You’re viewing a text-only version of this website that uses less data. View the main version of the website including all images and videos.
Kartarpur Corridor: ਮੀਂਹ ਤੋਂ ਬਾਅਦ ਡੇਰਾ ਬਾਬਾ ਨਾਨਕ ਵਿੱਚ ਤਿਆਰੀਆਂ 'ਤੇ ਅਸਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਡੇਰਾ ਬਾਬਾ ਨਾਨਕ ਵਿਖੇ ਰੱਖੇ ਗਏ ਸਮਾਗਮ ਲਈ ਕੀਤੀਆਂ ਤਿਆਰੀਆਂ ਨੂੰ ਮੀਂਹ ਕਾਰਨ ਵਿਰਾਮ ਲੱਗ ਗਿਆ ਹੈ।
ਪ੍ਰਸਾਸ਼ਨ ਵੱਲੋਂ ਪਾਣੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਸਮਾਗਮ ਸ਼ੁੱਕਰਵਾਰ ਤੋਂ ਸ਼ੁਰੂ ਹੋਣੇ ਹਨ।
ਪਹੁੰਚੇ ਸ਼ਰਧਾਲੂਆਂ ਨੇ ਬੀਬੀਸੀ ਪੱਤਰਤਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਦੱਸਿਆ ਕਿ ਵੀਰਵਾਰ ਦੀ ਰਾਤ ਟੈਂਟ ਵੀ ਚੋਂਦੇ ਰਹੇ ਅਤੇ ਉਹ ਟੈਂਟਾਂ ਵਿੱਚੋਂ ਪਾਣੀ ਕੱਢਦੇ ਰਹੇ।
ਹਾਲਾਂਕਿ ਸ਼ੁੱਕਰਵਾਰ ਸੇਵੇਰ ਤੋਂ ਧੁੱਪ ਖਿੜੀ ਹੋਈ ਹੈ ਤੇ ਪਾਣੀ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਨੇ ਕਿਹਾ, "ਬਾਰਿਸ਼ ਗੁਰੂ ਸਾਹਿਬ ਦੀ ਰਜ਼ਾ ਹੈ। ਉਹ ਨਹੀਂ ਸੀ ਚਾਹੁੰਦੇ ਕਿ ਕੋਈ ਵਿਵਾਦ ਆਵੇ। ਉਹ ਨਹੀਂ ਸੀ ਚਾਹੁੰਦੇ ਕਿ ਮੇਰੇ ਨਾਂ 'ਤੇ ਵੰਡੀਆਂ ਪਾਈਆਂ ਜਾਣ।"
"ਉਨ੍ਹਾਂ ਕਿਹਾ ਕਿ ਸਟੇਜਾਂ ਨਾ ਲੱਗਣ ਨਾਲ ਸਿਆਸੀ ਬੰਦਿਆਂ ਨੂੰ ਦਿੱਕਤਾਂ ਹੁੰਦੀਆਂ ਹਨ ਪਰ ਮੇਰਾ ਧਿਆਨ ਹੈ ਕਿ ਜਿੱਥੇ ਲੋਕ ਦਰਸ਼ਨ ਕਰਨ ਆਏ ਹਨ ਉਨ੍ਹਾਂ ਨੂੰ ਦਰਸ਼ਨ ਹੋਣ।"
7 ਨਵੰਬਰ
ਨਵਜੋਤ ਸਿੱਧੂ ਨੂੰ ਭਾਰਤ ਸਰਕਾਰ ਨੇ 'ਕਰਤਾਰਪੁਰ ਜਾਣ ਦੀ ਇਜਾਜ਼ਤ ਦਿੱਤੀ'
ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਲਈ ਪਾਕਿਸਤਾਨ ਵੱਲੋਂ ਵੀਜ਼ਾ ਦੇ ਦਿੱਤਾ ਗਿਆ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ, “ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਆਉਣ ਲਈ ਵੀਜ਼ਾ ਦੇ ਦਿੱਤਾ ਗਿਆ ਹੈ। ਉਨ੍ਹਾਂ ਦਾ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿੱਚ ਆਉਣ ਲਈ ਸਵਾਗਤ ਕਰਦੇ ਹਾਂ।”
