ਪਾਕਿਸਤਾਨ ਦਾ ਨਵਾਂ ਨਕਸ਼ਾ : ਕਿੰਨਾ ਮਾਸਟਰ ਸਟ੍ਰੋਕ ਤੇ ਕਿੰਨਾ ਬਚਕਾਨਾ - ਮਾਹਰਾਂ ਦੀ ਰਾਇ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਪਹਿਲਾਂ ਨੇਪਾਲ ਅਤੇ ਹੁਣ ਪਾਕਿਸਤਾਨ ਨੇ ਇੱਕ ਨਵਾਂ ਸਿਆਸੀ ਨਕਸ਼ਾ ਜਾਰੀ ਕੀਤਾ ਹੈ ਜਿਸ ਵਿੱਚ ਜੰਮੂ ਕਸ਼ਮੀਰ-ਲੱਦਾਖ-ਜੂਨਾਗੜ੍ਹ ਅਤੇ ਸਰ ਕ੍ਰੀਕ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਗਲਵਾਰ ਨੂੰ ਇਹ ਨਵਾਂ ਨਕਸ਼ਾ ਜਾਰੀ ਕਰਦਿਆਂ ਇਸ ਨੂੰ ਇਤਿਹਾਸਕ ਦਿਨ ਦੱਸਿਆ।

ਉਨ੍ਹਾਂ ਨੇ ਇਹ ਕਦਮ ਭਾਰਤੀ ਸੰਸਦ ਵਿੱਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਅਤੇ ਤਤਕਾਲੀ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡਣ ਦੀ ਪਹਿਲੀ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ ਚੁੱਕਿਆ ਸੀ।

ਪਾਕਿਸਤਾਨ ਅਤੇ ਨੇਪਾਲ ਦੁਆਰਾ ਨਵੇਂ ਸਿਆਸੀ ਨਕਸ਼ੇ ਜਾਰੀ ਕਰਨ ਪਿੱਛੇ ਮਕਸਦ ਕੀ ਹੋ ਸਕਦਾ ਹੈ? ਕੀ ਇਸ ਦਾ ਮਕਸਦ ਭਾਰਤ ਨੂੰ ਭੜਕਾਉਣਾ ਹੈ ਅਤੇ ਜੇ ਅਜਿਹਾ ਹੈ ਤਾਂ ਕੀ ਇਹ ਕਿਸੇ ਦੇ ਇਸ਼ਾਰੇ 'ਤੇ ਹੋ ਰਿਹਾ ਹੈ?

ਇਹ ਵੀ ਪੜ੍ਹੋ:

ਇਸ ਬਾਰੇ ਪਾਕਿਸਤਾਨ ਮਾਮਲਿਆਂ ਦੇ ਮਾਹਰ ਅਤੇ ਹਿੰਦੁਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਰਿਜ਼ਾਉਲ ਹਸਨ ਲਸਕਰ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਨੇਪਾਲ ਦੇ ਵੱਖ ਵੱਖ ਟੀਚੇ ਹਨ।

ਉਹ ਕਹਿੰਦੇ ਹਨ, "ਅਜਿਹਾ ਲਗਦਾ ਹੈ ਕਿ ਨੇਪਾਲ ਦਾ ਨਵਾਂ ਨਕਸ਼ਾ ਭਾਰਤ ਦੇ ਪਿਛਲੇ ਸਾਲ ਦੇ ਨਕਸ਼ੇ ਦੇ ਵਿਰੁੱਧ ਇੱਕ ਜਵਾਬੀ ਕਦਮ ਹੈ, ਜਿਹੜਾ ਇਸ ਸਮੱਸਿਆ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੇ ਮੌਕਾ ਦੀ ਕਮੀ ਵਿੱਚ ਚੁੱਕਿਆ ਗਿਆ ਹੈ।"

'ਪਾਕਿਸਤਾਨ ਕਸ਼ਮੀਰ ਦੇ ਅਸਲ ਮੁੱਦੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ'

