You’re viewing a text-only version of this website that uses less data. View the main version of the website including all images and videos.
ਹੀਰੋਸ਼ੀਮਾ ਨਾਗਾਸਾਕੀ: 'ਜਦੋਂ ਧਮਾਕਾ ਹੋਇਆ ਮੈਂ ਨਰਸਿੰਗ ਹੋਸਟਲ 'ਚ ਸੀ ਜਿਸ ਨੂੰ ਅੱਗ ਲੱਗ ਗਈ'
ਅੱਜ ਤੋਂ 75 ਸਾਲ ਪਹਿਲਾਂ 6 ਅਤੇ 9 ਅਗਸਤ ਨੂੰ ਦੂਜੀ ਵਿਸ਼ਵ ਜੰਗ ਦੇ ਅੰਤ ਵੇਲੇ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਪਰਮਾਣੂ ਬੰਬ ਸੁੱਟੇ ਸਨ।
ਇੰਨ੍ਹਾਂ ਪਰਮਾਣੂ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਲਾਇਆ ਗਿਆ ਸੀ। ਫਿਰ ਵੀ ਕਿਹਾ ਜਾਂਦਾ ਹੈ ਕਿ ਹੀਰੋਸ਼ੀਮਾ ਦੀ 3,50,000 ਆਬਾਦੀ 'ਚੋਂ 1,40,000 ਲੋਕ ਅਤੇ 74,000 ਲੋਕ ਨਾਗਾਸਾਕੀ ਵਿਖੇ ਮਾਰੇ ਗਏ ਸਨ।
ਇੰਨ੍ਹਾਂ ਬੰਬ ਧਮਾਕਿਆਂ ਕਾਰਨ ਏਸ਼ੀਆ ਦੀ ਜੰਗ ਅਚਾਨਕ ਖ਼ਤਮ ਹੋ ਗਈ ਅਤੇ ਜਪਾਨ ਨੇ 14 ਅਗਸਤ, 1945 ਨੂੰ ਆਪਣੇ ਸਹਿਯੋਗੀ ਦੇਸਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ।
ਪਰ ਆਲੋਚਕਾਂ ਦਾ ਕਹਿਣਾ ਹੈ ਕਿ ਜਪਾਨ ਪਹਿਲਾਂ ਹੀ ਆਤਮ ਸਮਰਪਣ ਕਰਨ ਦੀ ਤਿਆਰੀ 'ਚ ਸੀ।
ਜੋ ਲੋਕ ਇੰਨ੍ਹਾਂ ਬੰਬ ਧਮਾਕਿਆਂ 'ਚ ਬੱਚ ਗਏ ਸਨ ਉਨ੍ਹਾਂ ਨੂੰ ਹਿਬਾਕੁਸ਼ਾ ਕਿਹਾ ਜਾਂਦਾ ਹੈ। ਇਹ ਲੋਕ ਬੱਚ ਤਾਂ ਗਏ ਪਰ ਇੰਨ੍ਹਾਂ ਨੂੰ ਧਮਾਕੇ ਤੋਂ ਬਾਅਦ ਦੇ ਪ੍ਰਭਾਵਾਂ ਨਾਲ ਨਜਿੱਠਣਾ ਪਿਆ।
ਜਿਸ 'ਚ ਰੇਡੀਏਸ਼ਨ ਜ਼ਹਿਰ ਅਤੇ ਮਾਨਿਕ ਸਦਮਾ ਸ਼ਾਮਲ ਸੀ।
ਬ੍ਰਿਟੇਨ ਦੇ ਇੱਕ ਫੋਟੋ ਪੱਤਰਕਾਰ ਲੀ ਕੈਰਨ ਸਟੋਵ ਇਤਿਹਾਸ ਦੇ ਇਸ ਭਿਆਨਕ ਹਾਦਸੇ 'ਚ ਬੱਚ ਗਈਆਂ ਔਰਤਾਂ ਦੀ ਕਹਾਣੀ ਦੱਸਣ 'ਚ ਮਾਹਰ ਹਨ।
