ਕੋਰੋਨਾਵਾਇਰਸ ਅਤੇ ਵੈਂਟੀਲੇਟਰ: ਕੀ ਭਾਰਤ ਦੇ ਇਸ ਸੂਬੇ 'ਚ ਵੈਂਟੀਲੇਟਰ ਦੇ ਨਾਂ 'ਤੇ ਕੋਈ ਹੋਰ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ

    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਗੁਜਰਾਤ ਦੇ ਰਾਜਕੋਟ ਸ਼ਹਿਰ ਦੀ ਇੱਕ ਕੰਪਨੀ ਹੈ 'ਜਯੋਤੀ ਸੀਐੱਨਸੀ'। ਜਿਸ ਦਾ ਦਾਅਵਾ ਹੈ ਕਿ ਉਸ ਨੇ "ਕੋਵਿਡ-19 ਨਾਲ ਲੜਨ ਲਈ ਉਸ ਨੇ ਇੱਕ ਪਹਿਲ ਕੀਤੀ ਹੈ।"

'ਜਯੋਤੀ ਸੀਐੱਨਸੀ' ਦੀ ਧਮਨ ਵੈਬਸਾਈਟ ਦਾ ਨਾਮ ਉਨ੍ਹਾਂ ਨੇ 'ਵੈਂਟੀਲੇਟਰ ਦੇ ਨਾਮ ਉੱਤੇ ਰੱਖਿਆ ਗਿਆ ਹੈ ਜਿਨ੍ਹਾਂ ਦਾ ਨਿਰਮਾਣ ਕੰਪਨੀ ਦੇ ਸੀਐੱਮਡੀ ਪਰਾਕ੍ਰਮ ਜਾਡੇਜਾ ਦੇ 'ਹੌਸਲੇ ਅਤੇ ਦੂਰਦਰਸ਼ੀ ਸੋਚ ਸਦਕਾ ਕੀਤਾ ਗਿਆ ਜਿਸ ਨਾਲ ਕੋਰੋਨਾਵਾਇਰਸ ਦੇ ਖਿਲਾਫ਼ ਜਾਰੀ ਜੰਗ ਵਿੱਚ ਗੁਜਰਾਤ ਸੂਬੇ ਤੇ ਹੋਰਾਂ ਦੀ ਮਦਦ ਹੋ ਸਕਦੇ।'

ਇਸੇ ਵੈੱਬਸਾਈਟ ਉੱਤੇ ਕੰਪਨੀ ਦੇ ਕੁਝ ਹੋਰ ਵੀ ਦਾਅਵੇ ਹਨ:

  • ਧਮਨ-1 ਵੈਂਟੀਲੇਟਰਾਂ ਦਾ ਨਿਰਮਾਣ 'ਮੇਕ ਇਨ ਇੰਡੀਆ' ਮਿਸ਼ਨ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ ਅਤੇ ਕੋਵਿਡ-19 ਨਾਲ ਨਜਿੱਠਣ ਲਈ ਗੁਜਰਾਤ ਸਰਕਾਰ ਨੂੰ 1,000 ਵੈਂਟੀਲੇਟਰ ਦਾਨ ਦਿੱਤੇ ਜਾ ਸਕਣ।
  • 'ਜਯੋਤੀ ਸੀਐੱਨਸੀ 'ਅਤੇ 26 ਦੂਜੀਆਂ ਕੰਪਨੀਆਂ ਦੇ 150 ਪੇਸ਼ੇਵਰਾਂ ਨੇ ਦਿਨ-ਰਾਤ ਮਿਹਨਤ ਕਰਕੇ ਨਿਰਧਾਰਿਤ ਸਮੇਂ 'ਚ ਇਸ ਦਾ ਨਿਰਮਾਣ ਕੀਤਾ।
  • ਧਮਨ-1 ਇੱਕ ਗੁਜਰਾਤੀ ਸ਼ਬਦ ਹੈ ਜਿਸ ਦਾ ਅਰਥ ਹੈ ਬਲੋਅਰ ਜੋ ਹਵਾ ਪੰਪ ਕਰਨ ਦੇ ਕੰਮ ਆਉਂਦਾ ਹੈ।
  • ਧਮਨ-1 'ਵੈਂਟੀਲੇਟਰ' ਦੀ ਕੀਮਤ ਇੱਕ ਲੱਖ ਰੁਪਏ ਹੈ ਜੋ ਬਾਜਾਰ 'ਚ ਮਿਲਦੇ ਦੂਜੇ ਵੈਂਟੀਲੇਟਰਾਂ ਦੀ ਕੀਮਤ ਨਾਲੋਂ 20 ਫੀਸਦੀ ਤੋਂ ਵੀ ਜਿਆਦਾ ਘੱਟ ਹੈ।

ਇਨ੍ਹਾਂ ਦਾਅਵਿਆਂ ਦੇ ਨਾਲ ਹੀ ਕੰਪਨੀ ਨੇ ਇੱਕ ਲਾਈਨ ਹੋਰ ਲਿਖੀ ਹੈ ਅਤੇ ਉਹ ਇਹ ਹੈ, "ਅਸੀਂ ਵੈਂਟੀਲੇਟਰਾਂ ਦੇ ਮਾਹਰ ਨਹੀਂ ਹਾਂ ਪਰ ਦੇਸ਼ ਵਿੱਚ ਇਸਦੀ ਮੌਜੂਦਾ ਮੰਗ ਨੂੰ ਦੇਖਦੇ ਹੋਏ ਅਸੀਂ ਮਸ਼ੀਨ ਦੀ ਯੋਜਨਾਬੰਦੀ ਅਤੇ ਨਿਰਮਾਣ ਕੀਤਾ।"

