ਕੋਰੋਨਾਵਾਇਰਸ: ਅਮਰੀਕਾ 'ਚ ਕੋਰੋਨਾ ਦੇ ਕਹਿਰ ਦੀ ਅਣਕਹੀ ਕਹਾਣੀ

    • ਲੇਖਕ, ਜੈਸਿਕਾ ਲੁਸੈਨਹੋਪ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਦੇ ਦੱਖਣੀ ਡਕੋਟਾ ਦੇ ਇੱਕ ਕੋਨੇ ਵਿੱਚ ਕੋਰੋਨਾਵਾਇਰਸ ਦਾ ਅਮਰੀਕਾ ਦਾ ਸਭ ਤੋਂ ਵੱਡਾ ਕਲੱਸਟਰ ਕਿਵੇਂ ਉੱਭਰਿਆ? ਇੱਕ ਸੂਰਾਂ ਦੇ ਮੀਟ ਦੀ ਫੈਕਟਰੀ ਰਾਹੀਂ ਲਾਗ ਜੰਗਲ ਦੀ ਅੱਗ ਵਾਂਗ ਫੈਲ ਗਈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੰਪਨੀ ਨੇ ਕਰਮਚਾਰੀਆਂ ਦੀ ਸੁਰੱਖਿਆ ਲਈ ਕੀ ਕੀਤਾ।

25 ਮਾਰਚ ਨੂੰ ਦੁਪਹਿਰ ਵੇਲੇ ਜੁਲੀਆ ਨੇ ਬੈਠ ਕੇ ਆਪਣੇ ਲੈਪਟਾਪ 'ਤੇ ਇੱਕ ਆਪਣਾ ਪੁਰਾਣਾ ਜਾਅਲੀ ਫੇਸਬੁੱਕ ਅਕਾਊਂਟ ਖੋਲ੍ਹਿਆ।

ਜੋ ਉਸਨੇ ਸਕੂਲ ਦੌਰਾਨ ਖੋਲ੍ਹਿਆ ਸੀ ਤਾਂ ਕਿ ਉਹ ਆਪਣੇ ਪਸੰਦੀਦਾ ਮੁੰਡਿਆਂ ਨੂੰ ਨਿਹਾਰ ਸਕੇ। ਪਰ ਹੁਣ ਕਈ ਸਾਲਾਂ ਬਾਅਦ, ਇਹ ਇੱਕ ਬਹੁਤ ਹੀ ਗੰਭੀਰ ਉਦੇਸ਼ ਦੀ ਪੂਰਤੀ ਕਰਨ ਵਾਲਾ ਸੀ।

ਸਥਾਨਕ ਅਖ਼ਬਾਰ 'ਅਰਗਸ ਲੀਡਰ' ਨੂੰ ਕੋਈ ਸੂਹ ਦੇਣ ਲਈ 'ਅਰਗਸ911' ਨਾਂ ਦੇ ਅਕਾਊਂਟ ਇੱਕ ਮੈਸਜ ਭੇਜਿਆ, ''ਕੀ ਤੁਸੀਂ ਕਿਰਪਾ ਕਰਕੇ ਸਮਿੱਥਫੀਲਡ ਨੂੰ ਦੇਖ ਸਕਦੇ ਹੋ।”

“ਉੱਥੇ ਇੱਕ ਪੌਜ਼ਿਟਿਵ (ਕੋਵਿਡ-19) ਮਾਮਲਾ ਹੈ ਅਤੇ ਪਲਾਂਟ ਨੂੰ ਖੁੱਲ੍ਹਾ ਰੱਖਣ ਦਾ ਵਿਚਾਰ ਕਰ ਰਹੇ ਹਨ।”

“ਸਮਿੱਥਫੀਲਡ'-ਦੱਖਣੀ ਡਕੋਟਾ ਦੇ ਆਪਣੇ ਸ਼ਹਿਰ ਸਿਓਕਸ ਫਾਲਜ਼ ਵਿੱਚ ਸਥਿਤ ਸੂਰਾਂ ਦੇ ਮੀਟ ਦੀ ਪ੍ਰੋਸੈਸਿੰਗ ਦਾ ਪਲਾਂਟ ਸੀ। ਇਹ ਫੈਕਟਰੀ-ਬਿੱਗ ਸਿਓਕਸ ਨਦੀ ਦੇ ਕਿਨਾਰੇ 'ਤੇ ਸਥਿਤ ਇੱਕ ਵਿਸ਼ਾਲ ਅੱਠ ਮੰਜ਼ਿਲਾ ਇਮਾਰਤ ਵਿੱਚ ਹੈ ਜੋ ਅਮਰੀਕਾ ਦੀ ਨੌਵੀਂ ਸਭ ਤੋਂ ਵੱਡੀ ਸੂਰ ਪ੍ਰੋਸੈਸਿੰਗ ਸੁਵਿਧਾ ਪ੍ਰਦਾਨ ਕਰਦੀ ਹੈ।

ਪੂਰੀ ਸਮਰੱਥਾ 'ਤੇ ਇਹ ਪ੍ਰਤੀ ਦਿਨ 19,500 ਸੂਰ ਵੱਢ ਕੇ ਉਨ੍ਹਾਂ ਦੇ ਲੱਖਾਂ ਪਾਊਂਡ ਦੇ ਬੇਕਨ, ਹੌਟ ਡੌਗ ਅਤੇ ਸਪਾਰਿਲ-ਕੱਟ ਵਾਲੇ ਹੈਮ ਬਣਾਉਂਦੀ ਹੈ। ਇਹ ਫੈਕਟਰੀ 3,700 ਵਰਕਰਾਂ ਨਾਲ ਸ਼ਹਿਰ ਦੀ ਚੌਥੀ ਸਭ ਤੋਂ ਵੱਡੀ ਰੁਜ਼ਗਾਰਦਾਤਾ ਵੀ ਹੈ।

ਅਰਗਸ911 ਅਕਾਊਂਟ ਤੋਂ ਜਵਾਬ ਆਇਆ, ''ਸੂਹ ਦੇਣ ਲਈ ਧੰਨਵਾਦ। ਜਾਂਚ ਵਿੱਚ ਪੌਜ਼ਿਟਿਵ ਆਉਣ ਵਾਲੇ ਵਰਕਰਾਂ ਕੋਲ ਕੀ ਨੌਕਰੀ ਹੈ?''

ਜੁਲੀਆ ਨੇ ਜਵਾਬ ਦਿੱਤਾ, ''ਸਾਨੂੰ ਪੱਕਾ ਪਤਾ ਨਹੀਂ ਹੈ।''

ਅਰਗਸ911 ਨੇ ਉੱਤਰ ਦਿੱਤਾ, ''ਓਕੇ, ਧੰਨਵਾਦ। ਆਪਾਂ ਸੰਪਰਕ ਵਿੱਚ ਰਹਾਂਗੇ।''

ਅਗਲੇ ਦਿਨ ਸਵੇਰੇ 7.35 ਮਿੰਟ 'ਤੇ 'ਅਰਗਸ ਲੀਡਰ' ਨੇ ਆਪਣੀ ਵੈੱਬਸਾਈਟ 'ਤੇ ਪਹਿਲੀ ਖ਼ਬਰ ਪ੍ਰਕਾਸ਼ਿਤ ਕੀਤੀ : 'ਸਮਿੱਥਫੀਲਡ ਫੂਡਜ਼ ਦੇ ਕਰਮਚਾਰੀ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।''

ਰਿਪੋਰਟਰ ਨੇ ਇਸ ਕੰਪਨੀ ਦੇ ਇੱਕ ਬੁਲਾਰੇ ਰਾਹੀਂ ਪੁਸ਼ਟੀ ਕੀਤੀ ਕਿ, ''ਅਸਲ ਵਿੱਚ ਇੱਕ ਕਰਮਚਾਰੀ ਪੌਜ਼ਿਟਿਵ ਪਾਇਆ ਗਿਆ, ਉਸਨੂੰ 14 ਦਿਨ ਲਈ ਕੁਆਰੰਟੀਨ ਕੀਤਾ ਗਿਆ ਸੀ। ਉਸਦੇ ਕੰਮਕਾਜੀ ਸਥਾਨ ਜਾਂ ਸਾਂਝੇ ਸਥਾਨ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਸੀ। ਪਰ ਟਰੰਪ ਪ੍ਰਸ਼ਾਸਨ ਵੱਲੋਂ 'ਕ੍ਰਿਟਿਕਲ ਇਨਫਰਾਸਟਰੱਕਚਰ ਇੰਡਸਟਰੀ' ਦਾ ਹਿੱਸਾ ਮੰਨਿਆ ਜਾਣ ਵਾਲਾ ਪਲਾਂਟ ਪੂਰੀ ਤਰ੍ਹਾਂ ਨਾਲ ਚਾਲੂ ਰਹੇਗਾ।''

ਸਮਿੱਥਫੀਲਡ ਦੇ ਸੀਈਓ ਕੀਨੇਥ ਸੁਲੀਵੈਨ ਨੇ ਫੈਕਟਰੀਆਂ ਖੁੱਲ੍ਹੀਆਂ ਰੱਖਣ ਦੇ ਫੈਸਲੇ ਬਾਰੇ 19 ਮਾਰਚ ਨੂੰ ਜਾਰੀ ਕੀਤੇ ਗਏ ਇੱਕ ਔਨਲਾਈਨ ਵੀਡਿਓ ਵਿੱਚ ਬਿਆਨ ਦਿੱਤਾ।

ਉਨ੍ਹਾਂ ਕਿਹਾ, ''ਭੋਜਨ ਸਾਡੇ ਸਾਰਿਆਂ ਦੇ ਜੀਵਨ ਦਾ ਇੱਕ ਲਾਜ਼ਮੀ ਹਿੱਸਾ ਹੈ ਅਤੇ ਸਾਡੇ 40,000 ਤੋਂ ਜ਼ਿਆਦਾ ਅਮਰੀਕੀ ਟੀਮ ਮੈਂਬਰ, ਹਜ਼ਾਰਾਂ ਅਮਰੀਕੀ ਕਿਸਾਨ ਪਰਿਵਾਰ ਅਤੇ ਸਾਡੇ ਕਈ ਹੋਰ ਸਪਲਾਈ ਚੇਨ ਦੇ ਭਾਈਵਾਲ ਸਾਡੇ ਦੇਸ ਵਿੱਚ ਕੋਵਿਡ-19 ਦੀ ਪ੍ਰਤੀਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹਨ।''

ਉਨ੍ਹਾਂ ਨੇ ਅੱਗੇ ਕਿਹਾ, ''ਅਸੀਂ ਆਪਣੇ ਕਰਮਚਾਰੀਆਂ ਅਤੇ ਖਪਤਕਾਰਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ਿਆਦਾ ਸਾਵਧਾਨੀ ਵਰਤ ਰਹੇ ਹਾਂ।''

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

ਪਰ ਜੁਲੀਆ ਡਰੀ ਹੋਈ ਸੀ।

ਉਹ ਜਾਣਦੀ ਸੀ ਕਿ ਉੱਥੋਂ ਲੋਕ ਹਸਪਤਾਲਾਂ ਵਿੱਚ ਭਰਤੀ ਹੋਏ ਸਨ।

ਜੁਲੀਆ ਫੈਕਟਰੀ ਵਿੱਚ ਕੰਮ ਨਹੀਂ ਕਰਦੀ ਸੀ। ਉਹ ਇੱਕ 20 ਕੁ ਸਾਲਾਂ ਦੀ ਗ੍ਰੈਜੂਏਟ ਦੀ ਵਿਦਿਆਰਥਣ ਹੈ, ਕੋਵਿਡ-19 ਮਹਾਂਮਾਰੀ ਕਾਰਨ ਆਪਣੀ ਯੂਨੀਵਰਸਿਟੀ ਬੰਦ ਹੋਣ ਕਾਰਨ ਉਹ ਘਰ ਵਾਪਸ ਆ ਗਈ।

ਉਸਦੇ ਮਾਤਾ-ਪਿਤਾ ਅਤੇ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਸਮਿੱਥਫੀਲਡ ਵਿੱਚ ਕੰਮ ਕਰਦੇ ਦੋ ਕਰਮਚਾਰੀਆਂ ਤੋਂ ਹੀ ਉਸ ਨੂੰ ਫੈਕਟਰੀ ਦੇ ਹਾਲਤ ਬਾਰੇ ਪਤਾ ਲੱਗਿਆ ਸੀ। ਉਹ ਫੈਕਟਰੀ ਵਰਕਰਾਂ ਦੇ ਕਈ ਬਾਲਗ ਬੱਚਿਆਂ ਵਿੱਚੋਂ ਇੱਕ ਹੈ-ਕਈ ਪਰਵਾਸੀਆਂ ਦੀ ਪਹਿਲੀ ਪੀੜ੍ਹੀ ਦੇ ਬੱਚੇ ਹਨ, ਕੁਝ ਖੁਦ ਨੂੰ ਸਮਿੱਥਫੀਲਡ ਦੇ ਬੱਚੇ ਕਹਿੰਦੇ ਹਨ-ਜਿਹੜੇ ਇਸ ਪ੍ਰਕੋਪ ਬਾਰੇ ਆਪਣੇ ਆਪ ਬੋਲਦੇ ਹਨ।

