ਕੋਵਿਡ ਐਸਟਰਾਜ਼ੈਨੇਕਾ ਵੈਕਸੀਨ: ਟ੍ਰਾਇਲ 'ਤੇ ਰੋਕ ਤੋਂ ਬਾਅਦ ਹੁਣ ਅੱਗੇ ਕੀ ਹੋਵੇਗਾ

ਐਸਟਰਾਜ਼ੈਨੇਕਾ ਵਲੋਂ ਆਕਸਫੋਰਡ ਯੂਨੀਵਰਿਸਟੀ ਨਾਲ ਮਿਲ ਕੇ ਵਿਕਸਿਤ ਕੀਤੀ ਜਾ ਰਹੀ ਕੋਵਿਡ-19 ਵੈਕਸੀਨ ਦੇ ਕਲੀਨਿਕਲ ਟ੍ਰਾਇਲਾਂ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਹੈ। ਅਜਿਹਾ ਅਧਿਐਨ ਵਿੱਚ ਸ਼ਾਮਲ ਇੱਕ ਵਿਅਕਤੀ ਦੇ ਦਵਾਈ ਦੇ ਬੁਰੇ ਅਸਰ ਕਾਰਨ ਕੀਤਾ ਗਿਆ।

ਐਸਟਰਾਜ਼ੈਨੇਕਾ ਨੇ ਇਸ ਕਾਰਵਾਈ ਨੂੰ ਇੱਕ "ਅਣਵਿਆਖਿਆਈ ਬਿਮਾਰੀ" ਕਾਰਨ ਕੀਤੀ ਗਈ "ਰੁਟੀਨ" ਕਾਰਵਾਈ ਦੱਸਿਆ ਹੈ।

ਇਸ ਦਵਾਈ ਨੂੰ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਦਵਾਈ ਬਣਾਉਣ ਦੇ ਦੁਨੀਆਂ ਭਰ ਵਿੱਚ ਚੱਲ ਰਹੇ ਦਰਜਣ ਤੋਂ ਉੱਪਰ ਯਤਨਾਂ ਵਿੱਚ ਸਭ ਤੋਂ ਮੋਹਰੀ ਮੰਨਿਆਂ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਦਵਾਈ ਵੱਲੋਂ ਟੈਸਟਿੰਗ ਦੇ ਪਹਿਲੇ ਅਤੇ ਦੂਜੇ ਪੜਾਵਾਂ ਵਿੱਚੋਂ ਸਫ਼ਲਤਾ ਸਹਿਤ ਪਾਰ ਹੋ ਜਾਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਹ ਦਵਾਈ ਸਭ ਤੋਂ ਪਹਿਲਾਂ ਬਜ਼ਾਰ ਵਿੱਚ ਆਉਣ ਵਾਲੀਆਂ ਦਵਾਈਆਂ ਵਿੱਚੋਂ ਇੱਕ ਹੋਵੇਗੀ।

ਤੀਜੇ ਪੜਾਅ ਵਿੱਚ ਪਿਛਲੇ ਹਫ਼ਤਿਆਂ ਦੌਰਾਨ ਪਹੁੰਚੀ ਇਸ ਦਵਾਈ ਵਿੱਚ ਅਮਰੀਕਾ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਅਤੇ ਬ੍ਰਿਟੇਨ ਸਮੇਤ ਇਸ ਦਵਾਈ ਦੇ ਟ੍ਰਾਇਲਜ਼ ਵਿੱਚ 30,000 ਤੋਂ ਵਧੇਰੇ ਵਲੰਟੀਅਰ ਹਿੱਸਾ ਲੈ ਰਹੇ ਹਨ।

ਦਵਾਈਆਂ ਦੇ ਟ੍ਰਾਇਲ ਵਿੱਚ ਅਕਸਰ ਹਜ਼ਾਰਾਂ ਵਲੰਟੀਅਰ ਹਿੱਸਾ ਲੈਂਦੇ ਹਨ ਅਤੇ ਇਹ ਟ੍ਰਾਇਲ ਕਈ ਸਾਲਾਂ ਤੱਕ ਜਾਰੀ ਰਹਿ ਸਕਦੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਵੈਕਸੀਨ ਦੇ ਵਿਕਾਸ ਵਿੱਚ ਲੱਗੇ ਸਾਇੰਸਦਾਨਾਂ ਨੇ ਕੀ ਕਿਹਾ ਹੈ?