ਸਟੋਵ ਨੇ ਤਿੰਨ ਔਰਤਾਂ ਦੀਆਂ ਫੋਟੋਆਂ ਖਿੱਚੀਆਂ ਅਤੇ 75 ਸਾਲ ਪਹਿਲਾਂ ਹੋਏ ਦਰਦਨਾਕ ਹਾਦਸੇ ਦੀਆਂ ਕਹਾਣੀਆਂ ਵੀ ਸੁਣੀਆਂ।
ਚੇਤਾਵਨੀ ਇਸ ਲੇਖ ਵਿੱਚ ਕੁਝ ਵੇਰਵੇ ਪਰੇਸ਼ਾਨ ਕਰਨ ਵਾਲੇ ਹੋ ਸਕਦੇ ਹਨ
ਇਹ ਵੀ ਪੜ੍ਹੋ:
ਨਰਸਿੰਗ ਦੀ ਵਿਦਿਆਰਥਣ ਦੀ ਕਹਾਣੀ
ਟੇਰੂਕੋ 15 ਸਾਲਾਂ ਦੀ ਸੀ ਜਦੋਂ ਉਹ 6 ਅਗਸਤ 1945 'ਚ ਹੀਰੋਸ਼ੀਮਾ 'ਚ ਹੋਏ ਪਰਮਾਣੂ ਬੰਬ ਧਮਾਕੇ 'ਚ ਬੱਚ ਗਈ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ ਸੀ ਉਸ ਸਮੇਂ ਟੇਰੂਕੋ ਹੀਰੋਸ਼ੀਮਾ ਦੇ ਰੈੱਡ ਕਰਾਸ ਹਸਪਤਾਲ ਦੇ ਨਰਸਿੰਗ ਸਕੂਲ 'ਚ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ।
ਬੰਬ ਧਮਾਕਾ ਹੋਣ ਤੋਂ ਬਾਅਦ ਹਸਪਤਾਲ ਦੇ ਹੋਸਟਲ ਨੂੰ ਅੱਗ ਲੱਗ ਗਈ ਸੀ। ਇਸ ਭਿਆਨਕ ਅੱਗ 'ਚ ਟੇਰੂਕੋ ਤਾਂ ਬੱਚ ਗਈ ਪਰ ਉਸ ਦੀਆਂ ਕਈ ਸਹਿਯੋਗੀ ਵਿਦਿਆਰਥਣਾਂ ਅੱਗ ਦੀ ਲਪੇਟ 'ਚ ਆ ਗਈਆਂ।
ਇਸ ਹਾਦਸੇ ਤੋਂ ਬਾਅਦ ਉਸ ਨੂੰ ਸਿਰਫ਼ ਇੰਨ੍ਹਾਂ ਯਾਦ ਹੈ ਕਿ ਉਹ ਗੰਭੀਰ ਜ਼ਖਮੀਆਂ ਦੇ ਇਲਾਜ਼ 'ਚ ਦਿਨ ਰਾਤ ਲੱਗੀ ਹੋਈ ਸੀ।
ਇਸ ਤੋਂ ਇਲਾਵਾ ਟੇਰੂਕੋ ਅਤੇ ਉਸ ਦੇ ਹੋਰ ਸਾਥੀਆਂ ਕੋਲ ਖਾਣ ਨੂੰ ਕੁੱਝ ਨਹੀਂ ਸੀ ਅਤੇ ਪੀਣ ਨੂੰ ਪਾਣੀ ਵੀ ਬਹੁਤ ਘੱਟ ਮਾਤਰਾ 'ਚ ਬਚਿਆ ਸੀ।
ਗ੍ਰੈਜੂਏਟ ਹੋਣ ਤੋਂ ਬਾਅਦ ਟੇਰੂਕੋ ਨੇ ਹਸਪਤਾਲ 'ਚ ਕੰਮ ਕਰਨਾ ਜਾਰੀ ਰੱਖਿਆ, ਜਿੱਥੇ ਉਹ ਚਮੜੀ ਦੇ ਜ਼ਖਮਾਂ ਦੇ ਆਪ੍ਰੇਸ਼ਨਾਂ 'ਚ ਮਦਦ ਕਰਦੀ ਸੀ।
ਮਰੀਜ਼ ਦੇ ਪੱਟ 'ਚੋਂ ਮਾਸ ਦਾ ਟੁਕੜਾ ਲੈ ਕੇ ਉਸ ਜਗ੍ਹਾ 'ਤੇ ਲਗਾਇਆ ਜਾਂਦਾ ਜਿੱਥੇ ਸੜਨ ਕਰਕੇ ਦਾਗ਼ ਪੈ ਗਿਆ ਸੀ।
ਬਾਅਦ 'ਚ ਉਸ ਦਾ ਵਿਆਹ ਤਟਸੂਯੁਕੀ ਨਾਲ ਹੋਇਆ ਜੋ ਕਿ ਪਰਮਾਣੂ ਧਮਾਕੇ ਨੂੰ ਝੱਲ ਚੁੱਕਿਆ ਸੀ।
