ਕੋਰੋਨਾਵਾਇਰਹਸ: ਇਸ ਦੇਸ ਵਿੱਚ ਤਾਬੂਤਾਂ ਦੀ ਅਜਿਹੀ ਘਾਟ ਕਿ ਲਾਸ਼ਾਂ ਸੜਕਾਂ ’ਤੇ ਰੁਲ ਰਹੀਆਂ

ਲੈਟਿਨ ਅਮਰੀਕੀ ਮੁਲਕ ਇਕਵਾਡੋਰ ਦਾ ਗਵਾਯਾਸ ਖੇਤਰ ਦੁਨੀਆਂ ਦੇ ਕੋਰੋਨਾਵਾਇਰਸ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ।

ਜਦੋਂ ਸਰਕਾਰੀ ਅੰਕੜਿਆਂ ਵਿੱਚ ਕੋਵਿਡ-19 ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਦੀ ਪੜਤਾਲ ਹੋ ਰਹੀ ਸੀ ਤਾਂ ਇਸ ਡਰਾਉਣੀ ਸੱਚਾਈ ਨਾਲ ਲੋਕਾਂ ਦਾ ਸਾਹਮਣਾ ਹੋਇਆ।

ਗਵਾਯਾਸ ਵਿੱਚ ਅ੍ਰਪੈਲ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਹੋਈਆਂ 6700 ਮੌਤਾਂ ਦੀ ਵਜ੍ਹਾ ਕੋਰੋਨਾਵਇਰਸ ਹੈ। ਗਵਾਯਾਸ ਵਿੱਚ ਮਰਨ ਵਾਲਿਆਂ ਦੇ ਇਹ ਅੰਕੜੇ 5000 ਹਜ਼ਾਰ ਤੋਂ ਵੀ ਵੱਧ ਸਨ।

ਇਸ ਕਾਰਨ ਗਵਾਯਾਸ ਨਾ ਸਿਰਫ਼ ਇਕਵਾਡੋਰ ਸਗੋਂ ਪੂਰੇ ਲੈਟਿਨ ਅਮਰੀਕਾ ਵਿੱਚ ਕੋਵਿਡ-19 ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਇਲਾਕਾ ਬਣ ਗਿਆ ਹੈ।

ਇਹ ਸਿਰਫ਼ ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਨਹੀਂ ਹਨ। ਮਹਾਂਮਾਰੀ ਦੇ ਕਾਰਣ ਖੇਤਰ ਦੀਆਂ ਸਿਹਤ ਸਹੂਲਤਾਂ ਬੁਰੀ ਤਰ੍ਹਾਂ ਦਬਾਅ ਹੇਠ ਆ ਗਈਆਂ ਸਨ।

ਬਹੁਤ ਸਾਰੇ ਮਰੀਜ਼ ਜਿਹੜੇ ਦੂਜੀਆਂ ਬੀਮਾਰੀਆਂ ਨਾਲ ਲੜ ਰਹੇ ਸਨ, ਉਨ੍ਹਾਂ ਨੂੰ ਡਾਕਟਰੀ ਸਹਾਇਤਾ ਨਹੀਂ ਮਿਲ ਸਕੀ।

ਗੁਆਇਕੀਲ, ਮੁਰਦਿਆਂ ਦਾ ਸ਼ਹਿਰ

ਇਕਵਾਡੋਰ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਗਵਾਯਾਸ ਸੂਬੇ ਦੀ ਰਾਜਧਾਨੀ ਗੁਆਇਕੀਲ ਦੇ ਮੁਰਦਾਘਰ ਵਿੱਚ ਕੰਮ ਕਰਨ ਵਾਲੀ ਮੇਜਿਯਾ ਦਾ ਕਹਿਣਾ ਹੈ, "ਅਸੀਂ ਕਾਰਾਂ ਵਿੱਚ, ਐਂਬੂਲੈਂਸਾਂ ਵਿੱਚ, ਘਰਾਂ ਵਿੱਚ, ਸੜਕਾਂ ਉੱਪਰ ਲੋਕਾਂ ਦੀਆਂ ਲਾਸ਼ਾਂ ਦੇਖੀਆਂ ਹਨ।"