'ਜਯੋਤੀ ਸੀਐੱਨਸੀ' ਦੇ ਇਹ ਸਾਰੇ ਦਾਅਵੇ, ਧਮਨ-1 ਦੀ ਵੈੱਬਸਾਈਟ ਉੱਤੇ ਮੌਜੂਦ ਹਨ। ਹਾਲਾਂਕਿ ਇਸ ਕਾਰਨ ਗੁਜਰਾਤ ਵਿੱਚ ਸਿਆਸਤ ਪੂਰੀ ਮਘੀ ਹੋਈ ਹੈ।

ਫ਼ਿਰ ਵੀ ਅਜੇ 5 ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ:

  • ਸਿਰਫ਼ ਇੱਕ ਮਰੀਜ਼ 'ਤੇ ਟ੍ਰਾਇਲ ਤੋਂ ਬਾਅਦ ਹੀ ਧਮਨ-1 ਦੀ ਸਪਲਾਈ ਹਸਪਤਾਲਾਂ ਵਿੱਚ ਕਿਉਂ ਸ਼ੁਰੂ ਹੋ ਗਈ?
  • ਧਮਨ-1 ਦੇ ਕੋਲ ਡੀਜੀਸੀਆਈ (ਡਰੱਗ ਕੰਟ੍ਰੋਲਰ ਜਨਰਲ ਆਫ਼ ਇੰਡੀਆ) ਦਾ ਲਾਈਸੈਂਸ ਕਿਉਂ ਨਹੀਂ ਹੈ?
  • ਭਾਰਤ ਦੇ 'ਮੈਡੀਕਲ ਡਿਵਾਈਸ ਨਿਯਮਾਂ, 2017' ਮੁਤਾਬਕ ਕੀ ਧਮਨ-1 ਦੀ ਟੈਸਟਿੰਗ ਲਈ ਐਥੀਕਲ ਕਮੇਟੀ ਬਣਾਈ ਗਈ?
  • 866 ਧਮਨ-1 ਮਸ਼ੀਨਾਂ ਦੀ ਸਪਲਾਈ ਗੁਜਰਾਤ ਦੇ ਹਸਪਤਾਲਾਂ ਵਿੱਚ ਹੋਈ। ਉਨ੍ਹਾਂ ਵਿੱਚੋਂ ਕਿੰਨੀਆਂ ਕੋਵਿਡ-19 ਆਈਸੀਯੂ ਵਿੱਚ ਮਰੀਜਾਂ ਉੱਤੇ ਵਰਤੀਆਂ ਗਈਆਂ ਅਤੇ ਵਰਤੋਂ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਹਸਪਤਾਲਾਂ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਕਿੰਨੀ ਹੈ?
  • ਜੇ ਧਮਨ-1 ਵਾਕਈ 'ਇੱਕ ਸਸਤੀ ਪਰ ਅਸਰਦਾਰ ਵੈਂਟੀਲੇਟਰ ਮਸ਼ੀਨ' ਹੈ ਤਾਂ ਫਿਰ ਹੁਣ ਭਾਰਤ ਦੇ ਦੂਜੇ ਸੂਬਿਆਂ ਵਿੱਚ ਇਸ ਦੀ ਸਪਲਾਈ ਕਿਉਂ ਨਹੀਂ ਹੋ ਰਹੀ ਜਦਕਿ ਵਿਦੇਸ਼ਾਂ ਤੋਂ ਵੈਂਟੀਲੇਟਰ ਮੰਗਾਏ ਜਾ ਰਹੇ ਹਨ?

ਵੈਂਟੀਲੇਟਰਾਂ ਦੀ ਲੋੜ ਕਿਉਂ?

ਵਿਸ਼ਵ ਸਿਹਤ ਸੰਗਠਨ ਮੁਤਾਬਕ,"ਕੋਵਿਡ-19 ਦੇ ਇਲਾਜ ਦੀ ਫ਼ਿਲਹਾਲ ਕੋਈ ਵੈਕਸੀਨ ਤਾਂ ਨਹੀਂ ਹੈ, ਪਰ ਜਿਹੜੇ ਕੋਰੋਨਾ ਮਰੀਜਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣ ਦੀ ਲੋੜ ਪੈਂਦੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਵੱਧ ਹੁੰਦੀ ਹੈ।"

ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਭਰਤੀ ਜਿਹੜੇ ਮਰੀਜ਼ ਠੀਕ ਹੋਏ, ਉਨ੍ਹਾਂ ਵਿੱਚੋਂ ਜਿਆਦਾਤਰ ਨੂੰ ਵੈਂਟੀਲੇਟਰ ਰਾਹੀਂ ਸਾਹ ਲੈਣ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਆਕਸੀਜਨ-ਬਲੱਡ ਸਪਲਾਈ ਨੂੰ ਮਦਦ ਕਰਨ ਵਾਲੀ ਮਸ਼ੀਨ ਦੀ ਲੋੜ ਪਈ।

ਇਸ ਤਰ੍ਹਾਂ ਕੋਰੋਨਾਵਾਇਰਸ ਦੀ ਲਾਗ ਦੇ ਨਾਲ ਹੀ ਵੈਂਟੀਲੇਟਰਜ਼ ਦੀ ਮੰਗ ਵੀ ਵਧਦੀ ਗਈ।

ਮਾਮਲਾ ਕੀ ਹੈ?

ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿਆਪੀ ਲੌਕਡਾਊਨ ਜਾਰੀ ਸੀ ਅਤੇ ਇਸੇ ਦੌਰਾਨ 4 ਅਪ੍ਰੈਲ ਨੂੰ ਰਾਜਕੋਟ ਦੀ ਕੰਪਨੀ 'ਜਯੋਤੀ ਸੀਐੱਮਸੀ ਆਟੋਮੇਸ਼ਨ ਲਿਮਿਟੇਡ' ਦੇ ਸੀਐੱਮਡੀ ਪਰਾਕ੍ਰਮ ਜਾਡੇਜਾ ਨੇ ਐਲਾਨ ਕੀਤਾ ਕਿ ''ਧਮਨ-1 ਵੈਂਟੀਲੇਟਰਾਂ ਦਾ ਨਿਰਮਾਣ ਸ਼ੁਰੂ ਹੋ ਚੁੱਕਿਆ ਹੈ, 1000 ਵੈਂਟੀਲੇਟਰ ਗੁਜਰਾਤ ਸਰਕਾਰ ਨੂੰ ਦਿੱਤੇ ਜਾਣਗੇ। ਉਸੇ ਦਿਨ ਸ਼ਨੀਵਾਰ ਨੂੰ ਇਸ ਨੂੰ ਅਹਿਮਦਾਬਾਦ ਦੇ ਇੱਕ ਮਰੀਜ਼ ਉੱਤੇ ਸਫ਼ਲਤਾ ਸਹਿਤ ਟੈਸਟ ਕਰ ਲਿਆ ਗਿਆ ਹੈ।''

ਖ਼ਬਰ ਅੱਗ ਵਾਂਗ ਫੈਲ ਗਈ ਅਤੇ ਨਾ ਸਿਰਫ਼ ਸਥਾਨਕ ਸਗੋਂ ਭਾਰਤ ਦੇ ਰਾਸ਼ਟਰੀ ਮੀਡੀਆ ਵਿੱਚ ਵੀ ਪ੍ਰਮੁੱਖਤਾ ਨਾਲ ਦਿਖੀ ਕਿਉਂਕਿ ਖੁਦ ਉਸੇ ਦਿਨ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਨੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਇਸਦਾ 'ਉਦਘਾਟਨ ਕਰ ਦਿੱਤਾ' ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ।

ਇਸ ਤੋਂ ਬਾਅਦ ਵਿਜੇ ਰੂਪਾਣੀ ਨੇ ਪੱਤਰਕਾਰਾਂ ਨੂੰ ਦੱਸਿਆ, ''ਮੈਨੂੰ ਖੁਸ਼ੀ ਹੈ ਕਿ ਵੈਂਟੀਲੇਟਰ ਬਣਾਉਣ 'ਚ ਵੀ ਸਾਡੇ ਗੁਜਰਾਤ ਦੇ ਕਾਰੋਬਾਰੀ ਕਾਮਯਾਬ ਹੋਏ। ਇਹ ਸਰਟੀਫਾਈ ਹੋ ਗਿਆ ਹੈ ਅਤੇ ਸਵੇਰ ਤੋਂ ਮਸ਼ੀਨ ਇੱਕ ਮਰੀਜ਼ ਉੱਤੇ ਕੰਮ ਵੀ ਕਰ ਰਹੀ ਹੈ। ਇਸ ਨਾਲ ਗੁਜਰਾਤ ਵਿੱਚ ਤਾਂ ਵੈਂਟੀਲੇਟਰਾਂ ਦੀ ਘਾਟ ਖ਼ਤਮ ਹੋਵੇਗੀ ਹੀ, ਭਾਰਤ ਦੇ ਦੂਜੇ ਸੂਬਿਆਂ ਵਿੱਚ ਵੀ ਇਸ ਦੀ ਸਪਲਾਈ ਹੋ ਸਕੇਗੀ।"

ਇਸ ਤੋਂ ਕੁਝ ਦਿਨਾਂ ਬਾਅਦ ਹੀ ਜਯੋਤੀ ਸੀਐੱਨਸੀ ਦੀ ਕਾਰਪੋਰੇਟ ਸੰਚਾਰ ਦੇ ਮੁਖੀ ਸ਼ਿਵਾਂਗੀ ਲਖਾਨੀ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, ''ਕੋਵਿਡ-19 ਦੇ ਮਰੀਜਾਂ ਨੂੰ ਪ੍ਰੈਸ਼ਰ ਬੇਸਡ ਵੈਂਟੀਲੇਟਰ ਚਾਹੀਦੇ ਹਨ ਅਤੇ ਇਸੇ ਤਕਨੀਕ ਨੂੰ ਧਿਆਨ 'ਚ ਰੱਖਦਿਆਂ ਧਮਨ-1 ਬਣਾਇਆ ਗਿਆ ਹੈ। ਮਹਾਰਾਸ਼ਟਰ ਸਰਕਾਰ ਨੇ ਸਾਡੇ ਤੋਂ ਧਮਨ-1 ਮੰਗਵਾਏ ਹਨ ਅਤੇ ਅਮਰੀਕਾ, ਈਰਾਨ, ਕੀਨੀਆ, ਕਜ਼ਾਕਿਸਤਾਨ ਅਤੇ ਫਰਾਂਸ ਨੇ ਵੀ ਸਾਡੇ ਨਾਲ ਰਾਬਤਾ ਕੀਤਾ ਹੈ।"