ਵਿਆਹ ਤੋਂ ਬਾਅਦ ਜਦੋਂ ਟੇਰੂਕੋ ਪਹਿਲੀ ਵਾਰ ਗਰਭਵਤੀ ਹੋਈ ਤਾਂ ਉਸ ਨੂੰ ਡਰ ਸੀ ਕਿ ਆਉਣ ਵਾਲਾ ਬੱਚਾ ਤੰਦਰੁਸਤ ਪੈਦਾ ਹੋਵੇਗਾ ਜਾਂ ਫਿਰ ਨਹੀਂ। ਉਸ ਦੇ ਘਰ ਸਿਹਤਯਾਬ ਧੀ ਨੇ ਜਨਮ ਲਿਆ ਜਿਸ ਦਾ ਨਾਂਅ ਟੋਮੋਕੋ ਰੱਖਿਆ ਗਿਆ।
ਟੇਰੂਕੋ ਕਹਿੰਦੀ ਹੈ, "ਮੈਂ ਕਦੇ ਨਰਕ ਨਹੀਂ ਵੇਖਿਆ, ਇਸ ਲਈ ਮੈਨੂੰ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਪਰ ਸ਼ਾਇਦ ਜਿਸ ਸਥਿਤੀ ਨੂੰ ਅਸੀਂ ਆਪਣੀ ਅੱਖੀ ਵੇਖਿਆ ਅਤੇ ਹੰਢਾਇਆ ਹੈ ਉਹੀ ਨਰਕ ਹੈ। ਅਜਿਹਾ ਮੁੜ ਕਦੇ ਨਹੀਂ ਹੋਣਾ ਚਾਹੀਦਾ ਹੈ।"
ਇਹ ਵੀ ਪੜ੍ਹੋ:
"ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੈਨੂੰ ਲੱਗਦਾ ਹੈ ਕਿ ਇਸ ਸਬੰਧ 'ਚ ਸਭ ਤੋਂ ਪਹਿਲਾਂ ਸਥਾਨਕ ਸਰਕਾਰਾਂ ਦੇ ਆਗੂਆਂ ਨੂੰ ਕਾਰਵਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।"
"ਇਸ ਤੋਂ ਬਾਅਦ ਸਾਨੂੰ ਕੌਮੀ ਸਰਕਾਰ ਦੇ ਆਗੂਆਂ ਫਿਰ ਕੌਮਾਂਤਰੀ ਆਗੂਆਂ ਤੱਕ ਪਹੁੰਚ ਕਰਨ ਦੀ ਲੋੜ ਹੈ।"
ਟੇਰੂਕੋ ਦੀ ਧੀ ਟੋਮੋਕੋ ਦਾ ਕਹਿਣਾ ਹੈ, "ਲੋਕਾਂ ਨੇ ਕਿਹਾ ਸੀ ਕਿ 75 ਸਾਲਾਂ ਤੱਕ ਇੱਥੇ ਨਾ ਤਾਂ ਨਵਾਂ ਘਾਹ ਅਤੇ ਨਾ ਹੀ ਕੋਈ ਨਵਾਂ ਬੂਟਾਂ ਜਾਂ ਰੁੱਖ ਉੱਗੇਗਾ ਪਰ ਹੀਰੋਸ਼ੀਮਾ ਸੁੰਦਰ ਹਰਿਆਲੀ ਅਤੇ ਨਦੀਆਂ ਦੇ ਸ਼ਹਿਰ ਵਜੋਂ ਮੁੜ ਸੁਰਜੀਤ ਹੋਇਆ।"
"ਹਾਲਾਂਕਿ ਇਹ ਅਥਕਥਨੀ ਨਹੀਂ ਹੈ ਕਿ ਹੀਰੋਸ਼ੀਮਾ ਪਰਮਾਣੂ ਧਮਾਕੇ ਤੋਂ ਬਾਅਦ ਦੇ ਮਾੜੇ ਪ੍ਰਭਾਵਾਂ ਨੂੰ ਝੱਲ ਰਿਹਾ ਹੈ। ਹਾਲਾਂਕਿ ਲੋਕਾਂ ਦੇ ਮਨਾਂ 'ਚੋਂ ਹੀਰੋਸ਼ੀਮਾ ਅਤੇ ਨਾਗਾਸਾਕੀ ਦੀਆਂ ਯਾਦਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ…ਅਸੀਂ ਇੱਕ ਚੌਰਾਹੇ 'ਤੇ ਖੜ੍ਹੇ ਹਾਂ ।"
