ਲਾਹੌਰ ਗੁਰਦੁਆਰਾ -ਮਸਜਿਦ ਵਿਵਾਦ: ਕੀ ਹੈ ਮਸਲੇ ਦਾ ਇਤਿਹਾਸ, ਜਾਣੋ 10 ਨੁਕਤਿਆਂ 'ਚ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਲਾਹੌਰ ਸਥਿਤ ਗੁਰਦੁਆਰਾ ਸ੍ਰੀ ਸ਼ਹੀਦੀ ਅਸਥਾਨ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਟਵੀਟ ਕਰਕੇ ਕਿਹਾ, “ਮੈਂ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਲਾਹੌਰ ਸਥਿਤ ਗੁਰਦੁਆਰਾ ਸ੍ਰੀ ਸ਼ਹੀਦੀ ਅਸਥਾਨ ਨੂੰ ਮਸਜਿਦ ਬਣਾਉਣ ਦੀ ਕੋਸ਼ਿਸ਼ ਦੀ ਜ਼ੋਰਦਾਰ ਨਿੰਦਾ ਕਰਦਾ ਹਾਂ। ਮੈਂ ਡਾ. ਐੱਸ ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਸਤਿਕਾਰਯੋਗ ਸਿੱਖ ਅਸਥਾਨਾਂ ਦੀ ਰਾਖੀ ਲਈ ਪਾਕਿਸਤਾਨ ਨੂੰ ਸਖਤ ਸ਼ਬਦਾਂ ਵਿੱਚ ਪੰਜਾਬ ਦੀਆਂ ਚਿੰਤਾਵਾਂ ਦੱਸਣ।”

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਨੇ ਇਸ 'ਤੇ ਇਤਰਾਜ਼ ਜਤਾਇਆ ਹੈ।

ਉਨ੍ਹਾਂ ਕਿਹਾ, “ਪਾਕਿਸਤਾਨ ਹਾਈ ਕਮਿਸ਼ਨ ਨਾਲ ਜੋਰਦਾਰ ਇਤਰਾਜ਼ ਜਾਹਿਰ ਕੀਤਾ ਗਿਆ ਹੈ। ਇਹ ਇਤਰਾਜ਼ ਲਾਹੌਰ ਦੇ ਨੌਲਖਾ ਬਜ਼ਾਰ ਵਿਖੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਸਥਾਨ 'ਤੇ ਬਣੇ ਗੁਰਦੁਆਰਾ 'ਸ਼ਹੀਦੀ ਅਸਥਾਨ' ਨੂੰ ਮਸਜਿਦ ਸ਼ਹੀਦ ਗੰਜ ਹੋਣ ਦਾ ਦਾਅਵਾ ਕਰਨ ਦੀ ਕੋਸ਼ਿਸ਼ ਖਿਲਾਫ਼ ਕੀਤਾ ਗਿਆ ਹੈ ਅਤੇ ਇਸ ਨੂੰ ਮਸਜਿਦ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”

ਉਨ੍ਹਾਂ ਅੱਗੇ ਕਿਹਾ, “ਪਾਕਿਸਤਾਨ ਨੂੰ ਆਪਣੇ ਦੇਸ ਵਿੱਚ ਘੱਟ-ਗਿਣਤੀਆਂ ਦੀ ਸੁਰੱਖਿਆ, ਰੱਖਿਆ ਅਤੇ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਸਮੇਤ ਸਲਾਮਤੀ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ।”

