ਸਬੰਧ ਰੱਖਣ ਤੋਂ ਨਾ ਝਿਜਕਣ ਵਾਲੀਆਂ, ਆਪਣੇ ਮਨ ਦੀ ਗੱਲ ਖੁੱਲ੍ਹ ਕੇ ਕਹਿਣ ਵਾਲੀਆਂ ਬੰਗਾਲ ਦੀਆਂ ਔਰਤਾਂ ਜੋ ਉੱਤਰੀ ਭਾਰਤ ਦੇ ਮਰਦਾਂ ਨੂੰ ਵਿਗਾੜ ਦਿੰਦੀਆਂ ਹਨ।

ਕਈ ਟਵੀਟ ਲਿਖੇ ਗਏ, ਜਿਵੇਂ," ਬੰਗਾਲੀ ਕੁੜੀਆਂ ਹਾਵੀ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਪਤਾ ਹੈ ਕਿ ਮੁੰਡਿਆਂ ਨੂੰ ਕਿਵੇਂ ਫ਼ਸਾਇਆ ਜਾਵੇ, "ਪਹਿਲਾਂ ਉਹ ਕਾਲੇ ਤਿਲਸਮ ਨਾਲ ਵੱਡੀ ਮੱਛੀ ਫੜ੍ਹਦੀਆਂ ਹਨ। ਫਿਰ ਉਹੀ ਉਨ੍ਹਾਂ ਦੇ ਸਾਰੇ ਕੰਮ ਕਰਦੀ ਹੈ।"

ਇੱਥੋਂ ਤੱਕ ਕਿ ਕੋਲਕਾਤਾ ਪੁਲਿਸ ਵਿੱਚ ਸ਼ਿਕਾਇਤ ਦਰਜ ਹੋਣ ਦੀਆਂ ਰਿਪੋਰਟਾਂ ਵੀ ਆਈਆਂ। ਪਰ ਬੰਗਾਲੀ ਅਤੇ ਬਾਕੀ ਔਰਤਾਂ ਨੇ ਮਿਲ ਕੇ ਇਨ੍ਹਾਂ ਧਾਰਨਾਵਾਂ ਦਾ ਸੋਸ਼ਲ-ਮੀਡੀਆ ਉੱਪਰ ਹੀ ਜਵਾਬ ਦਿੱਤਾ।

ਟਵਿੱਟਰ ਉੱਪਰ ਰੁਚਿਕਾ ਸ਼ਰਮਾ ਨੇ ਲਿਖਿਆ ਕਿ ਔਰਤਾਂ ਨੂੰ ਵਹਿਸ਼ੀ ਦਿਖਾਉਣਾ ਭਾਰਤ ਵਿੱਚ ਸਮਾਂ ਬਿਤਾਉਣ ਦਾ ਇੱਕ ਵਧੀਆ ਤਰੀਕਾ ਹੈ ਅਤੇ ਇਸ ਸੋਚ ਨੂੰ ਕਈ ਦਹਾਕਿਆਂ ਦੀ ਇਸਤਰੀਵਾਦੀ ਲਹਿਰ ਵੀ ਨਹੀਂ ਬਦਲ ਸਕੀ। ਕਿਉਂਕਿ ਇਸ ਦੀ ਸ਼ੁਰੂਆਤ ਘਰੋਂ, ਮਰਦਾਂ ਦੇ ਨਾਲ ਸਾਡੇ ਰਿਸ਼ਤੇ ਸ਼ੁਰੂ ਹੋਣ ਦੀ ਲੋੜ ਹੈ।

ਅਦਾਕਾਰਾ ਸਵਾਸਤਿਕਾ ਮੁਖਰਜੀ ਨੇ ਲਿਖਿਆ,"ਹਾਂ, ਮੈਂ ਰੂਈ ਅਤੇ ਭੇਟਕੀ (ਮੱਛੀਆਂ) ਪਸੰਦ ਕਰਦੀ ਹਾਂ। ਫਿਰ ਉਸ ਨੂੰ ਸਰ੍ਹੋਂ ਦੇ ਤੇਲ ਵਿੱਚ ਫਰਾਈ ਕਰ ਕੇ, ਗਰਮ ਚੌਲ ਅਤੇ ਲਾਲ ਜਾਂ ਹਰੀ ਮਿਰਚ ਨਾਲ ਖਾਂਦੀ ਹਾਂ।"