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਵੀਰਵਾਰ ਨੂੰ ਭਾਰਤ ਸਰਕਾਰ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿੱਚ ਜਾਣ ਲਈ ਇਜਾਜ਼ਤ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਨੂੰ ਕਰਤਾਰਪੁਰ ਸਾਹਿਬ ਜਾਣ ਬਾਰੇ ਤੀਜੀ ਚਿੱਠੀ ਲਿਖੀ ਸੀ।
ਉਨ੍ਹਾਂ ਲਿਖਿਆ ਸੀ ਕਿ ਉਹ ਪਹਿਲਾਂ ਵੀ ਮੰਤਰਾਲੇ ਨੂੰ ਇਸ ਬਾਰੇ ਚਿੱਠੀਆਂ ਲਿਖ ਚੁੱਕੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਹਾਂ ਜਾਂ ਨਾਂਹ, ਕਿਸੇ ਵੀ ਕਿਸਮ ਦਾ ਜਵਾਬ ਮੰਤਰਾਲੇ ਵੱਲੋਂ ਨਹੀਂ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਲਿਖਿਆ ਸੀ ਕਿ ਉਹ ਸਪਸ਼ਟ ਤੌਰ ’ਤੇ ਕਹਿਣਾ ਚਾਹੁੰਦੇ ਹਨ ਕਿ ''ਜੇ ਸਰਕਾਰ ਨੂੰ ਆਗਿਆ ਦੇਣ ਵਿੱਚ ਕੋਈ ਝਿਜਕ ਹੈ ਤਾਂ ਇੱਕ ਕਾਨੂੰਨ ਦਾ ਪਾਬੰਦ ਨਾਗਰਿਕ ਹੋਣ ਦੇ ਨਾਤੇ ਉਹ ਪਾਕਿਸਤਾਨ ਨਹੀਂ ਜਾਵਾਂਗਾ'' ਪਰ ''ਜੇ ਤੁਸੀਂ ਮੇਰੀ ਤੀਜੀ ਚਿੱਠੀ ਦਾ ਵੀ ਜਵਾਬ ਨਾ ਦਿੱਤਾ ਤਾਂ ਮੈਂ ਉਨ੍ਹਾਂ ਲੱਖਾਂ ਸਿੱਖਾਂ ਵਾਂਗ ਪਾਕਿਸਤਾਨ ਜਾਵਾਂਗਾ ਜਿਨ੍ਹਾਂ ਨੂੰ ਪਾਕਿਸਤਾਨ ਨੇ ਵੀਜ਼ਾ ਦਿੱਤਾ ਹੋਇਆ ਹੈ।''
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੱਖ-ਵੱਖ ਮੁੱਦਿਆਂ ’ਤੇ ਕੀ ਕਿਹਾ
ਜਥੇ ਦੀ ਅਗਵਾਈ ਅਕਾਲ ਤਖ਼ਤ ਦੇ ਜਥੇਦਾਰ ਕਰਨਗੇ
ਭਾਰਤ ਅਤੇ ਪਾਕਿਸਤਾਨ ਵਿਚਾਲੇ ਨਵੇਂ ਬਣੇ ਲਾਂਘੇ ਰਾਹੀ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਜਥੇ ਦੀ ਅਗਵਾਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰਨਗੇ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ, 'ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਮੁਤਾਬਕ ਕਰਤਾਰਪੁਰ ਸਾਹਿਬ ਜਾਣ ਲ਼ਈ ਪਾਸਪੋਰਟ ਦੀ ਜਰੂਰਤ ਹੈ। ਅਗਰ ਕੋਈ ਬਦਲਾਅ ਕੀਤਾ ਗਿਆ ਹੈ ਤਾਂ ਅਧਿਕਾਰਤ ਜਾਣਕਾਰੀ ਆਉਣ ਤੋਂ ਬਾਅਦ ਇਸ ਦਾ ਪਤਾ ਲੱਗੇਗਾ'।
ਨਵਜੋਤ ਸਿੱਧੂ ਬਾਰੇ ਦੇ ਜਾਣ ਦੀ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਬਿਨਾਂ ਨਾ ਲਏ ਕਿਹਾ ਗਿਆ ਕਿ ਜਥੇ ਵਿਚ ਜਾਣ ਵਾਲੇ ਲੋਕਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜੇਕਰ ਕਿਸੇ ਨੇ ਨਿੱਜੀ ਦੌਰੇ ਉੱਤੇ ਜਾਣਾ ਹੈ ਤਾਂ ਇਹ ਪ੍ਰਕਿਰਿਆ ਸਭ ਨੂੰ ਪਤਾ ਹੈ।
5 ਨਵੰਬਰ 2019
ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਪ੍ਰੋਗਰਾਮ ਦੀ ਪੁਸ਼ਟੀ ਨਹੀਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਤੇ ਰਾਸ਼ਟਰਪਰਤੀ ਦੇ ਪ੍ਰੋਗਰਾਮ ਬਾਰੇ ਸਰਕਾਰੀ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਦਿ ਟ੍ਰਿਬਿਊਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਪ੍ਰੋਟੋਕਾਲ ਦੇ ਮੁਤਾਬਕ, ਪ੍ਰਧਾਨ ਮੰਤਰੀ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ ਸੱਦਾ ਸੂਬਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ।
4 ਨਵੰਬਰ 2019
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨੀ ਸਮਾਗਮ ਲਈ ਸਭ ਤੋਂ ਪਹਿਲਾ ਸੱਦਾ ਆਪਣੇ ਦੋਸਤ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਭੇਜਿਆ ਹੈ।
ਇਮਰਾਨ ਖਾਨ ਵਲੋਂ ਨਵਜੋਤ ਸਿੱਧੂ ਨੂੰ ਭੇਜੇ ਗਏ ਸੱਦਾ ਪੱਤਰ ਦਾ ਨੰਬਰ 001 ਲਿਖਿਆ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾਣ ਲਈ ਪਹਿਲਾਂ ਹੀ ਭਾਰਤ ਅਤੇ ਪੰਜਾਬ ਸਰਕਾਰ ਤੋਂ ਆਗਿਆ ਮੰਗੀ ਹੋਈ ਹੈ।
ਇਸ ਤੋਂ ਪਹਿਲਾਂ ਸਿੱਧੂ ਨੂੰ ਪਾਕਿਸਤਾਨ ਦੀ ਤਰਫ਼ੋਂ ਇਮਰਾਨ ਖ਼ਾਨ ਦੇ ਇੱਕ ਸੰਸਦ ਮੈਂਬਰ ਨੇ ਫੋਨ ਕਰਕੇ ਪਾਕਿਸਤਾਨ ਆਉਣ ਲਈ ਕਿਹਾ ਸੀ। ਪਰ ਕਿਉਂ ਕਿ ਸਮਾਗਮ ਲਈ ਜਾਣ ਵਾਲਿਆਂ ਵਾਸਤੇ ਅਗਾਊਂ ਆਗਿਆ ਲਾਜ਼ਮੀ ਕਰ ਦਿੱਤੀ ਗਈ ਹੈ, ਇਸ ਲ਼ਈ ਸਿੱਧੂ ਨੇ ਸੂਬਾ ਤੇ ਕੇਂਦਰੀ ਸਰਕਾਰਾਂ ਤੋਂ ਪਹਿਲਾਂ ਹੀ ਇੱਕ ਨਿਮਾਣੇ ਸਿੱਖ ਵਜੋਂ ਕਰਤਾਰਪੁਰ ਸਾਹਿਬ ਜਾਣ ਦੀ ਆਗਿਆ ਮੰਗ ਲਈ ਹੈ।
ਇਹ ਵੀ ਪੜ੍ਹੋ :
ਕੈਪਟਨ ਦਾ ਖ਼ਦਸ਼ਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘਾ ਖੁੱਲ਼ਣ ਉੱਤੇ ਖੁਸ਼ੀ ਪ੍ਰਗਟਾਉਣ ਦੇ ਨਾਲ-ਨਾਲ ਇਸ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦੀ ਭਾਰਤ ਵਿਰੋਧੀ ਵੱਡੀ ਗੇਮ ਕਰਾਰ ਦਿੱਤਾ ਹੈ।
ਕੈਪਟਨ ਅਮਰਿਦੰਰ ਸਿੰਘ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਰਤੀ ਮੀਡੀਆ ਦੇ ਕੁਝ ਹਿੱਸੇ ਚ ਚੱਲ ਰਹੀਆਂ ਉਨ੍ਹਾਂ ਖ਼ਬਰਾਂ ਉੱਤੇ ਪ੍ਰਤੀਕਰਮ ਦੇ ਰਹੇ ਸਨ, ਜਿਨ੍ਹਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਜਿਸ ਨਾਰੋਵਾਲ ਜ਼ਿਲ੍ਹੇ ਵਿਚ ਹੈ, ਉੱਤੇ ਅੱਤਵਾਦੀ ਟ੍ਰੇਨਿੰਗ ਕੈਂਪ ਖੁੱਲ੍ਹ ਗਿਆ ਹੈ।