12 ਅਪ੍ਰੈਲ ਨੂੰ ਹੋਈ ਇਸ ਗੱਲਬਾਤ ਵਿੱਚ ਜਦੋਂ ਸ਼ਿਵਾਂਗੀ ਤੋਂ ਇਸ ਵੈਂਟੀਲੇਟਰ ਦੀ ਟੈਸਟਿੰਗ ਬਾਰੇ ਪੁੱਛਿਆ ਗਿਆ ਤਾਂ ਜਵਾਬ ਮਿਲਿਆ,"ਅਸੀਂ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਵੈਂਟੀਲੇਟਰ ਰੱਖਿਆ ਅਤੇ ਉਸ ਤੋਂ ਪਹਿਲਾਂ ਗਾਂਧੀਨਗਰ ਦੀ EQPC (Electronics and quality development centre) ਨੂੰ ਕੁਆਲਿਟੀ ਦੇ ਪ੍ਰਮਾਣ ਪੱਤਰ ਲਈ ਭੇਜਿਆ ਗਿਆ ਸੀ। ਉਨ੍ਹਾਂ ਨੇ ਜੋ ਪ੍ਰਮਾਣ ਪੱਤਰ ਦਿੱਤਾ ਉਸ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਵੈਂਟੀਲੇਟਰ ਰੱਖਿਆ ਗਿਆ ਸੀ। ਸਾਨੂੰ ਸਿਵਲ ਹਸਪਤਾਲ ਤੋਂ ਚੰਗਾ ਫੀਡਬੈਕ ਮਿਲਿਆ ਹੈ। ਉੱਥੋਂ ਦੇ ਮੈਡੀਕਲ ਸਟਾਫ਼ ਨੇ ਟੈਸਟਿੰਗ ਕਰ ਲਈ ਹੈ।"

ਆਖਿਰ ਵਿਵਾਦ ਕਿਉਂ ਹੈ?

ਧਮਨ-1 ਦੇ ਉੱਤੇ ਵਿਵਾਦਾਂ ਦੇ ਬੱਦਲ ਉਦੋਂ ਹੋਰ ਡੂੰਘੇ ਹੋਏ ਜਦੋਂ 14 ਮਈ ਨੂੰ ਗੁਜਰਾਤ ਦੇ ਉੱਪ-ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਿਤਿਨ ਭਾਈ ਪਟੇਲ ਅਹਿਮਦਾਬਾਦ ਸਿਵਲ ਹਸਪਤਾਲ ਦੇ ਦੌਰੇ 'ਤੇ ਗਏ ਅਤੇ ਡਾਕਟਰਾਂ ਨਾਲ ਇੱਕ ਮੀਟਿੰਗ ਵੀ ਹੋਈ।

15 ਮਈ ਨੂੰ ਸਿਵਲ ਹਸਪਤਾਲ (ਜੋ ਸਿਰਫ਼ ਗੁਜਰਾਤ ਹੀ ਨਹੀਂ ਭਾਰਤ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ) ਦੇ ਡਾਕਟਰਾਂ ਨੇ ਪਟੇਲ ਨਾਲ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਇੱਕ ਪੱਤਰ ਲਿਖ ਕੇ ਸਰਕਾਰ ਨੂੰ ਇੱਕ 'ਜ਼ਰੂਰੀ ਬੇਨਤੀ' ਕੀਤੀ।

ਇਸ ਪੱਤਰ ਵਿੱਚ ਲਿਖਿਆ ਸੀ, "ਆਈਸੀਯੂ ਵਿੱਚ ਕੋਰੋਨਾਵਾਇਰਸ ਮਰੀਜਾਂ ਦੇ ਇਲਾਜ ਲਈ ਧਮਨ-1 ਅਤੇ ਏਜੀਵੀਏ (ਦਿੱਲੀ ਦੀ ਇੱਕ ਕੰਪਨੀ ਵੱਲੋਂ ਬਣਾਇਆ ਵੈਂਟੀਲੇਟਰ) ਮੁਹੱਈਆ ਕਰਵਾਏ ਗਏ ਸਨ। ਸਿਵਲ ਹਸਪਤਾਲ ਦੇ ਐਨਸਥੀਸੀਆ ਵਿਭਾਗ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਦੋਵੇਂ ਹੀ ਵੈਂਟੀਲੇਟਰ ਮਰੀਜਾਂ ਉੱਤੇ ਸਫ਼ਲ ਸਾਬਤ ਨਹੀਂ ਹੋ ਰਹੇ ਹਨ। ਸਾਨੂੰ ਆਧੁਨਿਕਤਮ ਆਈਸੀਯੂ ਵੈਂਟੀਲੇਟਰਾਂ ਦੀ ਤੁਰੰਤ ਲੋੜ ਹੈ।''

ਮੀਡੀਆ ਵਿੱਚ ਤੇਜੀ ਨਾਲ ਛਪੀ ਇਸ ਖ਼ਬਰ ਨੇ ਹੱਲਾ ਮਚਾ ਦਿੱਤਾ ਅਤੇ ਗੁਜਰਾਤ ਸਰਕਾਰ ਨੇ ਉਸੇ ਵੇਲੇ ਹੀ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਧਮਨ-1 ਵੈਂਟੀਲੇਟਰ ਦਾ ਬਚਾਅ ਕੀਤਾ।

