You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦਾ ਪਹਿਲੀ ਵਾਰ ਪਤਾ ਲਗਾਉਣ ਵਾਲੀ ਔਰਤ ਬਾਰੇ ਜਾਣੋ
ਮਨੁੱਖ ਵਿੱਚ ਕੋਰੋਨਾਵਾਇਰਸ ਦਾ ਪਤਾ ਲਾਉਣ ਵਾਲੀ ਪਹਿਲੀ ਔਰਤ ਸਕਾਟਲੈਂਡ ਦੇ ਇੱਕ ਬੱਸ ਡਰਾਈਵਰ ਦੀ ਧੀ ਸੀ। ਉਸ ਨੇ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਤੇ ਉਸ ਦਾ ਨਾਮ ਜੂਨ ਅਲਮੇਡਾ ਸੀ। ਉਹ ਵਾਇਰਸ ਇਮੇਜਿੰਗ ਦੇ ਮਾਹਰਾਂ ਵਿੱਚ ਸ਼ੁਮਾਰ ਹੋਣਾ ਚਾਹੁੰਦੀ ਸੀ।
ਕੋਵਿਡ-19 ਮਹਾਮਾਂਰੀ ਦੇ ਸਮੇਂ ਜੂਨ ਦੀ ਚਰਚਾ ਹੋ ਰਹੀ ਹੈ ਤੇ ਉਨ੍ਹਾਂ ਦੀ ਖੋਜ ਚਰਚਾ ਦੇ ਕੇਂਦਰ ਵਿੱਚ ਹੈ।
ਕੋਵਿਡ-19 ਇੱਕ ਨਵਾਂ ਵਾਇਰਸ ਹੈ, ਪਰ ਕੋਰੋਨਾਵਾਇਰਸ ਦਾ ਹੀ ਇੱਕ ਮੈਂਬਰ ਹੈ। ਕੋਰੋਨਾਵਾਇਰਸ ਦੀ ਖੋਜ ਡਾਕਟਰ ਅਲਮੇਡਾ ਨੇ ਹੀ ਸਭ ਤੋਂ ਪਹਿਲਾਂ 1964 ਵਿੱਚ ਲੰਡਨ ਦੇ ਸੈਂਟ ਥੌਮਸ ਹਸਪਤਾਲ ਦੀ ਲੈਬ ਵਿੱਚ ਕੀਤੀ ਸੀ।
ਵਿਸ਼ਾਣੂ ਵਿਗਿਆਨੀ (ਵਾਇਰੌਲੌਜਿਸਟ) ਜੂਨ ਅਲਮੇਡਾ ਦਾ ਜਨਮ ਸਾਲ 1930 ਵਿੱਚ ਹੋਇਆ। ਉਨ੍ਹਾਂ ਦਾ ਬੇਹੱਦ ਸਧਾਰਨ ਪਰਿਵਾਰ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਬਸਤੀ ਵਿੱਚ ਰਹਿੰਦਾ ਸੀ। ਜਿੱਥੇ ਉਸ ਦਾ ਜਨਮ ਹੋਇਆ।
16 ਸਾਲ ਦੀ ਉਮਰ ਵਿੱਚ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾ ਨੇ ਗਲਾਸਗੋ ਦੀ ਇੱਕ ਲੈਬ ਵਿੱਚ ਬਤੌਰ ਤਕਨੀਸ਼ੀਅਨ ਨੌਕਰੀ ਦੀ ਸ਼ੁਰੂਆਤ ਕੀਤੀ।
ਬਾਅਦ ਵਿੱਚ ਉਹ ਸੰਭਾਵਨਾਵਾਂ ਦੀ ਭਾਲ ਵਿੱਚ ਲੰਡਨ ਆ ਗਈ। ਸਾਲ 1954 ਵੈਨੇਜ਼ੂਏਲਾ ਦੇ ਕਲਾਕਾਰ ਐਨਰੀਕੇ ਅਲਮੇਡਾ ਨਾਲ ਵਿਆਹ ਹੋਇਆ।
ਸਧਾਰਨ ਸਰਦੀ-ਜ਼ੁਕਾਮ 'ਤੇ ਖੋਜ
ਮੈਡੀਕਲ ਖੇਤਰ ਦੇ ਲੇਖਕ ਜਾਰਜ ਵਿੰਟਰ ਮੁਤਾਬਕ ਵਿਆਹ ਤੋਂ ਕੁਝ ਸਾਲਾਂ ਬਾਅਦ ਇਹ ਜੋੜਾ ਆਪਣੀ ਧੀ ਦੇ ਨਾਲ ਕੈਨੇਡਾ ਦੇ ਟੌਰਾਂਟੋ ਸ਼ਹਿਰ ਵਿੱਚ ਜਾ ਕੇ ਵਸ ਗਿਆ।