ਬੇਬਸ ਮਰਦ

ਤੰਤਰ-ਮੰਤਰ ਅਤੇ ਕਾਲੇ ਜਾਦੂ ਨਾਲ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੱਸ ਵਿੱਚ ਕਰਨ ਦਾ ਦਾਅਵਾ, ਇੱਕ ਸਮਝਦਾਰ ਮਰਦ ਜੋ ਬੇਬਸ ਹੋ ਗਿਆ, ਝਾਂਸੇ ਵਿੱਚ ਆ ਗਿਆ।

ਇਹ ਉਸੇ ਸੁਸ਼ਾਂਤ ਸਿੰਘ ਬਾਰੇ ਕਿਹਾ ਜਾ ਰਿਹਾ ਸੀ, ਜਿਨ੍ਹਾਂ ਨੇ ਪਿਛਲੇ ਸਾਲ ਜਲਾਲੂਦੀਨ ਰੂਮੀ ਦਾ ਲਿਖਿਆ, "ਜਿਵੇਂ ਇੱਕ ਪਰਛਾਵਾਂ, ਜੋ ਮੈਂ ਹਾਂ ਵੀ ਅਤੇ ਨਹੀਂ ਵੀ" ਟਵੀਟ ਕੀਤਾ ਸੀ।

ਬੇਬਸੀ ਦੀ ਇਹ ਗੱਲ ਸੁਸ਼ਾਂਤ ਸਿੰਘ ਰਾਜਪੂਤ ਦੇ ਤਣਾਅ ਦਾ ਮਰੀਜ਼ ਹੋਣ ਦੇ ਦਾਅਵੇ ਨਾਲ ਜੁੜੀ ਸੀ। ਉਹ ਵੱਖਰੀ ਗੱਲ ਸੀ ਕਿ ਇਸ ਦਾਅਵੇ ਉੱਪਰ ਵੀ ਬਹੁਤ ਸਵਾਲ ਚੁੱਕੇ ਗਏ। ਤਸਵੀਰਾਂ ਵਿੱਚ ਦੁਖੀ ਦਿਖਣ ਦੀ ਨਿਸ਼ਾਨਦੇਹੀ ਕੀਤੀ ਗਈ।

ਫ਼ਿਲਮ ਵਿਸ਼ਲੇਸ਼ਕ ਏਨਾ ਵੇੱਟੀਕਾਡ ਨੇ ਪੁੱਛਿਆ," ਤਣਾਅ ਦੀ ਦਿੱਖ ਦਾ ਕੀ ਮਤਲਬ ਹੁੰਦਾ ਹੈ? ਮਾਨਸਿਕ ਰੋਗ ਨਾਲ ਜੁੜੇ ਲੋਕ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਦੀ ਟੈਲੀਵਿਜ਼ਨ ਕਵਰੇਜ ਵਿੱਚ ਫੈਲਾਈ ਜਾਣਕਾਰੀ ਦੇ ਖ਼ਿਲਾਫ਼ ਕਿਉਂ ਨਹੀਂ ਬੋਲਦੇ?"

ਮਾਨਸਿਕ ਬੀਮਾਰੀ ਕੋਈ ਨਾਕਾਮੀ, ਇੱਕ ਨਿਜੀ ਹਾਰ ਅਤੇ ਮਰਦ ਨੂੰ ਕਮਜ਼ੋਰ ਮੰਨਣਾ ਸਮਾਜ ਲਈ ਵੈਸੇ ਵੀ ਮੁਸ਼ਕਲ ਹੈ।

ਉਹ ਵੀ ਇੱਕ ਅਜਿਹਾ ਆਦਮੀ ਜੋ ਵੱਡੇ ਅਤੇ ਛੋਟੇ ਪਰਦੇ 'ਤੇ 'ਹੀਰੋ' ਦੀ ਭੂਮਿਕਾ ਵਿੱਚ ਰਿਹਾ ਹੋਵੇ, ਜਿਸ ਨੇ ਬਾਲੀਵੁੱਡ ਤੋਂ ਬਾਹਰੀ ਹੋਣ ਦੇ ਬਾਵਜੂਦ ਉਸ ਵਿੱਚ ਆਪਣੀ ਜਗ੍ਹਾ ਬਣਾਈ ਹੈ, ਉਹ ਕਮਜ਼ੋਰ ਕਿਵੇਂ ਹੋ ਸਕਦਾ ਹੈ?