ਉਨ੍ਹਾਂ ਦਾ ਕਹਿਣਾ ਹੈ, "ਇੱਕ ਵਜ੍ਹਾ ਤਾਂ ਇਹ ਹੈ ਕਿ ਹਸਪਤਾਲਾਂ ਵਿੱਚ ਬਿਸਤਰੇ ਨਹੀਂ ਸਨ ਇਸ ਲਈ ਇਨ੍ਹਾਂ ਨੂੰ ਦਾਖ਼ਲ ਨਹੀਂ ਕੀਤਾ ਗਿਆ। ਜੇ ਉਹ ਨਿੱਜੀ ਕਲੀਨਿਕ ਵਿੱਚ ਜਾਣ ਤਾਂ ਉਨ੍ਹਾਂ ਨੂੰ ਨਕਦ ਪੈਸੇ ਦੇਣੇ ਪੈਂਦੇ ਸਨ ਅਤੇ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ।"

25 ਲੱਖ ਲੋਕਾਂ ਦੇ ਸ਼ਹਿਰ ਵਿੱਚ ਕੋਰੋਨਾਵਾਇਰਸ ਦੀ ਮਾਰ ਜਿਸ ਤਰ੍ਹਾਂ ਪਈ ਹੈ, ਉਸ ਨਾਲ ਸ਼ਹਿਰ ਦੇ ਮੁਰਦਾ ਘਰ ਭਰ ਗਏ ਹਨ। ਮੁਰਦਾ ਘਰਾਂ ਦੇ ਸਟਾਫ਼ ਲਾਗ ਦੀ ਸੰਭਾਵਨਾ ਤੋਂ ਡਰੇ ਹੋਏ ਹਨ ਇਸ ਲਈ ਮੁਰਦਾ ਘਰ ਬੰਦ ਕਰ ਦਿੱਤੇ ਗਏ ਹਨ।

ਨਿਰਾਸ਼ ਅਤੇ ਬੇਵਸ ਲੋਕਾਂ ਨੇ ਅਜਿਹੇ ਵਿੱਚ ਲਾਸ਼ਾਂ ਨੂੰ ਘਰਾਂ ਦੇ ਬਾਹਰ ਛੱਡ ਦਿੱਤਾ ਹੈ। ਕੁਝ ਲਾਸ਼ਾਂ ਕਈ ਦਿਨਾਂ ਤੋਂ ਪਈਆਂ ਹਨ। ਗੁਆਇਕੀਲ ਦੇ ਕਬਰਿਸਤਾਨ ਵਿੱਚ ਥਾਂ ਘਟ ਗਈ ਹੈ। ਲਾਸ਼ਾਂ ਨੂੰ ਦਫ਼ਨਾਉਣ ਲਈ ਨਜ਼ਦੀਕੀ ਸ਼ਹਿਰਾਂ ਵਿੱਚ ਲਿਜਾਇਆ ਜਾ ਰਿਹਾ ਹੈ।

ਲਾਸ਼ਾਂ ਦਫ਼ਨਾਉਣ ਲਈ ਤਾਬੂਤ ਘੱਟ ਪੈ ਰਹੇ ਹਨ। ਇੱਥੋਂ ਤੱਕ ਕਿ ਲੋਕ ਗੱਤੇ ਦੇ ਤਾਬੂਤ ਬਣਾ ਰਹੇ ਹਨ। ਸਥਾਨਕ ਜੇਲ੍ਹਾਂ ਨੇ ਕੈਦੀਆਂ ਨੂੰ ਲੱਕੜ ਦੇ ਤਾਬੂਤ ਬਣਾਉਣ ਦੇ ਕੰਮ 'ਤੇ ਲਾਇਆ ਹੈ।

ਅੰਕੜਿਆਂ ਦੀ ਕਹਾਣੀ

ਇਕਵਾਡੋਰ ਦੇ ਰਾਸ਼ਟਰਪਤੀ ਨੇਨਿਨ ਮੋਰੇਨੋ ਨੇ ਮੰਨਿਆ ਹੈ ਕਿ ਉਨ੍ਹਾਂ ਦਾ ਹੈਲਥ ਐਮਰਜੈਂਸੀ ਸਿਸਟਮ ਸਥਿਤੀ ਨਾਲ ਨਿਪਟਣ ਵਿੱਚ ਅਸਫ਼ਲ ਰਿਹਾ ਹੈ।

16 ਅਪ੍ਰੈਲ ਤੱਕ ਸਰਕਾਰ ਇਸ ਗੱਲ ਉੱਪਰ ਜ਼ੋਰ ਦੇ ਰਹੀ ਸੀ ਕਿ ਇਕਵਾਡੋਰ ਵਿੱਚ ਵਾਇਰਸ ਨਾਲ ਮਹਿਜ਼ 400 ਮੌਤਾਂ ਹੋਈਆਂ ਹਨ।

