ਕੋਰੋਨਾਵਾਇਰਸ ਤੋਂ ਬਾਅਦ ਨੇਕ-ਭਾਵਨਾਵਾਂ ਨਾਲ ਦੁਨੀਆਂ ਵਧੀਆ ਕਿਵੇਂ ਬਣ ਸਕਦੀ ਹੈ

    • ਲੇਖਕ, ਅਰੀ ਵੱਲ੍ਹਾ
    • ਰੋਲ, ਬੀਬੀਸੀ ਲਈ

ਅੱਜ ਮਨੁੱਖਤਾ ਦੇ ਦਰਪੇਸ਼ ਕਿਹੜੀਆਂ ਸਭ ਤੋਂ ਫ਼ਸਵੀਆਂ ਮੁਸ਼ਕਲਾਂ ਹਨ। ਜ਼ਰਾ ਉਨ੍ਹਾਂ ਬਾਰੇ ਸੋਚੋ ਅਤੇ ਹੱਲ ਸੁਝਾਓ।

ਬਦਲਦਾ ਵਾਤਾਵਰਣ? ਤੁਸੀਂ ਕਹੋਗੇ ਕਾਰਬਨ ਘਟਾਓ ਤੇ ਸਵੱਛ ਊਰਜਾ ਅਪਣਾਓ।

ਪ੍ਰਵਾਸ? ਤੁਸੀਂ ਕਹੋਗੇ ਕਿ ਵੀਜ਼ੇ ਦੀ ਪ੍ਰਕਿਰਿਆ ਨੂੰ ਦਰਸੁਤ ਕਰੋ ਤੇ ਸਰਹੱਦਾਂ ਦੀ ਰਾਖੀ ਦੇ ਨਵੇਂ ਰਾਹ ਦੇਖੋ।

ਮਨੁੱਖ ਆਪਣੀਆਂ ਛੋਟੀਆਂ-ਵੱਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਇਸੇ ਤਰ੍ਹਾਂ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਸਮਸਿਆਵਾਂ ਭਾਵੇਂ ਕਿਹੋ-ਜਿਹੀਆਂ ਵੀ ਹੋਣ। ਹੱਲ ਖੋਜਣ ਦਾ ਤਰੀਕਾ ਉਹੀ ਰਹਿੰਦਾ ਹੈ। ਬਾਹਰੀ ਜਿਹਾ, ਨਜ਼ਰੀਏ ਨਾਲ ਜਿਸ ਵਿੱਚੋਂ ਵਿਅਕਤੀਗ਼ਤ ਸ਼ਮੂਲੀਆਤ ਮਨਫ਼ੀ ਹੁੰਦੀ ਹੈ।

ਪੱਛਮੀ ਸਮਾਜ ਦੇ ਤਰੀਕੇ ਮੁਤਾਬਕ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚੋਂ ਜਿੱਥੋਂ ਤੱਕ ਸੰਭਵ ਹੋ ਸਕੇ ਭਾਵਨਾਵਾਂ ਨੂੰ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਠੰਢੇ ਅਤੇ ਤਕਨੀਕੀ ਕਿਸਮ ਦੇ ਹੱਲ ਅਪਣਾਉਂਦੇ ਹਾਂ।

ਤਰਕ ਪ੍ਰਤੀ ਇਹ ਇੰਤਹਾ ਦਾ ਲਗਾਅ, ਅਰਸਤੂ ਜਿੰਨਾ ਹੀ ਪੁਰਾਣਾ ਹੈ। ਜਿਸ ਨੇ ਭਾਵਨਾਵਾਂ ਨੂੰ ਸਾਡੇ ਪੂਰਨ ਮਨੁੱਖ ਬਣਨ ਦੇ ਰਾਹ ਦੀ ਰੁਕਾਵਟ ਦੱਸਿਆ ਸੀ। 18ਵੀਂ ਸਦੀ ਤੋਂ ਇਹ ਪੱਛਮੀ ਕਦਰਾਂ-ਕੀਮਤਾਂ ਦਾ ਅਨਿੱਖੜ ਅੰਗ ਬਣ ਗਿਆ ਅਤੇ ਹਾਲੇ ਤੱਕ ਬਣਿਆ ਹੋਇਆ ਹੈ।

ਇਸ ਪਹੁੰਚ ਦੇ ਕੁਝ ਲਾਭ ਵੀ ਹਨ। ਭਾਵਨਾਵਾਂ ਕਈ ਵਾਰ ਸਾਡੇ ਕੰਟਰੋਲ ਤੋਂ ਬਹਰਲੀਆਂ ਤਾਕਤਾਂ ਦੇ ਵੱਸ ਵਿੱਚ ਆ ਸਕਦੀਆਂ ਹਨ। ਕਾਤਲ ਭੀੜ ਅਤੇ ਜਮ੍ਹਾਂਖੋਰੀ ਉਸ ਸਮੇਂ ਵਧਦੀ ਹੈ ਜਦੋਂ ਭਾਵਨਾਵਾਂ ਲਾਗ਼ ਵਾਂਗ ਫ਼ੈਲ ਜਾਂਦੀਆਂ ਹਨ। ਕੋਈ ਪ੍ਰਾਪੇਗੰਡਾ ਕਰਨ ਵਾਲੇ ਲੋਕ ਸਾਡੀਆਂ ਭਾਵਨਾਵਾਂ ਨੂੰ ਵਰਗਲਾ ਕੇ ਆਪਣੇ ਪੱਖ ਵਿੱਚ ਕਰ ਸਕਦੇ ਹਨ। ਉਹ ਸਾਨੂੰ ਦੂਸਰਿਆਂ ਨੂੰ ਨਫ਼ਰਤ ਵੀ ਕਰਨ ਲਾ ਸਕਦੇ ਹਨ।

