ਕੋਰੋਨਾਵਾਇਰਸ: ਉਹ ਮਰੀਜ਼ ਜਿਸ ਦਾ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਹੋਇਆ ਵਿਆਹ

ਡਾ. ਜੌਨ ਰਾਈਟ ਨੇ ਇੱਕ ਖ਼ੂਬਸੂਰਤ ਪ੍ਰੇਮ ਕਹਾਣੀ ਲਿਖੀ ਹੈ ਕੋਰੋਨਾਵਾਇਰਸ ਦੇ ਇਕ ਮਰੀਜ਼ ਦੀ, ਜਿਸ ਨੇ ਆਪਣੇ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਆਪਣੀ ਮੰਗੇਤਰ ਨਾਲ ਵਿਆਹ ਰਚਿਆ।

20 ਅਪ੍ਰੈਲ 2020

ਇਹ ਅਜਿਹਾ ਸਮਾਂ ਹੈ ਜਿਸ ਵਿੱਚ ਡਰ ਅਤੇ ਇਕੱਲਤਾ ਦੋਵੇਂ ਮਹਿਸੂਸ ਕੀਤੇ ਜਾ ਸਕਦੇ ਹਨ, ਪਰ ਇਹ ਸਮਾਂ ਅਸਾਧਾਰਣ ਪਿਆਰ ਦਾ ਵੀ ਹੈ।

ਜਦੋਂ ਸਟਾਫ਼ ਨਰਸ ਸੋਫ਼ੀ ਬ੍ਰਾਇੰਟ-ਮਾਈਲਸ ਵਾਰਡ ਵਨ ਵਿਖੇ ਨਾਈਟ ਸ਼ਿਫਟ ਲਈ ਪਹੁੰਚੀ, ਉਸ ਨੂੰ ਦੱਸਿਆ ਗਿਆ ਕਿ ਕੋਵਿਡ -19 ਦੇ ਸ਼ੱਕੀ ਮਰੀਜ਼ ਜਿਸ ਨੂੰ ਹੋਰ ਵੀ ਕਈ ਸਮੱਸਿਆਵਾਂ ਹਨ ਅਤੇ ਜਿਸ ਦੇ ਬਚਣ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ, ਉਸ ਨੂੰ ਹੁਣ ਖ਼ਾਸ ਦੇਖ਼ਭਾਲ ਦਿੱਤੀ ਜਾ ਰਹੀ ਹੈ।

ਪਰ ਉਥੇ ਹੀ - ਦਸਤਾਨੇ, ਅਪ੍ਰੈਨ ਤੇ ਮਾਸਕ ਨਾਲ ਪੂਰੇ ਪੀਪੀਈ ਪਹਿਨੇ - ਉਹ 15 ਸਾਲਾਂ ਤੋਂ ਮੰਗੇਤਰ ਰਹੀ ਕੁੜੀ ਨਾਲ ਵਿਆਹ ਰਚਣ ਵਾਲਾ ਸੀ, ਜਿਸ ਨਾਲ ਉਹ ਕਦੇ ਸਮੇਂ ਦੀ ਘਾਟ ਜਾਂ ਕਦੇ ਪੈਸੇ ਦੀ ਘਾਟ ਕਰਕੇ ਵਿਆਹ ਨਹੀਂ ਸੀ ਕਰ ਪਾਇਆ।

ਜ਼ਿੰਦਗੀ ਕੋਈ ਨਾ ਕੋਈ ਸੰਘਰਸ਼ ਉਸ ਦੇ ਰਾਹ ਵਿੱਚ ਖੜਾ ਕਰਦੀ ਰਹੀ।

ਇਹ ਪਿਆਰ ਅਤੇ ਮੌਤ ਦੇ ਵਿਚਕਾਰ ਦੀ ਇੱਕ ਕਹਾਣੀ ਸੀ, ਪਰ ਇਹ ਇੱਕ ਬਹੁਤ ਹੀ ਖ਼ੂਬਸੂਰਤ ਚੀਜ਼ ਬਣ ਕੇ ਉਭਰੀ।