ਪਾਕਿਸਤਾਨ ਦੇ ਨਵੇਂ ਨਕਸ਼ੇ 'ਤੇ ਟਿੱਪਣੀ ਕਰਦਿਆਂ ਲਸਕਰ ਕਹਿੰਦੇ ਹਨ, "ਪਾਕਿਸਤਾਨ ਦੇ ਮਾਮਲੇ ਵਿੱਚ ਇੱਥੇ ਪਾਕਿਸਤਾਨੀ ਲੀਡਰਸ਼ਿਪ ਦੀ ਸੋਚ ਵਿਗੜਦੀ ਦਿਖਾਈ ਦਿੰਦੀ ਹੈ, ਜੂਨਾਗੜ੍ਹ ਨੂੰ ਸ਼ਾਮਲ ਕੀਤੇ ਜਾਣ ਦੀ ਗੱਲ ਹੈਰਾਨੀ ਵਾਲੀ ਹੈ ਕਿਉਂਕਿ ਇਹ ਦਹਾਕਿਆਂ ਤੋਂ ਪਾਕਿਸਤਾਨ ਦੇ ਅਧਿਕਾਰਤ ਏਜੰਡੇ ਵਿੱਚ ਨਹੀਂ ਹੈ।"

"ਦੂਜੇ ਪਾਸੇ, ਨਕਸ਼ੇ ਵਿੱਚ ਲੱਦਾਖ ਨੂੰ ਸ਼ਾਮਲ ਨਾ ਕਰਨ ਨਾਲ ਇਹ ਸਮਝ ਆਉਂਦੀ ਹੈ ਕਿ ਪਾਕਿਸਤਾਨ ਚੀਨ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਹੈ।''

ਇਸ ਮੁੱਦੇ 'ਤੇ ਸਵੀਡਨ ਵਿੱਚ ਭਾਰਤੀ ਮੂਲ ਦੇ ਪ੍ਰੋਫ਼ੈੱਸਰ ਅਸ਼ੋਕ ਸਵੇਨ ਦਾ ਕਹਿਣਾ ਹੈ, "ਪਾਕਿਸਤਾਨ ਦਾ ਇਹ ਨਵਾਂ ਨਕਸ਼ਾ ਭਾਰਤ ਖਿਲਾਫ਼ ਕਈ ਮੋਰਚਿਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਹੈ। ਕਸ਼ਮੀਰ ਮੁੱਦੇ 'ਤੇ ਚੀਨ ਦੀ ਖੁੱਲ੍ਹੀ ਹਮਾਇਤ ਨਾਲ ਪਾਕਿਸਤਾਨ ਦੀ ਸਥਿਤੀ ਮਜ਼ਬੂਤ ਹੋਈ ਹੈ ਅਤੇ ਤਾਕਤ ਦਾ ਸੰਤੁਲਨ ਭਾਰਤ ਤੋਂ ਦੂਰ ਹੋ ਗਿਆ ਹੈ।"

ਪਰ ਉਹ ਪਾਕਿਸਤਾਨ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਹਿੰਦੇ ਹਨ ਕਿ ਪਾਕਿਸਤਾਨ ਕਸ਼ਮੀਰ ਨੂੰ 'ਇੱਕ ਮਨੁੱਖੀ ਅਧਿਕਾਰਾਂ ਦਾ ਮੁੱਦਾ ਨਾ ਬਣਾ ਕੇ ਇੱਕ ਖੇਤਰੀ ਮੁੱਦਾ ਬਣਾ ਰਿਹਾ ਹੈ, ਜੋ ਕਸ਼ਮੀਰ ਦੇ ਅਸਲ ਮੁੱਦੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ।'

ਇੱਕ ਮਹੀਨਾ ਪਹਿਲਾਂ ਨੇਪਾਲ ਵੱਲੋਂ ਨਵਾਂ ਨਕਸ਼ਾ ਜਾਰੀ ਕਰਨ ਬਾਰੇ ਪ੍ਰੋਫੈੱਸਰ ਸਵੇਨ ਦਾ ਕਹਿਣਾ ਹੈ, "ਭਾਰਤ ਨੇ ਨੇਪਾਲ ਦੇ ਨਵੇਂ ਨਕਸ਼ੇ ਨੂੰ ਰੱਦ ਕਰ ਦਿੱਤਾ ਹੈ। ਕਿਸੇ ਨੇ ਵੀ ਭਾਰਤ ਤੋਂ ਇਸ ਨੂੰ ਮਨਜ਼ੂਰ ਕਰਨ ਦੀ ਉਮੀਦ ਨਹੀਂ ਕੀਤੀ ਸੀ।"

"ਪਰ ਇਸ 'ਮੈਪ ਵਾਰ' ਦੀ ਸ਼ੁਰੂਆਤ ਕਿਸਨੇ ਕੀਤੀ? ਭਾਰਤ ਨੇ ਨਵੰਬਰ 2019 ਵਿੱਚ ਇੱਕਪਾਸੜ ਸਿਆਸੀ ਨਕਸ਼ਾ ਕਿਉਂ ਜਾਰੀ ਕੀਤਾ?"