ਇਸ ਦੇ ਉਲਟ ਕਾਰਜਕਾਰੀ ਪ੍ਰਉਪਕਾਰ ਦੀ ਭਾਵਨਾ ਸਾਡੇ ਵਿੱਚ ਸਕਾਰਤਾਮਿਕ ਅਤੇ ਦੂਰ-ਰਸੀ ਤਬਦੀਲੀ ਲੈ ਕੇ ਆਉਂਦੀ ਹੈ। ਇਹ ਇੱਕ ਅੰਦਾਜ਼ਾ ਬਣਾਉਂਦੀ ਹੈ ਕਿ ਕੋਈ ਵਿਅਕਤੀ ਆਪਣੇ ਕਾਰਜਾਂ ਨਾਲ ਕਿਵੇਂ ਵੱਧ ਤੋਂ ਵੱਧ ਭਲਾ ਕਰ ਸਕਦਾ ਹੈ।

ਜੇ ਅਸੀਂ ਭਾਵਨਾਵਾਂ ਨੂੰ ਕੁਝ ਸਮੇਂ ਲਈ ਦਰਕਿਨਾਰ ਕਰ ਵੀ ਦੇਈਏ ਤਾਂ ਵੀ ਅਸੀਂ ਇਨ੍ਹਾਂ ਦੀ ਭੂਮਿਕਾ ਨੂੰ ਬਿਲਕੁਲ ਖ਼ਤਮ ਨਹੀਂ ਕਰ ਸਕਦੇ। ਇਹ ਨਾ ਸਿਰਫ਼ ਸਾਡੇ ਨੈਤਿਕ, ਸਮਾਜਿਕ ਵਿਹਾਰ ਦਾ ਅਨਿੱਖੜ ਅੰਗ ਰਹੀਆਂ ਹਨ। ਸਗੋਂ ਨਿੱਜੀ ਤੋਂ ਲੈ ਕੇ ਮਨੁੱਖਤਾ ਦੇ ਦਰਪੇਸ਼ ਵੱਡੀਆਂ ਸਮੱਸਿਆਂ ਦੇ ਹੱਲ ਦੇ ਵੀ ਅਹਿਮ ਔਜਾਰ ਹਨ।

ਬਰਕਲੇ ਯੂਨੀਵਰਸਿਟੀ ਦੇ ਗਰੇਟਰ ਗੁੱਡ ਸਾਇੰਸਜ਼ ਸੈਂਟਰ ਦੇ ਐਮੀਲੀਆਨਾ ਸਾਇਮਨ-ਥੌਮਸ ਦਾ ਕਹਿਣਾ ਹੈ, “(ਭਾਵਨਾਵਾਂ) ਸਾਨੂੰ ਇਹ ਅਹਿਮ ਜਾਣਕਾਰੀ ਦਿੰਦੀਆਂ ਹਨ ਕਿ ਕੀ ਮਹੱਤਵਪੂਰਣ ਹੈ ਤੇ ਅੱਗੇ ਕੀ ਕਰੀਏ ਅਤੇ ਉਸ ਵਿੱਚ ਆਪਣੇ ਨਾਲ ਕਿਸ ਨੂੰ ਸ਼ਾਮਲ ਕਰੀਏ”।

ਮਨੁੱਖਤਾ ਲਗਤਾਰ ਗਤੀਸ਼ੀਲ ਰਹਿੰਦੀ ਹੈ। ਜੋ ਲੋਕ ਅਤੇ ਸੰਗਠਨ ਬਦਲਦੇ ਸਮੇਂ ਨਾਲ ਬਦਲਣਾ ਤੇ ਵਿਕਾਸ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਪੁਰਾਣੀ ਸੋਚ ਅਤੇ ਪਹੁੰਚ ਕਾਰਗ਼ਰ ਨਹੀਂ ਹੋ ਸਕਦੀ।

ਇੱਕ ਅਜਿਹਾ ਭਵਿੱਖ ਜਿਸ ਵਿੱਚ ਸਾਰੇ ਵਿਕਾਸ ਕਰ ਸਕਣ ਦੇ ਨਿਰਮਾਣ ਲਈ ਆਗੂਆਂ ਅਤੇ ਸੰਗਠਨਾਂ ਨੂੰ ਅਜਿਹੇ ਰਾਹ-ਰਸਤੇ ਤਲਾਸ਼ਣੇ ਪੈਣਗੇ ਜੋ ਮਨੁੱਖੀ ਭਾਵਾਨਾਂ ਨੂੰ ਅਪੀਲ ਕਰਦੇ ਹੋਣ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹੋਣ।