"ਹੁਣ ਭਵਿੱਖ ਸਾਡੇ ਹੱਥਾਂ 'ਚ ਹੈ। ਸ਼ਾਂਤੀ ਤਾਂ ਹੀ ਸੰਭਵ ਹੈ ਜੇਕਰ ਅਸੀਂ ਉਸ ਦੀ ਕਲਪਨਾ ਕਰੀਏ। ਦੂਜੇ ਲੋਕਾਂ ਬਾਰੇ ਸੋਚੀਏ, ਅਸੀਂ ਕੀ ਕਰ ਸਕਦੇ ਹਾਂ ਇਸ ਸਵਾਲ ਦਾ ਜਵਾਬ ਲੱਭੀਏ, ਕਾਰਵਾਈ ਨੂੰ ਅੰਜਾਮ ਦੇ ਸਕਦੇ ਹਾਂ ਅਤੇ ਸ਼ਾਂਤੀ ਕਾਇਮ ਕਰਨ ਲਈ ਲਗਾਤਾਰ ਅਣਥੱਕ ਯਤਨਾਂ ਨੂੰ ਜਾਰੀ ਰੱਖ ਸਕਦੇ ਹਾਂ।"
ਟੇਰੂਕੋ ਦੀ ਦੋਹਤੀ ਕੁਨੀਕੋ ਦਾ ਕਹਿਣਾ ਹੈ, "ਮੈਨੂੰ ਜੰਗ ਜਾਂ ਪਰਮਾਣੂ ਧਮਾਕੇ ਦਾ ਕੋਈ ਤਜ਼ਰਬਾ ਨਹੀਂ ਹੈ। ਮੈਂ ਤਾਂ ਦੁਬਾਰਾ ਬਣੇ ਹੀਰੋਸ਼ੀਮਾ ਤੋਂ ਵਾਕਫ਼ ਹਾਂ। ਮੈਂ ਤਾਂ ਉਸ ਸਥਿਤੀ ਦੀ ਸਿਰਫ਼ ਕਲਪਨਾ ਕਰ ਸਕਦੀ ਹਾਂ।"
"ਇਸ ਲਈ ਮੈਂ ਹਰ ਹਿਬਾਕੁਸ਼ਾ ਦੀ ਕਹਾਣੀ ਸੁਣਦੀ ਹਾਂ। ਮੈਂ ਪ੍ਰਮਾਣ ਦੇ ਅਧਾਰ 'ਤੇ ਪਰਮਾਣੂ ਬੰਬ ਧਮਾਕੇ ਦੇ ਤੱਥਾਂ ਦਾ ਅਧਿਐਨ ਕਰਦੀ ਹਾਂ।"
"ਉਸ ਦਿਨ ਸ਼ਹਿਰ 'ਚ ਹਰ ਪਾਸੇ ਅੱਗ ਹੀ ਅੱਗ ਸੀ। ਲੋਕ, ਪੰਛੀ, ਜੀਵ ਜੰਤੂ, ਘਾਹ, ਦਰਖ਼ਤ…ਹਰ ਚੀਜ਼ ਅੱਗ ਦੀਆਂ ਲਪਟਾਂ ਦਾ ਸ਼ਿਕਾਰ ਹੋ ਗਈ।"
"ਬਾਅਦ 'ਚ ਬਚਾਅ ਕਾਰਜਾਂ ਲਈ ਜੋ ਲੋਕ ਸ਼ਹਿਰ ਅੰਦਰ ਦਾਖਲ ਹੋਏ, ਉਨ੍ਹਾਂ 'ਚੋਂ ਕਈ ਅਤੇ ਜੋ ਆਪਣੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਦੀ ਭਾਲ 'ਚ ਸਨ, ਉਨ੍ਹਾਂ 'ਚੋਂ ਵੀ ਕਈ ਮਰ ਗਏ। ਜੋ ਲੋਕ ਇਸ ਦਰਦਨਾਕ ਧਮਾਕੇ ਤੋਂ ਬੱਚ ਗਏ, ਉਹ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਏ।"
"ਮੈਂ ਨਾ ਸਿਰਫ਼ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਹਿਬਾਕੁਸ਼ਾ ਨਾਲ ਨਜ਼ਦੀਕੀ ਸਬੰਧ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬਲਕਿ ਯੂਰੇਨੀਅਮ ਦੀਆਂ ਖਾਨਾਂ 'ਚ ਕੰਮ ਕਰਨ ਵਾਲੇ ਕਾਮਿਆਂ, ਖਾਨਾਂ ਨਜ਼ਦੀਕ ਰਹਿਣ ਵਾਲੇ ਲੋਕਾਂ, ਪਰਮਾਣੂ ਹਥਿਆਰਾਂ ਦੇ ਵਿਕਾਸ ਅਤੇ ਪ੍ਰੀਖਣ 'ਚ ਸ਼ਾਮਲ ਲੋਕਾਂ ਅਤੇ ਪਰਮਾਣੂ ਹਥਿਆਰ ਪ੍ਰੀਖਣ ਦੇ ਮਾੜੇ ਪ੍ਰਭਾਵਾਂ ਕਰਕੇ ਬਿਮਾਰ ਲੋਕਾਂ ਨਾਲ ਵੀ ਨਜ਼ਦੀਕੀ ਸੰਬੰਧ ਬਣਾਉਣ ਦਾ ਯਤਨ ਕੀਤਾ ਹੈ।"