ਜਦੋਂ ਸਿੱਧੂ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਗਿਆ ਸੀ ਉਦੋਂ ਸਮਾਗਮ ਵਿਚ ਵੀ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੇ ਕਹਿ ਦਿੱਤਾ ਸੀ ਉਹ ਕਰਤਾਰਪੁਰ ਲਾਂਘਾ ਖੋਲਣ ਜਾ ਰਹੇ ਹਨ।
ਸਿੱਖ ਭਾਈਚਾਰੇ ਦੇ ਸਵਾਗਤ ਲਈ ਕਰਤਾਰਪੁਰ ਤਿਆਰ : ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਵਿਚ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਲਈ ਪੂਰੀ ਤਰ੍ਹਾਂ ਤਿਆਰ ਹੋਣ ਦਾ ਐਲਾਨ ਕਰ ਦਿੱਤਾ ਹੈ।
ਐਤਵਾਰ ਨੂੰ ਕੀਤੇ ਇੱਕ ਟਵੀਟ ਰਾਹੀ ਇਮਰਾਨ ਖ਼ਾਨ ਨੇ ਕਰਤਾਰਪੁਰ ਵਿਚ ਦਰਬਾਰ ਸਾਹਿਬ ਅਤੇ ਦੂਜੀਆਂ ਉਸਾਰੀਆਂ ਗਈਆਂ ਇਮਾਰਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਮਰਾਨ ਖ਼ਾਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕਰਤਾਰਪੁਰ ਸਾਹਿਬ ਵਿਚ ਕੀਤੀਆਂ ਗਈਆਂ ਤਿਆਰੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਹੈ, ''ਬਾਬਾ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਲਈ ਕਰਤਾਰਪੁਰ ਸਾਹਿਬ ਸਿੱਖ ਭਾਈਚਾਰੇ ਦੀ ਸੇਵਾ ਤੇ ਸਵਾਗਤ ਲਈ ਤਿਆਰ ਹੈ, ਰਿਕਾਰਡ ਸਮੇਂ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਲਈ ਪਾਕਿਸਤਾਨ ਹਕੂਮਤ ਨੂੰ ਮੁਬਾਕਰਵਾਦ।''
ਇਸ ਤੋਂ ਪਹਿਲਾਂ ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਹੀ ਐਲਾਨ ਕੀਤਾ ਸੀ ਕਿ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਆਉਣ ਵਾਸਤੇ ਪਾਸਪੋਰਟ ਦੀ ਲੋੜ ਨਹੀਂ ਕਿਸੇ ਵੀ ਅਧਿਕਾਰਤ ਜਾਂ ਮਾਨਤਾ ਪ੍ਰਾਪਤ ਪਛਾਣ ਪੱਤਰ ਨਾਲ ਆਇਆ ਜਾ ਸਕੇਗੀ।
ਇਮਰਾਨ ਖਾਨ ਦੇ ਐਲਾਨ ਮੁਤਾਬਕ ਹੁਣ 10 ਦਿਨ ਪਹਿਲਾਂ ਦੀ ਅਪਲਾਈ ਕਰਨ ਦੀ ਲੋੜ ਨਹੀਂ ਹੈ। ਲਾਂਘੇ ਦੇ ਉਦਘਾਟਨ ਵਾਲੇ ਦੋ ਦਿਨ ਐਂਟਰੀ ਫੀਸ ਵੀ ਨਹੀਂ ਲੱਗੇਗੀ।
ਇਮਰਾਨ ਖ਼ਾਨ ਦੇ ਐਲਾਨ ਦਾ ਭਾਰਤ ਵਿਚ ਵੀ ਭਰਵਾਂ ਸਵਾਗਤ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਵਾਗਤਯੋਗ ਕਦਮ ਕਰਾਰ ਦਿੱਤਾ।