ਕੈਨੇਡਾ ਦੇ ਗੀ ਔਂਟਾਰੀਓ ਕੈਂਸਰ ਇੰਸਟੀਚਿਊਟ ਵਿੱਚ ਡਾਕਟਰ ਅਲਮੇਡਾ ਨੇ ਇੱਕ ਇਲਕਟਰੌਨਿਕ ਦੂਰਬੀਨ ਦੀ ਨੇ ਨਾਲ ਆਪਣੇ ਕੌਸ਼ਲ ਦਾ ਵਿਕਾਸ ਕੀਤਾ।
ਇਸ ਸੰਸਥਾ ਵਿੱਚ ਕੰਮ ਦੌਰਾਨ ਇੱਕ ਅਜਿਹੀ ਵਿਧੀ ਉੱਪਰ ਮਹਾਰਤ ਹਾਸਲ ਕੀਤੀ ਜਿਸ ਦੀ ਮਦਦ ਨਾਲ ਵਾਇਰਸ ਦੀ ਕਲਪਨਾ ਕਰਨਾ ਬਹੁਤ ਸੌਖਾ ਹੋ ਗਿਆ ਸੀ।
ਲੇਖਕ ਜਾਰਜ ਵਿੰਟਰ ਨੇ ਬੀਬੀਸੀ ਨੂੰ ਦੱਸਿਆ ਕਿ ਯੂਕੇ ਨੇ ਡਾਕਟਰ ਜੂਨ ਦੇ ਕੰਮ ਦੀ ਅਹਿਮੀਅਤ ਨੂੰ ਸਮਝਿਆ ਅਤੇ ਸਾਲ 1964 ਵਿੱਚ ਲੰਡਨ ਦੇ ਸੈਂਟ ਥੌਮਸ ਮੈਡੀਕਲ ਸਕੂਲ ਵਿੱਚ ਕੰਮ ਕਰਨ ਦੀ ਪੇਸ਼ਕਸ਼ ਰੱਖੀ।
ਇਹ ਉਹੀ ਹਸਪਤਾਲ ਹੈ ਜਿੱਥੇ ਕੋਵਿਡ-19 ਨਾਲ ਲਾਗ ਲੱਗਣ ਗਰੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਇਲਾਜ ਹੋਇਆ ਹੈ।
ਕੈਨੇਡਾ ਤੋਂ ਬ੍ਰਿਟੇਨ ਆ ਕੇ ਡਾਕਟਰ ਅਲਮੇਡਾ ਨੇ ਡਾਕਟਰ ਡੇਵਿਡ ਟਾਯਰੇਲ ਦੇ ਨਾਲ ਖੋਜ-ਕਾਰਜ ਸ਼ੁਰੂ ਕੀਤਾ। ਡਾ. ਡੇਵਿਡ ਉਨ੍ਹੀਂ ਦਿਨੀਂ ਯੂਕੇ ਦੇ ਸੇਲਸਬਰੀ ਖੇਤਰ ਵਿੱਚ ਆਮ ਸਰਦੀ-ਜ਼ੁਕਾਮ ਉੱਪਰ ਖੋਜ ਕਰ ਰਹੇ ਸਨ।
ਜਾਰਜ ਵਿੰਟਰ ਨੇ ਦੱਸਿਆ ਕਿ ਡਾ਼ ਟਾਯਰੇਲ ਨੇ ਜ਼ੁਕਾਮ ਦੇ ਦੌਰਾਨ ਨੱਕ ਵਿੱਚੋਂ ਵਹਿਣ ਵਾਲੇ ਰੇਸ਼ੇ ਦੇ ਕਈ ਨਮੂਨੇ ਇਕੱਠੇ ਕੀਤੇ ਸਨ। ਜਿਨ੍ਹਾਂ ਵਿੱਚ ਉਨ੍ਹਾਂ ਦੀ ਟੀਮ ਲਗਭਗ ਸਾਰੇ ਨਮੂਨਿਆਂ ਵਿੱਚ ਹੀ ਸਧਾਰਨ ਸਰਦੀ-ਜ਼ੁਕਾਮ ਵਿੱਚ ਪਾਏ ਜਾਣ ਵਾਲੇ ਵਾਇਰਸ ਦਿਖ ਰਹੇ ਸਨ।
ਜਦਕਿ ਉਨ੍ਹਾਂ ਵਿੱਚ ਇੱਕ ਨਮੂਨਾ ਬੀ-814 ਨਾਮ ਦਾ ਸੀ। ਉਸ ਨੂੰ ਸਾਲ 1960 ਵਿੱਚ ਇੱਕ ਬੋਰਡਿੰਗ ਸਕੂਲ ਦੇ ਵਿਦਿਆਰਥੀ ਤੋਂ ਲਿਆ ਗਿਆ ਸੀ।
ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ
ਕੋਰੋਨਾਵਾਇਰਸ ਨਾਮ ਕਿਸ ਨੇ ਦਿੱਤਾ?