ਜੁਲੀਆ ਨੇ ਕਿਹਾ, ''ਮੇਰੇ ਮਾਤਾ-ਪਿਤਾ ਅੰਗਰੇਜ਼ੀ ਨਹੀਂ ਜਾਣਦੇ। ਉਹ ਆਪਣੀ ਗੱਲ ਨਹੀਂ ਰੱਖ ਸਕਦੇ। ਉਨ੍ਹਾਂ ਲਈ ਕਿਸੇ ਹੋਰ ਨੂੰ ਗੱਲ ਕਰਨੀ ਪੈਣੀ ਹੈ।''

ਉਸਦਾ ਪਰਿਵਾਰ ਸਿਓਕਸ ਫਾਲਜ਼ ਦੇ ਕਈ ਹੋਰ ਲੋਕਾਂ ਦੀ ਤਰ੍ਹਾਂ ਬਿਮਾਰ ਹੋਣ ਤੋਂ ਬਚਣ ਲਈ ਕੁਝ ਵੀ ਕਰ ਸਕਦਾ ਹੈ। ਜੁਲੀਆ ਦੇ ਮਾਤਾ-ਪਿਤਾ ਨੇ ਘਰ ਰਹਿਣ ਲਈ ਆਪਣੀਆਂ ਰਹਿੰਦੀਆਂ ਛੁੱਟੀਆਂ ਦੀ ਵਰਤੋਂ ਕੀਤੀ।

ਕੰਮ ਤੋਂ ਬਾਅਦ ਉਹ ਆਪਣੇ ਜੁੱਤੇ ਘਰ ਤੋਂ ਬਾਹਰ ਉਤਾਰ ਦਿੰਦੇ ਹਨ ਅਤੇ ਸਿੱਧੇ ਸ਼ਾਵਰ ਲੈਣ ਜਾਂਦੇ ਹਨ।

ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ

ਜੁਲੀਆ ਨੇ ਉਨ੍ਹਾਂ ਲਈ ਕੱਪੜੇ ਦੇ ਹੈੱਡਬੈਂਡ ਖਰੀਦੇ ਤਾਂ ਕਿ ਉਹ ਆਪਣਾ ਮੂੰਹ ਢਕ ਸਕਣ। ਜੁਲੀਆ ਲਈ ਮੀਡੀਆ ਨੂੰ ਸੁਚੇਤ ਕਰਨਾ ਸਿਰਫ਼ ਉਨ੍ਹਾਂ ਸਾਰਿਆਂ ਨੂੰ ਸਿਹਤਮੰਦ ਰੱਖਣ ਦੀ ਕੋਸ਼ਿਸ਼ ਲਈ ਅਗਲਾ ਸਹੀ ਕਦਮ ਸੀ ਜੋ ਕਿ ਪਲਾਂਟ ਨੂੰ ਬੰਦ ਕਰਨ ਅਤੇ ਉਸਦੇ ਮਾਤਾ-ਪਿਤਾ ਨੂੰ ਘਰ ਵਿੱਚ ਰਹਿਣ ਲਈ ਜਨਤਕ ਦਬਾਅ ਬਣਾ ਕੇ ਕੀਤਾ ਗਿਆ ਸੀ।

ਉਸਨੇ ਲਗਭਗ ਤਿੰਨ ਹਫ਼ਤੇ ਚਿੰਤਾ ਵਿੱਚ ਬਿਤਾਏ ਕਿ ਜਿਸ ਫ਼ੈਕਟਰੀ ਵਿੱਚ ਉਸ ਦੇ ਪਿਤਾ ਜਾਂਦੇ ਹਨ ਉੱਥੋਂ ਉਨ੍ਹਾਂ ਨੂੰ ਲਾਗ ਹੋ ਸਕਦੀ ਹੈ ਪਰ ਨੌਕਰੀ ਛੱਡ ਵੀ ਨਹੀਂ ਸਕਦੇ।

ਪ੍ਰੋਡਕਸ਼ਨ ਲਾਈਨਾਂ ਵਿੱਚ ਉਨ੍ਹਾਂ ਨੂੰ ਆਪਣੇ ਸਾਥੀ ਕਾਮਿਆਂ ਦੇ ਨਾਲ-ਨਾਲ ਰਹਿ ਕੇ ਕੰਮ ਕਰਨਾ ਪੈਂਦਾ ਸੀ।

ਉਸ ਸਮੇਂ ਦੌਰਾਨ ਸਮਿੱਥਫੀਲਡ ਕਰਮਚਾਰੀਆਂ ਵਿਚਕਾਰ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੌਲੀ-ਹੌਲੀ 80 ਤੋਂ ਵਧ ਕੇ 190 ਅਤੇ ਫਿਰ 230 ਤੱਕ ਅੱਪੜ ਗਈ।

15 ਅਪ੍ਰੈਲ ਨੂੰ ਜਦੋਂ ਸਮਿੱਥਫੀਲਡ ਪਲਾਂਟ ਦੱਖਣੀ ਡਕੋਟਾ ਸੂਬੇ ਦੇ ਗਵਰਨਰ ਦੇ ਦਬਾਅ ਨਾਲ ਬੰਦ ਹੋਇਆ ਤਾਂ ਇਹ ਪਲਾਂਟ ਅਮਰੀਕਾ ਦਾ ਸਭ ਤੋਂ ਵੱਡਾ ਹੌਟਸਪਾਟ ਬਣ ਚੁੱਕਿਆ ਸੀ। ਜਿੱਥੋਂ 644 ਮਾਮਲਿਆਂ ਦੀ ਪੁਸ਼ਟੀ ਹੋਈ ਸੀ।

ਕੁੱਲ ਮਿਲਾ ਕੇ ਰਾਜ ਵਿੱਚ ਸੰਕਰਮਣ ਦੇ 55 ਫੀਸਦੀ ਮਾਮਲਿਆਂ ਲਈ ਸਮਿੱਥਫੀਲਡ ਜ਼ਿੰਮੇਵਾਰ ਹੈ। ਇੱਥੇ ਪ੍ਰਤੀ ਵਿਅਕਤੀ ਮਰੀਜ਼ਾਂ ਦੀ ਗਿਣਤੀ ਬਾਕੀ ਸੂਬਿਆਂ ਨਾਲੋਂ ਸਭ ਤੋਂ ਵਧੇਰੇ ਹੈ।

ਸਮਿੱਥਫੀਲਡ ਦੇ ਪਹਿਲੇ ਕਰਮਚਾਰੀ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਉਸਦੀ ਪਤਨੀ ਐਂਜੇਲਿਤਾ ਨੇ ਬੀਬੀਸੀ ਨੂੰ ਦੱਸਿਆ, ''ਉਸ ਨੂੰ ਉੱਥੇ ਲਾਗ ਲੱਗੀ। ਇਸ ਤੋਂ ਪਹਿਲਾਂ ਉਹ ਤੰਦਰੁਸਤ ਸੀ। ਮਰਨ ਵਾਲਿਆਂ ਵਿੱਚ ਮੇਰੇ ਪਤੀ ਇਕੱਲੇ ਨਹੀਂ ਹੋਣਗੇ।''

ਰਿਪਬਲਿਕਨ ਪਾਰਟੀ ਦੀ ਅਗਵਾਈ ਵਾਲੇ ਸੂਬੇ ਵਿੱਚ ਸਥਿਤ ਸਮਿੱਥਫੀਲਡ ਪੋਰਕ ਪਲਾਂਟ ਜੋ ਅਮਰੀਕਾ ਦੇ ਵੱਡੇ ਪੰਜ ਪਲਾਂਟਾਂ ਵਿੱਚੋਂ ਇੱਕ ਹੈ। ਫਿਰ ਵੀ ਇੱਥੋਂ ਦੇ ਅਧਿਕਾਰੀਆਂ ਨੇ ਗ਼ਰੀਬ ਕਰਮਚਾਰੀਆਂ ਦੀ ਸੁਰੱਖਿਆ ਲਈ ਕੋਈ ਹੁਕਮ ਜਾਰੀ ਨਹੀਂ ਕੀਤੇ। ਜਦਕਿ ਦੁਨੀਆਂ ਦੇ ਵੱਡੇ-ਵੱਡੇ ਅਧਿਕਾਰੀ ਆਪਣੇ ਘਰਾਂ ਵਿੱਚ ਬੈਠੇ ਹਨ।

ਸਮਿੱਥਫੀਲਡ ਵਰਗੇ ਫੂਡ ਇੰਡਸਟਰੀ ਦੇ ਵਰਕਰਾਂ ਨੂੰ 'ਲਾਜ਼ਮੀ' ਸੇਵਾਵਾਂ ਵਿੱਚ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਫਰੰਟ ਲਾਈਨ 'ਤੇ ਜ਼ਰੂਰ ਰਹਿਣਾ ਹੈ।

ਬਰੂਕਿੰਗਜ਼ ਇੰਸਟੀਚਿਊਟ ਵਿੱਚ ਇੱਕ ਫੈਲੋ ਆਦਿ ਤੋਮਰ ਨੇ ਕਿਹਾ, ''ਸਮੁੱਚੇ ਅਮਰੀਕਾ ਵਿੱਚ ਔਸਤ ਨੌਕਰੀਆਂ ਦੀ ਤੁਲਨਾ ਵਿੱਚ ਇਨ੍ਹਾਂ ਲਾਜ਼ਮੀ ਸੇਵਾਵਾਂ ਦੇ ਵਰਕਰਾਂ ਨੂੰ ਘੱਟ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਲਈ ਘਰੇਲੂ ਸਿਹਤ ਸਹਾਇਕ, ਕੈਸ਼ੀਅਰ-ਬਿਲਕੁਲ ਲਾਜ਼ਮੀ ਸੇਵਾਵਾਂ ਹਨ ਜੋ ਫਰੰਟ ਲਾਈਨ 'ਤੇ ਹਨ, ਇਨ੍ਹਾਂ ਨੂੰ ਫਿਜ਼ੀਕਲ ਰੂਪ ਵਿੱਚ ਕੰਮ ਕਰਨ ਲਈ ਰਿਪੋਰਟ ਕਰਨਾ ਪਵੇਗਾ।''

''ਉਹ ਸਮੁੱਚੀ ਕਾਰਜਸ਼ੀਲ ਆਬਾਦੀ ਦੀ ਤੁਲਨਾ ਵਿੱਚ ਮੁੱਖ ਰੂਪ ਨਾਲ ਅਫ਼ਰੀਕਾ, ਅਮਰੀਕਾ ਜਾਂ ਹਿਸਪੈਨਿਕ (ਅਮਰੀਕਾ ਵਿੱਚ ਸਪੈਨਿਸ਼ ਭਾਸ਼ਾ ਬੋਲਣ ਵਾਲੇ ਲੋਕ) ਹਨ।''

ਪਲਾਂਟ ਵਿੱਚ ਵੱਖ-ਵੱਖ 80 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਔਸਤ ਪ੍ਰਤੀ ਘੰਟਾ ਮਜ਼ਦੂਰੀ ਦਾ ਅਨੁਮਾਨ 14-16 ਡਾਲਰ ਪ੍ਰਤੀ ਘੰਟੇ ਹੈ। ਕੰਮ ਦੇ ਘੰਟੇ ਜ਼ਿਆਦਾ ਹੁੰਦੇ ਹਨ ਅਤੇ ਕੰਮ ਮੁਸ਼ਕਿਲ ਹੁੰਦਾ ਹੈ।

ਬੀਬੀਸੀ ਨੇ ਅੱਧਾ ਦਰਜਨ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਉਹ ਰੁਜ਼ਗਾਰ ਤੇ ਸਿਹਤ ਵਿੱਚੋਂ ਕਿਸੇ ਇੱਕ ਦੀ ਚੋਣ ਨਹੀਂ ਕਰ ਸਕਦੇ ਸਨ।

ਇੱਕ 25 ਸਾਲਾ ਕਰਮਚਾਰੀ ਨੇ ਕਿਹਾ, ''ਮੈਂ ਬਹੁਤ ਸਾਰੇ ਬਿੱਲ ਦੇਣੇ ਹੁੰਦੇ ਹਨ। ਜਲਦੀ ਹੀ ਸਾਡੇ ਘਰ ਬੱਚਾ ਆਉਣ ਵਾਲਾ ਹੈ। ਜੇਕਰ ਮੈਂ ਪਾਜ਼ੇਟਿਵ ਪਾਇਆ ਗਿਆ, ਮੈਂ ਬਹੁਤ ਡਰਿਆ ਹੋਇਆ ਹਾਂ ਤਾਂ ਮੈਂ ਆਪਣੀ ਪਤਨੀ ਨੂੰ ਨਹੀਂ ਬਚਾ ਸਕਾਂਗਾ।''

ਦੇਸ ਭਰ ਵਿੱਚ ਫੂਡ ਪ੍ਰੋਸੈਸਿੰਗ ਪਲਾਂਟ ਕੋਰੋਨਾਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਹਨ । ਇਸ ਨਾਲ ਦੇਸ਼ ਦੀ ਖੁਰਾਕ ਸਪਲਾਈ ਦੀ ਰੀੜ੍ਹ ਟੁੱਟ ਸਕਦੀ ਹੈ।