ਇਸੇ ਦੌਰਾਨ ਡੇਰਾ ਬਾਬਾ ਨਾਨਕ ਵਿਚ ਪਹੁੰਚੇ ਸਿੱਖ ਸ਼ਰਧਾਲੂਆਂ ਨੇ ਕਿਹਾ ਕਿ ਇਮਰਾਨ ਖ਼ਾਨ ਦਾ ਕਦਮ ਚੰਗੀ ਪਹਿਲਾਕਦਮੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ਼ਣ ਨਾਲ ਦੋਵਾਂ ਮੁਲਕਾਂ ਦੇ ਰਿਸ਼ਤੇ ਸੁਖਾਵੇਂ ਬਣਨਗੇ।
ਨਵਜੋਤ ਸਿੰਘ ਸਿੱਧੂ ਮਨਮੋਹਨ ਸਿੰਘ ਤੋਂ ਸਲਾਹ ਲੈਣ- ਚੀਮਾ
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ ਗੁਰਦਾਸਪੁਰ ਵਿੱਚ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਵੇਲੇ ਦੇਸ ਦੇ ਪ੍ਰਧਾਨ ਮੰਤਰੀ ਸ਼ਾਮਿਲ ਹੋਣਗੇ ਅਤੇ ਅਰਦਾਸ ਤੋਂ ਬਾਅਦ ਜਥੇ ਨੂੰ ਰਵਾਨਾ ਕਰਣਗੇ।
ਉਨ੍ਹਾਂ ਅੱਗੇ ਕਿਹਾ ਕਿ ਜੋ ਧਾਰਮਿਕ ਸਮਾਗਮ ਹੋਣਗੇ ਉਹ ਮਰਿਯਾਦਾ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਹੋਣਗੇ।
ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵੱਲੋਂ ਆਏ ਸੱਦੇ ਅਤੇ ਸਿੱਧੂ ਵੱਲੋਂ ਭਾਰਤ ਸਰਕਾਰ ਤੋਂ ਇਜਾਜ਼ਤ ਮੰਗੇ ਜਾਣ ਬਾਰੇ ਵੀ ਚੀਮਾ ਨੇ ਟਿੱਪਣੀ ਕੀਤੀ।
ਉਨ੍ਹਾਂ ਕਿਹਾ, ਸਿੱਧੂ ਨੂੰ ਦੇਸ਼ ਦੇ ਲੋਕਾਂ ਦੀ ਭਾਵਨਾਂ ਨੂੰ ਦੇਖਣਾ ਚਾਹੀਦਾ ਹੈ। ਸੱਦਾ ਤਾਂ ਡਾਕਟਰ ਮਨਮੋਹਨ ਸਿੰਘ ਨੂੰ ਵੀ ਆਇਆ ਸੀ ਪਰ ਉਨ੍ਹਾਂ ਭਾਰਤ ਵਾਲੇ ਜਥੇ ਨਾਲ ਜਾਣ ਲਈ ਸਹਿਮਤੀ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੂੰ ਚਾਹੀਦਾ ਹੈ ਡਾਕਟਰ ਮਨਮੋਹਨ ਸਿੰਘ ਤੋਂ ਸਲਾਹ ਲੈਣ।''
ਇਹ ਵੀ ਪੜ੍ਹੋ-
2 ਨਵੰਬਰ 2019
ਸਿੱਧੂ ਨੂੰ ਪਾਕ ਤੋਂ ਸੱਦਾ, ਭਾਰਤ ਤੋਂ ਮੰਗੀ ਆਗਿਆ
ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘੇ ਦੇ ਪਾਕਿਸਤਾਨ ਵਾਲੇ ਪਾਸੇ ਹੋਣ ਵਾਲੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਲਈ ਇਜਾਜ਼ਤ ਮੰਗੀ ਹੈ।
ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਸ ਬਾਰੇ ਵੱਖੋ ਵੱਖ ਚਿੱਠੀਆਂ ਲਿਖੀਆਂ ਹਨ।
ਇਹ ਚਿੱਠੀਆਂ ਖ਼ਬਰ ਏਜੰਸੀ ਏਐੱਨਆਈ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀਆਂ ਕੀਤੀ ਹਨ।
ਇਨ੍ਹਾਂ ਚਿੱਠੀਆਂ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਪਾਕਿਸਤਾਨ ਸਰਕਾਰ ਨੇ ਮੈਨੂੰ 9 ਅਕਤੂਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਸੀ। ਇੱਕ ਨਿਮਾਣੇ ਸਿੱਖ ਵਜੋਂ ਸਾਡੇ ਮਹਾਨ ਗੁਰੂ ਬਾਬਾ ਨਾਨਕ ਨੂੰ ਇਸ ਇਤਿਹਾਸਕ ਮੌਕ 'ਤੇ ਨਤਮਸਤਕ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ। ਇਸ ਲਈ ਮੈਨੂੰ ਇਸ ਸੁਭਾਗੇ ਮੌਕੇ ਤੇ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ।"