ਡਾਕਟਰ ਟਾਯਰੇਲ ਨੂੰ ਲੱਗਿਆ ਕਿ ਨਮੂਨੇ ਦੀ ਜਾਂਚ ਡਾਕਟਰ ਜੂਨ ਦੀ ਮਦਦ ਨਾਲ ਨਾਲ ਕੀਤੀ ਜਾਵੇ।
ਨਮੂਨਾ ਜਾਂਚ ਲਈ ਡਾ. ਜੂਨ ਕੋਲ ਭੇਜ ਦਿੱਤਾ ਗਿਆ। ਜਾਂਚ ਤੋਂ ਬਾਅਦ ਦੱਸਿਆ ਕਿ ਇਹ 'ਵਾਇਰਸ ਇਨਫਲੂਏਂਜ਼ਾ ਵਰਗਾ ਦਿਸਦਾ ਤਾਂ ਹੈ ਪਰ ਇਹ ਉਹ ਨਹੀਂ ਹੈ। ਬਲਕਿ ਉਸ ਤੋਂ ਕੁਝ ਵੱਖਰਾ ਹੈ।''
ਇਸੇ ਵਾਇਰਸ ਦੀ ਅੱਗੇ ਚੱਲ ਕੇ ਕੋਰੋਨਾਵਾਇਰਸ ਵਜੋਂ ਪਛਾਣ ਕੀਤੀ ਗਈ।
ਜਾਰਜ ਵਿੰਟਰ ਦਾ ਕਹਿਣਾ ਹੈ ਕਿ ਡਾਕਟਰ ਅਲਮੇਡਾ ਨੇ ਦਰਅਸਲ ਇਸ ਵਾਇਰਸ ਵਰਗੇ ਕਣ ਪਹਿਲਾਂ ਚੂਹਿਆਂ ਵਿੱਚ ਹੋਣ ਵਾਲੀ ਹੈਪਟਾਈਟਸ ਅਤੇ ਮੁਰਗਿਆਂ ਵਿੱਚ ਹੋਣ ਵਾਲੀ ਲਾਗ਼ ਬ੍ਰੋਨਕਾਈਟਿਸ ਵਿੱਚ ਦੇਖੇ ਸਨ।
ਵਿੰਟਰ ਦੱਸਦੇ ਹਨ ਕਿ ਜੂਨ ਦਾ ਪਹਿਲਾ ਰਿਸਰਚ ਪੇਪਰ ਹਾਲਾਂਕਿ ਇਹ ਕਹਿੰਦਿਆਂ ਨਕਾਰ ਦਿੱਤਾ ਗਿਆ ਸੀ ਕਿ 'ਉਨ੍ਹਾਂ ਨੇ ਇਨਫ਼ਲੂਏਂਜ਼ਾ ਵਾਇਰਸ ਦੀਆਂ ਖ਼ਰਾਬ ਤਸਵੀਰਾਂ ਪੇਸ਼ ਕੀਤੀਆਂ ਹਨ।'
ਬਾਅਦ ਵਿੱਚ ਸੈਂਪਲ ਨੰਬਰ ਬੀ-814 ਉੱਪਰ ਕੀਤੀ ਗਈ ਇਸ ਨਵੀਂ ਖੋਜ ਨੂੰ ਸਾਲ 1965 ਵਿੱਚ ਛਪੇ ਬ੍ਰਿਟਿਸ਼ ਮੈਡੀਕਲ ਜਰਨਲ ਆਫ਼ ਵਾਇਰੌਲੌਜੀ ਵਿੱਚ ਤਸਵੀਰ ਸਹਿਤ ਛਾਪਿਆ ਗਿਆ।
ਜਾਰਜ ਵਿੰਟਰ ਮੁਤਾਬਕ ਡਾਕਟਰ ਟਾਯਰੇਲ, ਡਾਕਟਰ ਅਲਮੇਡਾ ਅਤੇ ਸੈਂਟ ਥੌਮਸ ਮੈਡੀਕਲ ਇੰਸਟੀਚਿਊਟ ਦੇ ਪ੍ਰੋਫ਼ੈਸਰ ਟੌਨੀ ਵਾਟਸਨ ਸਨ ਜਿਨ੍ਹਾਂ ਨੇ ਇਸ ਵਾਇਰਸ ਦੀ ਉੱਚੀ-ਨੀਵੀਂ ਬਣਤਰ ਦੇਖ ਕੇ ਇਸ ਦਾ ਨਾਮ ਕੋਰੋਨਾਵਾਇਰਸ ਰੱਖਿਆ ਸੀ।