ਐਮੀਕੋ ਦੀ ਵੱਡੀ ਭੈਣ ਇਸ ਧਮਾਕੇ 'ਚ ਮਾਰੀ ਗਈ
ਐਮੀਕੋ 8 ਸਾਲ ਦੀ ਸੀ ਜਦੋਂ ਹੀਰੋਸ਼ੀਮਾ 'ਤੇ ਪਰਮਾਣੂ ਹਮਲਾ ਹੋਇਆ ਸੀ। ਉਸ ਦੀ ਵੱਡੀ ਭੈਣ ਮਾਈਕੋ ਅਤੇ ਚਾਰ ਹੋਰ ਰਿਸ਼ਤੇਦਾਰ ਇਸ ਧਮਾਕੇ 'ਚ ਮਾਰੇ ਗਏ ਸਨ।
ਐਮੀਕੋ ਅਤੇ ਉਸ ਦੇ ਪਰਿਵਾਰ ਦੀਆਂ ਬਹੁਤ ਸਾਰੀਆਂ ਤਸਵੀਰਾਂ ਗੁੰਮ ਹੋ ਗਈਆਂ ਪਰ ਜੋ ਤਸਵੀਰਾਂ ਉਸ ਦੇ ਰਿਸ਼ਤੇਦਾਰਾਂ ਦੇ ਘਰਾਂ 'ਚ ਸਨ ਉਹ ਸਲਾਮਤ ਰਹੀਆਂ।
ਐਮੀਕੋ ਦੱਸਦੀ ਹੈ, "ਉਸ ਸਵੇਰੇ ਮੇਰੀ ਭੈਣ ਘਰੋਂ ਇਹ ਕਹਿ ਕੇ ਨਿਕਲੀ ਸੀ ਕਿ 'ਜਲਦ ਮਿਲਾਂਗੇ'। ਉਹ ਸਿਰਫ਼ 12 ਸਾਲਾਂ ਦੀ ਸੀ ਅਤੇ ਬਹੁਤ ਹੀ ਉਤਸ਼ਾਹੀ ਸੀ।"
"ਪਰ ਉਹ ਕਦੇ ਵਾਪਸ ਨਾ ਪਰਤੀ। ਕਿਸੇ ਨੂੰ ਵੀ ਨਹੀਂ ਪਤਾ ਕਿ ਉਸ ਨਾਲ ਕੀ ਵਾਪਰਿਆ। ਮੇਰੇ ਮਾਪਿਆਂ ਨੇ ਉਸ ਨੂੰ ਲੱਭਣ ਦੇ ਬਹੁਤ ਯਤਨ ਕੀਤੇ ਪਰ ਉਨ੍ਹਾਂ ਨੂੰ ਤਾਂ ਉਸ ਦੀ ਮ੍ਰਿਤਕ ਦੇਹ ਵੀ ਹਾਸਲ ਨਾ ਹੋਈ। ਇਸ ਲਈ ਉਹ ਹਮੇਸ਼ਾ ਕਹਿੰਦੇ ਰਹੇ ਕਿ ਉਹ ਜ਼ਿੰਦਾ ਹੈ।"
"ਉਸ ਸਮੇਂ ਮੇਰੀ ਮਾਂ ਗਰਭਵਤੀ ਸੀ ਪਰ ਇਸ ਧਮਾਕੇ ਤੋਂ ਬਾਅਦ ਉਨ੍ਹਾਂ ਦਾ ਗਰਭਪਾਤ ਹੋ ਗਿਆ ਸੀ। ਸਾਡੇ ਕੋਲ ਖਾਣ ਨੂੰ ਕੁੱਝ ਵੀ ਨਹੀਂ ਸੀ। ਸਾਨੂੰ ਤਾਂ ਰੇਡੀਏਸ਼ਨ ਬਾਰੇ ਵੀ ਕੁੱਝ ਪਤਾ ਨਹੀਂ ਸੀ, ਇਸ ਲਈ ਸਾਨੂੰ ਜੋ ਵੀ ਮਿਲਦਾ ਅਸੀਂ ਉਸ ਨੂੰ ਚੁੱਕ ਲੈਂਦੇ। ਇੱਕ ਵਾਰ ਵੀ ਨਾ ਸੋਚਦੇ ਕਿ ਉਹ ਸਾਫ਼ ਸੁਥਰਾ ਹੈ ਜਾਂ ਫਿਰ ਨਹੀਂ।"
