ਅਯੁੱਧਿਆ ਰਾਮ ਮੰਦਰ: ਬਾਬਰ ਅਯੁੱਧਿਆ ਕੀ ਕਰਨ ਜਾਂਦਾ ਸੀ, ਬਾਬਰਨਾਮਾ 'ਚ ਹੈ ਜ਼ਿਕਰ

    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਉੱਤਰ ਪ੍ਰਦੇਸ਼ 'ਚ ਅਯੁੱਧਿਆ ਵਿਖੇ ਵਿਵਾਦਿਤ ਬਾਬਰੀ ਮਸਜਿਦ-ਰਾਮ ਜਨਮ ਭੂਮੀ ਦਾ ਢਾਂਚਾ ਮੌਜੂਦ ਸੀ, ਜਿਸ ਦਾ ਨਿਰਮਾਣ ਸਾਲ 1528 'ਚ ਹੋਇਆ ਸੀ।

ਹਿੰਦੂ ਸੰਗਠਨਾਂ ਦਾ ਸ਼ੂਰੂ ਤੋਂ ਹੀ ਦਾਅਵਾ ਰਿਹਾ ਹੈ ਕਿ ਇਸ ਮਸਜਿਦ ਦਾ ਨਿਰਮਾਣ ਰਾਮ ਦੇ ਜਨਮ ਅਸਥਾਨ 'ਤੇ ਬਣੇ ਮੰਦਿਰ ਨੂੰ ਤੋੜ ਕੇ ਕੀਤਾ ਗਿਆ ਹੈ।ਜਦਕਿ ਮਸਜਿਦ ਦੇ ਦਸਤਾਵੇਜਾਂ ਤਹਿਤ ਮੁਗ਼ਲ ਸ਼ਾਸਕ ਬਾਬਰ ਦੇ ਇੱਕ ਜਰਨੈਲ ਮੀਰ ਬਾਕੀ ਨੇ ਇਸ ਦਾ ਨਿਰਮਾਣ ਕਰਵਾਇਆ ਸੀ।

ਖੈਰ, ਬਾਬਰੀ ਮਸਜਿਦ ਸਾਲ 1992 'ਚ ਢਾਹ ਦਿੱਤੀ ਗਈ ਸੀ, ਪਰ ਇਸ ਖੇਤਰ 'ਚ ਤਿੰਨ ਹੋਰ ਅਜਿਹੀਆਂ ਹੀ ਮਸਜਿਦਾਂ ਮੌਜੂਦ ਹਨ।ਇੰਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਵੀ ਬਾਬਰ ਕਾਲ ਨਾਲ ਹੀ ਸਬੰਧਤ ਹਨ।

ਬਾਬਰ ਕਾਲ ਨਾਲ ਸੰਬੰਧਤ ਤਿੰਨ ਮਸਜਿਦਾਂ

ਅਯੁੱਧਿਆ 'ਚ ਵਿਵਾਦਤ ਸਥਾਨ ਤੋਂ ਕੁੱਝ ਦੂਰੀ 'ਤੇ ਹੀ 'ਮਸਜਿਦ ਬੇਗ਼ਮ ਬਾਲਰਸ' ਮੌਜੂਦ ਹੈ ਅਤੇ ਦੂਜੀ ਮਸਜਿਦ ਜਿਸ ਦਾ ਨਾਂ 'ਮਸਜਿਦ ਬੇਗ਼ਮ ਬਲਰਾਸਪੁਰ' ਹੈ ਉਹ ਫੈਜ਼ਾਬਾਦ ਜ਼ਿਲ੍ਹੇ ਦੇ ਦਰਸ਼ਨ ਨਗਰ ਇਲਾਕੇ 'ਚ ਅੱਜ ਵੀ ਮੌਜੂਦ ਹੈ।

ਜਿਸ ਤੀਜੀ ਮਸਜਿਦ ਨੂੰ ਬਾਬਰ ਕਾਲ ਦਾ ਦੱਸਿਆ ਜਾਂਦਾ ਹੈ , ਉਹ ਹੈ 'ਮਸਜਿਦ ਮੁਮਤਾਜ਼ ਸ਼ਾਹ' ਅਤੇ ਇਹ ਲਖਨਊ ਤੋਂ ਫੈਜ਼ਾਬਾਦ ਜਾਣ ਵਾਲੇ ਰਸਤੇ 'ਚ ਪੈਂਦੇ ਮੁਮਤਾਜ਼ ਨਗਰ 'ਚ ਸਥਿਤ ਹੈ।