ਇਹ ਵੀ ਪੜ੍ਹੋ:

ਡਿਪਰੈਸ਼ਨ ਵਰਗੀ ਬਿਮਾਰੀ ਸਾਡੇ ਹੀਰੋ ਨੂੰ ਹੋਣਾ ਬੇਚੈਨ ਕਰਨ ਵਾਲਾ ਸੀ ਅਤੇ ਜੇ ਉਸਨੂੰ ਇਹ ਬਿਮਾਰੀ ਸੀ ਤਾਂ ਇਸਦਾ ਵੀ ਗਲਤ ਫਾਇਦਾ ਚੁੱਕਿਆ ਗਿਆ ਹੋਣਾ। ਇਹ ਉਨ੍ਹਾਂ ਦੀ ਗਲਤੀ ਨਹੀਂ, ਉਸ ਨਾਲ ਧੋਖਾ ਕਰਨ ਵਾਲੇ ਦੀ ਹੋਵੇਗੀ। ਵਿਚਾਰ ਵਟਾਂਦਰੇ ਵਿੱਚ ਫਿਰ ਸੂਈ ਰੀਆ ਚੱਕਰਵਰਤੀ ਵੱਲ ਘੁੰਮ ਗਈ।

ਔਰਤ ਦੇ ਕੱਪੜੇ

ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਨਿਆਂਪਾਲਿਕਾ ਵਿੱਚ ਵਿਸ਼ਵਾਸ ਜਤਾਇਆ ਅਤੇ ਮੀਡੀਆ ਵਿੱਚ ਉਨ੍ਹਾਂ ਖਿਲਾਫ਼ ਕੀਤੀਆਂ ਜਾ ਰਹੀਆਂ ਗੱਲਾਂ ਨੂੰ ਗਲਤ ਦੱਸਿਆ।

ਪਰ ਚਿੱਟੇ ਸਲਵਾਰ-ਕਮੀਜ਼ ਵਿੱਚ ਜਾਰੀ ਕੀਤਾ ਗਿਆ ਇਹ ਵੀਡੀਓ ਉਨ੍ਹਾਂ ਦੇ ਬਿਆਨ ਨਹੀਂ ਸਗੋਂ ਕੱਪੜਿਆਂ ਕਾਰਨ ਚਰਚਾ ਵਿੱਚ ਰਿਹਾ।

ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਦੇ ਵਕੀਲ ਨੇ ਕਿਹਾ, "ਰਿਆ ਦੀ ਵੀਡੀਓ ਉਨ੍ਹਾਂ ਦੇ ਬਿਆਨ ਬਾਰੇ ਨਹੀਂ ਉਨ੍ਹਾਂ ਦੇ ਕੱਪੜਿਆਂ ਬਾਰੇ ਹੈ। ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਅਜਿਹੇ ਕੱਪੜੇ ਪਾਏ ਹੋਣਗੇ। ਉਨ੍ਹਾਂ ਦਾ ਮਕਸਦ ਖੁਦ ਨੂੰ ਬਸ ਸਿੱਧੀ-ਸਾਧੀ ਔਰਤ ਵਜੋਂ ਪੇਸ਼ ਕਰਨਾ ਸੀ।"

ਇਸ ਨੂੰ ਸੀਨੀਅਰ ਵਕੀਲ ਕਰੁਣਾ ਨੰਦੀ ਨੇ 'ਲੀਗਲ ਮਿਸੌਜਨੀ' (ਕਾਨੂੰਨੀ ਦੁਰਾਚਾਰ) ਕਰਾਰ ਦਿੱਤਾ। ਯਾਨਿ ਕਿ ਕਾਨੂੰਨ ਦੇ ਦਾਇਰੇ ਵਿੱਚ ਔਰਤਾਂ ਨੂੰ ਨੀਚਾ ਦਿਖਾਉਣਾ। ਉਨ੍ਹਾਂ ਨੇ ਲਿਖਿਆ, "ਘੱਟ ਕਪੜੇ ਦਾ ਮਤਲਬ ਹੈ ਅਪਰਾਧੀ, ਸਲਵਾਰ-ਕਮੀਜ਼ ਦਾ ਮਤਲਬ ਹੈ ਅਪਰਾਧ ਨੂੰ ਲੁਕਾਉਣ ਦੀ ਕੋਸ਼ਿਸ਼।"

