ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਲਈ ਕੈਪਟਨ ਤੇ ਵਿਦੇਸ਼ ਮੰਤਰਾਲੇ ਤੋਂ ਮੰਗੀ ਇਜਾਜ਼ਤ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘੇ ਦੇ ਪਾਕਿਸਤਾਨ ਵਾਲੇ ਪਾਸੇ ਹੋਣ ਵਾਲੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਲਈ ਇਜਾਜ਼ਤ ਮੰਗੀ ਹੈ।

ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਸ ਬਾਰੇ ਵੱਖੋ ਵੱਖ ਚਿੱਠੀਆਂ ਲਿਖੀਆਂ ਹਨ।

ਇਹ ਚਿੱਠੀਆਂ ਖ਼ਬਰ ਏਜੰਸੀ ਏਐੱਨਆਈ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀਆਂ ਕੀਤੀ ਹਨ।

ਇਨ੍ਹਾਂ ਚਿੱਠੀਆਂ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਪਾਕਿਸਤਾਨ ਸਰਕਾਰ ਨੇ ਮੈਨੂੰ 9 ਅਕਤੂਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਸੀ। ਇੱਕ ਨਿਮਾਣੇ ਸਿੱਖ ਵਜੋਂ ਸਾਡੇ ਮਹਾਨ ਗੁਰੂ ਬਾਬਾ ਨਾਨਕ ਨੂੰ ਇਸ ਇਤਿਹਾਸਕ ਮੌਕ 'ਤੇ ਨਤਮਸਤਕ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ। ਇਸ ਲਈ ਮੈਨੂੰ ਇਸ ਸੁਭਾਗੇ ਮੌਕੇ ਤੇ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ।"

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ

ਭਾਰਤ ਦੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ

‘ਮਨਜ਼ੂਰੀ ਮਿਲਣ 'ਤੇ ਹੀ ਕੁਝ ਕਿਹਾ ਜਾ ਸਕਦਾ ਹੈ’

ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ, ''ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵੱਲੋਂ ਸੱਦਾ ਮਿਲ ਗਿਆ ਹੈ ਤੇ ਉਨ੍ਹਾਂ ਨੇ ਮਨਜ਼ੂਰੀ ਲਈ ਮੁੱਖ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਲਿਖਿਆ ਹੈ। ਜਦੋਂ ਮਨਜ਼ੂਰੀ ਮਿਲ ਗਈ ਤਾਂ ਆਪਾਂ ਉਨ੍ਹਾਂ ਦੇ ਮੂੰਹੋਂ ਹੀ ਸੁਣਾਂਗੇ, ਕਿਉਂਕਿ ਕੋਈ ਵੀ ਕੰਮ ਬਿਨਾਂ ਮਨਜ਼ੂਰੀ ਦੇ ਨਹੀਂ ਹੁੰਦਾ।''

ਪਾਕਿਸਤਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਸੱਦੇ ਬਾਰੇ ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਜੋ ਲੋਕ ਭਾਰਤੀ ਵਫ਼ਦ ਦੇ ਹਿੱਸੇ ਵਜੋਂ ਕਰਤਾਰਪੁਰ ਨਹੀਂ ਜਾ ਰਹੇ ਉਨ੍ਹਾਂ ਲੋਕਾਂ ਨੂੰ ਰਾਜਨੀਤਕ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।

ਜੱਫ਼ੀ ਤੋਂ ਉਘਾਟਨੀ ਸਮਾਰੋਹ ਤੱਕ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੀ ਸਹੁੰ ਚੁੱਕ ਸਮਾਗਮ ਮੌਕੇ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਸੀ। ਨਵਜੋਤ ਸਿੱਧੂ ਸੱਦਾ ਕਬੂਲ ਕਰਕੇ ਪਾਕਿਸਤਾਨ ਪਹੁੰਚੇ ਸੀ।

ਉਸ ਮੌਕੇ ਪਾਕਿਸਤਾਨ ਦੇ ਫੌਜ ਮੁੱਖੀ ਕਮਰ ਜਾਵੇਦ ਬਾਜਵਾ ਨੇ ਨਵਜੋਤ ਸਿੱਧੂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਕਹੀ ਸੀ ਜਿਸ ਉੱਤੇ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਜੱਫੀ ਪਾ ਲਈ ਸੀ।

ਇਸ ਜੱਫੀ ਨੇ ਭਾਰਤ ਵਿੱਚ ਵੱਡੀ ਬਹਿਸ ਛੇੜ ਦਿੱਤੀ ਸੀ। ਸੋਸ਼ਲ ਮੀਡੀਆ ਤੋਂ ਸਿਆਸੀ ਗਲਿਆਰਿਆਂ ਤੱਕ ਸਿੱਧੂ ਦੇ ਹੱਕ ਅਤੇ ਖਿਲਾਫ਼ ਵਿੱਚ ਸੁਰ ਸੁਣਾਈ ਦਿੱਤੇ।

ਹਰਸਿਮਰਤ ਕੌਰ ਬਾਦਲ ਨੇ ਅਤੇ ਹੋਰ ਵਿਰੋਧੀ ਆਗੂਆਂ ਨੇ ਉਨ੍ਹਾਂ ਨੂੰ ਜਨਰਲ ਬਾਜਵਾ ਨੂੰ ਜੱਫ਼ੀ ਪਾਉਣ ਕਾਰਨ ਦੇਸ਼ ਦੇ ਗੱਦਾਰ ਵੀ ਕਿਹਾ। ਜਦਕਿ ਇਸ ਤੋਂ ਬਾਅਦ ਜਦੋਂ ਪਾਕਿਸਤਾਨ ਵਿੱਚ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਤਾਂ ਉਹ ਆਪ ਵੀ ਉਸ ਵਿੱਚ ਭਾਰਤੀ ਵਫ਼ਦ ਦੇ ਮੈਂਬਰ ਵਜੋਂ ਹਿੱਸਾ ਲੈਣ ਪਹੁੰਚੇ।

ਜੱਫ਼ੀ ਦੇ ਮਾਮਲੇ ਤੇ ਕੈਪਟਨ ਵੀ ਉਨ੍ਹਾਂ ਦੇ ਖ਼ਿਲਾਫ਼ ਹੋ ਗਏ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਸਾਡੇ ਫੌਜੀਆਂ ਨੂੰ ਸ਼ਹੀਦ ਕਰਦਾ ਹੈ ਇਸ ਲਈ ਉਨ੍ਹਾਂ ਦੇ ਫੌਜ ਮੁੱਖੀ ਨੂੰ ਜੱਫ਼ੀ ਪਾਉਣ ਦਾ ਮਤਲਬ ਹੀ ਨਹੀਂ ਬਣਦਾ। ਇਸ ਤੋਂ ਬਾਅਦ ਵਿਵਾਦ ਇੰਨਾ ਵਧਿਆ ਕਿ ਸਿੱਧੂ ਨੂੰ ਪੰਜਾਬ ਕੈਬਨਿਟ ਵਿੱਚੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਤੱਕ ਦੇਣਾ ਪਿਆ।

ਇਸ ਤਲਖ਼ੀ ਦਾ ਅਸਰ ਮਈ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਵੱਖ- ਵੱਖ ਮੌਕਿਆਂ ’ਤੇ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)