"ਖਾਣ ਨੂੰ ਭੋਜਨ ਦੀ ਘਾਟ ਕਰਕੇ ਲੋਕਾਂ ਨੇ ਚੋਰੀ ਕਰਨੀ ਸ਼ੁਰੂ ਕੀਤੀ। ਭੋਜਨ ਉਸ ਸਮੇਂ ਸਭ ਤੋਂ ਵੱਡੀ ਸਮੱਸਿਆ ਸੀ। ਹੌਲੀ-ਹੌਲੀ ਮੇਰੇ ਵਾਲ ਝੜਨ ਲੱਗੇ ਅਤੇ ਮੇਰੇ ਦੰਦਾਂ ਦੇ ਮਸੂੜਿਆਂ 'ਚੋਂ ਵੀ ਖੂਨ ਆਉਣ ਲੱਗਾ। ਮੈਂ ਹਮੇਸ਼ਾ ਥਕਾਵਟ ਮਹਿਸੂਸ ਕਰਦੀ ਅਤੇ ਲੰਮੇ ਪੈ ਜਾਂਦੀ।"
ਇਹ ਵੀ ਪੜ੍ਹੋ:
"ਉਸ ਸਮੇਂ ਕਿਸੇ ਨੂੰ ਵੀ ਰੇਡੀਏਸ਼ਨ ਦਾ ਕੋਈ ਅੰਦਾਜ਼ਾ ਨਹੀਂ ਸੀ। 12 ਸਾਲਾਂ ਬਾਅਦ ਮੈਨੂੰ ਐਪਲਾਸਟਿਕ ਅਨੀਮੀਆ ਦਾ ਸ਼ਿਕਾਰ ਦੱਸਿਆ ਗਿਆ।"
"ਹਰ ਸਾਲ ਕੁੱਝ ਅਜਿਹੇ ਪਲ ਆਉਂਦੇ ਜਦੋਂ ਸੂਰਜ ਡੁੱਬਣ ਸਮੇਂ ਆਸਮਾਨ ਗਹਿਰਾ ਲਾਲ ਹੋ ਜਾਂਦਾ। ਇਹ ਇੰਨ੍ਹਾਂ ਲਾਲ ਹੁੰਦਾ ਕਿ ਲੋਕਾਂ ਦੇ ਚਿਹਰੇ ਵੀ ਲਾਲ ਹੋ ਜਾਂਦੇ ਸਨ।"
"ਉਸ ਸਮੇਂ ਮੈਂ ਕੁੱਝ ਨਹੀਂ ਕਰ ਸਕਦੀ ਸੀ ਪਰ ਮੈਨੂੰ ਧਮਾਕੇ ਵਾਲੀ ਸ਼ਾਮ ਯਾਦ ਆ ਜਾਂਦੀ। ਤਿੰਨ ਦਿਨ ਅਤੇ ਤਿੰਨ ਰਾਤਾਂ ਤੱਕ ਸ਼ਹਿਰ ਜਲਦਾ ਰਿਹਾ ਸੀ। ਮੈਂ ਡੁੱਬਦੇ ਸੂਰਜ ਨੂੰ ਨਫ਼ਰਤ ਕਰਦੀ ਹਾਂ। ਅੱਜ ਵੀ ਜਦੋਂ ਮੈਂ ਡੁੱਬਦੇ ਸੂਰਜ ਨੂੰ ਵੇਖਦੀ ਹਾਂ ਤਾਂ ਮੇਰੀਆਂ ਅੱਖਾਂ ਅੱਗੇ ਅੱਗ ਨਾਲ ਭੱਖਦਾ ਸ਼ਹਿਰ ਆ ਜਾਂਦਾ ਹੈ।"
"ਕਈ ਹਿਬਾਕੁਸ਼ ਇੰਨ੍ਹਾਂ ਤੱਥਾਂ ਬਾਰੇ ਗੱਲ ਕੀਤੇ ਬਿਨ੍ਹਾਂ ਹੀ ਮਰ ਗਏ। ਉਹ ਨਹੀਂ ਬੋਲ ਸਕੇ, ਇਸ ਲਈ ਮੈਂ ਬੋਲਾਂਗੀ।"
"ਬਹੁਤ ਸਾਰੇ ਲੋਕ ਵਿਸ਼ਵ ਸ਼ਾਂਤੀ ਬਾਰੇ ਗੱਲ ਕਰਦੇ ਹਨ ਪਰ ਮੈਂ ਕਾਰਵਾਈ ਕਰਨ 'ਚ ਵਿਸ਼ਵਾਸ ਰੱਖਦੀ ਹਾਂ। ਮੈਂ ਚਾਹੁੰਦੀ ਹਾਂ ਕਿ ਹਰ ਵਿਅਕਤੀ ਉਹ ਕਰਨਾ ਸ਼ੁਰੂ ਕਰੇ ਜੋ ਉਹ ਅਸਾਨੀ ਨਾਲ ਕਰ ਸਕਦਾ ਹੈ।"
"ਮੈਂ ਖੁਦ ਅਜਿਹਾ ਕਰਨਾ ਚਾਹੁੰਦੀ ਹਾਂ ਜਿਸ ਨਾਲ ਸਾਡੇ ਬੱਚੇ, ਪੋਤੇ-ਪੋਤੀਆਂ ਜੋ ਕਿ ਸਾਡਾ ਭਵਿੱਖ ਹਨ, ਉਹ ਦੁਨੀਆਂ ਨੂੰ ਵੇਖਣ ਜਿੱਥੇ ਉਹ ਹਮੇਸ਼ਾਂ ਖੁਸ਼ ਰਹਿ ਸਕਣ।"
'ਉਨ੍ਹਾਂ ਦੀ ਮੌਤ ਮਨੁੱਖੀ ਮੌਤ ਨਹੀਂ ਸੀ'
ਪਰਮਾਣੂ ਧਮਾਕੇ ਵਾਲੇ ਦਿਨ ਤੋਂ ਪਹਿਲਾਂ ਹਵਾਈ ਹਮਲੇ ਦੀ ਚਿਤਾਵਨੀ ਦਿੱਤੀ ਗਈ ਸੀ, ਇਸ ਲਈ ਰੇਈਕੋ ਘਰ 'ਚ ਹੀ ਸੀ।