ਕਿਉਂਕਿ ਮੈਂ ਕਈ ਵਾਰ ਬਾਬਰੀ ਮਸਜਿਦ ਨੂੰ ਵੇਖ ਚੁੱਕਾ ਹਾਂ, ਇਸ ਲਈ ਕਹਿ ਸਕਦਾ ਹਾਂ ਕਿ ਇਹ ਤਿੰਨੋਂ ਮਸਜਿਦਾਂ ਭਾਵੇਂ ਆਕਾਰ 'ਚ ਬਾਬਰੀ ਮਸਜਿਦ ਤੋਂ ਬਹੁਤ ਛੋਟੀਆਂ ਹਨ।ਪਰ ਫਿਰ ਵੀ ਇੰਨ੍ਹਾਂ 'ਚ ਕਈ ਸਮਾਨਤਾਵਾਂ ਮੌਜੂਦ ਹਨ।

ਮਿਸਾਲ ਦੇ ਤੌਰ 'ਤੇ ਇੰਨ੍ਹਾਂ ਤਿੰਨਾਂ ਮਸਜਿਦਾਂ 'ਚ ਬਾਬਰੀ ਮਸਜਿਦ ਦੀ ਤਰ੍ਹਾਂ ਕੋਈ ਵੀ ਬੁਰਜ ਨਹੀਂ ਹੈ ਪਰ ਇੱਕ ਵੱਡਾ ਤੇ ਦੋ ਛੋਟੇ ਗੁੰਬਦ ਜ਼ਰੂਰ ਮੌਜੂਦ ਹਨ।

ਇਹ ਵੀ ਪੜ੍ਹੋ-

ਹੋਰ ਵੀ ਕਈ ਮਸਜਿਦਾਂ ਹਨ ਮੌਜੂਦ

ਲਖਨਊ ਨਾਲ ਸਬੰਧਤ ਇਤਿਹਾਸਕਾਰ ਰੋਹਨ ਤਕੀ ਦਾ ਕਹਿਣਾ ਹੈ ਕਿ ਜੇਕਰ ਪੂਰੇ ਧਿਆਨ ਨਾਲ ਖੋਜ ਕੀਤੀ ਜਾਵੇ ਤਾਂ ਸਿਰਫ ਇਹੋ ਤਿੰਨੇ ਹੀ ਨਹੀਂ ਬਲਕਿ ਪੂਰੇ ਇਲਾਕੇ 'ਚ ਬਾਬਰ ਕਾਲ ਨਾਲ ਸਬੰਧਤ ਹੋਰ ਕਈ ਮਸਜਿਦਾਂ ਮਿਲਣਗੀਆਂ , ਜੋ ਕਿ ਇੱਕ ਦੂਜੇ ਨਾਲ ਹੂਬਹੂ ਮੇਲ ਖਾਦੀਆਂ ਹਨ।

ਉਨ੍ਹਾਂ ਅੱਗੇ ਕਿਹਾ , " ਇੰਨ੍ਹਾਂ ਸਾਰੀਆਂ ਹੀ ਮਸਜਿਦਾਂ ਦੀ ਬਣਾਵਟ 'ਚ ਦੋ ਚੀਜ਼ਾਂ ਵਿਸ਼ੇਸ਼ ਹਨ- ਪਹਿਲਾ ਕਿਸੇ ਵੀ ਮਸਜਿਦ 'ਚ ਬੁਰਜ ਦਾ ਨਾ ਹੋਣਾ ਅਤੇ ਦੂਜਾ ਤਿੰਨ ਗੁਬੰਦਾਂ ਦੀ ਮੌਜੂਦਗੀ।ਇਹ ਮਸਜਿਦਾਂ ਅਵਧ ਦੇ ਨਵਾਬਾਂ ਦਾ ਸ਼ਾਸਨ ਸ਼ੁਰੂ ਹੋਣ ਤੋਂ ਵੀ ਲਗਭਗ 200 ਸਾਲ ਪੁਰਾਣੀਆਂ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਇਸ ਇਲਾਕੇ 'ਚ 16ਵੀਂ ਸਦੀ ਦੇ ਆਸ-ਪਾਸ ਦੀਆਂ ਹੀ ਵਧੇਰੇ ਮਸਜਿਦਾਂ ਮਿਲਣਗੀਆਂ ਅਤੇ ਉਨ੍ਹਾਂ ਦੀ ਪਛਾਣ ਇਹੀ ਹੈ ਕਿ ਉਨ੍ਹਾਂ ਦੀ ਉਸਾਰੀ 'ਚ ਗੁਬੰਦਾਂ ਦੀ ਗਿਣਤੀ ਜਾਂ ਤਾਂ ਇੱਕ ਜਾਂ ਤਿੰਨ ਹੋਵੇਗੀ ਜਾਂ ਫਿਰ ਬਹੁਤ ਘੱਟ ਮਸਜਿਦਾਂ ਹਨ ਜਿੰਨ੍ਹਾਂ 'ਚ ਗੁੰਬਦਾਂ ਦੀ ਸੰਖਿਆ ਪੰਜ ਵੀ ਹੈ।ਦਿੱਲੀ ਸਲਤਨਤ ਦੀ ਸ਼ੈਲੀ 'ਤੇ ਬਣੇ ਹੋਣ ਕਰਕੇ ਦੋ ਗੁੰਬਦ ਵਾਲੀ ਇੱਕ ਵੀ ਮਸਜਿਦ ਨਹੀਂ ਮਿਲੇਗੀ।"