ਸੂਬੇ ਦੀ ਸਿਹਤ ਸਕੱਤਰ ਜਯੰਤੀ ਰਾਵ ਨੇ ਕਿਹਾ, "ਧਮਨ-1 ਨੂੰ ਭਾਰਤ ਸਰਕਾਰ ਵੱਲੋਂ ਬਣਾਈ ਗਈ ਉੱਚ ਸ਼ਕਤੀ ਕਮੇਟੀ ਨੇ ਸਹੀ ਪਾਇਆ।"

ਉਨ੍ਹਾਂ ਨੇ ਅੱਗੇ ਕਿਹਾ, ''ਜਦੋਂ ਗੁਜਰਾਤ ਨੂੰ ਲੋੜ ਸੀ, ਉਦੋਂ ਉਨ੍ਹਾਂ ਨੂੰ ਧਮਨ-1 ਬਣਾਉਣ ਵਾਲਿਆਂ ਨੇ 1 ਹਜਾਰ ਵੈਂਟੀਲੇਟਰ ਦੇਣ ਦਾ ਵਾਅਦਾ ਕੀਤਾ ਸੀ ਅਤੇ 866 ਦੇ ਦਿੱਤੇ ਸਨ। ਵੈਂਟੀਲੇਟਰਾਂ ਉੱਤੇ ਕੰਮ ਜਾਰੀ ਹੈ, ਪਰ ਮੌਜੂਦਾ ਵੈਂਟੀਲੇਟਰ ਮਰੀਜਾਂ ਲਈ ਮਦਦਗਾਰ ਹੈ।"

ਖੈਰ, ਸਰਕਾਰ ਦੇ ਇਸ ਦਾਅਵੇ ਨੂੰ ਖਾਰਜ ਕਰਦੇ ਹੋਏ ਅਹਿਮਦਾਬਾਦ ਮੈਡੀਕਲ ਅਸੋਸੀਏਸ਼ਨ ਦੇ ਮੈਂਬਰ ਅਤੇ ਉੱਘੇ ਐਨੇਸਥੇਟਿਸਟ ਡਾਕਟਰ ਬਿਪਿਨ ਪਟੇਲ ਨੇ ਬੀਬੀਸੀ ਦੇ ਸਹਿਯੋਗੀ ਅਤੇ ਸੀਨੀਅਰ ਪੱਤਰਕਾਰ ਭਾਰਗਵ ਪਾਰੀਖ਼ ਨੂੰ ਦੱਸਿਆ, ''ਧਮਨ-1 ਵੈਂਟੀਲੇਟਰ ਅਸਲ ਵਿੱਚ ਵੈਂਟੀਲੇਟਰ ਨਹੀਂ ਹੈ। ਇਸ ਵਿੱਚ ਰੇਸਪਿਰੇਸ਼ਨ ਸੈੱਟ ਕਰਨ ਲਈ ਅਤੇ ਮਰੀਜ਼ ਨੂੰ ਕਿੰਨੀ ਮਾਤਰਾ ਵਿੱਚ ਆਕਸੀਜਨ ਦੇਣੀ ਚਾਹੀਦੀ ਹੈ, ਉਸਦੇ ਮੀਟਰ ਨਹੀਂ ਹਨ। ਇਸ ਵਿੱਚ ਹਿਊਮਿਡਿਟੀ ਨਾਪ ਦੀ ਕੋਈ ਮਾਤਰਾ ਨਹੀਂ ਹੈ।''

ਉਨ੍ਹਾਂ ਦਾ ਦਾਅਵਾ ਹੈ, ''ਅਸਲ ਵਿੱਚ ਜਦੋਂ ਕੋਈ ਵੀ ਆਪਰੇਸ਼ਨ ਹੁੰਦਾ ਹੈ ਜਾਂ ਮਰੀਜ਼ ਨੂੰ ਸਾਹ ਲੈਣ ਵਿੱਚ ਦਿੱਕਤ ਹੋਵੇ ਤਾਂ ਅਸੀਂ ਐਨੇਸਥੇਟਿਸਟ ਵੈਂਟੀਲੇਟਰ ਦੀ ਵਰਤੋਂ ਕਰਦੇ ਹਾਂ। ਤਾਂ ਜੋ ਆਪਰੇਸ਼ਨ ਦੌਰਾਨ ਜਾਂ ਮਰੀਜ਼ ਦੀ ਗੰਭੀਰ ਹਾਲਤ ਦੌਰਾਨ ਉਸਦੀਆਂ ਮਾਸਪੇਸ਼ੀਆਂ ਸ਼ਾਂਤ ਰਹਿਣ ਅਤੇ ਦਿਲ ਨੂੰ ਆਕਸੀਜਨ ਸੌਖੇ ਤਰੀਕੇ ਨਾਲ ਮਿਲਣ ਵਿੱਚ ਕੋਈ ਤੰਗੀ ਨਾ ਆਵੇ। ਧਮਨ-1 ਵੈਂਟੀਲੇਟਰ ਵਿੱਚ ਅਜਿਹੀ ਸੁਵਿਧਾ ਨਾ ਹੋਣ ਕਾਰਨ ਮਰੀਜਾਂ ਨੂੰ ਪਰੇਸ਼ਾਨੀ ਆ ਸਕਦੀ ਹੈ। ਇਸ ਕਾਰਨ ਇਹ ਮਰੀਜ਼ ਲਈ ਘਾਤਕ ਹੋ ਸਕਦਾ ਹੈ।''