ਭਾਰਤ ਨੇ ਨਕਸ਼ੇ ਨੂੰ ਰੱਦ ਕੀਤਾ

ਕੁਝ ਵਿਸ਼ਲੇਸ਼ਕ ਕਹਿੰਦੇ ਹਨ ਕਿ ਧਾਰਾ 370 ਨੂੰ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਮੌਕੇ ਇਮਰਾਨ ਖ਼ਾਨ ਪਾਕਿਸਤਾਨੀ ਜਨਤਾ ਨੂੰ ਇਹ ਦਰਸਾਉਣਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ਉੱਤੇ ਦਬਾਅ ਬਣਾਇਆ ਹੋਇਆ ਹੈ।

ਸੀਨੀਅਰ ਸਿਆਸੀ ਵਿਸ਼ਲੇਸ਼ਕ ਨਰੇਸ਼ ਜੈਨ ਕਹਿੰਦੇ ਹਨ, "ਇਹ ਪਾਕਿਸਤਾਨੀ ਲੋਕਾਂ ਨੂੰ ਦਿਖਾਉਣ ਲਈ ਇੱਕ ਚਾਲ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਧਾਰਾ 370 ਨੂੰ ਖ਼ਤਮ ਕਰਨ 'ਤੇ ਕੁਝ ਤਰੱਕੀ ਕੀਤੀ ਹੈ।"

ਪਾਕਿਸਤਾਨੀ ਸਿਆਸਤ 'ਤੇ ਡੂੰਘੀ ਨਜ਼ਰ ਰੱਖਣ ਵਾਲੇ ਇੱਕ ਭਾਰਤੀ ਵਿਸ਼ਲੇਸ਼ਕ ਸੁਸ਼ਾਂਤ ਸਰੀਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਕਲਪਨਾ ਕਰਦੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ:-

ਉਨ੍ਹਾਂ ਨੇ ਵਿਅੰਗ ਭਰੇ ਅੰਦਾਜ਼ ਵਿੱਚ ਕਿਹਾ, "ਕਲਪਨਾ ਦੀ ਕੋਈ ਹੱਦ ਨਹੀਂ ਹੋਣੀ ਚਾਹੀਦੀ। ਇਹ ਇੱਕ ਅਜੀਬ ਦੇਸ ਦਾ ਅਜੀਬ ਨਕਸ਼ਾ ਹੈ ਜੋ ਇੱਕ ਨਵਾਂ ਸਿਆਸੀ ਨਕਸ਼ਾ ਜਾਰੀ ਕਰਦਾ ਹੈ ਜਿਸ ਦੀਆਂ ਕੋਈ ਹੱਦਾਂ ਨਹੀਂ ਹਨ।"

ਭਾਰਤ ਨੇ ਪਾਕਿਸਤਾਨ ਦੇ ਇਸ ਨਵੇਂ ਸਿਆਸੀ ਨਕਸ਼ੇ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਦੀ ਨਾ ਤਾਂ ਕਾਨੂੰਨੀ ਵੈਧਤਾ ਹੈ ਅਤੇ ਨਾ ਹੀ ਕੌਮਾਂਤਰੀ ਪੱਧਰ 'ਤੇ ਕੋਈ ਭਰੋਸੇਯੋਗਤਾ।

ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਅਸੀਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੁਆਰਾ ਜਾਰੀ ਕੀਤੇ ਗਏ ਪਾਕਿਸਤਾਨ ਦੇ ਕਥਿਤ 'ਸਿਆਸੀ ਮੈਪ' ਨੂੰ ਦੇਖਿਆ ਹੈ।"

"ਇਹ ਭਾਰਤੀ ਸੂਬੇ ਗੁਜਰਾਤ ਅਤੇ ਸਾਡੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਖ਼ੇਤਰ ਵਿੱਚ ਬੇਬੁਨਿਆਦ ਦਾਅਵਾ ਹੈ, ਜੋ ਕਿ ਸਿਆਸੀ ਮੂਰਖਤਾ ਵਿੱਚ ਚੁੱਕਿਆ ਗਿਆ ਕਦਮ ਹੈ। ਇਹ ਹਾਸੋਹੀਣੇ ਦਾਅਵੇ ਨਾ ਤਾਂ ਕੋਈ ਕਾਨੂੰਨੀ ਤੌਰ 'ਤੇ ਜਾਇਜ਼ ਹਨ ਅਤੇ ਨਾ ਹੀ ਇਨ੍ਹਾਂ ਦੀ ਕੌਮਾਂਤਰੀ ਭਰੋਸੇਯੋਗਤਾ ਹੈ।"