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਕੋਲੋਰਾਡੋ ਵਿੱਚ ਇੱਕ ਜੇਸੀਬੀ ਮੀਟ ਪੈਕਿੰਗ ਪਲਾਂਟ ਵਿੱਚ ਪੰਜ ਮੌਤਾਂ ਹੋਈਆਂ ਅਤੇ ਉਸਦੇ 103 ਕਰਮਚਾਰੀਆਂ ਨੂੰ ਲਾਗ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਆਯੋਵਾ ਵਿੱਚ ਇੱਕ ਟਾਇਸਨ ਫੂਡਜ਼ ਪਲਾਂਟ ਵਿੱਚ ਦੋ ਕਰਮਚਾਰੀਆਂ ਦੀ ਮੌਤ ਹੋ ਗਈ, ਜਦੋਂ ਕਿ 148 ਹੋਰ ਬਿਮਾਰ ਹੋ ਗਏ ਹਨ।

ਸਿਓਕਸ ਫਾਲਜ਼ ਵਿੱਚ ਇੱਕ ਵੱਡੀ ਮੀਟ ਪ੍ਰੋਸੈਸਿੰਗ ਪਲਾਂਟ ਨੂੰ ਬੰਦ ਕਰਨ ਨਾਲ ਵੱਡੇ ਪੱਧਰ 'ਤੇ ਮੁਸ਼ਕਿਲ ਆ ਰਹੀ ਹੈ। ਕਿਸਾਨ ਆਪਣੇ ਪਸ਼ੂ ਨਹੀਂ ਵੇਚ ਪਾ ਰਹੇ। ਲਗਪਗ 550 ਸੂਰ ਫਾਰਮ ਆਪਣੇ ਸੂਰਾਂ ਨੂੰ ਸਿਓਕਸ ਫਾਲਜ਼ ਪਲਾਂਟ ਵਿੱਚ ਭੇਜਦੇ ਹਨ।

ਜਦੋਂ ਸ਼ਟਡਾਊਨ ਦਾ ਐਲਾਨ ਕੀਤਾ ਤਾਂ ਸਮਿੱਥਫੀਲਡ ਦੇ ਸੀਈਓ ਸੁਲੀਵੈਨ ਨੇ ਮੀਟ ਦੀ ਸਪਲਾਈ ਲਈ 'ਗੰਭੀਰ, ਸ਼ਾਇਦ ਵਿਨਾਸ਼ਕਾਰੀ ਨਤੀਜਿਆਂ' ਦੀ ਚਿਤਾਵਨੀ ਦਿੱਤੀ।

ਪਰ ਸਮਿੱਥਫੀਲਡ ਦੇ ਕਰਮਚਾਰੀਆਂ ਅਨੁਸਾਰ ਉਨ੍ਹਾਂ ਦੀ ਯੂਨੀਅਨ ਦੇ ਪ੍ਰਤੀਨਿਧੀਆਂ ਅਤੇ ਸਿਓਕਸ ਫਾਲਜ਼ ਵਿੱਚ ਰਹਿਣ ਵਾਲੇ ਪਰਵਾਸੀ ਉਨ੍ਹਾਂ ਦਾ ਸਮਰਥਨ ਕਰਦੇ ਹਨ ਕਿ ਪਲਾਂਟ ਬੰਦ ਹੋਣ ਕਾਰਨ ਵਾਇਰਸ ਫੈਲਣ ਤੋਂ ਬਚਾਅ ਰਿਹਾ।

ਉਹ ਦੋਸ਼ ਲਗਾਉਂਦੇ ਹਨ ਕਿ ਵਿਅਕਤੀਗਤ ਸੁਰੱਖਿਆ ਉਪਕਰਨਾਂ ਲਈ ਉਨ੍ਹਾਂ ਦੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਬਿਮਾਰ ਕਰਮਚਾਰੀਆਂ ਨੂੰ ਕੰਮ ’ਤੇ ਬੁਲਾਇਆ ਗਿਆ। ਵਾਇਰਸ ਦੇ ਫੈਲਣ ਦੀ ਜਾਣਕਾਰੀ ਲੁਕਾ ਕੇ ਰੱਖੀ ਗਈ। ਜਦੋਂ ਤੱਕ ਕਿ ਬੀਮਾਰੀ ਪਰਿਵਾਰਾਂ ਵਿੱਚ ਫੈਲਣ ਦਾ ਖ਼ਤਰਾ ਨਾ ਪੈਦਾ ਹੋ ਗਿਆ।

ਸਪੈਨਿਸ਼ ਭਾਸ਼ਾ ਦੇ ਅਖ਼ਬਾਰ 'ਕਿਊ ਪਾਸਾ ਸਿਓਕਸ ਫਾਲਜ਼' ਦੀ ਸੰਸਥਾਪਕ ਨੈਨਸੀ ਰੇਨੋਜ਼ਾ ਨੇ ਕਿਹਾ ਕਿ ਉਹ ਸਮਿੱਥਫੀਲਡ ਦੇ ਵਰਕਰਾਂ ਤੋਂ ਹਫ਼ਤੇ ਤੋਂ ਉਨ੍ਹਾਂ ਦੀਆਂ ਪਰੇਸ਼ਾਨੀਆਂ ਸੁਣ ਰਹੀ ਹੈ।

ਉਨ੍ਹਾਂ ਨੇ ਕਿਹਾ, ''ਜੇਕਰ ਸਰਕਾਰ ਚਾਹੁੰਦੀ ਹੈ ਕਿ ਕੰਪਨੀ ਖੁੱਲ੍ਹੀ ਰਹੇ ਤਾਂ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਕਿ ਇਹ ਕੰਪਨੀਆਂ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਕੀ ਕਰ ਰਹੀਆਂ ਹਨ?''

ਬੀਬੀਸੀ ਨੇ ਸਮਿੱਥਫੀਲਡ ਨੂੰ ਸਵਾਲਾਂ ਅਤੇ ਵਰਕਰਾਂ ਦੇ ਦੋਸ਼ਾਂ ਦੀ ਇੱਕ ਵਿਸਥਾਰਤ ਰਿਪੋਰਟ ਸੌਂਪੀ ਪਰ ਉਨ੍ਹਾਂ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ।

ਬਿਆਨ ਵਿੱਚ ਕਿਹਾ ਗਿਆ, ''ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਰੂਰੀ ਸਾਡੇ ਕਰਮਚਾਰੀਆਂ ਅਤੇ ਸਮੁਦਾਏ ਦੀ ਸਿਹਤ ਅਤੇ ਸੁਰੱਖਿਆ ਸਾਡੀ ਰੋਜ਼ਾਨਾ ਦੀ ਸਰਵੋਤਮ ਤਰਜੀਹ ਹੈ।''

''ਫਰਵਰੀ ਦੀ ਸ਼ੁਰੂਆਤ ਵਿੱਚ ਅਸੀਂ ਵਿਸਥਾਰਤ ਪ੍ਰਕਿਰਿਆ ਅਤੇ ਪ੍ਰੋਟੋਕੋਲ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ ਅਤੇ ਮਾਰਚ ਦੀ ਸ਼ੁਰੂਆਤ ਤੋਂ ਅਸੀਂ ਆਪਣੇ ਸੰਚਾਲਨ ਵਿੱਚ ਕਿਸੇ ਵੀ ਸੰਭਾਵਿਤ ਕੋਵਿਡ-19 ਮਾਮਲੇ ਨੂੰ ਪ੍ਰਭਾਵੀ ਢੰਗ ਨਾਲ ਪ੍ਰਬੰਧਿਤ ਕਰਨ ਲਈ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਦੇ ਸਖ਼ਤ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਹੈ।''

ਇਸ ਪ੍ਰਕੋਪ ਨੇ ਜੂਲੀਆ ਵਰਗੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉਸਦੇ ਮਾਪੇ ਆਪਣੀਆਂ ਨੌਕਰੀਆਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਰਹੇ ਹਨ।

ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ, ''ਮੇਰੇ ਲਈ ਮੇਰੇ ਮਾਪੇ ਹੀ ਸਭ ਕੁਝ ਹਨ। ਮੈਨੂੰ ਆਪਣੇ ਜੀਵਨ ਵਿੱਚ ਉਨ੍ਹਾਂ ਦੇ ਨਾ ਹੋਣ ਬਾਰੇ ਸੋਚਣਾ ਪਵੇਗਾ।''

''ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਕੀ ਹੋ ਰਿਹਾ ਹੈ, ਇਸ ਲਈ ਕੰਪਨੀ ਜੋ ਕੁਝ ਨਹੀਂ ਕਰ ਰਹੀ, ਇਹ ਉਸਦਾ ਸਬੂਤ ਹੈ।''

ਅਹਿਮਦ ਨੇ ਪਹਿਲੀ ਵਾਰ ਸਮਿੱਥ ਫੀਲਡ ਵਿੱਚ ਆਪਣੀ ਇੱਕ ਸ਼ਿਫਟ ਦੌਰਾਨ ਨੀਲਾ ਨੂੰ ਦੇਖਿਆ ਸੀ। ਉਸਨੂੰ ਉਸਦੀ ਚਮੜੀ ਦਾ ਰੰਗ ਪਸੰਦ ਸੀ ਅਤੇ ਨੀਲਾ ਨੂੰ ਉਸਦਾ ਹਾਸਾ ਪਸੰਦ ਸੀ। ਜਦੋਂ ਅਹਿਮਦ ਨੇ ਉਸ ਬਾਰੇ ਪੁੱਛਣਾ ਸ਼ੁਰੂ ਕੀਤਾ ਤਾਂ ਅਹਿਮਦ ਨੂੰ ਪਤਾ ਲੱਗਿਆ ਕਿ ਉਹ ਦੋਵੇਂ ਈਥੋਪੀਆ ਦੇ ਇੱਕ ਹੀ ਪਿੰਡ ਤੋਂ ਹਨ ਅਤੇ ਉਹ ਦੋਵੇਂ ਇੱਕ ਹੀ ਭਾਸ਼ਾ 'ਓਰੋਮੋ' ਬੋਲਦੇ ਸਨ।

ਅਹਿਮਦ ਨੇ ਕਿਹਾ, ''ਵਾਹ, ਮੈਂ ਬਹੁਤ ਉਤਸ਼ਾਹਿਤ ਹਾਂ। ਮੈਂ ਬਰੇਕ ਦੌਰਾਨ ਉਸਨੂੰ ਲੱਭਦਾ ਰਹਿੰਦਾ ਹਾਂ ਕਿ ਉਹ ਕਿੱਥੇ ਕੰਮ ਕਰਦੀ ਹੈ।''

ਅਹਿਮਦ ਨੀਲਾ ਨੂੰ ਇੱਕ ਟਰੈਂਡੀ ਜਿਹੇ ਨਵੇਂ ਰੈਸਟਰੋਰੈਂਟ ਵਿੱਚ ਲੈ ਗਿਆ। ਉਹ ਵਿਸਕੌਨਸਿਨ ਡੇਲਜ਼ ਵਿੱਚ ਇੱਕ ਹਫ਼ਤੇ ਦੀ ਛੁੱਟੀ ਲਈ ਚਲੇ ਗਏ। ਉਨ੍ਹਾਂ ਨੇ ਬਾਅਦ ਵਿੱਚ ਵਿਆਹ ਵੀ ਕਰਵਾ ਲਿਆ।

ਹੁਣ ਨੀਲਾ ਦੇ ਪਹਿਲਾ ਬੱਚਾ ਹੋਣ ਵਾਲਾ ਹੈ, ਉਹ ਅੱਠ ਮਹੀਨੇ ਦੀ ਗਰਭਵਤੀ ਹੈ। ਹਾਲਾਂਕਿ ਉਸਨੇ ਦਸੰਬਰ ਵਿੱਚ ਸਮਿੱਥਫੀਲਡ ਨੂੰ ਛੱਡ ਦਿੱਤਾ ਸੀ, ਪਰ ਪ੍ਰਕੋਪ ਦੇ ਦੌਰਾਨ ਬਾਵਜੂਦ ਲਾਗ ਦੇ ਡਰ ਦੇ ਅਹਿਮਦ ਨੇ ਕੰਮ 'ਤੇ ਜਾਣਾ ਜਾਰੀ ਰੱਖਿਆ।

ਜਣੇਪਾ ਨੇੜੇ ਆਉਣ ’ਤੇ ਅਹਿਮਦ ਨੇ ਉਸਦੀ ਮਦਦ ਕਰਨੀ ਸੀ ਅਤੇ ਉਹ ਇੱਕ ਦੂਜੇ ਤੋਂ ਵੱਖਰੇ ਨਹੀਂ ਰਹਿ ਸਕਦੇ।

ਅਹਿਮਦ ਨੇ ਦੱਸਿਆ ਕਿ ਪਲਾਂਟ ਵਿੱਚ ਉਸਦੇ ਦੋ ਦੋਸਤਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਫਿਰ ਉਸ ਵਿੱਚ ਵੀ ਇਹ ਲੱਛਣ ਸ਼ੁਰੂ ਹੋ ਗਏ।

ਨੀਲਾ ਕਹਿੰਦੀ ਹੈ, 'ਸਮਿੱਥਫੀਲਡ ਵਾਲੇ ਆਪਣੇ ਕਰਮਚਾਰੀਆਂ ਦੀ ਪਰਵਾਹ ਨਹੀਂ ਕਰਦੇ ਹਨ। ਬਸ ਉਨ੍ਹਾਂ ਨੂੰ ਸਿਰਫ਼ ਆਪਣੇ ਪੈਸੇ ਦੀ ਫਿਕਰ ਹੈ।''

