ਕੀ ਤੁਸੀਂ ਭਾਰਤ ਦਾ ਨਵਾਂ ਨਕਸ਼ਾ ਦੇਖਿਆ ਜਿਸ ਨੂੰ ਪਾਕਿਸਤਾਨ ਨੇ ਖ਼ਾਰਿਜ ਕੀਤਾ

ਭਾਰਤ ਸਰਕਾਰ ਵਲੋਂ ਜਾਰੀ ਦੇਸ ਦੇ ਨਵੇਂ ਨਕਸ਼ੇ ਨੂੰ ਪਾਕਿਸਤਾਨ ਨੇ ਨਕਾਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਇੱਕ ਬਿਆਨ ਜਾਰੀ ਕੀਤਾ ਹੈ।

ਬਿਆਨ ਵਿਚ ਪਾਕਿਸਤਾਨ ਸਰਕਾਰ ਨੇ ਕਿਹਾ, "2 ਨਵੰਬਰ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤਾ ਸਿਆਸੀ ਮਾਨਚਿੱਤਰ ਗਲਤ ਹੈ ਜਿਸ ਵਿਚ ਜੰਮੂ-ਕਸ਼ਮੀਰ ਸਣੇ ਗਿਲਗਿਤ-ਬਾਲਤਿਸਤਾਨ ਤੇ ਆਜ਼ਾਦ ਜੰਮੂ-ਕਸ਼ਮੀਰ ਨੂੰ ਭਾਰਤ ਦੇ ਦਾਇਰੇ ਅੰਦਰ ਦਿਖਾਇਆ ਗਿਆ ਹੈ। ਇਹ ਕਾਨੂੰਨੀ ਤੌਰ 'ਤੇ ਅਸਥਿਰ, ਗੈਰ-ਵਾਜਿਬ ਤੇ ਯੂਨਐਨ ਸੁਰੱਖਿਆ ਕੌਂਸਲ ਮਤੇ ਦੀ ਸਪਸ਼ਟ ਉਲੰਘਣਾ ਹੈ।"

ਬਿਆਨ ਵਿਚ ਅੱਗੇ ਕਿਹਾ ਗਿਆ, "ਭਾਰਤ ਦਾ ਕੋਈ ਵੀ ਕਦਮ ਯੂਐਨ ਵਲੋਂ ਮਨਜ਼ੂਰਸ਼ੁਦਾ ਵਿਵਾਦਤ ਜੰਮੂ-ਕਸ਼ਮੀਰ ਦੇ ਦਰਜੇ ਨੂੰ ਨਹੀਂ ਬਦਲ ਸਕਦਾ। ਭਾਰਤ ਸਰਕਾਰ ਦੇ ਇਸ ਤਰ੍ਹਾਂ ਦੇ ਕਦਮ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੇ ਲੋਕਾਂ ਦੇ ਕਦੇ ਨਾ ਵੱਖ ਕੀਤੇ ਜਾਣ ਵਾਲੇ ਖੁਦਮੁਖਤਿਆਰੀ ਦੇ ਅਧਿਕਾਰ ਨੂੰ ਬਦਲ ਨਹੀਂ ਸਕਦੇ।"

ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੇ ਲੋਕਾਂ ਦੇ ਖੁਦ-ਮੁਖਤਿਆਰੀ ਦੇ ਅਧਿਕਾਰ ਲਈ ਪਾਕਿਸਤਾਨ ਦਾ ਸਮਰਥਨ ਜਾਰੀ ਰਹੇਗਾ।

ਦਰਅਸਲ ਭਾਰਤ ਸਰਕਾਰ ਨੇ ਸ਼ਨੀਵਾਰ ਨੂੰ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੇ ਲੱਦਾਖ ਦੇ ਕੇਂਦਰ-ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਨਵਾਂ ਨਕਸ਼ਾ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਭਾਰਤ ਦੇ ਨਵੇਂ ਨਕਸ਼ੇ 'ਚ ਕੀ ਹੈ

ਇਸ ਨਕਸ਼ੇ ਨੂੰ ਭਾਰਤ ਦੇ ਸਰਵੇ ਜਨਰਲ ਨੇ ਤਿਆਰ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਦੋ ਜ਼ਿਲ੍ਹੇ ਹੋਣਗੇ-ਕਰਗਿਲ ਤੇ ਲੇਹ। ਇਸ ਤੋਂ ਬਾਅਦ ਬਾਕੀ ਦੇ 26 ਜ਼ਿਲ੍ਹੇ ਜੰਮੂ-ਕਸ਼ਮੀਰ ਵਿਚ ਹੋਣਗੇ।