ਪਰ ਜਦੋਂ ਸਭ ਠੀਕ ਠਾਕ ਲੱਗਿਆ ਤਾਂ ਉਹ ਨੇੜੇ ਦੇ ਮੰਦਰ ਚਲੀ ਗਈ, ਜਿੱਥੇ ਉਸ ਦੇ ਗੁਆਂਢ ਦੇ ਬੱਚੇ ਪੜ੍ਹਾਈ ਕਰਦੇ ਸਨ। ਇਹ ਬੱਚੇ ਅਕਸਰ ਹੀ ਹਵਾਈ ਹਮਲੇ ਦੀ ਚਿਤਾਵਨੀ ਮਿਲਣ ਕਰਕੇ ਸਕੂਲ ਨਹੀਂ ਜਾ ਰਹੇ ਸਨ।
40 ਮਿੰਟਾਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਅਧਿਆਪਕ ਨੇ ਕਲਾਸ ਖ਼ਤਮ ਕੀਤੀ ਅਤੇ ਰੇਈਕੋ ਘਰ ਲਈ ਚੱਲ ਪਈ।
ਰੇਈਕੋ ਦੱਸਦੀ ਹੈ, "ਮੈਂ ਘਰ ਦੇ ਦਰਵਾਜੇ ਤੱਕ ਤਾਂ ਪਹੁੰਚ ਗਈ ਅਤੇ ਸ਼ਾਇਦ ਮੈਂ ਇੱਕ ਕਦਮ ਅੰਦਰ ਵੀ ਵੜੀ ਪਰ ਫਿਰ ਸਭ ਕੁੱਝ ਅਚਾਨਕ ਵਾਪਰਿਆ। ਮੇਰੀਆਂ ਅੱਖਾਂ 'ਚ ਇੱਕ ਤਿੱਖੀ ਰੌਸ਼ਨੀ ਪਈ। ਇਹ ਰੌਸ਼ਨੀ ਪੀਲੀ, ਹਰੀ ਅਤੇ ਸੰਤਰੀ ਰੰਗਾਂ ਦਾ ਸੁਮੇਲ ਸੀ।"
"ਮੇਰੇ ਕੋਲ ਤਾਂ ਹੈਰਾਨ ਹੋਣ ਦਾ ਵੀ ਸਮਾਂ ਨਹੀਂ ਸੀ…। ਇੱਕ ਹੀ ਪਲ 'ਚ ਸਭ ਕੁੱਝ ਧੁੰਦਲਾ ਹੋ ਗਿਆ। ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਮੈਂ ਇੱਕਲੀ ਰਹਿ ਗਈ ਹੋਵਾਂ। ਅਗਲੇ ਹੀ ਪਲ ਜ਼ੋਰ-ਜ਼ੋਰ ਨਾਲ ਚੀਕਣ ਦੀਆਂ ਆਵਜ਼ਾਂ ਸੁਣਨ ਲੱਗੀਆਂ ਅਤੇ ਮੇਰੀ ਸੁਰਤ ਵਾਪਸ ਆਈ।"
"ਸਾਡੇ ਅਧਿਆਪਕ ਨੇ ਸਾਨੂੰ ਐਮਰਜੈਂਸੀ ਦੀ ਸਥਿਤੀ 'ਚ ਸੁਰੱਖਿਅਤ ਥਾਂ 'ਤੇ ਜਾਣਾ ਸਿਖਾਇਆ ਸੀ। ਮੈਂ ਘਰ ਦੇ ਅੰਦਰ ਗਈ ਅਤੇ ਆਪਣੀ ਮਾਂ ਨੂੰ ਲੱਭਿਆ, ਫਿਰ ਅਸੀਂ ਆਪਣੇ ਗੁਆਂਢ 'ਚ ਬਣੇ ਹਵਾਈ ਹਮਲੇ ਤੋਂ ਬਚਣ ਲਈ ਪਨਾਹਗਾਹ 'ਚ ਚਲੇ ਗਏ।"
" ਮੈਨੂੰ ਇੱਕ ਵੀ ਸੱਟ ਨਹੀਂ ਲੱਗੀ ਸੀ। ਮੈਨੂੰ ਕੋਨਪੀਰਾ ਪਹਾੜ ਨੇ ਬਚਾਇਆ ਸੀ ਪਰ ਪਹਾੜ ਦੇ ਦੂਜੇ ਪਾਸੇ ਦਾ ਸੂਰਤੇਹਾਲ ਕੁੱਝ ਹੋਰ ਹੀ ਸੀ।"