ਸਿਓਕਸ ਫਾਲਜ਼ ਏਐੱਫਐੱਲ-ਸੀਆਈਓ ਦੇ ਪ੍ਰਧਾਨ ਕੌਪਰ ਕੈਰਾਵੇ ਅਨੁਸਾਰ ਯੂਨੀਅਨ ਨੇ ਮਾਰਚ ਦੀ ਸ਼ੁਰੂਆਤ ਵਿੱਚ ਸਮਿੱਥਫੀਲਡ ਦੀ ਮੈਨੇਜਮੈਂਟ ਨੂੰ ਵਰਕਰਾਂ ਦੀ ਸੁਰੱਖਿਆ ਵਧਾਉਣ ਲਈ ਕਈ ਉਪਾਅ ਕਰਨ ਦੀ ਬੇਨਤੀ ਕੀਤੀ ਸੀ।

ਜਿਸ ਵਿੱਚ ਸ਼ਿਫਟਾਂ ਦੇ ਸਮੇਂ ਵਿੱਚ ਤਬਦੀਲੀ ਅਤੇ ਦੁਪਹਿਰ ਦੇ ਭੋਜਨ ਦਾ ਸਮਾਂ ਵੀ ਸ਼ਾਮਲ ਸੀ ਕਿਉਂਕਿ ਇੱਕ ਹੀ ਵਾਰ ਫੈਕਟਰੀ ਦੇ ਕੈਫੇਟੇਰੀਆ ਵਿੱਚ 500 ਵਰਕਰ ਇਕੱਠੇ ਹੋ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਾਸਕ ਅਤੇ ਓਵਰਕੋਟ, ਫੈਕਟਰੀ ਵਿੱਚ ਅੰਦਰ ਜਾਣ 'ਤੇ ਤਾਪਮਾਨ ਦੀ ਜਾਂਚ ਅਤੇ ਸਵੱਛਤਾ ਬਣਾਉਣ ਵਰਗੇ ਉਪਾਅ ਕਰਨ ਦੀ ਮੰਗ ਵੀ ਕੀਤੀ ਸੀ।

ਕੈਰਾਵੇ ਨੇ ਕਿਹਾ, ''ਇਹ ਪਲਾਂਟ ਵਿੱਚ ਕੋਈ ਪੌਜ਼ਿਟਿਵ ਕੇਸ ਆਉਣ ਤੋਂ ਪਹਿਲਾਂ ਦੀ ਗੱਲ ਹੈ, ਪਰ ਮੈਨੇਜਮੈਂਟ ਨੇ ਵਰਕਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।''

ਸਮਿੱਥਫੀਲਡ ਕੌਣ ਹੈ?

  • ਵਿਸ਼ਵ ਦਾ ਸਭ ਤੋਂ ਵੱਡਾ ਸੂਰ ਉਤਪਾਦਕ ਹੈ।
  • 1936 ਵਿੱਚ ਸਮਿੱਥਫੀਲਡ, ਵਰਜੀਨੀਆ ਵਿੱਚ ਸਥਾਪਨਾ ਕੀਤੀ।
  • ਚੀਨੀ ਕੰਪਨੀ ਡਬਲਯੂਐੱਚ ਗਰੁੱਪ ਲਿਮਟਿਡ ਇਸ ਦੀ ਮਾਲਕ ਹੈ, ਸੀਈਓ ਬਿਲਿਅਨ ਵਾਨ ਲੌਂਗ ਹਨ।
  • 54,000 ਤੋਂ ਜ਼ਿਆਦਾ ਕਰਮਚਾਰੀ ਅਤੇ 15 ਬਿਲੀਅਨ ਡਾਲਰ ਵਿਕਰੀ (2018 ਵਿੱਚ)।
  • ਇਸ ਦੀਆਂ ਸੁਵਿਧਾਵਾਂ ਜਰਮਨੀ, ਰੋਮਾਨੀਆ, ਮੈਕਸੀਕੋ, ਪੋਲੈਂਡ ਅਤੇ ਯੂਕੇ ਵਿੱਚ ਸਥਿਤ ਹਨ।

ਟਿਮ ਸਮਿੱਥਫੀਲਡ ਦਾ ਇੱਕ ਨਵਾਂ ਕਰਮਚਾਰੀ ਸੀ, ਅਜੇ ਓਰੀਐਂਟੇਸ਼ਨ ਹੀ ਚੱਲ ਰਹੀ ਸੀ ਜਦੋਂ ਉਸਨੇ ਆਪਣੇ ਨਾਲ ਬੈਠੇ ਕਿਸੇ ਵਿਅਕਤੀ ਤੋਂ ਪਹਿਲੇ ਮਾਮਲੇ ਬਾਰੇ ਸੁਣਿਆ। ਉਸ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਕਿਵੇਂ ਕੰਪਨੀ ਨੇ ਉਸ ਤੋਂ ਬਾਅਦ ਕੋਈ ਕਦਮ ਨਹੀਂ ਸੀ ਚੁੱਕਿਆ।

ਫਿਰ 8 ਅਪ੍ਰੈਲ ਨੂੰ ਦੱਖਣੀ ਡਕੋਟਾ ਰਾਜ ਦੇ ਸਿਹਤ ਵਿਭਾਗ ਦੀ ਟੀਮ ਨੇ ਪੁਸ਼ਟੀ ਕੀਤੀ ਕਿ ਪਲਾਂਟ ਵਿੱਚ ਕੋਰੋਨਵਾਵਾਇਰਸ ਦੇ 80 ਮਾਮਲੇ ਸਨ। ਕਈ ਕਰਮਚਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ, ਪਰ ਸਮਿੱਥਫੀਲਡ ਮੈਨੇਜਮੈਂਟ ਨੇ ਕੁਝ ਨਹੀਂ ਦੱਸਿਆ।

ਜੁਲੀਆ ਦੀ ਮਾਂ ਹੈਲਨ ਨੇ ਕਿਹਾ, ''ਮੈਨੂੰ ਇਹ ਮੇਰੇ ਸਹਿਕਰਮੀਆਂ ਨੇ ਦੱਸਿਆ ਕਿ ਮੇਰੇ ਵਿਭਾਗ ਵਿੱਚ ਕੁਝ ਲੋਕ ਵਾਇਰਸ ਦਾ ਸ਼ਿਕਾਰ ਹਨ।''

ਫੈਕਟਰੀ ਦੇ ਮੁੱਖ ਗੇਟ 'ਤੇ ਇੱਕ ਚਿੱਟੇ ਟੈਂਟ ਹੇਠ ਇੱਕ ਤਾਪਮਾਨ ਚੈਕਿੰਗ ਸਟੇਸ਼ਨ ਬਣਾਇਆ ਗਿਆ ਸੀ, ਪਰ ਰੇਜ਼ੋਨਾ ਅਤੇ ਕੈਰਾਵੇ ਦੋਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਜ਼ਿਆਦਾ ਤਾਪਮਾਨ ਵਾਲੇ ਵਰਕਰਾਂ ਨੂੰ ਉਸ ਤਰ੍ਹਾਂ ਹੀ ਫੈਕਟਰੀ ਵਿੱਚ ਆਉਣ ਦਿੱਤਾ ਜਾਂਦਾ ਸੀ। ਹੈਲਨ ਅਨੁਸਾਰ ਵਰਕਰ ਤਾਪਮਾਨ ਜਾਂਚ ਤੋਂ ਬਚ ਵੀ ਸਕਦੇ ਸਨ।

ਸਮਿੱਥਫੀਲਡ ਨੇ ਕਈ ਹੋਰ ਤਬਦੀਲੀਆਂ ਦੀ ਵੀ ਸ਼ੁਰੂਆਤ ਕੀਤੀ ਜਿਵੇਂ ਕਿ ਲੰਚ ਟੇਬਲਾਂ ਦੇ ਚਾਰੋ ਪਾਸੇ ਕਾਰਡਬੋਰਡ ਦੇ ਕਿਊਬੀਕਲਾਂ ਦਾ ਨਿਰਮਾਣ ਕਰਨਾ ਤਾਂ ਕਿ ਵਰਕਰਾਂ ਵਿੱਚ ਫਾਸਲਾ ਬਣਾਇਆ ਜਾ ਸਕੇ, ਸ਼ਿਫਟਾਂ ਵਿੱਚ ਤਬਦੀਲੀਆਂ ਕੀਤੀਆਂ ਅਤੇ ਹੈਂਡ ਸੈਨੇਟਾਈਜ਼ਰ ਸਟੇਸ਼ਨ ਬਣਾ ਦਿੱਤੇ।

ਪਰ ਕਈ ਵਰਕਰਾਂ ਨੇ ਕਿਹਾ ਅਤੇ ਆਪਣੀਆਂ ਗੱਲਾਂ ਦੀ ਪੁਸ਼ਟੀ ਕਰਨ ਲਈ ਬੀਬੀਸੀ ਨੂੰ ਤਸਵੀਰਾਂ ਭੇਜੀਆਂ ਕਿ ਜੋ ਵਿਅਕਤੀਗਤ ਸੁਰੱਖਿਆ ਉਪਕਰਨ ਆਏ ਜੋ ਸਰਜੀਕਲ ਜਾਂ N-95 ਮਾਸਕ ਵਾਂਗ ਹਵਾ ਵਿੱਚ ਮੌਜੂਦ ਕਣਾਂ ਤੋਂ ਬਚਾਅ ਨਹੀਂ ਕਰਦੇ ਹਨ।

ਸਮਿੱਥਫੀਲਡ ਨੇ ਵਰਕਰਾਂ ਲਈ ਕੀ ਕੋਈ ਪੀਪੀਈ ਉਪਲੱਬਧ ਕਰਾਇਆ ਗਿਆ ਹੈ ਜਾਂ ਨਹੀਂ, ਇਸ ਬਾਰੇ ਕੋਈ ਹੋਰ ਵਿਵਰਣ ਨਹੀਂ ਦਿੱਤਾ। ਇਸਦੇ ਬਜਾਏ ਉਨ੍ਹਾਂ ਨੇ ਲਿਖਿਆ, ''ਸਪਲਾਈ ਚੇਨ 'ਤੇ ਜ਼ਿਆਦਾ ਦਬਾਅ ਨੂੰ ਦੇਖਦੇ ਹੋਏ ਅਸੀਂ ਥਰਮਲ ਸਕੈਨਿੰਗ ਉਪਕਰਨ ਅਤੇ ਮਾਸਕ ਦੀ ਖਰੀਦ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਨ੍ਹਾਂ ਦੋਵਾਂ ਦੀ ਸਪਲਾਈ ਦੀ ਘਾਟ ਹੈ।''

'ਸਟਾਰ ਟ੍ਰਿਬਿਊਨ' ਅਨੁਸਾਰ, ਸਿਓਕਸ ਫਾਲਜ਼ ਤੋਂ 30 ਮਿੰਟ ਦੀ ਦੂਰੀ 'ਤੇ ਵਰਥਿੰਗਟਨ, ਮਿਨੀਸੋਟਾ ਵਿੱਚ ਜੇਬੀਐੱਸ ਪਲਾਂਟ ਵਿੱਚ ਯੂਨੀਅਨ ਪ੍ਰਤੀਨਿਧੀਆਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਵਰਕਰਾਂ ਨੂੰ 'ਗਲਵਜ਼, ਸਰਜੀਕਲ ਮਾਸਕ, ਫੇਸ ਸ਼ੀਲਡ, ਓਵਰਕੋਟ' ਉਪਲੱਬਧ ਕਰਵਾਏ ਹਨ। (ਸ਼ੁੱਕਰਵਾਰ ਨੂੰ ਸਾਹਮਣੇ ਆਇਆ ਕਿ ਜੇਬੀਐੱਸ ਵਿੱਚ 19 ਮਾਮਲਿਆਂ ਦੀ ਪੁਸ਼ਟੀ ਹੋਈ ਹੈ।)

ਟਾਇਸਨ ਫੂਡਜ਼ ਦੇ ਇੱਕ ਬੁਲਾਰੇ ਨੇ 'ਨਿਊਯਾਰਕ ਟਾਈਮਜ਼' ਨੂੰ ਦੱਸਿਆ ਕਿ ਉਨ੍ਹਾਂ ਦੀ ਨੀਤੀ ਕਰਮਚਾਰੀਆਂ ਨੂੰ ਸੂਚਿਤ ਕਰਨ ਦੀ ਹੈ ਕਿ ਕੀ ਉਹ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਜਿਸ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਹੈ।

ਕੁਝ ਕਰਮਚਾਰੀਆਂ ਨੇ ਪਲਾਂਟ ਵਿੱਚ ਆਪਣੇ ਖੁਦ ਦੇ ਮਾਸਕ ਲਿਆਉਣੇ ਸ਼ੁਰੂ ਕਰ ਦਿੱਤੇ। ਕਈਆਂ ਨੇ ਖੁਦ ਨੂੰ ਆਪਣੇ ਪਰਿਵਾਰਾਂ ਤੋਂ ਅਲੱਗ ਕਰਨਾ ਸ਼ੁਰੂ ਕਰ ਦਿੱਤਾ।