ਮੱਧਯੁੱਗ ਦੇ ਇਤਿਹਾਸਕਾਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਹਰਭੰਸ ਮੁਖੀਆ ਮੁਤਾਬਕ, " ਮੁਗ਼ਲ ਸ਼ਾਸਕ ਬਾਬਰ ਦੀ ਕਿਤਾਬ 'ਬਾਬਰਨਾਮਾ' 'ਚ ਇਸ ਗੱਲ ਦਾ ਜ਼ਿਕਰ ਹੈ ਕਿ ਉਨ੍ਹਾਂ ਦੋ ਵਾਰ ਅਯੁੱਧਿਆ ਦਾ ਦੌਰਾ ਕੀਤਾ ਸੀ।"

ਬੀਬੀਸੀ ਹਿੰਦੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ, " ਬਾਬਰ ਸ਼ਾਇਦ ਅਵਧ ਰਿਆਸਤ ਦੇ ਮਾਮਲਿਆਂ ਦੇ ਨਿਪਟਾਰੇ ਲਈ ਦੋ ਦਿਨ ਤੱਕ ਇਸ ਇਲਾਕੇ 'ਚ ਰਹੇ ਸਨ।ਬਾਬਰਨਾਮਾ 'ਚ ਲਿਖਿਆ ਗਿਆ ਹੈ ਕਿ ਉਹ ਸ਼ਿਕਾਰ 'ਤੇ ਵੀ ਗਏ ਸਨ।ਹਾਲਾਂਕਿ ਇਸ ਕਿਤਾਬ 'ਚ ਕਿਸੇ ਵੀ ਮਸਜਿਦ ਦਾ ਕੋਈ ਜ਼ਿਕਰ ਨਹੀਂ ਮਿਲਿਆ ਹੈ, ਪਰ ਬਾਬਰ ਦੇ ਸਾਸ਼ਨਕਾਲ 'ਚ ਵਧੇਰੇਤਰ ਮਸਜਿਦਾਂ ਦਾ ਢਾਂਚਾ ਇਕ ਸਮਾਨ ਹੀ ਸੀ।"

ਇਥੇ ਵਰਣਨਯੋਗ ਹੈ ਕਿ ਢਹਿ ਚੁੱਕੀ ਬਾਬਰੀ ਮਸਜਿਦ ਵੀ ਜੌਨਪੁਰ ਸਲਤਨਤ ਦੀ ਬਣਾਵਟ ਸ਼ੈਲੀ 'ਤੇ ਅਧਾਰਤ ਸੀ ਅਤੇ ਜੌਨਪੁਰ 'ਚ ਅੱਜ ਵੀ ਮੌਜੂਦ ਅਟਾਲਾ ਮਸਜਿਦ ਨੂੰ ਜੇਕਰ ਪੱਛਮ ਵੱਲੋਂ ਵੇਖਿਆ ਜਾਵੇ ਤਾਂ ਉਹ ਬਾਬਰੀ ਮਸਜਿਦ ਦਾ ਹੀ ਭੁਲੇਖਾ ਪਾਉਂਦੀ ਹੈ।