ਮਨਜ਼ੂਰੀ ਮਿਲਣ 'ਤੇ ਹੀ ਕੁਝ ਕਿਹਾ ਜਾ ਸਕਦਾ ਹੈ'
ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ, ''ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵੱਲੋਂ ਸੱਦਾ ਮਿਲ ਗਿਆ ਹੈ ਤੇ ਉਨ੍ਹਾਂ ਨੇ ਮਨਜ਼ੂਰੀ ਲਈ ਮੁੱਖ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਲਿਖਿਆ ਹੈ। ਜਦੋਂ ਮਨਜ਼ੂਰੀ ਮਿਲ ਗਈ ਤਾਂ ਆਪਾਂ ਉਨ੍ਹਾਂ ਦੇ ਮੂੰਹੋਂ ਹੀ ਸੁਣਾਂਗੇ, ਕਿਉਂਕਿ ਕੋਈ ਵੀ ਕੰਮ ਬਿਨਾਂ ਮਨਜ਼ੂਰੀ ਦੇ ਨਹੀਂ ਹੁੰਦਾ।''
1 ਨਵੰਬਰ 2019
ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਲਾਂਘਾ ਖੁੱਲ੍ਹਣ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪੰਜਾਬ ਸਰਕਾਰ ਤੋਂ ਵੱਖਰੀ ਸਟੇਜ ਲਗਾਉਣ ਲਈ ਪੰਜਾਬ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਤਰਾਜ਼ ਜ਼ਾਹਿਰ ਕੀਤਾ ਹੈ।
ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਉਨ੍ਹਾਂ ਨੇ ਲਿਖਿਆ ਹੈ, "ਪਹਿਲਾਂ ਤਾਂ ਪੰਜਾਬ ਸਰਕਾਰ ਦੀ ਮੇਜ਼ਬਾਨੀ 'ਚ ਇੱਕ ਸਟੇਜ ਤਿਆਰ ਹੋ ਰਹੀ ਸੀ ਜਿੱਥੇ ਪ੍ਰਧਾਨ ਮੰਤਰੀ ਨੇ ਵੀ ਆਉਣਾ ਸੀ ਪਰ ਹੁਣ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮੱਛੀਆਂ ਵਿੱਚ ਵੱਖਰੀ ਸਟੇਜ ਤਿਆਰ ਕੀਤੀ ਜਾ ਰਹੀ ਹੈ।"
“ਕਰਤਾਰਪੁਰ ਲਾਂਘੇ ਲਈ ਨੀਂਹ ਪੱਥਰ ਰੱਖਣ ਵੇਲੇ ਵੀ ਪੰਜਾਬ ਸਰਕਾਰ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਸੀ। ਇਹ ਜ਼ਰੂਰੀ ਹੈ ਕਿ ਹੁਣ ਵੀ ਇਸੇ ਤਰੀਕੇ ਦਾ ਪ੍ਰੋਟੋਕੋਲ ਨਿਭਾਇਆ ਜਾਵੇ।”
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਪੀਲ ਕੀਤੀ ਹੈ ਕਿ ਮੋਦੀ ਇੱਕੋ ਸਟੇਜ 'ਤੇ ਆ ਕੇ ਦੋ ਸਟੇਜਾਂ ਵਾਲੇ ਭੰਬਲਭੂਸੇ ਨੂੰ ਖ਼ਤਮ ਕਰਨ।
ਇਹ ਵੀ ਪੜ੍ਹੋ-
ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਪੰਜਾਬ ਸਰਕਾਰ ਨੇ 8-12 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦਾ ਪ੍ਰਬੰਧ ਕੀਤਾ ਹੈ। ਇਨ੍ਹਾਂ ਪ੍ਰਬੰਧਾਂ ਲਈ ਪੰਜਾਬ ਸਰਕਾਰ ਨੇ 550 ਕਰੋੜ ਰੁਪਏ ਖਰਚ ਕੀਤੇ ਹਨ। ਅਸੀਂ ਚਾਹੁੰਦੇ ਸੀ ਕਿ ਇੱਕੋ ਸਟੇਜ ਬਣੇ ਪਰ ਜੇ ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਵੱਖਰੀ ਸਟੇਜ ਲਗਾਉਣਾ ਚਾਹੁੰਦੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ।"
ਡੇਰਾ ਬਾਬਾ ਨਾਨਕ ਵਿਖੇ ਕਿੰਨੀਆਂ ਸਟੇਜਾਂ
ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹ ਰਿਹਾ ਹੈ। ਇਸ ਮੌਕੇ ਹੋਣ ਵਾਲੇ ਸਮਾਗਮ ਲਈ ਪੰਜਾਬ ਸਰਕਾਰ ਵੱਲੋਂ ਸਟੇਜ ਲਗਾਈ ਗਈ ਸੀ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਨੁਸਾਰ ਸਟੇਜ ਬਾਰੇ ਪੰਜਾਬ ਸਰਕਾਰ ਤੇ ਕੇਂਦਰੀ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਸਨ।
ਇਸ ਸਟੇਜ ਲਈ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਹੁਣ ਪ੍ਰਧਾਨ ਮੰਤਰੀ ਲਈ ਵੱਖਰੀ ਸਟੇਜ ਬਣਾਈ ਜਾ ਰਹੀ ਹੈ।
ਇਸ ਸਟੇਜ ਦਾ ਨਿਰਮਾਣ ਐੱਲਪੀਏ ਯਾਨਿ ਲੈਂਡ ਆਫ ਅਥਾਰਿਟੀ ਕਰ ਰਹੀ ਹੈ। ਐੱਲਪੀਏ (ਲੈਂਡ ਆਫ ਅਥਾਰਿਟੀ) ਨੇ ਕਰਤਾਰਪੁਰ ਲਾਂਘੇ ਲਈ ਭਾਰਤ ਵਾਲੇ ਪਾਸੇ ਬਣੇ ਪੈਸੇਂਜਰ ਟਰਮੀਨਲ ਦਾ ਨਿਰਮਾਣ ਕੀਤਾ ਹੈ। ਐੱਲਪੀਏ ਵੱਲੋਂ ਬਣਾਈ ਗਈ ਇਹ ਸਟੇਜ ਡੇਰਾ ਬਾਬਾ ਨਾਨਕ ਤੋਂ 7 ਕਿਲੋਮੀਟਰ ਦੂਰ ਪਿੰਡ ਸ਼ਿਕਾਰ ਮਾਸੀਆਂ ਵਿੱਚ ਬੀਐੱਸਐੱਫ ਹੈੱਡਕੁਆਟਰ ਨੇੜੇ ਤਿਆਰ ਕੀਤੀ ਜਾ ਰਹੀ ਹੈ।
ਸੁਲਤਾਨਪੁਰ ਲੋਧੀ ਵਿਖੇ ਸਟੇਜਾਂ ਦਾ ਰੌਲਾ
ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਆਪੋ-ਆਪਣੀਆਂ ਸਟੇਜਾਂ ਨੂੰ ਲੈ ਕੇ ਰੇੜਕਾਂ ਬਣਿਆ ਹੋਇਆ ਹੈ।
ਅਕਾਲ ਤਖ਼ਤ ਨੇ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਇੱਕੋ ਸਟੇਜ ਬਣਾ ਕੇ ਸਮਾਗਮ ਕੀਤੇ ਜਾਣ। ਪਰ ਸੁਲਤਾਨਪੁਰ ਲੋਧੀ ਵਿੱਚ ਸ਼੍ਰੋਮਣੀ ਕਮੇਟੀ ਤੇ ਪੰਜਾਬੀ ਸਰਕਾਰ ਦੀਆਂ ਵੱਖ-ਵੱਖ ਸਟੇਜਾਂ ਤਿਆਰ ਹੋ ਰਹੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਕਿ ਉਹ ਇੱਕ ਧਾਰਮਿਕ ਸੰਸਥਾ ਹੈ ਅਤੇ ਉਸ ਦੀ ਮੇਜ਼ਬਾਨੀ ਵਿੱਚ ਹੀ ਧਾਰਮਿਕ ਸਮਾਗਮ ਹੋਣੇ ਚਾਹੀਦੇ ਹਨ।
ਹਾਲਾਂਕਿ ਸੂਬਾ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਸਹਿਮਤੀ ਬਣਦੀ ਨਹੀਂ ਨਜ਼ਰ ਆ ਰਹੀ।
ਇਹ ਵੀਡੀਓ ਜ਼ਰੂਰ ਦੇਖੋ