ਇਸ ਗੱਲ ਦੇ ਇਲਜ਼ਾਮ ਲੱਗਣ ਲੱਗੇ ਕਿ ਧਮਨ-1 "ਦਰਅਸਲ ਵੈਂਟੀਲੇਟਰ ਨਹੀਂ ਸਗੋਂ ਇੱਕ ਏਐੱਮਬੀਯੂ (ਆਰਟੀਫੀਅਲ ਮੈਨੂਅਲ ਬ੍ਰੀਦਿੰਗ ਯੂਨਿਟ ਭਾਵ ਮਸਨੂਈ ਸਾਹ ਦੇਣ ਵਾਲੀ ਮਸ਼ੀਨ) ਮਸ਼ੀਨ ਹੈ।"

ਗੁਜਰਾਤ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਿਤ ਚਾਵੜੇ ਦਾ ਇਲਜ਼ਾਮ ਹੈ, "ਜਿਨ੍ਹਾਂ ਨੂੰ ਵੈਂਟੀਲੇਟਰ ਦੱਸ ਕੇ ਮਰੀਜਾਂ ਦਾ ਇਲਾਜ ਕਰਨ ਵਿੱਚ ਲਗਾ ਦਿੱਤਾ ਗਿਆ ਹੈ, ਉਹ ਸਸਤੇ ਆਕਸੀਜਨ ਬੈਗ ਹਨ ਅਤੇ ਮੁੱਖ ਮੰਤਰੀ ਨੇ ਆਪਣੇ ਜਾਣ-ਪਛਾਣ ਵਾਲਿਆਂ ਦਾ ਫ਼ਾਇਦਾ ਕਰਵਾਉਣ ਲਈ ਇਸ ਨੂੰ ਓਕੇ ਕਰ ਦਿੱਤਾ।"

ਗੁਜਰਾਤ ਦੇ ਵਿਰੋਧੀ ਧਿਰਾਂ ਨੇ ਲਗਾਤਾਰ ਇਸ ਮਾਮਲੇ ਦੀ ਨਿਆਇਕ ਜਾਂਚ ਹੋਣ ਦੀ ਮੰਗ ਦੁਹਰਾਈ ਹੈ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ ਨੇ ਬੀਬੀਸੀ ਨੂੰ ਕਿਹਾ, ''ਅਹਿਮਦਾਬਾਦ ਵਿੱਚ ਜਿਸ ਤਰ੍ਹਾਂ ਕੋਰੋਨਾਵਾਇਰਸ ਦੇ ਮਾਮਲੇ ਵੱਧ ਰਹੇ ਹਨ, ਉਸ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਸਾਫ਼ ਦਿਖ ਰਹੀ ਹੈ।"

"ਅਜਿਹੀ ਗੰਭੀਰ ਚੀਜ ਨਾਲ ਨਜਿੱਠਣ ਵਿੱਚ ਵੀ ਸਰਕਾਰ ਅੰਦਰ ਮਤਭੇਦ ਦਿਖ ਰਹੇ ਹਨ। ਗਲਤ ਰਾਏ ਦਾ ਪਾਲਨ ਹੋ ਰਿਹਾ ਹੈ। ਇੰਨੇ ਸਸਤੇ ਤੇ ਜਲਦੀ ਬਣੇ ਵੈਂਟੀਲੇਟਰਾਂ ਨਾਲ ਮਰੀਜਾਂ ਦੀ ਜਾਣ ਨਾਲ ਖੇਡਣ ਦਾ ਕੀ ਮਤਲਬ ਹੈ।"

ਹਾਲਾਂਕਿ ਗੁਜਰਾਤ ਦੀ ਭਾਜਪਾ ਸਰਕਾਰ ਦੇ ਸਿਹਤ ਮੰਤਰੀ ਨਿਤਿਨ ਭਾਈ ਪਟੇਲ ਅਤੇ ਗੁਜਰਾਤ ਦੇ ਸਿਹਤ ਕਮਿਸ਼ਨਰ ਨੇ ਸਾਡੇ ਕਈ ਫੋਨ ਕਾਲ ਇਹ ਕਹਿ ਕੇ ਕੱਟ ਦਿੱਤੇ, 'ਹਾਲੇ ਅਸੀਂ ਮੀਟਿੰਗ ਵਿੱਚ ਹਾਂ, ਪਲੀਜ਼ ਬਾਅਦ ਵਿੱਚ ਗੱਲ ਕਰਨਾ।''

ਪਰ ਸਰਕਾਰ ਨੇ ਇਸ ਤੋਂ ਪਹਿਲਾਂ ਵਿਰੋਧਾ ਧਿਰਾਂ ਦੇ ਸਾਰੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ ਅਤੇ ਇਨ੍ਹਾਂ ਨੂੰ 'ਸਿਆਸਤ ਤੋਂ ਪ੍ਰੇਰਿਤ' ਦੱਸਿਆ ਹੈ।

ਇਸੇ ਦੌਰਾਨ ਧਮਨ-1 ਮਸ਼ੀਨਾਂ ਦਾ ਆਰਡਰ ਦੇ ਚੁੱਕੇ ਪੁੱਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਸਾਰੇ ਆਰਡਰ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਧਮਨ-1 ਏਐੱਮਬੀਯੂ ਜਾਂ ਵੈਂਟੀਲੇਟਰ?

ਗੁਜਰਾਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਕੁੱਲ ਮਾਮਲੇ 17 ਹਜ਼ਾਰ ਤੋਂ ਵੱਧ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 1 ਹਜ਼ਾਰ ਤੋਂ ਉੱਤੇ ਹੈ।

ਸੂਬੇ ਦੇ ਲਗਭਗ 70 ਫੀਸਦੀ ਮਾਮਲੇ ਰਾਜਧਾਨੀ ਅਹਿਮਦਾਬਾਦ ਅਤੇ ਆਲੇ-ਦੁਆਲੇ ਤੋਂ ਰਿਪੋਰਟ ਹੋਏ ਹਨ।

ਇਸੇ ਦੌਰਾਨ ਧਮਨ-1 ਵੈਂਟੀਲੇਟਰਾਂ ਦੀ ਉਪਯੋਗਤਾ ਅਤੇ ਪ੍ਰਮਾਣਿਕਤਾ ਉੱਤੇ ਵਿਵਾਦ ਨਹੀਂ ਰੁਕ ਰਹੇ।

ਹਾਲਾਂਕਿ ਇਹ ਸਾਬਤ ਨਹੀਂ ਹੋ ਸਕਿਆ ਕਿ ਅਸਲ ਵਿੱਚ ਧਮਨ-1 ਏਐੱਮਬੀਯੂ ਬੈਗ ਹੈ ਜਾਂ ਵੈਂਟੀਲੇਟਰ, ਪਰ ਮੈਡੀਕਲ ਮਾਹਰਾਂ ਦੀ ਰਾਇ ਹੈ ਕਿ ਦੋਵਾਂ ਵਿੱਚ ਵੱਡਾ ਫ਼ਰਕ ਹੁੰਦਾ ਹੈ।

ਡਾ. ਮਿਨੇਸ਼ ਪਟੇਲ, ਅਹਿਮਦਾਬਾਦ ਦੇ ਸੀਆਈਐੱਮਐੱਸ ਹਸਪਤਾਲ ਦੇ ਆਈਸੀਯੂ ਦੇ ਕੋਵਿਡ-19 ਵਾਰਡ ਦੇ ਇੰਚਾਰਜ ਹਨ। ਉਨ੍ਹਾਂ ਨੇ ਦੋਵਾਂ ਮਸ਼ੀਨਾਂ ਦਾ ਫ਼ਰਕ ਦੱਸਿਆ।

ਉਨ੍ਹਾਂ ਕਿਹਾ,"ਏਐੱਮਬੀਯੂ ਬੈਗ ਸਾਧਾਰਨ ਮਰੀਜ਼ਾਂ ਨੂੰ ਆਕਸੀਜਨ ਦੇਣ ਵਾਲੀ ਮਸ਼ੀਨ ਹੁੰਦੀ ਹੈ ਅਤੇ ਇਹ ਆਮ ਤੌਰ 'ਤੇ ਕਿਸੇ ਮਰੀਜ ਨੂੰ ਵੈਂਟੀਲੇਟਰ 'ਤੇ ਪਾਉਣ ਤੋਂ ਪਹਿਲਾਂ ਦਿੱਤੀ ਜਾਂਦੀ ਹੈ। ਏਐੱਮਬੀਯੂ ਬੈਗ ਸਿਰਫ਼ 3-6 ਮਿੰਟ ਤੱਕ ਦਿੱਤੇ ਜਾਣ ਵਾਲੀ ਆਕਸੀਜਨ ਸਪੋਰਟ ਲਈ ਹੁੰਦੀ ਹੈ। ਪਰ ਜੇ ਤੁਸੀਂ ਮਰੀਜ਼ ਨੂੰ ਘੰਟਿਆਂ ਜਾਂ ਕੁਝ ਦਿਨਾਂ ਤੱਕ ਆਕਸੀਜਨ ਸਪੋਰਟ ਉੱਤੇ ਰੱਖਣਾ ਚਾਹੁੰਦੇ ਹੋ ਤਾਂ ਵੈਂਟੀਲੇਟਰ ਹੀ ਉਸਦਾ ਜ਼ਰੀਆ ਹੈ।"

ਹਾਲਾਂਕਿ ਗੁਜਰਾਤ ਸਰਕਾਰ ਨੇ ਬਾਅਦ ਵਿੱਚ ਕਈ ਵਾਰ ਇਸ ਗੱਲ ਨੂੰ ਦੁਹਰਾਇਆ ਹੈ, "ਧਮਨ-1 ਤੋਂ ਬਾਅਦ ਇਸ ਨੂੰ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਜਾਰੀ ਹੈ।"

ਜਾਣਕਾਰਾਂ ਦਾ ਮੰਨਣਾ ਹੈ ਕਿ ''ਵੈਂਟੀਲੇਟਰਾਂ ਵਰਗੇ ਮੈਡੀਕਲ ਉਪਕਰਣਾਂ ਦਾ ਬਿਹਤਰੀਨ ਹੋਣਾ ਜ਼ਰੂਰੀ ਹੈ।''