ਲਾਹੌਰ 'ਚ ਗੁਰਦੁਆਰੇ- ਮਸਜਿਦ ਦਾ ਕੀ ਹੈ ਪੂਰਾ ਮਾਮਲਾ

  • ਜਿਸ ਥਾਂ 'ਤੇ ਭਾਈ ਤਾਰੂ ਸਿੰਘ ਦੀ ਯਾਦਗਾਰੀ ਸਮਾਧ ਅਤੇ ਗੁਰਦੁਆਰਾ ਹੈ, ਉਹ ਲਾਹੌਰ ਦੇ ਰੇਲਵੇ ਸਟੇਸ਼ਨ ਤੋਂ ਪੰਜ ਮਿੰਟ ਦੀ ਦੂਰ 'ਤੇ ਨੌਲੱਖਾ ਨਾਮ ਦੇ ਇਲਾਕੇ ਵਿੱਚ ਹੈI
  • ਮਸਲਾ ਕਰੀਬ ਤਿੰਨ ਸੌ ਸਾਲ ਪੁਰਾਣਾ ਹੈI ਇਤਿਹਾਸਕਾਰਾਂ ਅਤੇ ਅਦਾਲਤੀ ਕਾਰਵਾਈ ਅਤੇ ਕਾਗਜ਼ਾਤਾਂ ਮੁਤਾਬਕ ਸਾਲ 1722 ਵਿੱਚ ਮੁਗਲ ਰਾਜ ਦੌਰਾਨ ਇੱਥੇ ਮਸਜਿਦ ਬਣੀ ਸੀI
  • ਜਦੋਂ ਚਾਰ ਦਹਾਕਿਆਂ ਬਾਅਦ ਇੱਥੇ ਸਿੱਖ ਰਾਜ ਸਥਾਪਤ ਹੋਇਆ ਤਾਂ ਉਸੇ ਇਮਾਰਤ ਨੇੜੇ ਖਾਲੀ ਥਾਂ 'ਤੇ ਇੱਕ ਸਮਾਧ ਉਸਾਰੀ ਗਈI
  • ਸਮਾਧ ਭਾਈ ਤਾਰੂ ਸਿੰਘ ਦੀ ਯਾਦ ਵਿੱਚ ਸੀ, ਜਿਨ੍ਹਾਂ ਨੂੰ ਮੁਗਲ ਰਾਜ ਨਾਲ ਸੰਘਰਸ਼ ਦੌਰਾਨ ਮਾਸਜਿਦ ਦੇ ਨਾਲ ਲਗਦੇ ਇੱਕ ਖਾਲੀ ਸਥਾਨ 'ਤੇ "ਸ਼ਹੀਦ'' ਦਿੱਤਾ ਗਿਆ ਸੀI
  • ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਹ ਗੁਰਦੁਆਰਾ ਰਿਹਾ ਅਤੇ ਮਸਜਿਦ ਵਿੱਚ ਇਬਾਦਤ ਨਹੀਂ ਹੋਈI
  • ਜਦੋਂ ਪੰਜਾਬ ਉੱਤੇ ਵੀ ਬ੍ਰਿਟਿਸ਼ ਰਾਜ ਕਾਇਮ ਹੋਇਆ ਤਾਂ ਕੁਝ ਮੁਸਲਿਮ ਲੋਕਾਂ ਅਤੇ ਅਦਾਰਿਆਂ ਨੇ ਮਸਜਿਦ ਦਾ ਕਬਜ਼ਾ ਲੈਣ ਲਈ ਅਦਾਲਤੀ ਕਾਰਵਾਈ ਕੀਤੀ ਪਰ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਨਹੀਂ ਆਇਆI ਮਸਜਿਦ ਵਾਲੀ ਇਮਾਰਤ ਵਿੱਚ ਇਬਾਦਤ ਨਹੀਂ ਹੋਈI