ਬੀਬੀਸੀ ਦੇ ਮੈਡੀਕਲ ਐਡੀਟਰ ਫਰਗੁਸ ਵਾਲਸ਼ ਦੀ ਰਿਪੋਰਟ ਮੁਤਾਬਕ ਫਿਲਹਾਲ ਇਸ ਦਵਾਈ ਦੇ ਚੱਲ ਰਹੇ ਸਾਰੇ ਟ੍ਰਾਇਲ (ਜਿੱਥੇ-ਕਿਤੇ ਵੀ ਉਹ ਚੱਲ ਰਹੇ ਸਨ) ਰੋਕ ਦਿੱਤੇ ਗਏ ਹਨ ਅਤੇ ਸੁਤੰਤਰ ਜਾਂਚਕਰਤਾ ਦਵਾਈ ਦੇ ਸੁਰੱਖਿਅਤ ਹੋਣ ਸੰਬੰਧੀ ਡਾਟਾ ਦੀ ਪੜਤਾਲ ਕਰਨ ਵਿੱਚ ਲੱਗੇ ਹੋਏ ਹਨ।

ਆਕਸਫੋਰਡ ਯੂਨੀਵਰਿਸਟੀ ਦੇ ਇੱਕ ਬੁਲਾਰੇ ਮੁਤਾਬਕ, "ਵੱਡੇ ਟ੍ਰਾਇਲਜ਼ ਵਿੱਚ, ਬਿਮਾਰੀਆਂ ਮੌਕਾ ਮੇਲ ਨਾਲ ਹੋਣਗੀਆਂ ਪਰ ਇਸ ਦੀ ਧਿਆਨਪੂਰਬਕ ਜਾਂਚ ਲਈ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ।

ਸਾਡੇ ਪੱਤਰਕਾਰ ਮੁਤਾਬਕ ਇਹ ਦੂਜੀ ਵਾਰ ਹੈ ਜਦੋਂ ਆਕਸਫੋਰਡ ਵੱਲੋਂ ਵਿਕਸਿਤ ਕੀਤੀ ਜਾ ਰਹੀ ਦਵਾਈ ਦੇ ਟ੍ਰਾਇਲ ਰੋਕੇ ਗਏ ਹਨ।

ਜਦੋਂ ਵੀ ਕਿਸੇ ਵਲੰਟੀਅਰ ਨੂੰ ਕਿਸੇ ਅਗਿਆਤ ਬਿਮਾਰੀ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਜਾਂਦਾ ਹੈ ਤਾਂ ਅਜਿਹੇ ਮੌਕੇ ਵੱਡੇ ਟ੍ਰਾਇਲਜ਼ ਵਿੱਚ ਆਉਂਦੇ ਰਹਿੰਦੇ ਹਨ।

ਸਮਝਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਵਿੱਚ ਹੀ ਮੁੜ ਤੋਂ ਸ਼ੁਰੂ ਹੋ ਜਾਣਗੇ।

ਅਸੀਂ ਕੋਰੋਨਾਵਾਇਰਸ ਦੀ ਵੈਕਸੀਨ ਦੀ ਖੋਜ ਵਿੱਚ ਕਿੱਥੇ ਪਹੁੰਚੇ ਹਾਂ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਅਮਰੀਕਾ ਵਿੱਚ ਦਵਾਈ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਚਾਹੀਦੀ ਹੈ।

ਹਾਲਾਂਕਿ ਰਾਸ਼ਟਰਪਤੀ ਦੇ ਬਿਆਨ ਨੇ ਇਸ ਗੱਲ ਵੱਲ ਧਿਆਨ ਦਵਾਇਆ ਹੈ ਕਿ ਸਿਆਸਤ ਪਿੱਛੇ ਵੈਕਸੀਨ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ।

ਮੰਗਲਵਾਰ ਨੂੰ ਕੋਵਿਡ-19 ਦੇ ਨੌਂ ਵਿਕਾਸਕਾਰਾਂ ਨੇ ਜਨਤਾਂ ਨੂੰ ਆਪਣੀ ਇਤਿਹਾਸਕ ਸੌਂਹ ਰਾਹੀਂ ਜਨਤਾ ਨੂੰ ਭਰੋਸਾ ਦਵਾਇਆ ਕਿ ਉਹ ਇਸ ਕੰਮ ਵਿੱਚ ਉੱਚੇ ਵਿਗਿਆਨਕ ਅਤੇ ਨੈਤਿਕ ਆਦਰਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ।

ਐਸਟਰਾਜ਼ੈਨੇਕਾ ਇਸ ਸਹੁੰ ਉਪਰ ਦਸਤਖ਼ਤ ਕਰਨ ਵਾਲੇ ਗਰੁੱਪ ਵਿੱਚ ਸ਼ਾਮਲ ਹੈ

ਸਨਅਤ ਦੀਆਂ ਵੱਡੀਆਂ ਕੰਪਨੀਆਂ ਜੌਹਨਸਨ ਐਂਡ ਜੌਹਸਨ, ਬਾਇਓ-ਐੱਨ-ਟੈਕ, ਗਲੈਕਸੋ ਸਮਿਥ ਲਾਈਨ, ਫ਼ਾਇਜ਼ਰ, ਮਰਕ, ਮੋਡਰਨਾ, ਸਨੋਫੀ ਅਤੇ ਨੌਵਾਵੈਕਸ ਨੇ ਵੀ ਇਸ ਸਹੁੰ ਉੱਪਰ ਦਸਤਖ਼ਤ ਕੀਤੇ ਹਨ।

ਉਨ੍ਹਾਂ ਨੇ ਸਹੁੰ ਚੁੱਕੀ ਹੈ ਕਿ ਇਹ ਸ਼ਾਰਟ ਕੱਟਸ ਤੋਂ ਪ੍ਰਹੇਜ਼ ਕਰਨਗੇ।

ਦਵਾਈ ਦੁਨੀਆਂ ਦੇ ਸੱਤ ਖਰਬ ਲੋਕਾਂ ਤੱਕ ਕਿਵੇਂ ਪਹੁੰਚੇਗੀ?

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਲਗਭਗ 180 ਸਮੂਹ ਦਵਾਈ ਦੇ ਵਿਕਾਸ ਵਿੱਚ ਲੱਗੀਆਂ ਹੋਈਆਂ ਹਨ ਪਰ ਕਿਸੇ ਨੇ ਵੀ ਹਾਲੇ ਤੱਕ ਕਲੀਨੀਕਲ ਟ੍ਰਾਇਲ ਪੂਰੇ ਨਹੀਂ ਕੀਤੇ ਹਨ।

ਸੰਗਠਨ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ ਉਹ ਕਿਸੇ ਵੀ ਹਾਲਤ ਵਿੱਚ ਇਸ ਸਾਲ ਦੌਰਾਨ ਤਾਂ ਕਿਸੇ ਦਵਾਈ ਨੂੰ ਮਾਨਤਾ ਨਹੀਂ ਦੇ ਸਕਣਗੇ ਕਿਉਂਕਿ ਦਵਾਈਆਂ ਦੀ ਸੁਰੱਖਿਅਤ ਜਾਂਚ ਵਿੱਚ ਸਮਾਂ ਲਗਦਾ ਹੈ।