ਭਾਰਤ ਸਰਕਾਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਵਿਚ ਜੰਮੂ-ਕਸ਼ਮੀਰ ਤੇ ਲੱਦਾਖ ਦੀ ਸਰਹੱਦ ਨੂੰ ਨਿਰਧਾਰਿਤ ਕੀਤਾ ਗਿਆ ਹੈ।

ਇਸ ਨਕਸ਼ੇ ਮੁਤਾਬਕ ਭਾਰਤ ਵਿਚ ਹੁਣ 28 ਸੂਬੇ ਅਤੇ 9 ਕੇਂਦਰ ਸ਼ਾਸਿਤ ਸੂਬੇ ਹੋ ਗਏ ਹਨ।

5 ਅਗਸਤ, 2019 ਨੂੰ ਭਾਰਤੀ ਸੰਸਦ ਵਿਚ ਸੰਵਿਧਾਨ ਦੀ ਧਾਰਾ 370 ਤੇ 35-ਏ ਨੂੰ ਖ਼ਤਮ ਕਰਨ ਦਾ ਫੈਸਲਾ ਬਹੁਮਤ ਨਾਲ ਲਿਆ ਗਿਆ ਸੀ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੇ ਪੁਨਰਗਠਨ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।

1947 ਵਿਚ ਜੰਮੂ-ਕਸ਼ਮੀਰ ਵਿਚ 14 ਜ਼ਿਲ੍ਹੇ ਹੁੰਦੇ ਸਨ- ਕਠੂਆ, ਜੰਮੂ, ਉਧਮਪੁਰ, ਰਈਸੀ, ਅਨੰਤਨਾਗ, ਬਾਰਾਮੁਲਾ, ਪੁੰਛ, ਮੀਰਪੁਰ, ਮੁਜ਼ਫ਼ਰਾਬਾਦ, ਲੇਹ ਤੇ ਲੱਦਾਖ, ਗਿਲਗਿਤ, ਗਿਲਗਿਤ ਵਜਡ਼ਾਰਤ, ਚਿੱਲਾਹ ਤੇ ਟਰਾਇਬਲ ਟੇਰੇਰਿਟੀ।

2019 ਵਿਚ ਸਰਕਾਰ ਨੇ ਜੰਮੂ-ਕਸ਼ਮੀਰ ਦਾ ਪੁਨਰਗਠਨ ਕਰਦੇ ਹੋਏ 14 ਜ਼ਿਲ੍ਹਿਆਂ ਨੂੰ 28 ਜ਼ਿਲ੍ਹਿਆਂ ਵਿਚ ਬਦਲ ਦਿੱਤਾ ਹੈ।

ਨਵੇਂ ਜ਼ਿਲ੍ਹੇ ਦੇ ਨਾਮ ਹਨ- ਕੁਪਵਾੜਾ, ਬਾਂਦੀਪੁਰ, ਗਾਂਦਰਬਲ, ਸ਼੍ਰੀਨਗਰ, ਬੜਗਾਮ, ਪੁਲਵਾਮਾ, ਸ਼ੋਪੀਆਂ, ਕੁਲਗਾਮ, ਰਾਜੌਰੀ, ਡੋਡਾ, ਕਿਸ਼ਤਵਾਰ, ਸੰਬਾ, ਲੇਹ ਤੇ ਲੱਦਾਖ।

ਹਾਲਾਂਕਿ ਇਸ ਨਵੇਂ ਨਕਸ਼ੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ।

ਫੇਸਬੁਕ ਤੇ ਡਾਂਡੂ ਕੀਰਤੀ ਰੈੱਡੀ ਨੇ ਲਿਖਿਆ ਹੈ, "ਕੀ ਪਾਕਿਸਤਾਨ ਤੇ ਚੀਨ ਨੇ ਆਜ਼ਾਦ ਕਸ਼ਮੀਰ, ਗਿਲਗਿਤ ਬਾਲਤਿਸਤਾਨ ਤੇ ਅਕਸਾਈ ਚੀਨ ਭਾਰਤ ਨੂੰ ਵਾਪਸ ਕਰ ਦਿੱਤਾ ਹੈ, ਇਹ ਕਦੋਂ ਹੋਇਆ।"

ਉੱਥੇ ਹੀ ਸੀਨੀਅਰ ਟੀਵੀ ਪੱਤਰਕਾਰ ਦਿਬਾਂਗ ਨੇ ਇਸ ਨੂੰ ਭਾਰਤ ਦਾ ਸਿਆਸੀ ਨਕਸ਼ਾ ਕਹਿੰਦੇ ਹੋਏ ਟਵੀਟ ਕੀਤਾ ਹੈ, ਜਿਸ 'ਤੇ ਕਈ ਲੋਕ ਪ੍ਰਤੀਕਰਮ ਦੇ ਰਹੇ ਹਨ।

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)