  • ਵੱਡਾ ਮੋੜ ਉਦੋਂ ਆਇਆ ਜਦੋਂ ਮਸਜਿਦ ਰਹੀ ਇਮਾਰਤ ਨੂੰ ਜੁਲਾਈ 1935 ਵਿੱਚ ਢਾਹ ਦਿੱਤਾ ਗਿਆI
  • ਇਤਿਹਾਸਕਾਰਾਂ ਅਤੇ ਅਦਾਲਤੀ ਕਾਗਜ਼ਾਤ ਮੁਤਾਬਕ ਢਾਹੁਣ ਦਾ ਕੰਮ ਸਿੱਖਾਂ ਦੇ ਇੱਕ ਧਿਰ ਨੇ ਕੀਤਾI ਉਸ ਦਹਾਕੇ ਵਿੱਚ ਇਹ ਮਾਮਲਾ ਭਖਦਾ ਰਿਹਾ ਅਤੇ ਮਸਜਿਦ ਦੀ ਇਮਾਰਤ ਢਾਹੇ ਜਾਣ ਦੌਰਾਨ ਅਤੇ ਉਸ ਤੋਂ ਬਾਅਦ ਲਾਹੌਰ ਵਿੱਚ ਮਾਹੌਲ ਖਰਾਬ ਰਿਹਾ, ਕਰਫਿਊ ਵੀ ਲਗਾਇਆ ਗਿਆI
  • ਅਦਾਲਤੀ ਕਾਰਵਾਈ ਸਾਲ 1940 ਵਿੱਚ ਬ੍ਰਿਟਿਸ਼ ਰਾਜ ਸਰਬ ਉੱਚ ਅਦਾਲਤ, ਪ੍ਰਿਵੀ ਕੌਂਸਲ, ਵਿੱਚ ਪਹੁੰਚੀ, ਜਿਸ ਨੇ ਮਸਜਿਦ ਵਾਲਾ ਦਾਅਵਾ ਨਹੀਂ ਮੰਨਿਆI ਕੌਂਸਲ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਗੁਰਦੁਆਰਾ ਹੀ ਸੀ ਅਤੇ ਮੁਸਲਿਮ ਧਿਰ ਨੇ ਸਮਾਂ ਰਹਿੰਦਿਆਂ ਦਾਅਵਾ ਪੇਸ਼ ਨਹੀਂ ਕੀਤਾI
  • ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਬਣਿਆ ਤਾਂ ਮਾਮਲਾ ਕਦੇ-ਕਦੇ ਉੱਠਦਾ ਰਿਹਾI ਸਾਲ 1988 ਵਿੱਚ ਲਾਹੌਰ ਹਾਈ ਕੋਰਟ ਨੇ ਮੁੜ ਗੁਰਦੁਆਰੇ ਦੇ ਹੱਕ ਵਿੱਚ ਫੈਸਲਾ ਦਿੱਤਾ, ਕਿਹਾ ਕਿ ਮਸਜਿਦ ਦੇ ਦਾਅਵੇ ਲਈ ਲੋੜੀਂਦੇ ਸਬੂਤ ਨਹੀਂ ਪੇਸ਼ ਹੋਏI
  • ਨਵੀਂ ਸਦੀ ਵਿੱਚ ਇੱਥੇ ਕੁਝ ਰੁਕਾਵਟਾਂ ਤੋਂ ਬਾਅਦ ਗੁਰਦੁਆਰੇ ਦੀ ਵੱਡੀ ਇਮਾਰਤ ਵੀ ਉਸਾਰੀ ਗਈI ਹੁਣ ਕੁਝ ਦਹਾਕਿਆਂ ਬਾਅਦ ਸੋਸ਼ਲ ਮੀਡੀਆ ਰਾਹੀਂ ਮੁੜ ਮਸਲਾ ਉੱਠਿਆ ਹੈI