ਅਜਿਹੀ ਹੀ ਭਾਵਨਾ ਦਾ ਪ੍ਰਗਟਾਵਾ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਫਾਰਮਸਿਊਟੀਕਲ ਮੈਨੂਫੈਕਚਰਰ ਦੇ ਮਹਾਂ ਨਿਰਦੇਸ਼ਕ ਥੌਮਸ ਕੁਨੀ ਵੱਲੋਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਫੈਡਰੇਸ਼ਨ ਸਹੁੰ ਉੱਪਰ ਦਸਤਖ਼ਤ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਦੀ ਨੁਮਾਇੰਦਾ ਹੈ।

ਇਸ ਦੇ ਬਾਵਜੂਦ ਰੂਸ ਅਤੇ ਚੀਨ ਨੇ ਆਪਣੀਆਂ ਦਵਾਈਆਂ ਨੂੰ ਮਾਨਤਾ ਦੇ ਦਿੱਤੀ ਹੈ ਪਰ ਵਿਸ਼ਵ ਸਿਹਤ ਸੰਗਠਨ ਨੇ ਇਨ੍ਹਾਂ ਦਵਾਈਆਂ ਨੂੰ ਵੀ ਟ੍ਰਾਇਲ ਅਧੀਨ ਦਵਾਈਆਂ ਦਾ ਦਰਜਾ ਹੀ ਦਿੱਤਾ ਹੋਇਆ ਹੈ।

ਇਸ ਦੇ ਨਾਲ ਹੀ ਅਮਰੀਕਾ ਦੀ ਐੱਫ਼ਡੀਏ ਨੇ ਸੁਝਾਇਆ ਹੈ ਕਿ ਕੋਰੋਨਾਵਾਇਰਸ ਦੀ ਦਵਾਈ ਨੂੰ ਤੀਜੇ ਪੜਾਅ ਤੋਂ ਪਹਿਲਾਂ ਹੀ ਮਾਨਤਾ ਦੇ ਦਿੱਤੀ ਜਾਣੀ ਚਾਹੀਦੀ ਹੈ।

ਪਿਛਲੇ ਹਫ਼ਤੇ ਇਸ ਗੱਲ ਦਾ ਵੀ ਖੁਲਾਸਾ ਹੋਇਆ ਸੀ ਕਿ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਸੂਬਿਆਂ ਨੂੰ ਦਵਾਈ ਦੀ ਵੰਡ ਸੰਬੰਧੀ ਨਿਯਮਾਂ ਵਿੱਚ ਢਿੱਲ ਦੇਣ ਲਈ ਕਿਹਾ ਹੈ ਤਾਂ ਜੋ ਦਵਾਈ ਦੋ ਨਵੰਬਰ ਭਾਵ ਕਿ ਚੋਣਾਂ ਤੋਂ ਇੱਕ ਦਿਨ ਪਹਿਲਾਂ ਲੋਕਾਂ ਤੱਕ ਪਹੁੰਚਾਈ ਜਾ ਸਕੇ।

ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਦਵਾਈ ਚੋਣਾਂ ਤੋਂ ਪਹਿਲਾਂ ਉਪਲਭਦ ਹੋ ਜਾਵੇਗੀ ਉਨ੍ਹਾਂ ਦੇ ਵਿਰੋਧੀ ਜੋ ਬਾਇਡਨ ਨੇ ਇਸ ਗੱਲ ਵਿੱਚ ਸੰਦੇਹ ਜਤਾਇਆ ਹੈ ਕਿ ਰਾਸ਼ਟਰਪਤੀ ਸਾਇੰਸਦਾਨਾਂ ਦੀ ਕੋਈ ਸਲਾਹ ਸੁਣਨਗੇ ਅਤੇ ਇਸ ਮਾਮਲੇ ਵਿੱਚ ਪਾਰਦਰਸ਼ੀ ਪ੍ਰਕਿਰਿਆ ਅਪਨਾਉਣਗੇ।

ਇਹ ਵੀ ਪੜ੍ਹੋ:

ਵੀਡੀਓ: ਡਾ. ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)