ਸੋਫ਼ੀ ਨੇ ਹਸਪਤਾਲ ਦੇ ਚੈਪਲਿਨ ਜੋਅ ਫੀਲਡਰ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ ਕਿ ਕੀ ਉਹ ਇਸ ਜੋੜੇ ਦਾ ਵਿਆਹ ਕਰ ਸਕਦਾ ਹੈ।

ਸੋਫ਼ੀ ਕਹਾਣੀ ਸੁਣਾਉਂਦੀ ਹੈ:

ਜੋਅ ਨੇ ਕਿਹਾ ਕਿ ਉਹ ਕਾਨੂੰਨੀ ਤੌਰ 'ਤੇ ਵਿਆਹ ਦੀ ਔਪਚਾਰਿਕਤਾ ਤਾਂ ਨਹੀਂ ਕਰ ਸਕਦਾ ਪਰ ਉਹ ਵਿਆਹ ਦੀ ਰਸਮ ਨੂੰ ਜ਼ਰੂਰ ਕਰ ਸਕਦਾ ਹੈ।

ਉਹ ਕਹਿਣਗੇ "ਮੈਂ ਕਬੂਲ ਕਰਦਾ ਹਾਂ" ਅਤੇ "ਜਦੋਂ ਤੱਕ ਮੌਤ ਸਾਨੂੰ ਵੱਖਰਾ ਨਹੀਂ ਕਰਦੀ" ਅਤੇ ਉਹ ਸਭ ਚੀਜ਼ਾਂ ਹੋਣਗੀਆਂ ਜੋ ਉਨ੍ਹਾਂ ਨੇ ਵਿਆਹ ਵਿੱਚ ਪਹਿਲਾਂ ਕੀਤੀਆਂ ਹੁੰਦੀਆਂ, ਪਰ ਇਹ ਸਭ ਹੋਵੇਗਾ ਹਸਪਤਾਲ ਵਿੱਚ।

ਜੋਅ ਆਇਆ ਅਤੇ ਅਸੀਂ ਉਨ੍ਹਾਂ ਲਈ ਟਿਨ ਫੋਇਲ ਦੀ ਮੁੰਦਰੀ ਬਣਾਈ। ਅਸੀਂ ਮਰੀਜ਼ ਦੀ ਧੀ ਨੂੰ ਫੇਸਟਾਈਮ 'ਤੇ ਲਿਆ ਤਾਂ ਜੋ ਉਹ ਵੀ ਇਸ ਸੈਰੇਮਨੀ ਨੂੰ ਦੇਖ ਸਕੇ।

ਇਹ ਇੱਕ ਬਹੁਤ ਪਿਆਰੀ ਸੈਰੇਮਨੀ ਸੀ ਅਤੇ ਜੋਅ ਇਸ ਨੂੰ ਦਿਲ ਨਾਲ ਨਿਭਾ ਰਿਹਾ ਸੀ - ਉਸਨੇ ਉਨ੍ਹਾਂ ਦੇ ਨਾਮ ਦੇ ਰੋਸ਼ਰ ਬਣਾਏ ਅਤੇ ਪ੍ਰਾਰਥਨਾ ਵੀ ਕੀਤੀ।

ਮਰੀਜ਼ ਦੀ ਮੰਗੇਤਰ ਇਸ ਗੱਲ ਨੂੰ ਸਮਝਦੀ ਸੀ ਕਿ ਉਹ ਤਾਂ ਗਾਊਨ ਪਾ ਕੇ ਪੂਰੀ ਤਰ੍ਹਾਂ ਤਿਆਰ ਹੋਵੇਗੀ ਪਰ ਉਸ [ਮਰੀਜ਼] ਨੂੰ ਮਾਸਕ ਪਾਉਣਾ ਪਏਗਾ। ਪਰ ਉਹ ਜੋ ਹੋ ਰਿਹਾ ਸੀ, ਉਸ ਨੂੰ ਲੈ ਕੇ ਕਾਫ਼ੀ ਉਤਸੁਕ ਸੀ।