ਸਮਿੱਥਫੀਲਡ ਵਿੱਚ 12 ਸਾਲ ਤੋਂ ਕੰਮ ਕਰ ਰਹੇ ਕਾਲੇਬ ਨੇ ਬੀਬੀਸੀ ਨੂੰ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਉਸਨੇ ਖੁਦ ਨੂੰ ਆਪਣੀ ਪਤਨੀ, ਛੇ ਮਹੀਨਿਆਂ ਦੀ ਧੀ ਅਤੇ ਆਪਣੇ ਤਿੰਨ ਸਾਲ ਦੇ ਪੁੱਤਰ ਤੋਂ ਦੂਰ ਇੱਕ ਕਮਰੇ ਵਿੱਚ ਬੰਦ ਕਰ ਲਿਆ ਹੈ ਕਿਉਂਕਿ ਉਹ ਇਹ ਨਹੀਂ ਜਾਣ ਸਕਦਾ ਕਿ ਉਹ ਰੋਜ਼ਾਨਾ ਆਪਣੇ ਨਾਲ ਵਾਇਰਸ ਘਰ ਲਿਆ ਰਿਹਾ ਹੈ।

''ਮੈਂ ਆਪਣੇ ਦਰਵਾਜ਼ੇ ਦਾ ਕਮਰਾ ਬੰਦ ਕਰ ਲਿਆ ਹੈ ਅਤੇ ਮੇਰਾ ਛੋਟਾ ਪੁੱਤਰ ਆ ਕੇ ਦਰਵਾਜ਼ਾ ਖੜਕਾਉਂਦਾ ਹੈ ਅਤੇ ਕਹਿੰਦਾ ਹੈ, ''ਡੈਡੀ ਤੁਸੀਂ ਬਾਹਰ ਆਉਣਾ ਚਾਹੁੰਦੇ ਹੋ?'' ਤਾਂ ਮੈਂ ਕਹਿੰਦਾ ਹਾਂ, ''ਆਪਣੀ ਮਾਂ ਕੋਲ ਜਾਓ।''

''ਮੇਰੇ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਮੈਂ ਕੀ ਕਰ ਸਕਦਾ ਹਾਂ? ਮੈਂ ਆਪਣੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੁੰਦਾ ਹਾਂ।''

ਜੇਕਰ ਕਾਲੇਬ ਵਰਗੇ ਕਰਮਚਾਰੀ ਨੌਕਰੀ ਛੱਡ ਦੇਣ ਤਾਂ ਉਹ ਬੇਰੁਜ਼ਗਾਰੀ ਭੱਤੇ ਲਈ ਆਯੋਗ ਹੋਣਗੇ।

ਵਕੀਲ ਵੀਜ਼ਾ ਧਾਰਕਾਂ ਦੀ ਸੁਣਵਾਈ ਕਰ ਰਹੇ ਹਨ ਜੋ ਇਸ ਗੱਲੋਂ ਭੜਕ ਰਹੇ ਹਨ ਕਿ ਜੇ ਉਨ੍ਹਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕਰਨਾ ਹੈ ਤਾਂ ਸ਼ਾਇਦ ਉਨ੍ਹਾਂ ਨੂੰ 'ਜਨਤਕ ਅਪਰਾਧ' ਮੰਨਿਆ ਜਾ ਸਕਦਾ ਹੈ ਕਿਉਂਕਿ ਪਿਛਲੇ ਸਾਲ ਟਰੰਪ ਪ੍ਰਸ਼ਾਸਨ ਵੱਲੋਂ ਲਾਗੂ ਕੀਤੇ ਗਏ ਨਵੇਂ ਨਿਯਮ ਤਹਿਤ ਉਨ੍ਹਾਂ ਨੂੰ ਸਥਾਈ ਨਿਵਾਸ ਲਈ ਅਯੋਗ ਠਹਿਰਾਇਆ ਜਾ ਸਕਦਾ ਹੈ। (ਵੇਅਜ਼ ਐਂਡ ਮੀਨਜ਼ ਕਮੇਟੀ ਦੇ ਇੱਕ ਬੁਲਾਰੇ ਅਨੁਸਾਰ, ਬੇਰੁਜ਼ਗਾਰੀ ਭੱਤਾ ਇੱਕ 'ਹਾਸਲ ਲਾਭ' ਹੈ ਜੋ ਵੀਜ਼ਾ ਧਾਰਕਾਂ ਨੂੰ ਨਿਵਾਸ ਦੇ ਅਯੋਗ ਨਹੀਂ ਕਰੇਗਾ। )

ਕੋਰੋਨਾਵਾਇਰਸ ਸਹਾਇਤਾ, ਰਾਹਤ ਅਤੇ ਆਰਥਿਕ ਸੁਰੱਖਿਆ (ਕੇਅਰਜ਼) ਕਾਨੂੰਨ ਮਿਸ਼ਰਤ ਸਥਿਤੀ ਵਾਲੇ ਪਰਿਵਾਰ ਵਿੱਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਸ ਤੋਂ ਬਾਹਰ ਨਹੀਂ ਕਰਦਾ ਹੈ।

ਦੱਖਣੀ ਡਕੋਟਾ ਵੌਆਇਸ ਫਾਰ ਪੀਸ ਦੀ ਕਾਰਜਕਾਰੀ ਨਿਰਦੇਸ਼ਕ ਅਤੇ ਇਮੀਗ੍ਰੇਸ਼ਨ ਵਕੀਲ ਤਨੀਜ਼ਾ ਇਸਲਾਮ ਨੇ ਕਿਹਾ, ''ਉਹ ਕਿਸੇ ਵੀ ਚੀਜ਼ ਲਈ ਯੋਗ ਨਹੀਂ ਹਨ।''

''ਉਨ੍ਹਾਂ ਦੀ ਚੋਣ ਮੇਜ਼ 'ਤੇ ਭੋਜਨ ਹੋਣਾ, ਕੰਮ 'ਤੇ ਜਾਣਾ ਅਤੇ ਇਸ ਵਾਇਰਸ ਦਾ ਸਾਹਮਣਾ ਕਰਨ ਵਿਚਕਾਰ ਹੈ।''

9 ਅਪ੍ਰੈਲ ਨੂੰ 80 ਮਾਮਲਿਆਂ ਦੀ ਪੁਸ਼ਟੀ ਹੋਣ 'ਤੇ ਸਮਿੱਥਫੀਲਡ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਪਲਾਂਟ ਸੰਪੂਰਨ ਢੰਗ ਨਾਲ ਸਫ਼ਾਈ ਕਰਨ ਲਈ ਈਸਟਰ ਹਫ਼ਤੇ ਦੇ ਅੰਤ ਵਿੱਚ ਤਿੰਨ ਦਿਨਾਂ ਲਈ ਬੰਦ ਹੋ ਜਾਵੇਗਾ।

ਮੰਗਲਵਾਰ ਨੂੰ ਪੂਰੀ ਸਮਰੱਥਾ ਨਾਲ ਵਾਪਸ ਕੰਮ ਸ਼ੁਰੂ ਕਰੇਗਾ। ਕੰਪਨੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ''ਕੰਪਨੀ 11 ਅਪ੍ਰੈਲ ਤੋਂ ਪਲਾਂਟ ਦੇ ਇੱਕ ਵੱਡੇ ਹਿੱਸੇ ਵਿੱਚ ਸੰਚਾਲਨ ਬੰਦ ਕਰ ਦੇਵੇਗੀ ਅਤੇ 12 ਅਤੇ 13 ਅਪ੍ਰੈਲ ਨੂੰ ਪੂਰੀ ਤਰ੍ਹਾਂ ਸ਼ਟਰ ਬੰਦ ਕਰ ਦੇਵੇਗੀ।''

ਪਰ ਬੀਬੀਸੀ ਨੂੰ ਵਰਕਰਾਂ ਅਤੇ ਵਕੀਲਾਂ ਨਾਲ ਇੰਟਰਵਿਊ ਤੋਂ ਪਤਾ ਲੱਗਿਆ ਕਿ ਸਮਿੱਥਫੀਲਡ ਦੇ ਕਰਮਚਾਰੀਆਂ ਨੂੰ ਅਜੇ ਵੀ ਪੂਰੇ ਤਿੰਨ ਦਿਨਾਂ ਲਈ ਕੰਮ 'ਤੇ ਬੁਲਾਇਆ ਜਾ ਰਿਹਾ ਹੈ।

ਰੇਨੋਜ਼ਾ ਨੇ ਕੰਪਨੀ ਦੀ ਕਾਰਾਂ ਨਾਲ ਭਰੀ ਪਾਰਕਿੰਗ ਅਤੇ ਕਰਮਚਾਰੀਆਂ ਦੇ ਪਲਾਂਟ ਵਿੱਚ ਦਾਖਲ ਹੁੰਦਿਆਂ ਦੀ ਵੀਡਿਓ ਦਿਖਾਈ। ਕੈਰਾਵੇ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਪਲਾਂਟ ਲਗਭਗ 60-65 ਫੀਸਦੀ ਸਮਰੱਥਾ 'ਤੇ ਚੱਲ ਰਿਹਾ ਸੀ, ਜਿਸਦਾ ਮਤਲਬ ਹੈ ਕਿ ਸੈਂਕੜੇ ਵਰਕਰ ਅਜੇ ਵੀ ਕੰਮ 'ਤੇ ਜਾ ਰਹੇ ਹਨ।

ਟਿਮ ਨੇ ਸੋਮਵਾਰ ਨੂੰ ਈਸਟਰ ਹਫ਼ਤੇ ਦੇ ਬਾਅਦ ਬੀਬੀਸੀ ਨੂੰ ਦੱਸਿਆ, ''ਮੈਂ ਅਜੇ ਤੱਕ ਕੰਮ ਕਰਨਾ ਬੰਦ ਨਹੀਂ ਕੀਤਾ ਹੈ। ਮੈਂ ਸ਼ੁੱਕਰਵਾਰ, ਸ਼ਨਿਵਾਰ, ਐਤਵਾਰ ਨੂੰ ਕੰਮ ਕੀਤਾ ਅਤੇ ਉਹ ਚਾਹੁੰਦੇ ਹਨ ਕਿ ਮੈਂ ਅੱਜ ਵਾਪਸ ਆਵਾਂ। ਮੈਂ ਡਰਿਆ ਹੋਇਆ ਹਾਂ। ਇਸਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਪਰ ਮੈਂ ਆਪਣੇ ਚਾਰ ਬੱਚਿਆਂ ਦੀ ਸੰਭਾਲ ਕਰਨੀ ਹੈ। ਉਹ ਆਮਦਨ ਜਿਹੜੀ ਮੇਰੇ ਸਿਰ 'ਤੇ ਛੱਤ ਮੁਹੱਈਆ ਕਰਾਉਂਦੀ ਹੈ।''

ਸਿਓਕਸ ਫਾਲਜ਼ ਦੇ ਮੇਅਰ ਪਾਲ ਟੈੱਨਹਾਕ ਜਿਨ੍ਹਾਂ ਨੇ ਕਿਹਾ ਕਿ ਉਹ ਸਮਿੱਥਫੀਲਡ ਵਿੱਚ ਹੋ ਰਹੇ ਬਚਾਅ ਕਾਰਜਾਂ ਤੋਂ ਪ੍ਰਭਾਵਿਤ ਹਨ ਅਤੇ ਇਨ੍ਹਾਂ ਤੋਂ ਸੰਤੁਸ਼ਟ ਸਨ, ਉਨ੍ਹਾਂ ਨੇ ਮੰਨਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਲਾਂਟ ਅਜੇ ਵੀ ਅੰਸ਼ਿਕ ਰੂਪ ਨਾਲ ਖੁੱਲ੍ਹਾ ਹੈ ਤਾਂ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ।

ਉਨ੍ਹਾਂ ਨੇ ਕਿਹਾ, ''ਉਨ੍ਹਾਂ ਵੱਲੋਂ ਚੁੱਕੇ ਗਏ ਕਦਮਾਂ ਵਿੱਚ ਜ਼ਿਆਦਾ ਪਾਰਦਰਸ਼ਤਾ ਹੋ ਸਕਦੀ ਸੀ। ਜਨਤਾ ਨੂੰ ਦਿੱਤਾ ਸੰਦੇਸ਼ ਅਸਲੀਅਤ ਨਾਲ ਮੇਲ ਨਹੀਂ ਖਾਂਦਾ।''

ਸਮਿੱਥਫੀਲਡ ਨੇ ਵਰਕਰਾਂ ਨੂੰ ਜੇਕਰ ਉਨ੍ਹਾਂ ਨੇ ਮਹੀਨੇ ਦੇ ਅੰਤ ਤੱਕ ਆਪਣੀ ਸ਼ਿਫਟ ਪੂਰੀ ਕਰ ਲਈ ਤਾਂ ਉਨ੍ਹਾਂ ਨੂੰ 500 ਡਾਲਰ ਦੇ 'ਜ਼ਿੰਮੇਵਾਰੀ ਬੋਨਸ' ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।

ਸਮਿੱਥਫੀਲਡ ਵਿੱਚ ਬੱਚਿਆਂ ਦੇ ਇੱਕ ਪ੍ਰਬੰਧਕ ਤੇਲਾਹੁਨ ਬਿਰਹੇ ਨੇ ਕਿਹਾ ਕਿ ਉਸਦੀ ਮਾਂ ਨੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਉਹ ਵਾਪਸ ਨਹੀਂ ਆਵੇਗੀ, ਪਰ ਬੋਨਸ ਬਾਰੇ ਸੁਣ ਕੇ ਉਸਦਾ ਮਨ ਬਦਲ ਗਿਆ। ਤੇਲਾਹੁਨ ਬਿਰਹੇ ਨੇ ਕਿਹਾ, ''ਅਸੀਂ ਪਰੇਸ਼ਾਨ ਹੋ ਗਏ ਕਿ ਉਹ ਸਿਰਫ਼ 500 ਡਾਲਰ ਲਈ ਜਾ ਰਹੀ ਹੈ।''