ਗੁਰੂਗ੍ਰਾਮ ਦੇ ਨਾਰਾਇਣਾ ਸੁਪਰ ਸਪੇਸ਼ਿਆਲਿਟੀ ਹਸਪਤਾਲ ਵਿੱਚ ਕਾਰਡੀਏਕ ਕ੍ਰਿਟੀਕਲ ਕੇਅਰ ਦੇ ਕੰਸਲਟੇਂਟ ਡਾਕਟਰ ਜਿਤਿਨ ਨਰੂਲਾ ਦਾ ਮੰਨਣਾ ਹੈ ਕਿ ਜਿਹੜੇ ਮਰੀਜਾਂ ਨੂੰ ਵੈਂਟੀਲੇਟਰਜ਼ ਦੀ ਲੋੜ ਪੈਂਦੀ ਹੈ, ਉਨ੍ਹਾਂ ਦੇ ਫ਼ੇਫ਼ੜੇ ਪਹਿਲਾਂ ਤੋਂ ਹੀ ਸਖ਼ਤ ਹੋ ਚੁੱਕੇ ਹੁੰਦੇ ਹਨ ਅਤੇ ਵੈਂਟੀਲੇਟਰਾਂ ਦੀ ਕਿਸੇ ਕਮੀ ਨਾਲ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਸੌਖੇ ਤਰੀਕੇ ਜਾਂ ਸਸਤੇ ਵਿੱਚ ਮਿਲਣ ਵਾਲੇ ਵੈਂਟੀਲੇਟਰਾਂ ਦੀ ਥਾਂ ਉਨ੍ਹਾਂ ਵੈਂਟੀਲੇਟਰਾਂ ਨੂੰ ਵਰਤਣਾ ਚਾਹੀਦਾ ਹੈ, ਜਿਨ੍ਹਾਂ ਦੇ ਭਰੋਸੇਯੋਗਤਾ ਸਾਬਤ ਹੋ ਚੁੱਕੀ ਹੋਵੇ।''

ਜ਼ਿਕਰਯੋਗ ਇਹ ਵੀ ਹੈ ਕਿ ਮਾਮਲੇ ਉੱਤੇ ਵੱਡਾ ਵਿਵਾਦ ਖੜ੍ਹਾ ਹੋ ਜਾਣ ਤੋਂ ਬਾਅਦ ਜਯੋਤੀ ਸੀਐੱਮਸੀ ਦੇ ਸੀਐੱਮਡੀ ਪਰਾਕ੍ਰਮ ਜਾਡੇਜਾ ਨੇ ਬੀਬੀਸੀ ਨੂੰ ਕਿਹਾ, "ਧਮਨ-1 ਵੈਂਟੀਲੇਟਰ ਬਣਾਉਣ ਵਿੱਚ ਅਸੀਂ ਸਾਰੇ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਹੈ। ਅਸੀਂ ISO 86101 ਅਤੇ IEC 60601 ਮਾਪਦੰਡਾਂ ਦਾ ਪਾਲਣ ਕੀਤਾ ਹੈ। ਇਹ ਮਿਸ਼ੀਗਨ ਦੀ ਕੰਪਨੀ ਦੇ ਆਧਾਰ 'ਤੇ ਬਣਾਇਆ ਹੈ ਅਤੇ ਅਸੀਂ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਵੀ ਲੈ ਲਈਆਂ ਹਨ, ਪਰ ਦੇਸ਼ ਦੀ ਇੰਪਰੋਟ ਲੌਬੀ ਸਾਨੂੰ ਪਰੇਸ਼ਾਨ ਕਰ ਰਹੀ ਹੈ। ਉਹ ਨਹੀਂ ਚਾਹੁੰਦੇ ਕਿ ਇੱਕ ਸਵਦੇਸ਼ੀ ਕੰਪਨੀ ਇਸ ਮਾਰਕੀਟ ਵਿੱਚ ਆਵੇ।"

ਵੈਂਟੀਲੇਟਰਾਂ ਦੀ ਗੁਣਵੱਤਾ ਉੱਤੇ ਅਹਿਮਦਾਬਾਦ ਦੇ ਸੀਆਈਐੱਮਐੱਸ ਹਸਪਤਾਲ ਦੇ ਆਈਸੀਯੂ ਦੇ ਕੋਵਿਡ-19 ਵਾਰਡ ਦੇ ਇੰਚਾਰਜ ਡਾ. ਮਿਨੇਸ਼ ਪਟੇਲ ਇੱਕ ਅਹਿਮ ਗੱਲ ਵੱਲ ਇਸ਼ਾਰਾ ਕਰਦੇ ਹਨ।

ਉਹ ਕਹਿੰਦੇ ਹਨ, ''ਜਿਵੇਂ ਕਿਸੇ ਵੀ ਦਵਾਈ ਨਾਲ ਹੁੰਦਾ ਹੈ, ਉਸੇ ਤਰ੍ਹਾਂ ਹੀ ਵੈਂਟੀਲੇਟਰ ਨਾਲ ਵੀ ਹੁੰਦਾ ਹੈ। ਕਈ ਵਾਰ ਦਵਾਈਆਂ ਦੇ ਟ੍ਰਾਇਲ ਹੋਣ ਤੋਂ ਬਾਅਦ ਹੀ ਉਹ ਬਜ਼ਾਰ ਵਿੱਚ ਆਉਂਦੀਆਂ ਹਨ। ਉਨ੍ਹਾਂ ਲਈ ਯੂਐੱਸਐੱਫ਼ਡੀਏ ਜਾਂ ਆਈਸੀਐੱਮਆਰ ਵਗੈਰਾ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ। ਬਤੌਰ ਇੱਕ ਡਾਕਟਰ ਅਸੀਂ ਇਹ ਨਹੀਂ ਕਹਿ ਸਕਦੇ ਕੀ ਵਰਤੋ ਤੇ ਕੀ ਨਹੀਂ। ਆਮ ਤੌਰ 'ਤੇ ਉਹੀ ਵਰਤਦੇ ਹਾਂ ਜਾ ਸਾਰੇ ਵਰਤਦੇ ਹਨ।''

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)