ਜਦਕਿ ਕੋਰੋਨਾਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਬਣਾਈ ਗਈ ਟਾਸਕ ਫ਼ੋਰਸ ਨੇ ਸਾਰੇ ਅੰਕੜਿਆਂ ਨੂੰ ਪੁਣ-ਛਾਣ ਕੀਤੀ ਤਾਂ ਇੱਕ ਬੇਹੱਦ ਡਰਾਉਣੀ ਤਸਵੀਰ ਸਾਹਮਣੇ ਆਈ।

ਟਾਸਕ ਫ਼ੋਰਸ ਦੇ ਮੁਖੀ ਜਾਰਜ ਵਾਟੇਡ ਨੇ ਦੱਸਿਆ, "ਗ੍ਰਹਿ ਵਿਭਾਗ, ਮੁਰਦਾ ਘਰਾਂ, ਸਿਵਲ ਰਜਿਸਟਰ ਅਤੇ ਸਾਡੀ ਟੀਮ ਤੋਂ ਜੋ ਅੰਕੜੇ ਮਿਲੇ ਹਨ, ਉਨ੍ਹਾਂ ਤੋਂ ਪਤਾ ਚਲਦਾ ਹੈ ਕਿ ਅਪ੍ਰੈਲ ਦੇ ਪਹਿਲਾਂ 15 ਦਿਨਾਂ ਵਿੱਚ ਗਯਾਵਾਸ ਵਿੱਚ 6703 ਲੋਕਾਂ ਦੀ ਮੌਤ ਹੋਈ ਹੈ। ਇੱਥੇ ਹਰ ਮਹੀਨੇ ਔਸਤਨ ਦੋ ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਲਈ ਸਾਡੇ ਕੋਲ ਮੌਤ ਦੇ ਅੰਕੜਿਆਂ ਵਜੋਂ ਆਮ ਨਾਲੋਂ 5700 ਜ਼ਿਆਦਾ ਮਾਮਲੇ ਹਨ।"

ਅਜਿਹਾ ਨਹੀਂ ਹੈ ਕਿ ਗਯਾਵਾਸ ਦੇ ਸਾਰੇ ਲੋਕਾਂ ਦੀ ਮੌਤ ਪ੍ਰਤੱਖ ਤੌਰ ’ਤੇ ਕੋਵਿਡ-19 ਨਾਲ ਜੁੜੀ ਹੋਈ ਹੈ।

ਕੁਝ ਲੋਕ ਦਿਲ ਦਾ ਦੌਰਾ ਪੈਣ ਨਾਲ ਮਰੇ ਹਨ। ਕੁਝ ਦੇ ਗੁਰਦੇ ਖ਼ਰਾਬ ਸਨ ਜਾਂ ਹੋਰ ਬੀਮਾਰੀਆਂ ਸਨ। ਇਨ੍ਹਾਂ ਵਿੱਚੋਂ ਕੁਝ ਲੋਕ ਸਹੀ ਇਲਾਜ ਦੀ ਕਮੀ ਕਾਰਨ ਮੌਤ ਦੇ ਮੂੰਹ ਵਿੱਚ ਗਏ।

ਦੂਜ ਦੇਸ਼ਾਂ ਦਾ ਕੀ ਹਾਲ ਹੈ?

ਗਯਾਵਾਸ ਦੀ ਜੋ ਤਸਵੀਰ ਉਭਰੀ ਹੈ, ਉਸ ਨਾਲ ਪੂਰੇ ਇਲਾਕੇ ਵਿੱਚ ਕਈ ਸਵਾਲ ਖੜ੍ਹੇ ਹੋ ਗਏ ਹਨ। ਇਹ ਪੁੱਛਿਆ ਜਾ ਰਿਹਾ ਹੈ ਕਿ ਲੈਟਿਨ ਅਮਰੀਕਾ ਦੇ ਦੂਜੇ ਮੁਲਕਾਂ ਦਾ ਕੀ ਹਾਲ ਹੋਵੇਗਾ?

ਇਸ ਤੋਂ ਇਲਾਵਾ ਜਿਨ੍ਹਾਂ ਮੁਲਕਾਂ ਦੀਆਂ ਸਿਹਤ ਸਹੂਲਤਾਂ ਬੇਕਾਰ ਹਨ, ਉਨ੍ਹਾਂ ਵਿੱਚ ਕੀ ਹਾਲ ਹੋਵੇਗੀ?