ਆਪਣੇ ਬਿਆਨ ਵਿੱਚ ਸਮਿੱਥਫੀਲਡ ਨੇ ਲਿਖਿਆ ਹੈ ਕਿ ਬੋਨਸ ਸਮਿੱਥਫੀਲਡ ਦੇ #ਥੈਂਕਏਫੂਡਵਰਕਰ (#"hank16oodWorker) ਪਹਿਲ ਦਾ ਹਿੱਸਾ ਹੈ। ਜਿਸ ਵਿੱਚ ਕਿਹਾ ਗਿਆ ਹੈ : ''ਜੋ ਕਰਮਚਾਰੀ ਕੋਵਿਡ-19 ਦਾ ਸ਼ਿਕਾਰ ਹੋਣ ਜਾਂ ਜਾਂਚ ਕਾਰਨ ਕੰਮ 'ਤੇ ਨਹੀਂ ਆ ਸਕਦੇ, ਉਨ੍ਹਾਂ ਨੂੰ ਜ਼ਿੰਮੇਵਾਰੀ ਬੋਨਸ ਪ੍ਰਾਪਤ ਹੋਵੇਗਾ।''

ਅਧੂਰੇ ਸ਼ਟਡਾਊਨ ਕਾਰਨ ਅਤੇ ਪਲਾਂਟ ਵਿੱਚੋਂ ਪੌਜ਼ਿਟਿਵ ਮਾਮਲਿਆਂ ਦੀ ਵਧ ਰਹੀ ਗਿਣਤੀ ਕਾਰਨ 11 ਅਪ੍ਰੈਲ ਨੂੰ ਦੱਖਣੀ ਡਕੋਟਾ ਦੇ ਗਵਰਨਰ ਕ੍ਰਿਸਟੀ ਨੋਇਮ ਅਤੇ ਟੈੱਨਹਾਕ ਦੋਵਾਂ ਨੇ ਸਮਿੱਥਫੀਲਡ ਨੂੰ ਸੰਯੁਕਤ ਪੱਤਰ ਭੇਜ ਕੇ 14 ਦਿਨਾਂ ਲਈ ਸੰਚਾਲਨ ਨੂੰ 'ਰੋਕ' ਦੇਣ ਲਈ ਕਿਹਾ ਹੈ।

ਅਗਲੇ ਦਿਨ ਸਮਿੱਥਫੀਲਡ ਦੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਉਹ ਇਸਦਾ ਪਾਲਣ ਕਰਨਗੇ-15 ਅਪ੍ਰੈਲ ਨੂੰ, ਜਿਸਦਾ ਮਤਲਬ ਹੈ ਕਿ ਇਸ ਇਮਾਰਤ ਵਿੱਚ ਅਜੇ ਵੀ ਇੱਕ ਦਿਨ ਹੋਰ ਕੰਮ ਹੋਇਆ ਸੀ।

ਕੈਰਾਵੇ ਨੇ ਕਿਹਾ ਕਿ ਮੰਗਲਵਾਰ ਨੂੰ ਜਾਣ ਵਾਲੇ ਵਰਕਰਾਂ ਨੂੰ ਉਨ੍ਹਾਂ ਦੀ ਆਮ ਮਜ਼ਦੂਰੀ ਦੁੱਗਣੀ ਸੀ, ਪਰ ਉੱਥੇ ਕੋਈ ਚੰਗੀ ਤਰ੍ਹਾਂ ਸਫ਼ਾਈ ਨਹੀਂ ਕੀਤੀ ਗਈ ਸੀ। ''ਉਹ ਹੁਣ ਵੀ ਇੱਕ ਗੰਦੀ ਇਮਾਰਤ ਵਿੱਚ ਜਾ ਰਹੇ ਹਨ।''

ਸਿਓਕਸ ਫਾਲਜ਼ ਦੀ ਫੈਕਟਰੀ ਵਿੱਚ ਕਦੋਂ ਚੰਗੀ ਤਰ੍ਹਾਂ ਸਫ਼ਾਈ ਹੋਵੇਗੀ, ਦੇ ਸਵਾਲ ਦਾ ਸਮਿੱਥਫੀਲਡ ਨੇ ਕੋਈ ਜਵਾਬ ਨਹੀਂ ਦਿੱਤਾ।

ਜੁਲੀਆ ਦੇ ਮਾਤਾ-ਪਿਤਾ ਦੋਵਾਂ ਦੀ 14 ਅਪ੍ਰੈਲ, ਦਿਨ ਮੰਗਲਵਾਰ ਨੂੰ ਸਮਿੱਥਫੀਲਡ ਵਿੱਚ ਕੰਮ ਕਰਨ ਲਈ ਡਿਊਟੀ ਲਗਾਈ ਗਈ ਸੀ, 14 ਅਪ੍ਰੈਲ ਨੂੰ ਇਸਦੇ ਕਾਰੋਬਾਰ ਨੂੰ ਬੰਦ ਕਰਨ ਤੋਂ ਪਹਿਲਾਂ ਦਾ ਦਿਨ ਸੀ।

ਫਿਰ ਸ਼ਨਿਵਾਰ ਤੋਂ ਹੈਲਨ ਨੂੰ ਖਾਂਸੀ ਸ਼ੁਰੂ ਹੋ ਗਈ। ਅਗਲੇ ਦਿਨ ਜਦੋਂ ਸਿਓਕਸ ਫਾਲਜ਼ 'ਤੇ ਬਰਫ਼ ਪੈਣ ਲਈ ਤਿਆਰ ਸੀ ਤਾਂ ਜੁਲੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਸਦੀ ਮਾਂ ਦਾ ਟੈਸਟ ਕੀਤਾ ਜਾਵੇ। ਹੈਲਨ ਨੇ ਇਹ ਕਹਿੰਦੇ ਹੋਏ ਇਸ ਤੋਂ ਕਿਨਾਰਾ ਕੀਤਾ ਕਿ ਇਹ ਕੁਝ ਵੀ ਨਹੀਂ ਹੈ।

ਜੁਲੀਆ ਨੇ ਕਿਹਾ, ''ਅਸਲ ਵਿੱਚ ਮੇਰੀ ਮਾਂ ਡਾਕਟਰ ਕੋਲ ਜਾਣ ਤੋਂ ਨਫ਼ਰਤ ਕਰਦੀ ਹੈ।''

ਅੰਤ ਵਿੱਚ ਤਰਕ ਜਿੱਤ ਗਿਆ ਅਤੇ ਹੈਲਨ ਸਥਾਨਕ ਹਸਪਤਾਲ ਵਿੱਚ ਇੱਕ ਡਰਾਇਵ ਇਨ ਜਾਂਚ ਕੇਂਦਰ ਵਿੱਚ ਚਲੀ ਗਈ। ਉਨ੍ਹਾਂ ਨੇ ਨੱਕ ਵਿੱਚੋਂ ਸਵੈਬ ਲਿਆ ਅਤੇ ਉਸਨੂੰ ਘਰ ਭੇਜ ਦਿੱਤਾ।

ਉਸਨੇ ਕਿਹਾ, ''ਜੇਕਰ ਮੈਨੂੰ ਕੋਵਿਡ-19 ਹੁੰਦਾ ਹੈ ਤਾਂ ਮੈਨੂੰ ਸਪੱਸ਼ਟ ਤੌਰ 'ਤੇ ਇਸਦੀ ਲਾਗ ਫੈਕਟਰੀ ਤੋਂ ਹੀ ਲੱਗੀ ਹੋਵੇਗੀ। ਇਸ ਹਫ਼ਤੇ ਮੈਂ ਤਿੰਨ ਵੱਖ-ਵੱਖ ਮੰਜ਼ਿਲਾਂ 'ਤੇ ਕੰਮ ਕੀਤਾ ਹੈ। ਮੈਂ ਦੋ ਵੱਖੋ-ਵੱਖਰੇ ਕੈਫੇਟੇਰੀਆ ਵਿੱਚ ਭੋਜਨ ਕੀਤਾ ਹੈ। ਮੈਂ ਹੁਣ ਸਿਰਫ਼ ਹਰ ਉਸ ਥਾਂ ਦੀ ਕਲਪਨਾ ਕਰਾਂ ਜਿਸਨੂੰ ਮੈਂ ਫੈਕਟਰੀ ਵਿੱਚ ਛੂਹਿਆ ਹੈ। ਮੈਂ ਪੂਰੀ ਜਗ੍ਹਾ ਘੁੰਮ ਰਹੀ ਹਾਂ।''

ਮੰਗਲਵਾਰ ਨੂੰ ਉਹ ਕੰਮ 'ਤੇ ਵਾਪਸ ਜਾਣ ਵਾਲੇ ਸਨ, ਜੁਲੀਆ ਦੇ ਮਾਤਾ-ਪਿਤਾ ਸਵੇਰੇ 4 ਵਜੇ ਉੱਠੇ, ਜਿਵੇਂ ਕਿ ਉਹ ਆਮ ਤੌਰ 'ਤੇ ਕਰਦੇ ਹਨ ਅਤੇ ਉਨ੍ਹਾਂ ਨੇ ਸਮਿੱਥਫੀਲਡ ਵਿੱਚ ਫੋਨ ਕੀਤਾ ਕਿ ਜਦੋਂ ਤੱਕ ਹੈਲਨ ਦੇ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ, ਉਹ ਕੰਮ 'ਤੇ ਨਹੀਂ ਆ ਸਕਦੇ।

ਆਖਿਰਕਾਰ ਦੁਪਹਿਰ ਬਾਅਦ ਫੋਨ ਆਇਆ।

ਜੁਲੀਆ ਨੇ ਆਪਣੀ ਮਾਂ ਦੇ ਫੋਨ ਤੋਂ ਮੈਡੀਕਲ ਤਕਨੀਸ਼ੀਅਨ ਨਾਲ ਗੱਲ ਕੀਤੀ ਜਦੋਂ ਕਿ ਉਸਦੇ ਮਾਤਾ-ਪਿਤਾ ਉਸਤੋਂ ਪ੍ਰਾਪਤ ਹੋਣ ਵਾਲੀ ਪ੍ਰਤੀਕਿਰਿਆ ਲਈ ਉਸਦਾ ਮੂੰਹ ਦੇਖਦੇ ਰਹੇ।

ਜਦੋਂ ਜੁਲੀਆ ਨੇ 'ਕੋਵਿਡ-19 ਲਈ ਪੌਜ਼ਿਟਿਵ' ਸ਼ਬਦ ਸੁਣਿਆ ਤਾਂ ਉਸਨੇ 'ਪੌਜ਼ਿਟਿਵ' ਦਰਸਾਉਣ ਲਈ ਉਨ੍ਹਾਂ ਨੂੰ ਆਪਣੇ ਅੰਗੂਠੇ ਨਾਲ ਇਸ਼ਾਰਾ ਕੀਤਾ। ਹੈਲਨ ਅਤੇ ਜੁਆਨ ਨੇ ਇਸਨੂੰ ਗਲਤ ਸਮਝਿਆ ਅਤੇ ਇੱਕ ਦੂਜੇ ਨੂੰ ਖੁਸ਼ੀ ਦਾ ਇਸ਼ਾਰਾ ਕੀਤਾ ਤਾਂ ਜੁਲੀਆ ਉਨ੍ਹਾਂ ਨੂੰ ਇਹ ਸਮਝਾਉਣ ਲਈ ਡਰ ਗਈ ਕਿ ਨਹੀਂ, ਹੈਲਨ ਵਾਇਰਸ ਦਾ ਸ਼ਿਕਾਰ ਹੈ। ਉਸਦਾ ਪਿਤਾ ਰਸੋਈ ਵਿੱਚ ਵਾਪਸ ਚਲਾ ਗਿਆ ਜਿੱਥੇ ਜੂਲੀਆ ਨੇ ਉਨ੍ਹਾਂ ਨੂੰ ਹੰਝੂ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ।

ਉਸੀ ਦਿਨ ਜਦੋਂ ਹੈਲਨ ਨੂੰ ਉਸਦੀ ਰਿਪੋਰਟ ਮਿਲੀ ਤਾਂ ਸਮਿੱਥਫੀਲਡ ਪਲਾਂਟ ਦਾ ਮਾਮਲਾ ਪੂਰੀ ਤਰ੍ਹਾਂ ਰਾਜਨੀਤਕ ਹੋ ਗਿਆ ਸੀ।

ਮੇਅਰ ਟੈੱਨਹਾਕ ਨੇ ਰਸਮੀ ਰੂਪ ਨਾਲ ਗਵਰਨਰ ਨੋਇਮ ਨੂੰ ਸਿਓਕਸ ਫਾਲਜ਼ ਦੇ ਆਸਪਾਸ ਦੇ ਖੇਤਰਾਂ ਨੂੰ ਆਇਸੋਲੇਸ਼ਨ ਕੇਂਦਰ ਬਣਾਉਣ ਲਈ ਆਦੇਸ਼ ਜਾਰੀ ਕਰ ਦਿੱਤੇ। ਉਸਨੇ ਦੋਵੇਂ ਬੇਨਤੀਆਂ ਦਾ ਖੰਡਨ ਕੀਤਾ।