ਮੀਡੀਆ ਵਿੱਚ ਫੈਲਾਏ ਜਾ ਰਹੇ ਮਾਨਸਿਕ ਰੋਗ ਨਾਲ ਜੁੜੇ ਮਿੱਥਾਂ ਨੂੰ ਦੂਰ ਕਰਨ ਲਈ ਸੁਸ਼ਾਂਤ ਸਿੰਘ ਰਾਜਪੂਤ ਦੀ ਥੈਰੇਪਿਸਟ ਨੇ ਇਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਦਾਸੀ ਨੂੰ ਮਾਨਸਿਕ ਬੀਮਾਰੀ ਨਹੀਂ ਸ਼ਖਸੀਅਤ ਦੀ ਕਮਜ਼ੋਰੀ ਮੰਨਣਾ ਗਲਤ ਹੈ।

ਇਹ ਵੀ ਦਾਅਵਾ ਕੀਤਾ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ 'ਬਾਈਪੋਲਰ ਡਿਸਆਰਡਰ' ਹੈ ਅਤੇ ਰਿਆ ਨੇ ਉਸਨੂੰ ਲੁਕਾਉਣ ਦੀ ਬਜਾਏ ਮਦਦ ਲੈਣ ਦੀ ਹਿੰਮਤ ਦਿੱਤੀ।

ਸੀਰੀਅਲ ਅਜੇ ਵੀ ਜਾਰੀ ਹੈ। ਮੀਡੀਆ ਦੀ ਅਦਾਲਤ ਵਿੱਚ ਹਰ ਦੂਜੇ ਦਿਨ ਨਵੀਂ ਜਾਣਕਾਰੀ ਪੇਸ਼ ਕੀਤੀ ਜਾ ਰਹੀ ਹੈ. ਪਰਿਵਾਰ, ਦੋਸਤਾਂ ਅਤੇ ਜਾਣਨ ਵਾਲਿਆਂ ਦੇ ਬਿਆਨ ਸਾਹਮਣੇ ਆ ਰਹੇ ਹਨ।

ਕੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਖੁਦਕੁਸ਼ੀ ਕਾਰਨ ਹੋਈ ਸੀ ਜਾਂ ਉਸ ਦਾ ਕਤਲ ਕੀਤਾ ਗਿਆ ਸੀ? ਅਤੇ ਜੇ ਇਸਦੇ ਪਿੱਛੇ ਕੋਈ ਸਾਜਿਸ਼ ਸੀ ਤਾਂ ਕਿਸ ਦੀ ਸੀ ਅਤੇ ਕਿਸ ਮਕਸਦ ਨਾਲ?

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਰਾਹ ਵਿੱਚ ਸਿਆਸਤ ਵੀ ਹੈ ਅਤੇ ਨਿੱਜੀ ਹਿੱਤ ਵੀ ਅਤੇ ਇਸ ਸਭ ਦੇ ਵਿਚਕਾਰ ਕਿਤੇ ਦੱਬੀ ਹੋਈ ਸੱਚਾਈ।

ਨਿਆਂਪਾਲਿਕਾ ਅਤੇ ਜਾਂਚ ਏਜੰਸੀਆਂ ਦੀ ਉਡੀਕ ਕੀਤੇ ਬਿਨਾਂ ਸਟਿੰਗ ਆਪਰੇਸ਼ਨ, ਮੀਡੀਆ ਦੀ ਆਪਣੀ ਜਾਂਚ ਅਤੇ ਅਪਰਾਧ ਤੈਅ ਕਰਨ ਦੀ ਜਲਦਬਾਜ਼ੀ ਖ਼ਤਰਨਾਕ ਹੋ ਸਕਦੀ ਹੈ।

ਦਬਾਅ ਅਤੇ ਖੁਦਕੁਸ਼ੀ ਦੇ ਜਿਸ ਰਿਸ਼ਤੇ ਨਾਲ ਸ਼ੁਰੂਆਤ ਹੋਈ ਸੀ, ਵਿਲੇਨ ਨੂੰ ਲੱਭਣ ਦੀ ਦੌੜ ਵਿੱਚ ਕਿਤੇ ਉਹੀ ਮਾਹੌਲ ਨਾ ਬਣ ਜਾਵੇ।

ਨਿਰਦੇਸ਼ਕ ਹੰਸਲ ਮਹਿਤਾ ਨੇ ਸ਼ਾਇਦ ਟਵਿੱਟਰ 'ਤੇ ਇਸ ਲਈ ਸਵਾਲ ਪੁੱਛਿਆ ਸੀ, ਜੇ ਮੀਡੀਆ ਟਰਾਇਲ ਕਾਰਨ ਅਜਿਹਾ ਹੋਇਆ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਵੇਗਾ?

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)