ਇਹ ਵੀ ਪੜ੍ਹੋ-

ਕਿਹੜੇ ਹਾਲਾਤਾਂ ‘ਚ ਹਨ ਇਹ ਮਸਜਿਦਾਂ

ਇੰਨ੍ਹਾਂ ਤਿੰਨਾਂ ਮਸਜਿਦਾਂ 'ਚੋਂ ਇੱਕ ਦੀ ਹਾਲਤ ਤਾਂ ਬਹੁਤ ਖਸਤਾ ਹੈ।ਸਿਰਫ ਮੁਮਤਾਜ਼ ਨਗਰ ਵਾਲੀ ਮਸਜਿਦ ਦੀ ਸੂਰਤ ਹੀ ਕੁੱਝ ਸਹੀ ਵਿਖਾਈ ਪੈਂਦੀ ਹੈ।ਇਸ ਦਾ ਰੰਗ ਰੋਗਨ ਹੋ ਰੱਖਿਆ ਹੈ।

ਇੰਨ੍ਹਾਂ ਦੇ ਨਜ਼ਦੀਕੀ ਖੇਤਰ 'ਚ ਰਹਿਣ ਵਾਲੇ ਹਿੰਦੂ ਅਤੇ ਮੁਸਲਮਾਨ ਪਰਿਵਾਰਾਂ ਦੀ ਵੀ ਇਹੀ ਧਾਰਨਾ ਹੈ ਕਿ ਇਹ ਬਾਬਰੀ ਮਸਜਿਦ ਦੇ ਕਾਲ ਦੀਆਂ ਹੀ ਹਨ।

'ਮਸਜਿਦ ਮੁਮਤਾਜ਼ ਸ਼ਾਹ' ਨੇੜੇ ਰਹਿੰਦੇ ਬੀਰੇਂਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਇੱਥੇ ਹੀ ਰਹਿੰਦੀਆਂ ਰਹੀਆਂ ਹਨ।ਬੀਰੇਂਦਰ ਨੇ ਕਿਹਾ, "ਜਦੋਂ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਸੀ ਉਸ ਸਮੇਂ ਮੈਂ ਬਹੁਤ ਛੋਟਾ ਸੀ।ਪਰ ਉਸ ਸਮੇਂ ਮੇਰੇ ਪਿਤਾ ਜਿੰਦਾ ਸਨ ਅਤੇ ਉਨ੍ਹਾਂ ਨੇ ਮੈਨੂੰ ਕਈ ਵਾਰ ਦੱਸਿਆ ਸੀ ਕਿ ਬਾਬਰੀ ਮਸਜਿਦ ਅਤੇ ਸਾਡੇ ਇਲਾਕੇ ਦੀ ਮਸਜਿਦ 'ਚ ਬਹੁਤ ਸਾਰੀਆਂ ਸਮਾਨਤਾਵਾਂ ਸਨ।ਇੱਥੋਂ ਤੱਕ ਕਿ ਇੱਕ ਮਿੱਟੀ ਦੇ ਵੱਡੇ ਟਿੱਲੇ 'ਤੇ ਮਸਜਿਦ ਬਣਾਉਣ ਦਾ ਤਰੀਕਾ ਵੀ ਇਕੋ ਜਿਹਾ ਸੀ।"

ਇਤਿਹਾਸਕਾਰ ਸਤੀਸ਼ ਚੰਦਰ ਨੇ ਆਪਣੀ ਕਿਤਾਬ " ਮੇਡੀਵੀਅਲ ਇੰਡੀਆ: ਫ੍ਰਾਮ ਸਲਤਨਤ ਟੂ ਦ ਮੁਗ਼ਲਜ਼" 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ " ਸ਼ੁਰੂਆਤੀ ਮੁਗ਼ਲ ਸ਼ਾਸਕਾਂ ਅਤੇ ਉਨ੍ਹਾਂ ਦੇ ਸੂਬੇਦਾਰਾਂ ਨੇ ਜਿਸ ਭਵਨ ਨਿਰਮਾਣ ਕਲਾ ਦੀ ਵਰਤੋਂ ਕੀਤੀ ਸੀ, ਉਹ ਇਕੋ ਜਿਹੀ ਹੁੰਦੀ ਸੀ। ਇਸ ਦਾ ਆਗਾਜ਼ ਬਾਬਰ ਦੇ ਸਮੇਂ ਤੋਂ ਹੋਇਆ।ਮਸਜਿਦਾਂ ਤੋਂ ਲੈ ਕੇ ਮੁਗ਼ਲ ਸਰਾਏ ਸਾਰੇ ਹੀ ਇਕ ਦੂਜੇ ਨਾਲ ਮੇਲ ਖਾਂਦੇ ਸਨ।"