ਮਾਮਲੇ ਵਿੱਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਨੋਇਮ ਨੇ ਦੱਖਣੀ ਡਕੋਟਾ ਵਿੱਚ ਆਦੇਸ਼ ਜਾਰੀ ਕਰਨ ਤੋਂ ਇਨਕਾਰ ਕਰਨਾ ਜਾਰੀ ਰੱਖਿਆ, ਖਾਸ ਤੌਰ 'ਤੇ ਇਹ ਕਹਿੰਦੇ ਹੋਏ ਕਿ ਇਸ ਤਰ੍ਹਾਂ ਦੇ ਹੁਕਮ ਸਮਿੱਥਫੀਲਡ ਪ੍ਰਕੋਪ ਫੈਲਣ ਨੂੰ ਰੋਕ ਨਹੀਂ ਸਕਦੇ ਸਨ।

ਉਸਨੇ ਕਿਹਾ, ''ਇਹ ਬਿਲਕੁਲ ਝੂਠ ਹੈ।''

ਇਸਦੀ ਬਜਾਏ ਉਸਨੇ ਹਾਈਡਰੌਕਸੀਕਲੋਰੋਕੁਇਨ ਦੇ ਪਹਿਲੇ ਟੈਸਟ ਨੂੰ ਪ੍ਰਵਾਨਗੀ ਦੇ ਦਿੱਤੀ, ਉਹ ਦਵਾਈ ਜਿਸਦਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਕਸਰ ਕੋਰੋਨਾਵਾਇਰਸ ਦੇ ਸੰਭਾਵਿਤ ਇਲਾਜ ਦੇ ਰੂਪ ਵਿੱਚ ਜ਼ਿਕਰ ਕੀਤਾ ਹੈ।

ਇਹ ਵੀ ਉੁਸ ਦਿਨ ਹੀ ਸੀ ਕਿ ਇੱਕ ਸ਼ਾਂਤ ਰਹਿਣ ਵਾਲੇ ਧਾਰਮਿਕ ਖਿਆਲਾਂ ਦੇ ਅਗਸਟਿਨ ਰੌਡਰਿਗਜ਼ ਮਾਰਟੀਨੇਜ਼ ਜੋ ਮੂਲ ਰੂਪ ਨਾਲ ਐੱਲ ਸਲਵਾਡੋਰ ਤੋਂ ਸੀ, ਉਸਦੀ ਇਕੱਲੇ ਦੀ ਹੀ ਹਸਪਤਾਲ ਵਿੱਚ ਇਸ ਬਿਮਾਰੀ ਨਾਲ ਮੌਤ ਹੋ ਗਈ।

ਉਹ 64 ਸਾਲ ਦੇ ਸਨ, ਸਮਿੱਥਫੀਲਡ ਫੂਡਜ਼ ਨਾਲ ਇਸ ਪ੍ਰਕੋਪ ਦੀ ਜੁੜੀ ਇਹ ਪਹਿਲੀ ਮੌਤ ਸੀ। ਪਿਛਲੇ ਇੱਕ ਦਹਾਕੇ ਤੋਂ ਉਸਦੀ ਇੱਕ ਦੋਸਤ ਰੇਨੋਜ਼ਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮੁਸ਼ਕਿਲ ਭਰੀ ਨੌਕਰੀ ਸੂਰਾਂ ਦੇ ਸਰੀਰ ਨੂੰ ਕੱਟਣ-ਵੱਡਣ ਬਾਰੇ ਸ਼ਾਇਦ ਦੀ ਕਦੇ ਕੋਈ ਸ਼ਿਕਾਇਤ ਕੀਤੀ ਸੀ।

ਉਹ ਆਪਣੀ ਪਤਨੀ ਐਂਜਲਿਤਾ 'ਤੇ ਲੱਟੂ ਹੋ ਗਿਆ ਸੀ ਜਿਸਨੂੰ ਉਹ ਆਪਣੇ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਤੋਂ ਜਾਣਦਾ ਸੀ, ਉਹ ਉਦੋਂ 24 ਸਾਲ ਦਾ ਸੀ।

'ਉਹ ਉਸਦਾ ਰਾਜਕੁਮਾਰ ਸੀ।'

ਐਂਜਲਿਤਾ ਦਾ ਕਹਿਣਾ ਹੈ ਕਿ ਉਸਨੇ ਦੇਖਿਆ ਕਿ ਉਸਦਾ ਪਤੀ ਦੁਪਹਿਰ ਦੇ ਭੋਜਨ ਨੂੰ ਘਰ ਵਾਪਸ ਲੈ ਕੇ ਆਉਣ ਲੱਗਿਆ, ਉਹ ਉਸਨੂੰ ਛੂੰਹਦਾ ਤੱਕ ਵੀ ਨਹੀਂ ਸੀ।

ਫੈਕਟਰੀ ਵਿੱਚ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੇ ਜਨਤਕ ਹੋਣ ਦੇ ਸੱਤ ਦਿਨ ਬਾਅਦ 1 ਅਪ੍ਰੈਲ ਨੂੰ ਉਸਨੇ ਲੱਛਣਾਂ ਨੂੰ ਮਹਿਸੂਸ ਕਰਨਾ ਸ਼ੁਰੂ ਕੀਤਾ। ਪਹਿਲਾਂ ਸਿਰਦਰਦ ਸੀ, ਫਿਰ ਦਰਦ ਅਤੇ ਠੰਢ ਲੱਗਣ ਲੱਗੀ। ਅੱਗੇ ਸਾਹ ਦੀ ਤਕਲੀਫ਼ ਹੋ ਗਈ। ਐਂਜਲਿਤਾ ਮੁਤਾਬਕ ਫੈਕਟਰੀ ਵਿੱਚ ਕੰਮ ਦੇ ਆਪਣੇ ਅੰਤਮ ਦਿਨ ਉਹ ਬੁਖਾਰ ਹੋਣ ਦੇ ਬਾਵਜੂਦ ਫਰਸ਼ ਸਾਫ਼ ਕਰ ਰਿਹਾ ਸੀ।

ਐਤਵਾਰ ਤੱਕ ਉਸ ਦਾ ਸਾਹ ਟੁੱਟਣ ਲੱਗਾ।

ਐਂਜਲਿਤਾ ਉਸਨੂੰ ਹਸਪਤਾਲ ਲੈ ਆਈ, ਪਰ ਉਸਨੂੰ ਉਸਦੇ ਨਾਲ ਜਾਣ ਦੀ ਆਗਿਆ ਨਹੀਂ ਮਿਲੀ।

ਉਸਨੂੰ ਆਪਣੇ ਪਾਦਰੀ ਜ਼ਰੀਏ ਪਤਾ ਲੱਗਿਆ ਕਿ ਉਸਨੂੰ ਤੁਰੰਤ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। 14 ਅਪ੍ਰੈਲ ਨੂੰ ਮਰਨ ਤੋਂ ਪਹਿਲਾਂ ਉਹ 10 ਦਿਨਾਂ ਲਈ ਵੈਂਟੀਲੇਟਰ 'ਤੇ ਹੀ ਰਿਹਾ। ਉਸਨੇ ਕਿਹਾ, ''ਮੈਂ ਉਸਨੂੰ ਹਸਪਤਾਲ ਲੈ ਗਈ ਅਤੇ ਉਸ ਕੋਲ ਕੁਝ ਵੀ ਨਹੀਂ ਸੀ। ਹੁਣ ਮੇਰੇ ਕੋਲ ਕੁਝ ਵੀ ਨਹੀਂ ਹੈ।''

ਆਪਣੇ ਦੁੱਖ ਦੇ ਨਾਲ ਐਂਜਲਿਤਾ ਸਮਿੱਥਫੀਲਡ ਫੂਡ ਫੈਕਟਰੀ ਨੂੰ ਪਹਿਲਾਂ ਹੀ ਬੰਦ ਨਾ ਕਰਨ ਤੋਂ ਨਾਰਾਜ਼ ਹੈ। ਉਸਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਕਿਹਾ, ''ਇਹ ਸਾਡੇ ਜੀਵਨ ਦੇ ਮੁਕਾਬਲੇ ਆਪਣੇ ਪੈਸੇ ਦੀ ਜ਼ਿਆਦਾ ਪਰਵਾਹ ਕਰਦੇ ਹਨ।''

ਉਸਨੇ ਅੱਗੇ ਕਿਹਾ, ''ਮਾਲਕ ਸਾਡੇ ਦਰਦ ਦੀ ਪਰਵਾਹ ਨਹੀਂ ਕਰਦੇ। ਮਾਵਾਂ ਆਪਣੇ ਬੱਚਿਆਂ ਲਈ ਰੋ ਰਹੀਆਂ ਹਨ, ਪਤਨੀਆਂ ਆਪਣੇ ਪਤੀਆਂ ਲਈ ਰੋ ਰਹੀਆਂ ਹਨ। ਉੱਥੇ ਵਾਇਰਸ ਦੇ ਬਹੁਤ ਸਾਰੇ ਮਾਮਲੇ ਹਨ।''

ਇਸ 73 ਸਾਲਾ ਵਿਧਵਾ ਨੇ ਇਹ ਵੀ ਕਿਹਾ ਕਿ ਉਸਨੂੰ ਵੀ ਹੁਣ ਖਾਂਸੀ ਆਉਣ ਲੱਗੀ ਹੈ।

ਆਪਣੀ ਮਾਂ ਦੇ ਕੋਰੋਨਾਵਾਇਰਸ ਪੌਜ਼ਿਟਿਵ ਟੈਸਟ ਆਉਣ ਤੋਂ ਦੋ ਦਿਨ ਬਾਅਦ ਜੁਲੀਆ ਨੂੰ ਵੀ ਸਵੇਰੇ ਉੱਠਣ 'ਤੇ ਸਿਰ ਵਿੱਚ ਦਰਦ, ਖਾਂਸੀ ਅਤੇ ਗਲੇ ਵਿੱਚ ਖਾਰਸ਼ ਹੋਣੀ ਸ਼ੁਰੂ ਹੋ ਗਈ।

ਆਪਣੇ ਜੀਵਨ ਵਿੱਚ ਮਹਾਂਮਾਰੀ ਆਉਣ ਤੋਂ ਬਾਅਦ ਉਸਨੂੰ ਪਹਿਲੀ ਵਾਰ ਰਾਤ ਨੂੰ ਚੰਗੀ ਨੀਂਦ ਆਈ ਸੀ, ਪਰ ਉਹ ਹੁਣ ਪਹਿਲਾਂ ਤੋਂ ਜ਼ਿਆਦਾ ਥਕਾਵਟ ਮਹਿਸੂਸ ਕਰ ਰਹੀ ਸੀ। ਕੋਵਿਡ ਹੌਟਲਾਈਨ 'ਤੇ ਫੋਨ ਕਰਨ ਅਤੇ ਉਨ੍ਹਾਂ ਨੂੰ ਇਹ ਸੂਚਿਤ ਕਰਨ ਕਿ ਉਹ ਸਮਿੱਥਫੀਲਡ ਵਰਕਰ ਦੀ ਬੇਟੀ ਹੈ, ਤੋਂ ਬਾਅਦ ਜੁਲੀਆ ਨੇ ਆਪਣੀ ਮਾਂ ਦੀ ਕਾਰ ਦੇ ਸਟੀਅਰਿੰਗ ਵ੍ਹੀਲ ਅਤੇ ਗਿਅਰ ਸ਼ਿਫਟ ਨੂੰ ਕੀਟਾਣੂਰਹਿਤ ਕੀਤਾ ਅਤੇ ਟੈਸਟ ਕਰਨ ਵਾਲੇ ਸਥਾਨ 'ਤੇ ਚਲੇ ਗਈ।

ਇਸਦੇ ਬਾਵਜੂਦ ਕਿ ਉਸਨੇ ਲਗਭਗ ਮਹੀਨਾ ਪਹਿਲਾਂ ਸਥਾਨਕ ਅਖ਼ਬਾਰ ਨੂੰ ਇਸਦੀ ਸੂਹ ਦਿੱਤੀ ਸੀ ਅਤੇ ਇਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਉਸ ਮੁਕਾਬਲਤਨ ਉਹ ਚੰਗੀ ਭਾਵਨਾ ਮਹਿਸੂਸ ਕਰ ਰਹੀ ਸੀ। ਫੈਕਟਰੀ ਫਿਰ ਵੀ ਖੁੱਲ੍ਹੀ ਸੀ।

ਉਸਦੀ ਮਾਂ ਨੂੰ ਵਾਇਰਸ ਦੀ ਲਾਗ ਸੀ ਅਤੇ ਉਸਦੇ ਪਿਤਾ ਨੂੰ ਵੀ ਸ਼ੱਕ ਹੋ ਗਿਆ ਸੀ। ਉਸਦਾ ਸ਼ਹਿਰ ਦੱਖਣੀ ਡਕੋਟਾ ਰਾਜ ਵਿੱਚ ਮਹਾਂਮਾਰੀ ਦਾ ਕੇਂਦਰ ਬਣ ਗਿਆ । ਲੋਕ ਮਰ ਰਹੇ ਹਨ।

ਅਤੇ ਹੁਣ, ਉਹ ਵੀ ਬਿਮਾਰ ਹੋ ਸਕਦੀ ਹੈ।

ਸਮਿੱਥਫੀਲਡ ਵਰਕਰਾਂ ਵਿੱਚ ਫੈਲਿਆ ਡਰ

ਜਿਵੇਂ ਹੀ ਉਸਨੇ ਹਸਪਤਾਲ ਵੱਲ ਕਦਮ ਵਧਾਇਆ ਉਸਨੇ ਕਿਹਾ, ''ਮੈਂ ਬਸ ਰੋਣਾ ਚਾਹੁੰਦੀ ਹਾਂ।''

