ਪਾਕਿਸਤਾਨ ਨੇ ਨਵਾਂ ਪੌਲੀਟਿਕਲ ਨਕਸ਼ਾ ਜਾਰੀ ਕੀਤਾ, ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ, ਭਾਰਤ ਨੇ ਕਿਹਾ, ਹਾਸੋਹੀਣਾ ਦਾਅਵਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਦਾ ਇੱਕ ਨਵਾਂ ਪੌਲੀਟਿਕਲ ਨਕਸ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਜੰਮੂ-ਕਸ਼ਮੀਰ, ਲੱਦਾਖ ਤੇ ਜੂਨਾਗੜ੍ਹ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਿਖਾਇਆ ਗਿਆ ਹੈ।

ਇਮਰਾਨ ਖ਼ਾਨ ਨੇ ਕਿਹਾ ਹੈ ਕਿ ਹੁਣ ਪਾਕਿਸਤਾਨ ਵਿੱਚ ਇਹੀ ਨਕਸ਼ਾ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨਕਸ਼ਾ ਪਾਕਿਸਤਾਨੀ ਕੌਮ ਤੇ ਕਸ਼ਮੀਰੀਆਂ ਦੀਆਂ ਇੱਛਾਵਾਂ ਦੀ ਤਰਜਮਾਨੀ ਕਰਦਾ ਹੈ।

ਉਨ੍ਹਾਂ ਕਿਹਾ ਕਿ ਹਿੰਦੁਸਤਾਨ ਨੇ ਜੋ ਪਿਛਲੇ ਸਾਲ 5 ਅਗਸਤ ਨੂੰ ਜੋ ਕਸ਼ਮੀਰ ਵਿੱਚ ਕਦਮ ਚੁੱਕਿਆ ਸੀ, ਉਸ ਨੂੰ ਰੱਦ ਕਰਦਾ ਹੈ।

ਗੌਰਤਲਬ ਹੈ ਕਿ 5 ਅਗਸਤ 2019 ਨੂੰ ਧਾਰਾ 370 ਨੂੰ ਰੱਦ ਕਰ ਦਿੱਤਾ ਸੀ। ਉਸ ਮਗਰੋਂ ਭਾਰਤੀ ਸੰਸਦ ਨੇ ਵੀ ਇਸ ਫ਼ੈਸਲੇ ਉੱਤੇ ਮੁਹਰ ਲਗਾ ਦਿੱਤੀ ਸੀ।

‘ਕਸ਼ਮੀਰ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਨ ਦਾ ਪਹਿਲਾ ਕਦਮ

ਕੈਬਨਿਟ ਦੀ ਮੀਟਿੰਗ ਤੋਂ ਬਾਅਦ ਇਮਰਾਨ ਖ਼ਾਨ ਨੇ ਕਿਹਾ ਕਿ ਇਹੀ ਨਕਸ਼ਾ ਪਾਕਿਸਤਾਨ ਦੀਆਂ ਸਕੂਲਾਂ-ਕਾਲਜਾਂ ਦੀਆਂ ਕਿਤਾਬਾਂ ਵਿੱਚ ਹੋਵੇਗਾ।

“ਕੌਮਾਂਤਰੀ ਭਾਈਚਾਰੇ ਨੇ ਖੁਦਮੁਖਤਿਆਰੀ ਦਾ ਅਧਿਕਾਰ ਕਸ਼ਮੀਰੀਆਂ ਨੂੰ ਦਿੱਤਾ ਹੈ, ਉਹ ਉਨ੍ਹਾਂ ਨੂੰ ਅਜੇ ਵੀ ਨਹੀਂ ਮਿਲਿਆ ਹੈ। ਅਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹੀ ਇਸ ਦਾ ਇਹੀ ਹੱਲ ਹੈ। ਪਾਕਿਸਤਾਨ ਨੇ ਹਮੇਸ਼ਾ ਨੇ ਮੰਨਿਆ ਹੈ ਕਿ ਕਸ਼ਮੀਰ ਮੁਲਕਾ ਦਾ ਹਿੱਸਾ ਬਣੇ। ਇਹ ਉਸੇ ਦਿਸ਼ਾ ਵੱਲ ਪਹਿਲਾ ਕਦਮ ਹੈ।”

“ਅਸੀਂ ਫੌਜ ਵਰਤ ਕੇ ਸਮੱਸਿਆ ਦਾ ਹੱਲ ਲੱਭਣ ਦੇ ਹਾਮੀ ਨਹੀਂ ਹਾਂ। ਅਸੀਂ ਸਿਆਸੀ ਸੰਘਰਸ਼ ਕਰਾਂਗੇ। ਅਸੀਂ ਸੰਯੁਕਤ ਰਾਸ਼ਟਰ ਨੂੰ ਉਸ ਵਾਅਦੇ ਦੀ ਯਾਦ ਦੁਆਵਾਂਗੇ, ਜੋ ਉਸ ਨੇ ਪੂਰਾ ਨਹੀਂ ਕੀਤਾ।”

ਪਾਕਿਸਤਾਨ ਦੇ ਦਾਅਵੇ ਹਾਸੋਹੀਣੇ - ਭਾਰਤ

ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਵੱਲੋਂ ਜਾਰੀ ਨਵੇਂ ਪੌਲਟੀਕਲ ਨਕਸ਼ੇ ਨੂੰ ਪੂਰੀ ਤਰੀਕੇ ਨਾਲ ਨਕਾਰ ਦਿੱਤਾ ਹੈ।

ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ, "ਪਾਕਿਸਤਾਨ ਵੱਲੋਂ ਭਾਰਤੀ ਸੂਬੇ ਗੁਜਰਾਤ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਉੱਤੇ ਨਜਾਇਜ਼ ਦਾਅਵੇਦਾਰੀ ਕੀਤੀ ਗਈ ਹੈ ਜੋ ਪੂਰੇ ਤਰੀਕੇ ਨਾਲ ਗਲਤ ਹੈ।”

"ਇਨ੍ਹਾਂ ਹਾਸੌਹੀਣੇ ਦਾਅਵਿਆਂ ਦੀ ਨਾ ਤਾਂ ਕੋਈ ਕਾਨੂੰਨੀ ਮਾਨਤਾ ਹੈ ਤੇ ਨਾ ਹੀ ਕੌਮਾਂਤਰੀ ਪੱਧਰ ਉੱਤੇ ਕੋਈ ਭਰੋਸੇਯੋਗਤਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)