ਹਾਲਾਂਕਿ ਆਯੁੱਧਿਆ-ਫੈਜ਼ਾਬਾਦ ਦੇ ਨਜ਼ਦੀਕ ਬਣੀਆਂ ਇੰਨ੍ਹਾਂ ਤਿੰਨ੍ਹਾਂ ਹੀ ਛੋਟੀਆਂ ਮਸਜਿਦਾਂ 'ਚ ਕੋਈ ਵੀ ਅਜਿਹਾ ਦਸਤਾਵੇਜ਼ ਮੌਜੂਦ ਨਹੀਂ ਹੈ, ਜਿਸ 'ਚ ਲਿਖਿਆ ਹੋਵੇ ਕਿ ਇੰਨ੍ਹਾਂ ਨੂੰ ਕਿਸ ਨੇ ਅਤੇ ਕਦੋਂ ਬਣਾਇਆ ਸੀ।

ਪਰ ਰੋਹਨ ਤਕੀ ਦਾ ਮੰਨਣਾ ਹੈ ਕਿ ਇੰਨਾਂ ਮਸਜਿਦਾਂ ਦੇ ਨਿਰਮਾਣ 'ਚ ਵਰਤੇ ਗਏ ਗਾਰੇ ਜਾਂ ਨਿਰਮਾਣ ਸਮੱਗਰੀ ਤੋਂ ਇੰਨ੍ਹਾਂ ਦੇ ਨਿਰਮਾਣ ਦੇ ਅਸਲ ਸਮੇਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ, " ਬਾਬਰ ਦੇ ਜਨਰਲ ਮੀਰ ਬਾਕੀ ਨੇ ਇੰਨ੍ਹਾਂ ਮਸਜਿਦਾਂ ਦਾ ਨਿਰਮਾਣ ਬਹੁਤ ਜਲਦੀ 'ਚ ਕੀਤਾ ਹੋਵੇਗਾ, ਕਿਉਂਕਿ ਜਿੱਥੇ ਵੀ ਫੌਜਾਂ ਠਹਿਰਾਵ ਪਾਉਂਦੀਆਂ ਸਨ, ਉੱਥੇ ਹਜ਼ਾਰਾਂ ਹੀ ਲੋਕ ਕੁੱਝ ਦਿਨਾਂ ਲਈ ਰੁੱਕਦੇ ਸਨ।ਅਜਿਹੇ 'ਚ ਇਬਾਦਤ ਬੰਦਗੀ ਲਈ ਕਿਸੇ ਪਵਿੱਤਰ ਅਸਥਾਨ ਦੀ ਜ਼ਰੂਰਤ ਮਹਿਸੂਸ ਹੋਣ ਤੋਂ ਬਾਅਧ ਇੰਨ੍ਹਾਂ ਮਸਜਿਦਾਂ ਦਾ ਫੌਰੀ ਨਿਰਮਾਣ ਕੀਤਾ ਗਿਆ ਹੋਵੇਗਾ।ਫੈਜ਼ਾਬਾਦ ਤੋਂ ਜੌਨਪੁਰ ਦੇ ਰਸਤੇ 'ਚ ਅਜਿਹੀਆਂ ਕਈ ਮਸਜਿਦਾਂ ਨਜ਼ਰੀ ਚੜ੍ਹਦੀਆਂ ਹਨ, ਜੋ ਕਿ ਬਾਬਰ ਕਾਲ ਨਾਲ ਸਬੰਧਤ ਹਨ ਅਤੇ ਉਨ੍ਹਾਂ ਅੰਦਰ ਜਾਣ ਲਈ ਇੱਕ ਛੋਟਾ ਜਿਹਾ ਦਰਵਾਜ਼ਾ ਹੀ ਮੌਜੂਦ ਸੀ।ਮਸਜਿਦ ਦੇ ਪਿਛਲੇ ਹਿੱਸੇ 'ਚ ਕੋਈ ਵੀ ਦਰਵਾਜ਼ਾ ਨਹੀਂ ਬਣਾਇਆ ਜਾਂਦਾ ਸੀ।"

ਇਹ ਵੀ ਪੜ੍ਹੋ

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)