"ਸਚਾਈ ਇਹ ਹੈ ਕਿ ਪਾਕਿਸਤਾਨ ਦੀਆਂ ਇਹ ਨਵੀਆਂ ਕੋਸ਼ਿਸ਼ਾਂ ਸਿਰਫ਼ ਸਰਹੱਦ ਪਾਰ ਅੱਤਵਾਦ ਦੁਆਰਾ ਸਮਰਥਿਤ ਖੇਤਰ ਦੇ ਵਿਸਥਾਰ ਦੀ ਪਾਕਿਸਤਾਨ ਦੇ ਜਨੂੰਨ ਦੀ ਹਕੀਕਤ ਦੀ ਪੁਸ਼ਟੀ ਕਰਦੀਆਂ ਹਨ।"

ਪਾਕਿਸਤਾਨ ਦੇ ਬੁੱਧੀਜੀਵੀ ਵੀ ਨਕਸ਼ੇ ਨਾਲ ਸਹਿਮਤ ਨਹੀਂ

ਪਾਕਿਸਤਾਨ ਵਿੱਚ ਹੀ ਇਸ ਨਵੇਂ ਨਕਸ਼ੇ ਬਾਰੇ ਮਿਲੇ-ਜੁਲੇ ਪ੍ਰਤੀਕਰਮ ਮਿਲੇ ਹਨ। ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਪਾਕਿਸਤਾਨੀ ਸਰਕਾਰ ਦੇ ਇਸ ਕਦਮ ਨੂੰ 'ਮਾਸਟਰਸਟ੍ਰੋਕ' ਕਰਾਰ ਦਿੱਤਾ ਹੈ, ਜਦੋਂਕਿ ਕਈਆਂ ਨੇ ਇਸ ਨੂੰ ਪਾਕਿਸਤਾਨੀ ਸਰਕਾਰ ਦੀ 'ਬਚਕਾਨਾ ਹਰਕਤ' ਦੱਸਿਆ ਹੈ।

ਪਾਕਿਸਤਾਨ ਦੇ ਬੁੱਧੀਜੀਵੀ ਵੀ ਇਸ ਮੁੱਦੇ 'ਤੇ ਪਾਕਿਸਤਾਨ ਸਰਕਾਰ ਨਾਲ ਅਸਹਿਮਤ ਦਿਖਾਈ ਦਿੰਦੇ ਹਨ।

ਬੀਬੀਸੀ ਉਰਦੂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈੱਸਰ ਸ਼ਬੀਰ ਅਹਿਮਦ ਖ਼ਾਨ ਨੇ ਕਿਹਾ ਕਿ ਨਕਸ਼ੇ ਨੂੰ ਜਾਰੀ ਕਰਨ ਪਿੱਛੇ ਮਕਸਦ ਪਾਕਿਸਤਾਨ ਦੀ 'ਸ਼ਰਮਨਾਕ ਅਤੇ ਬਚਕਾਨਾ' ਹਰਕਤ ਹੈ।

ਉਨ੍ਹਾਂ ਦਾ ਕਹਿਣਾ ਹੈ, "ਪਾਕਿਸਤਾਨ ਹੁਣ ਤੱਕ ਕਸ਼ਮੀਰ ਨੂੰ ਆਪਣੇ ਕਾਬੂ ਹੇਠ ਦਿਖਾਉਣ ਲਈ ਨਕਸ਼ੇ ਉੱਤੇ ਕੰਟਰੋਲ ਰੇਖਾ (ਐੱਲਓਸੀ) ਦਿਖਾਉਂਦਾ ਸੀ। ਅਸੀਂ ਇਸ ਨੂੰ ਵੀ ਹਟਾਉਣ ਦਾ ਫ਼ੈਸਲਾ ਕੀਤਾ, ਇਸ ਲਈ ਇਸ ਨੂੰ ਹਟਾ ਦਿੱਤਾ ਗਿਆ। ਇਹ ਕੋਈ ਸੰਕੇਤਕ ਸੰਦੇਸ਼ ਨਹੀਂ ਹੈ। ਵੱਡੀਆਂ ਸ਼ਕਤੀਆਂ ਇੱਕ-ਦੂਜੇ ਨੂੰ ਇਸ ਤਰ੍ਹਾਂ ਭੜਕਾਉਂਦੀਆਂ ਨਹੀਂ।"