ਬਾਅਦ ਵਿੱਚ ਡਾਕਟਰ ਅਲਮੇਡਾ ਨੇ ਲੰਡਨ ਦੇ ਪੋਸਟਗ੍ਰੇਜੂਏਟ ਮੈਡੀਕਲ ਕਾਲਜ ਵਿੱਚ ਕੰਮ ਕੀਤਾ। ਉੱਥੋਂ ਹੀ ਆਪਣੀ ਡਾਕਟਰੇਟ ਦੀ ਪੜ੍ਹਾਈ ਪੂਰੀ ਕੀਤੀ।
ਆਪਣੇ ਕਰੀਅਰ ਦੇ ਆਖ਼ਰੀ ਦਿਨਾਂ ਵਿੱਚ ਡਾਕਟਰ ਜੂਨ ਅਲਮੇਡਾ ਮੈਡੀਕਲ ਇੰਸਟੀਚਿਊਟ ਵਿੱਚ ਸੀ। ਜਿੱਥੇ ਇਮੇਜਿੰਗ ਰਾਹੀਂ ਕਈ ਵਾਇਰਸਾਂ ਦੀ ਪਛਾਣ ਕੀਤੀ ਅਤੇ ਆਪਣੇ ਨਾਂਅ 'ਤੇ ਪੇਟੈਂਟ ਕਰਵਾਏ।
ਵੈਲਕਾਮ ਇੰਸਟੀਚਿਊਟ ਤੋਂ ਰਿਟਾਇਰ ਹੋ ਕੇ ਉਹ ਇੱਕ ਯੋਗਾ ਟੀਚਰ ਬਣ ਗਈ ਸੀ।
ਸਾਲ 1980 ਦੇ ਦਹਾਕੇ ਵਿੱਚ ਉਸ ਨੂੰ ਸਰਪ੍ਰਸਤ ਵਜੋਂ ਐੱਚਆਈਵੀ ਵਾਇਰਸ ਦੀਆਂ ਨਵੀਂਆਂ ਤਸਵੀਰਾਂ ਲੈਣ ਲਈ ਬੁਲਾਇਆ ਗਿਆ ਸੀ।
ਸਾਲ 2007 ਵਿੱਚ 77 ਸਾਲਾਂ ਦੀ ਉਮਰ ਵਿੱਚ ਡਾਕਟਰ ਅਲਮੇਡਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਹੁਣ ਡਾ. ਅਲਮੇਡਾ ਦੀ ਮੌਤ ਤੋਂ 13 ਸਾਲ ਬਾਅਦ ਉਨ੍ਹਾਂ ਦੇ ਕੰਮ ਨੂੰ ਵਾਕਈ ਉਹ ਮਾਨਤਾ ਮਿਲ ਗਈ ਹੈ ਜਿਸ ਦੀ ਉਹ ਹੱਕਦਾਰ ਸੀ। ਉਹ ਇੱਕ ਬੇਮਿਸਾਲ ਖੋਜੀ ਵਜੋਂ ਜਾਣੇ ਜਾਂਦੀ ਹੈ।
ਉਸ ਦੀ ਖੋਜ ਦੇ ਆਧਾਰ 'ਤੇ ਹੀ ਅਜੋਕੀ ਦੁਨੀਆਂ ਭਰ ਵਿੱਚ ਫ਼ੈਲੇ ਕੋਰੋਨਾਵਾਇਰਸ ਮਹਾਂਮਾਰੀ ਨੂੰ ਸਮਝਣ ਵਿੱਚ ਮਦਦ ਮਿਲ ਰਹੀ ਹੈ।