ਲਾਹੌਰ ਦੇ ਗੁਰਦੁਆਰੇ ਦੀ ਸੋਸ਼ਲ ਮੀਡੀਆ 'ਤੇ ਚਰਚਾ

ਇਸ ਮੁੱਦੇ ਬਾਰੇ ਸੋਸ਼ਲ ਮੀਡੀਆ 'ਤੇ ਵੀ ਕਈ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ।

ਸੁਖੀ ਨਾਮ ਦੇ ਵਿਅਕਤੀ ਨੇ ਟਵੀਟ ਕੀਤਾ, “ਨਵਜੋਤ ਸਿੰਘ ਸਿੱਧੂ ਕਿੱਥੇ ਹਨ? ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਸਬੰਧੀ ਵੱਡੇ-ਵੱਡੇ ਐਲਾਨ ਕੀਤੇ ਸਨ, ਹੁਣ ਉਹ ਲੁਕੇ ਹੋਏ ਹਨ। ਉਹ ਤੁਹਾਡਾ ਮੰਤਰੀ ਹੈ!”

ਸੰਗੀਤ ਨਾਮ ਦੇ ਟਵਿੱਟਰ ਯੂਜ਼ਰ ਨੇ ਲਿਖਿਆ, “ਸਦੀਆਂ ਪਹਿਲਾਂ ਮੁਗਲਾਂ ਨੇ ਭਾਰਤ ਨਾਲ ਇਹੀ ਕੀਤਾ ਸੀ ਅਤੇ ਕਾਂਗਰਸ ਉਨ੍ਹਾਂ ਦਾ ਸਮਰਥਨ ਕਰਦੀ ਸੀ।“

ਅਨੁਸ਼ਕਾ ਯਾਦਵ ਨੇ ਟਵੀਟ ਕੀਤਾ, “ਹੁਣ ਉਹ ਹਿੰਦੂ ਸਿੱਖ ਕਿੱਥੇ ਹਨ ਜੋ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਸਨ। ਉਹ ਵਿਰੋਧੀ ਮੁਸਲਮਾਨਾਂ ਨੂੰ ਲੰਗਰ ਛਕਾ ਰਹੇ ਸਨ। ਪਾਕਿਸਤਾਨ ਦੇ ਪੀੜਤ ਸਿੱਖਾਂ ਨੂੰ ਭਾਰਤ ਵਿੱਚ ਨਾਗਰਿਕਤਾ ਦੇਣ ਵਾਲੇ ਕਾਨੂੰਨ ਦੇ ਵਿਰੁੱਧ ਖੜ੍ਹੇ ਸਨ। ਉਹ ਕਿੱਥੇ ਹਨ? ਹੁਣ ਇੱਕ ਵਾਰ ਫਿਰ ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ 'ਤੇ ਹਮਲਾ ਹੋ ਰਿਹਾ ਹੈ। ਉਹ ਹੁਣ ਕਿੱਥੇ ਹਨ?”

ਵਿਸ਼ਵਾਸ ਰਾਜਪੂਤ ਨਾਂ ਦੇ ਯੂਜ਼ਰ ਨੇ ਟਵੀਟ ਕੀਤਾ, “ਉਹ ਸਿੱਖ ਕਿੱਥੇ ਹਨ ਜਿਨ੍ਹਾਂ ਨੇ ਨਰਿੰਦਰ ਮੋਦੀ 'ਤੇ ਸੀਏਏ ਸਬੰਧੀ ਮੁਸਲਮਾਨਾਂ ਖਿਲਾਫ਼ ਸਖ਼ਤ ਹੋਣ ਦਾ ਇਲਜਾਮ ਲਗਾਇਆ ਸੀ? ਤੁਸੀਂ ਸ਼ਰਜੀਲ ਇਮਾਮ ਵਰਗੇ ਗੱਦਾਰਾਂ ਨੂੰ ਬਿਰਿਆਨੀ ਖੁਆ ਰਹੇ ਸੀ ਅਤੇ ਇਸੇ ਦੌਰਾਨ ਮੋਦੀ ਸਤਾਏ ਸਿੱਖਾਂ ਨੂੰ ਸ਼ਰਨ ਦੇਣ ਵਿੱਚ ਰੁੱਝੇ ਹੋਏ ਸਨ। ਪਾਕਿਸਤਾਨ ਇਨਸਾਨਾਂ ਦਾ ਦੇਸ ਨਹੀਂ ਹੈ, ਲਾਹੌਰ ਤਾਂ ਇੱਕ ਸ਼ੁਰੂਆਤ ਹੈ।“

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿੱਚ ਸਿੱਖ ਇਸ ਦੇ ਖਿਲਾਫ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)