ਪੂਰੇ ਸ਼ਹਿਰ ਵਿੱਚ ਸਮਿੱਥਫੀਲਡ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰ ਇਸ ਤਰ੍ਹਾਂ ਦੇ ਹੀ ਸਮਾਨ ਦੌਰ ਵਿੱਚੋਂ ਲੰਘ ਰਹੇ ਸਨ।

ਉਸੀ ਦਿਨ ਜਿਸ ਦਿਨ ਜੁਲੀਆ ਦੀ ਮਾਂ ਦੀ ਜਾਂਚ ਹੋਈ ਸੀ, ਸਾਰਾ ਤੇਲੇਹੁਨ ਬਿਰਹੇ ਨੂੰ ਇਹ ਪਤਾ ਲੱਗਣ 'ਤੇ ਰਾਹਤ ਮਿਲੀ ਕਿ ਉਸਦੀ ਮਾਂ ਦਾ ਕੋਵਿਡ-10 ਟੈਸਟ ਨੈਗੇਟਿਵ ਆਇਆ ਸੀ।

ਨੀਲਾ ਅਤੇ ਅਹਿਮਦ ਦਾ ਫੋਨ ਆਇਆ ਕਿ ਉਹ ਸੰਕਰਮਿਤ ਹਨ। ਇਸ ਜੋੜੇ ਨੇ ਖੁਦ ਨੂੰ ਅਲੱਗ-ਅਲੱਗ ਬੈੱਡਰੂਮ ਵਿੱਚ ਇੱਕ ਦੂਜੇ ਤੋਂ ਦੂਰ ਖੁਦ ਨੂੰ ਸੀਲ ਕਰ ਲਿਆ ਸੀ।

ਉਹ ਟੈਕਸਟ ਮੈਜੇਜ਼ ਨਾਲ ਆਪਸ ਵਿੱਚ ਗੱਲਬਾਤ ਕਰਦੇ ਹਨ। ਉਹ ਆਪਣੇ ਪਤੀ ਲਈ ਅਦਰਕ ਦੀ ਚਾਹ ਬਣਾਉਂਦੀ ਹੈ ਅਤੇ ਉਸਨੂੰ ਕਾਊਂਟਰ 'ਤੇ ਛੱਡ ਦਿੰਦੀ ਹੈ। ਉਹ ਜੋ ਕੁਝ ਵੀ ਛੂੰਹਦਾ ਹੈ, ਉਹ ਉਸ ਹਰ ਚੀਜ਼ ਨੂੰ ਕੀਟਾਣੂਰਹਿਤ ਕਰਦਾ ਹੈ।

ਕੋਰੋਨਾਵਾਇਰਸ ਦੇ ਪ੍ਰਤੀ ਦਿਨ ਪੁਸ਼ਟ ਮਾਮਲੇ

ਲਗਭਗ ਉਸੀ ਸਮੇਂ ਜਦੋਂ ਜੁਲੀਆ ਨੇ ਆਪਣਾ ਟੈਸਟ ਕਰਾਇਆ, ਉਦੋਂ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਅਧਿਕਾਰੀ ਸਮਿੱਥਫੀਲਡ ਪਲਾਂਟ ਵਿੱਚ ਪ੍ਰਵੇਸ਼ ਕਰ ਰਹੇ ਸਨ, ਉਨ੍ਹਾਂ ਦੇ ਨਾਲ ਹੀ ਰਾਜ ਅਤੇ ਸਥਾਨਕ ਸਿਹਤ ਵਿਭਾਗਾਂ ਦੇ ਪ੍ਰਤੀਨਿਧੀ ਵੀ ਸਨ।

ਦੱਖਣੀ ਡਕੋਟਾ ਦੇ ਗਵਰਨਰ ਦਫ਼ਤਰ ਅਨੁਸਾਰ ਸੀਡੀਸੀ ਅਧਿਕਾਰੀਆਂ ਨੂੰ ਵਾਸ਼ਿੰਗਟਨ ਡੀਸੀ ਤੋਂ 'ਮੁਲਾਂਕਣ' ਲਈ ਭੇਜਿਆ ਗਿਆ ਸੀ ਜੋ ਪਲਾਂਟ ਨੂੰ ਸੁਰੱਖਿਅਤ ਤੌਰ 'ਤੇ ਦੁਬਾਰਾ ਖੋਲ੍ਹਣ ਲਈ ਕਰਨਾ ਸੀ। ਇਸ ਵਿਚਕਾਰ ਹੀ ਸਮਿੱਥਫੀਲਡ ਨੇ ਮਿਸੌਰੀ ਅਤੇ ਵਿਸਕੌਨਸਿਨ ਵਿੱਚ ਆਪਣੀਆਂ ਦੋ ਹੋਰ ਸੁਵਿਧਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਿੱਥੇ ਥੋੜ੍ਹੇ ਕਰਮਚਾਰੀਆਂ ਨੂੰ ਕੋਵਿਡ-19 ਦੇ ਟੈਸਟ ਵਿੱਚ ਪੌਜ਼ਿਟਿਵ ਪਾਇਆ ਗਿਆ।

ਭਾਵੇਂ ਕਿ ਜੁਲੀਆ ਟੈਸਟ ਕੇਂਦਰ ਖੁੱਲ੍ਹਣ ਤੋਂ 20 ਮਿੰਟ ਬਾਅਦ ਹੀ ਉੱਥੇ ਪਹੁੰਚ ਗਈ ਸੀ, ਪਰ ਉਸਦੇ ਅੱਗੇ 15 ਕਾਰਾਂ ਦੀ ਲੰਬੀ ਕਤਾਰ ਸੀ।

ਉਸਨੇ ਕਿਹਾ, ''ਮੈਨੂੰ ਕਤਾਰ ਵਿੱਚ ਇੰਤਜ਼ਾਰ ਕਰਨ ਤੋਂ ਨਫ਼ਰਤ ਹੈ।'' ਉਸਨੇ ਆਪਣੀ ਬੋਤਲ ਤੋਂ ਪਾਣੀ ਪੀਤਾ ਤਾਂ ਉਸ ਨੂੰ ਮੁੜ ਤੋਂ ਹਲਕੀ ਖਾਂਸੀ ਹੋਣ ਲੱਗੀ। 30 ਮਿੰਟ ਬਾਅਦ ਉਸਨੂੰ ਵੱਡੇ ਗੈਰੇਜ ਵਰਗੀ ਦਿਖਾਈ ਦੇਣ ਵਾਲੀ ਚੀਜ਼ ਵੱਲ ਖਿੱਚਿਆ ਗਿਆ, ਇੱਥੇ ਇੱਕ ਨਿਸ਼ਾਨ ਸੀ ਜਿਸ 'ਤੇ ਨਿਰਦੇਸ਼ ਦਿੱਤਾ ਗਿਆ ਸੀ, 'ਆਈਡੀ ਅਤੇ ਬੀਮਾ ਕਾਰਡ ਤਿਆਰ ਰੱਖੋ।''

ਉਸਨੇ ਕਿਹਾ 'ਅੱਛਾ, ਹੁਣ ਤਾਂ ਮੈਂ ਚਿੰਤਾ ਵਿੱਚ ਹਾਂ। ਮੈਂ ਅਜਿਹਾ ਨਹੀਂ ਕਰਨਾ ਚਾਹੁੰਦੀ।''

ਉਸਨੂੰ ਅਤੇ ਉਸ ਤੋਂ ਅੱਗੇ ਵਾਲੀ ਕਾਰ ਨੂੰ ਅੱਗੇ ਕੀਤਾ ਗਿਆ ਅਤੇ ਇੱਕ ਪੂਰੇ ਪ੍ਰੋਟੈਕਟਿਵ ਸੂਟ, ਮਾਸਕ, ਗਲਵਜ਼ ਅਤੇ ਫੇਸ ਸ਼ੀਲਡ ਵਾਲੇ ਸਿਹਤ ਕਾਮੇ ਨੇ ਜੁਲੀਆ ਦੇ ਸੱਜੇ ਨੱਕ ਵਿੱਚ ਇੱਕ ਲੰਬਾ ਸਵੈਬ ਪਾਇਆ ਅਤੇ ਵਿਚਕਾਰ ਛੱਡ ਦਿੱਤਾ। ਇਸ ਨਾਲ ਉਹ ਤੜਫ਼ ਉੱਠੀ।

ਟੈਸਟ ਕਰਨ ਵਾਲੇ ਨੇ ਪੁੱਛਿਆ, ''ਕੀ ਤੁਹਾਨੂੰ ਕਲੀਨੈਕਸ (ਡਿਸਪੇਜ਼ੇਬਲ ਟਿਸ਼ੂ ਪੇਪਰ) ਦੀ ਲੋੜ ਹੈ?'' ਜੁਲੀਆ ਨੇ ਕਿਹਾ, ''ਹਾਂ ਜ਼ਰੂਰ।''

''ਘਰ ਜਾਓ, ਘਰ ਰਹੋ, ਕਿਧਰੇ ਨਾ ਜਾਓ' ਦੇ ਨਿਰਦੇਸ਼ਾਂ ਨਾਲ ਉੱਥੋਂ ਦੇ ਦਰਵਾਜ਼ੇ ਖੁੱਲ੍ਹ ਗਏ ਅਤੇ ਜੁਲੀਆ ਸੂਰਜ ਦੀ ਰੌਸ਼ਨੀ ਵਿੱਚ ਵਾਪਸ ਆ ਗਈ।

ਖੁਦ ਨੂੰ ਸੰਭਾਲਣ ਲਈ ਉਹ ਪਾਰਕਿੰਗ ਸਥਾਨ 'ਤੇ ਆ ਗਈ ਅਤੇ ਉਸਨੇ ਕਿਹਾ, ''ਉਹ ਬਹੁਤ ਅਸਹਿਜ ਸੀ, ਅਸਲ ਵਿੱਚ ਮੈਂ ਰੋ ਰਹੀ ਸੀ।''

ਜੁਲੀਆ ਸਟੀਰਿੰਗ ਵ੍ਹੀਲ 'ਤੇ ਬੈਠ ਕੇ ਪਾਰਕਿੰਗ ਸਥਾਨ ਵਿੱਚ ਅੰਦਰ ਅਤੇ ਬਾਹਰ ਜਾ ਰਹੀਆਂ ਕਾਰਾਂ ਨੂੰ ਦੇਖ ਰਹੀ ਸੀ। ਉਸਨੇ ਇਸ ਗੱਲ 'ਤੇ ਅਫ਼ਸੋਸ ਪ੍ਰਗਟਾਇਆ ਕਿ ਹੁਣ ਉਨ੍ਹਾਂ ਦੇ ਘਰ ਵਿੱਚ ਇੱਕ ਨਵਾਂ ਸੰਭਾਵਿਤ ਸੰਕਰਮਣ ਹੈ, ਉਸਨੂੰ ਕੁਆਰੰਟੀਨ ਵਿੱਚ ਰਹਿਣਾ ਸ਼ੁਰੂ ਕਰਨਾ ਹੋਵੇਗਾ।

ਉਸਨੇ ਮੁਸਕਰਾਉਂਦੇ ਹੋਏ ਕਿਹਾ, ''ਮੈਂ ਸਿਰਫ਼ ਟੀਜੇ ਮੈਕਸ ਵਿੱਚ ਜਾਣਾ ਚਾਹੁੰਦੀ ਹਾਂ।''

ਕੁਝ ਮਿੰਟਾਂ ਬਾਅਦ ਉਸਨੇ ਮਾਤਾ-ਪਿਤਾ ਅਤੇ ਆਪਣੇ ਘਰ ਵੱਲ ਵਾਪਸ ਚਲੇ ਜਾਣਾ ਸੀ, ਉਹ ਘਰ ਜਿਸਨੂੰ ਚਲਾਉਣ ਲਈ ਹੈਲਨ ਅਤੇ ਜੁਆਨ ਨੇ ਘੰਟਿਆਂ ਬੱਧੀ ਪਲਾਂਟ ਵਿੱਚ ਕੰਮ ਕੀਤਾ, ਜਿੱਥੇ ਹੁਣ ਉਹ ਅਗਲੇ 14 ਦਿਨਾਂ ਲਈ ਕੁਆਰੰਟੀਨ ਵਿੱਚ ਇਕੱਠੇ ਰਹਿਣਗੇ।

ਜੁਲੀਆ ਨੇ ਕਿਹਾ, ''ਹੁਣ ਸਿਰਫ਼ ਇੰਤਜ਼ਾਰ ਦੀ ਖੇਡ ਹੈ।''

''ਮੇਰਾ ਖਿਆਲ ਹੈ ਕਿ ਮੈਂ ਇਸ ਬਾਰੇ ਸੋਚ ਨਹੀਂ ਸਕਦੀ, ਪਰ ਮੈਂ ਕਰਾਂਗੀ।''

ਪੰਜ ਦਿਨਾਂ ਵਿੱਚ ਇਸਦੇ ਨਤੀਜੇ ਆਉਣੇ ਚਾਹੀਦੇ ਹਨ।

(ਨਾਂ ਬਦਲੇ ਗਏ ਹਨ, ਸਹਾਇਕ ਰਿਪੋਰਟਿੰਗ ਐਂਜਲੀਕਾ ਐੱਮ. ਕਾਸਸ, ਚਿੱਤਰ ਐਮਾ ਲਿੰਚ।)

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)