ਉਨ੍ਹਾਂ ਨੇ ਕਿਹਾ, "ਅਜਿਹਾ ਨਕਸ਼ਾ ਬਣਾਉਣ ਨਾਲ ਕੋਈ ਇਸ ਨੂੰ ਮਨਜ਼ੂਰੀ ਥੋੜ੍ਹਾ ਦੇਵੇਗਾ। ਪਰਮਾਣੂ ਸ਼ਕਤੀ ਹੋਣ ਕਰਕੇ ਜ਼ਿੰਮੇਵਾਰ ਸਰਕਾਰਾਂ ਇਨ੍ਹਾਂ ਤਰੀਕਿਆਂ ਨਾਲ ਕਿਸੇ ਹੋਰ ਵੱਡੀ ਤਾਕਤ ਨੂੰ ਭੜਕਾਉਂਦੀਆਂ ਨਹੀਂ ਹਨ। ''

ਪਾਕਿਸਤਾਨ ਦੇ ਵਿਸ਼ਲੇਸ਼ਕ ਡਾ. ਹਸਨ ਅਸਕਰੀ ਰਿਜ਼ਵੀ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹੇ ਤਰੀਕੇ ਦੇਸ ਦੇ ਅੰਦਰ ਲੋਕਾਂ ਨੂੰ ਖੁਸ਼ ਕਰ ਸਕਦੇ ਹਨ ਪਰ "ਅਜਿਹੇ ਨਕਸ਼ੇ ਉੱਤੇ ਕੌਮਾਂਤਰੀ ਸਮਰਥਨ ਨਹੀਂ ਦਿੱਤੇ ਜਾਂਦੇ।"

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅਜੇ ਵੀ ਕਸ਼ਮੀਰ ਮਸਲੇ ਦੇ ਅਸਲ ਹੱਲ ਲਈ ਕੌਮਾਂਤਰੀ ਮਦਦ ਦੀ ਲੋੜ ਹੈ। ਹਸਨ ਅਸਕਰੀ ਰਿਜ਼ਵੀ ਨੇ ਇਹ ਵੀ ਕਿਹਾ ਕਿ ਨਵੇਂ ਸਿਆਸੀ ਨਕਸ਼ੇ ਵਿੱਚ ਕੁਝ ਬਹੁਤ ਨਵਾਂ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ 1971 ਤੋਂ ਪਹਿਲਾਂ ਪਾਕਿਸਤਾਨ ਜੂਨਾਗੜ੍ਹ ਸੂਬੇ ਨੂੰ ਸਿਆਸੀ ਨਕਸ਼ੇ ਦੇ ਹਿੱਸੇ ਵਜੋਂ ਦਰਸਾਉਂਦਾ ਸੀ ਪਰ ਬਾਅਦ ਵਿੱਚ ਇਸ ਨੂੰ ਹਟਾ ਦਿੱਤਾ ਗਿਆ ਸੀ।

ਪਾਕਿਸਤਾਨ ਮਾਮਲਿਆਂ ਦੇ ਮਾਹਰ ਸੁਸ਼ਾਂਤ ਸਰੀਨ ਵੀ ਕਹਿੰਦੇ ਹਨ ਕਿ ਇਸ ਨਕਸ਼ੇ ਵਿੱਚ ਸਭ ਕੁਝ ਨਵਾਂ ਨਹੀਂ ਹੈ। ਉਨ੍ਹਾਂ ਮੁਤਾਬਕ, 'ਕਈ ਦਹਾਕਿਆਂ ਤੋਂ ਪਾਕਿਸਤਾਨ ਦੇ ਨਕਸ਼ੇ 'ਤੇ ਜੂਨਾਗੜ੍ਹ ਸ਼ਾਮਲ ਕੀਤਾ ਗਿਆ ਹੈ।'

ਜਿੱਥੋਂ ਤੱਕ ਪਾਕਿਸਤਾਨ ਦੇ ਇਸ ਨਵੇਂ ਨਕਸ਼ੇ ਨੂੰ ਕੌਮਾਂਤਰੀ ਪੱਧਰ 'ਤੇ ਮਨਜ਼ੂਰੀ ਮਿਲਣ ਦੀ ਗੱਲ ਹੈ, ਬੀਬੀਸੀ ਨੇ ਜਿੰਨੇ ਵੀ ਮਾਹਿਰਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਨੇ ਕਿਹਾ ਕਿ ਕੋਈ ਉਮੀਦ ਨਹੀਂ ਹੈ ਕਿ ਕੋਈ ਵੀ ਦੇਸ ਨਵੇਂ ਸਿਆਸੀ ਨਕਸ਼ੇ ਨੂੰ ਮਨਜ਼ੂਰ ਕਰੇਗਾ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)