"ਉੱਥੋਂ ਦੇ ਲੋਕਾਂ ਦੀ ਹਾਲਤ ਦਰਦਨਾਕ ਸੀ। ਬਹੁਤ ਸਾਰੇ ਲੋਕ ਪਰਵਾਸ ਕਰਕੇ ਸਾਡੇ ਪਾਸੇ ਆ ਗਏ। ਉਨ੍ਹਾਂ ਦੀ ਹਾਲਤ ਬਹੁਤ ਖਰਾਬ ਸੀ। ਅੱਖਾਂ ਬਾਹਰ ਨਿਕਲੀਆਂ, ਸਿਰ ਦੇ ਵਾਲ ਬਿਖਰੇ ਜਾਂ ਉੱਡ ਗਏ, ਲਗਭਗ ਉਹ ਬਿਨ੍ਹਾਂ ਕੱਪੜਿਆਂ ਦੇ ਸਨ। ਉਨ੍ਹਾਂ ਦੀ ਚਮੜੀ ਬੁਰੀ ਤਰ੍ਹਾਂ ਨਾਲ ਲਟਕ ਰਹੀ ਸੀ।"
"ਮੇਰੀ ਮਾਂ ਅਤੇ ਹੋਰ ਮਹਿਲਾਵਾਂ ਆਪਣੇ ਘਰਾਂ 'ਚੋਂ ਚਾਦਰਾਂ ਅਤੇ ਤੋਲੀਏ ਲੈ ਆਈਆਂ। ਜ਼ਖਮੀ ਲੋਕਾਂ ਨੂੰ ਨੇੜੇ ਦੇ ਵਪਾਰਕ ਕਾਲਜ ਦੇ ਆਡੀਟੋਰੀਅਮ 'ਚ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਦੇਖਰੇਖ ਕੀਤੀ ਗਈ।"
"ਉਹ ਪਾਣੀ ਮੰਗ ਰਹੇ ਸਨ ਅਤੇ ਮੈਨੂੰ ਕਿਹਾ ਗਿਆ ਕਿ ਮੈਂ ਉਨ੍ਹਾਂ ਨੂੰ ਪਾਣੀ ਲਿਆ ਕੇ ਦੇਵਾਂ। ਇਸ ਲਈ ਮੈਂ ਇੱਕ ਕੌਲਾ ਲੱਭਿਆ ਅਤੇ ਨਜ਼ਦੀਕ ਵਹਿੰਦੀ ਨਦੀ ਤੋਂ ਪਾਣੀ ਲੈ ਆਈ ਅਤੇ ਲੋੜਵੰਦਾਂ ਨੂੰ ਪੀਣ ਨੂੰ ਪਾਣੀ ਦਿੱਤਾ।"
"ਪਾਣੀ ਦਾ ਇੱਕ ਘੁੱਟ ਪੀ ਕੇ ਉਹ ਮਰ ਗਏ। ਇੱਕ ਤੋਂ ਬਾਅਦ ਇੱਕ ਲੋਕ ਮਰ ਰਹੇ ਸਨ। ਇਹ ਗਰਮੀਆਂ ਦਾ ਮੌਸਮ ਸੀ। ਜ਼ਖਮਾਂ 'ਚੋਂ ਆ ਰਹੀ ਬਦਬੂ ਕਰਕੇ ਲਾਸ਼ਾਂ ਦਾ ਫੌਰੀ ਸਸਕਾਰ ਕੀਤਾ ਗਿਆ।"
"ਇਹ ਜਾਣਨਾ ਬਹੁਤ ਹੀ ਮੁਸ਼ਕਲ ਸੀ ਕਿ ਇਹ ਲੋਕ ਕੌਣ ਸਨ। ਉਨ੍ਹਾਂ ਦੀ ਮੌਤ ਮਨੁੱਖੀ ਮੌਤ ਨਹੀਂ ਸੀ। ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੇ ਹਾਲਾਤਾਂ 'ਚੋਂ ਨਹੀਂ ਲੰਘਣਾ ਪਏਗਾ। ਸਾਨੂੰ ਕਦੇ ਵੀ ਪਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰਨ ਦੇਣੀ ਚਾਹੀਦੀ ਹੈ।"
"ਸ਼ਾਂਤੀ ਸਥਾਪਿਤ ਕਰਨ ਦਾ ਜ਼ਿੰਮਾ ਲੋਕਾਂ ਦਾ ਹੀ ਹੈ। ਭਾਵੇਂ ਕਿ ਅਸੀਂ ਵੱਖੋ-ਵੱਖ ਦੇਸਾਂ 'ਚ ਰਹਿੰਦੇ ਹਾਂ, ਸਾਡੀ ਭਾਸ਼ਾ ਵੱਖਰੀ ਹੈ ਪਰ ਫਿਰ ਵੀ ਅਸੀਂ ਸਾਰੇ ਸ਼ਾਂਤੀ ਦੀ ਸਾਂਝੀ ਇੱਛਾ ਰੱਖਦੇ ਹਾਂ।"
ਇਹ ਵੀਡੀਓਜ਼ ਵੀ ਦੇਖੋ