ਜੋਅ ਵੀ ਪੂਰੇ ਜੋਸ਼ ਵਿੱਚ ਸੀ।

ਇਕ ਖ਼ੂਬਸੂਰਤ ਵਿਆਹ

ਅਸੀਂ ਬਾਅਦ ਵਿੱਚ ਉਨ੍ਹਾਂ ਲਈ ਇੱਕ ਛੋਟਾ ਜਿਹਾ ਫੋਟੋਸ਼ੂਟ ਵੀ ਕੀਤਾ। ਕਿਉਂਕਿ ਇਹੀ ਉਹ ਚਾਹੁੰਦਾ ਸੀ ਅਤੇ ਇਹੀ ਉਹ ਚਾਹੁੰਦੀ ਸੀ। ਅਸੀਂ ਜਿੰਨਾ ਹੋ ਸਕੇ ਇਸ ਨੂੰ ਅਸਲ ਵਿਆਹ ਵਾਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਫਿਰ ਅਸੀਂ ਉਨ੍ਹਾਂ ਲਈ ਕੇਕ ਵੀ ਕੱਟਿਆ।

ਉਸਨੂੰ ਪੂਰੀ ਤਰ੍ਹਾਂ ਦੱਸਿਆ ਗਿਆ ਸੀ ਕਿ ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਘੰਟਿਆਂ ਵਿੱਚ ਸੀ। ਇਹ ਆਖ਼ਰੀ ਚੀਜ਼ ਸੀ ਜੋ ਉਨ੍ਹਾਂ ਨੂੰ ਲੱਗਿਆ ਕਿ ਉਹ ਮਿਲ ਕੇ ਕਰ ਸਕਦੇ ਹਨ। ਘੱਟੋ ਘੱਟ ਉਨ੍ਹਾਂ ਨੂੰ ਇਹ ਆਖ਼ਰੀ ਯਾਦ ਤਾਂ ਮਿਲ ਗਈ।

ਸਾਡੀ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ।

ਚੈਪਲਿਨ ਜੋਅ ਫੀਲਡਰ ਅੱਗੇ ਦੱਸਦੇ ਹਨ:

ਡਾਕਟਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਉਹ ਅੱਜ ਦੀ ਰਾਤ ਵੀ ਨਹੀਂ ਕੱਟ ਪਾਵੇਗਾ। ਇਸ ਲਈ ਅਸੀਂ ਪੂਰੀ ਕੋਸ਼ਿਸ਼ ਕੀਤੀ ਇਸ ਵਿਆਹ ਦਾ ਪੂਰਾ ਜਸ਼ਨ ਮਨਾਇਆ ਜਾ ਸਕੇ।

ਮਰੀਜ਼ ਨੇ ਕੁਝ ਸ਼ਬਦ ਕਹਿਣ ਦੀ ਪੂਰੀ ਕੋਸ਼ਿਸ਼ ਕੀਤੀ ਪਰੰਤੂ ਉਸ ਦੇ ਸਾਹ ਔਖੇ ਹੋ ਰਹੇ ਸਨ। ਉਸਦੇ ਸਾਥੀ ਨੇ ਫਿਰ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਹੰਝੂ ਨਹੀਂ ਰੋਕ ਸਕਿਆ। ਪਰਿਵਾਰ ਉਸੇ ਸਮੇਂ ਮੁਸਕਰਾ ਵੀ ਰਿਹਾ ਸੀ ਅਤੇ ਰੋ ਵੀ ਰਿਹਾ ਸੀ।