ਚੀਨ ਦੇ ਵੂਹਾਨ ਸ਼ਹਿਰ ਵਿੱਚ ਜਦੋਂ ਤੋਂ ਸਰਕਾਰੀ ਅੰਕੜਿਆਂ ਵਿੱਚ ਤਰਮੀਮ ਕੀਤੀ ਗਈ ਹੈ। ਹਾਲਾਤ ਹੋਰ ਚਿੰਤਾ ਜਨਕ ਹੋ ਗਏ ਹਨ।

ਯੂਰਪ ਦੇ ਸਭ ਤੋਂ ਅਸਰਅੰਦਾਜ਼ ਮੁਲਕਾਂ ਵਿੱਚੋਂ ਇੱਕ ਸਪੇਨ ਵਿੱਚ ਜਿਸ ਤਰ੍ਹਾਂ ਦੇ ਮੌਤ ਦੇ ਆਂਕੜੇ ਜੁਟਾਏ ਗਏ ਹਨ ਅਤੇ ਉਨ੍ਹਾਂ ਨੂੰ ਸਥਾਨਕ ਅਤੇ ਕੌਮੀ ਪੱਧਰ ਉੱਤੇ ਸਾਂਝਾ ਕੀਤਾ ਗਿਆ ਹੈ। ਉਹ ਆਪਾ-ਵਿਰੋਧੀ ਹਨ।

ਗੁਆਇਕੀਲ ਸ਼ਹਿਰ ਵਿੱਚ ਡਾਕਟਰ ਕਾਰਲੇਸ ਮਾਵਯਿਨ ਨੇ ਬੀਬੀਸੀ ਨੂੰ ਦੱਸਿਆ, "ਇਕਵਾਡੋਰ ਵਿੱਚ ਸਰਕਾਰੀ ਸਿਹਤ ਸਹੂਲਤਾਂ ਹਮੇਸ਼ਾ ਤੋਂ ਹੀ ਕਮਜ਼ੋਰ ਰਹੀਆਂ ਹਨ। ਜ਼ਿਆਦਾਤਰ ਸਰਕਾਰਾਂ ਦੀ ਇਹ ਸਭ ਤੋਂ ਕਮਜ਼ੋਰ ਕੜੀ ਰਹੀ ਹੈ।"

ਡਾਕਟਰ ਕਾਰਲੋਸ ਦਾ ਮੰਨਣਾ ਹੈ ਕਿ ਕੋਵਿਡ-19 ਦੀ ਮਹਾਂਮਾਰੀ ਦੇ ਲਈ ਇਕਵਾਡੋਰ ਸਭ ਤੋਂ ਕਮਜ਼ੋਰ ਸ਼ਿਕਾਰ ਹੈ।

ਉਹ ਕਹਿੰਦੇ ਹਨ, ਮਰੀਜ਼ਾਂ ਦੀ ਵੱਡੀ ਗਿਣਤੀ ਨੇ ਇਕਵਾਡੋਰ ਦੀਆਂ ਕਮਜ਼ੋਰ ਸਿਹਤ ਸਹੂਲਤਾਂ ਨੂੰ ਪੂਰੀ ਤਰ੍ਹਾਂ ਧਰਾਸ਼ਾਹੀ ਕਰ ਦਿੱਤਾ।"

ਇਕਵਾਡੋਰ ਨੇ ਰਾਤ ਦੇ ਕਰਫਿਊ ਨੂੰ ਹੋਰ ਵਧਾ ਦਿੱਤਾ ਹੈ। ਇਸ ਮਗਰੋਂ ਦਾਅਵਾ ਕੀਤਾ ਜਾ ਰਿਹਾ ਕਿ ਟੈਸਟ ਵਧਾਏ ਜਾਣਗੇ। ਜਦਕਿ ਗੁਆਇਕੀਲ ਵਾਸੀਆਂ ਦੇ ਲਈ ਇਹ ਦੇਰੀ ਨਾਲ ਚੁੱਕਿਆ ਗਿਆ ਛੋਟਾ ਕਦਮ ਹੋਵੇਗਾ।

ਪੜ੍ਹੋ ਗੁਆਇਕਲੀ ਦੇ ਇੱਕ ਪਰਿਵਾਰ ਦੀ ਕਹਾਣੀ ਜਿਸ ਨੂੰ ਦੋ ਲਾਸ਼ਾਂ ਮੋਮਜਾਮੇ ਵਿੱਚ ਲਪੇਟ ਕੇ ਉਠਵਾਉਣ ਲਈ ਚਾਰ ਦਿਨ ਇੰਤਜ਼ਾਰ ਕਰਨਾ ਪਿਆ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)