ਅਤੇ ਇਹ ਸਭ ਪੀਪੀਈ ਉਪਕਰਣ ਪਾ ਕੇ ਕੀਤਾ ਗਿਆ ਸੀ। ਇਹ ਸਭ ਹਕੀਕਤ ਵਰਗਾ ਸੀ। ਮਰੀਜ਼ ਵੀ ਇਹ ਜਾਣਦਾ ਸੀ ਕਿ ਉਹ ਮਰਨ ਵਾਲਾ ਹੈ ਅਤੇ ਉਸਦੇ ਪਰਿਵਾਰ ਨੂੰ ਵੀ ਪਤਾ ਸੀ ਕਿ ਇਹ ਉਸ ਦੇ ਆਖ਼ਰੀ ਪਲ ਹਨ।

ਉਸਦੀ ਮੰਗੇਤਰ ਬਹੁਤ ਖ਼ੁਸ਼ ਸੀ ਕਿ ਇਹ ਸਭ ਸੱਚ ਹੋ ਪਾਇਆ ਅਤੇ ਇਸ ਲਈ ਉਸ ਨੇ ਸਭ ਦਾ ਧੰਨਵਾਦ ਕੀਤਾ।

ਤੁਸੀਂ ਲੋਕਾਂ ਨਾਲ ਇੱਜ਼ਤ ਨਾਲ ਪੇਸ਼ ਆਵੋ, ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਦਾ ਖ਼ਿਆਲ ਕਰਦੇ ਹੋ ਅਤੇ ਉਨ੍ਹਾਂ ਨਾਲ ਪਿਆਰ ਕਰਦੇ ਹੋ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਉਨ੍ਹਾਂ ਦੀ ਇਨ੍ਹੀਂ ਵੱਡੀ ਖੁਸ਼ੀ ਦਾ ਗਵਾਹ ਬਣ ਸਕਿਆ ਅਤੇ ਇਸ ਵਿੱਚ ਕੁਝ ਮਦਦ ਕਰ ਸਕਿਆ।

ਪਤਨੀ ਅਤੇ ਧੀ ਅਜੇ ਕੁਝ ਵੀ ਕਹਿਣ ਦੇ ਸਮਰਥ ਨਹੀਂ ਹਨ - ਅਜੇ ਤੱਕ ਅੰਤਮ ਸੰਸਕਾਰ ਨਹੀਂ ਹੋਇਆ - ਪਰ ਉਨ੍ਹਾਂ ਨੇ ਇਸ ਕਹਾਣੀ ਨੂੰ ਪ੍ਰਕਾਸ਼ਤ ਕਰਨ ਲਈ ਆਪਣੀ ਸਹਿਮਤੀ ਦਿੱਤੀ।

ਫਰੰਟ ਲਾਈਨ ਡਾਇਰੀ

ਪ੍ਰੋਫੈਸਰ ਜੌਨ ਰਾਈਟ, ਇੱਕ ਡਾਕਟਰ ਅਤੇ ਮਹਾਂਮਾਰੀ ਵਿਗਿਆਨੀ ਹਨ। ਉਹ ਬਰੈਡਫੋਰਡ ਇੰਸਟੀਚਿਊਟ ਫਾਰ ਹੈਲਥ ਰਿਸਰਚ ਦੇ ਮੁਖੀ ਹਨ ਅਤੇ ਉਪ-ਸਹਾਰਨ ਅਫ਼ਰੀਕਾ ਵਿੱਚ ਹੈਜ਼ਾ, ਐਚਆਈਵੀ ਅਤੇ ਈਬੋਲਾ ਮਹਾਂਮਾਰੀ 'ਤੇ ਕਾਫ਼ੀ ਕੰਮ ਕਰ ਚੁੱਕੇ ਹਨ।

ਉਹ ਬੀਬੀਸੀ ਨਿਊਜ਼ ਲਈ ਇਹ ਡਾਇਰੀ ਲਿਖ ਰਹੇ ਹਨ ਅਤੇ ਬੀਬੀਸੀ ਰੇਡੀਓ 4 ਦੀ ਐਨਐਚਐਸ ਫਰੰਟ ਲਾਈਨ ਲਈ ਹਸਪਤਾਲ ਦੇ ਵਾਰਡਾਂ ਤੋਂ ਰਿਕਾਰਡਿੰਗ ਕਰ ਰਹੇ ਹਨ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)