ਪਿਛਲੇ ਦਹਾਕਿਆਂ ਦੌਰਾਨ ਹੋਈਆਂ ਵਿਗਿਆਨਕ ਕਾਢਾਂ ਨੇ ਸਾਡੀ ਭਾਵਨਾਵਾਂ ਬਾਰੇ ਸਮਝ ਨੂੰ ਨਵੀਂ ਦਿਸ਼ਾ ਦਿੱਤੀ ਹੈ। ਖ਼ਾਸ ਕਰਕੇ ਭਾਵਨਾਵਾਂ ਸਾਡੀ ਸੋਚ ਅਤੇ ਭਵਿੱਖ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ।

ਅਸੀਂ ਸਿੱਖਿਆ ਹੈ ਕਿ ਭਾਵਨਾਵਾਂ ਦੀ ਸੁਵਰਤੋਂ ਕਰ ਕੇ ਅਸੀਂ ਤਾਰਕਿਕ ਚੋਣਾਂ ਕਰ ਸਕਦੇ ਹਾਂ। ਅਜਿਹੇ ਕੰਮਾਂ ਕਰ ਸਕਦੇ ਹਾਂ ਜਿਨ੍ਹਾਂ ਵਿੱਚ ਨਿੱਜ ਤੋਂ ਉੱਪਰ ਉੱਠ ਕੇ ਟੀਮ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ।

ਭਾਵਨਾਵਾਂ ਨੂੰ ਦੂਰ-ਰਸੀ ਸੋਚ ਅਤੇ ਵਿਹਾਰ ਵਾਲੇ ਪਾਸੇ ਲਾਇਆ ਜਾ ਸਕਦਾ ਹੈ। ਜੋ ਇੱਕ ਤੋਂ ਇੱਕ ਚੰਗੇ ਭਵਿੱਖ ਦੇ ਮੁਲਾਂਕਣ ਲਈ ਜ਼ਰੂਰੀ ਹੈ।

ਜੇ ਅਸੀਂ ਅਜਿਹੀ ਨਿੱਜੀ ਵਚਨਬੱਧਤਾ ਪੈਦਾ ਕਰਨੀ ਹੈ। ਜਿਸ ਨਾਲ ਚੰਗੇਰੇ ਭਵਿੱਖ ਦੀ ਸਿਰਜਣਾ ਹੋ ਸਕੇ ਤਾਂ ਸਾਨੂੰ ਅਜਿਹੇ ਰਸਤੇ ਤਲਾਸ਼ਣੇ ਪੈਣਗੇ ਜਿਨ੍ਹਾਂ ਵਿੱਚ ਭਾਵਨਾਵਾਂ ਦੀ ਯੋਗ ਭੂਮਿਕਾ ਹੋਵੇ।

ਐਨੀ ਫ਼ਰੈਂਕ ਨੇ ਕਿਹਾ ਸੀ, “ਭਾਵੇਂ ਉਹ ਕਿੰਨੀਆਂ ਵੀ ਅਣਉਚਿਤ ਕਿਉਂ ਨਾ ਲੱਗਣ। ਭਾਵਨਾਵਾਂ ਨਜ਼ਰ ਅੰਦਾਜ਼ ਨਹੀਂ ਕੀਤੀਆਂ ਜਾ ਸਕਦੀਆਂ”। ਉਹ ਹਮੇਸ਼ਾ ਸਾਡਾ ਹਿੱਸਾ ਰਹੀਆਂ ਹਨ ਅਤੇ ਰਹਿਣਗੀਆਂ। ਸਾਨੂੰ ਇਹ ਸਿੱਖਣਾ ਪਵੇਗਾ ਕਿ ਉਨ੍ਹਾਂ ਦੀ ਸਾਡੀ ਆਪਣੀ ਅਤੇ ਆਉਣ ਵਾਲੀਆਂ ਨਸਲਾਂ ਦੀ ਭਲਾਈ ਲਈ ਕਿਵੇਂ ਵਰਤੋਂ ਕਰਨੀ ਹੈ।

ਇਸ ਲਈ ਇਸਨੂੰ ਪੋਸ਼ਣ ਦੇਣਾ, ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ। ਇਨ੍ਹਾਂ ਭਾਵਾਨਾਵਾਂ ਵਿੱਚ- ਹਮਭਾਵਨਾ, ਧੰਨਵਾਦ ਆਦਿ ਸ਼ਾਮਲ ਹਨ। ਇਹ ਚੰਗੇ ਸਮਾਜਿਕ ਰਿਸ਼ਤੇ ਬਣਾਉਂਦੀਆਂ ਹਨ। ਇਹ ਮਨੁੱਖਾਂ ਨੂੰ ਉਹ ਦੁਨੀਆਂ ਦਿਖਾ ਸਕਦੀਆਂ ਹਨ ਜੋ ਸਾਡੇ ਨਿੱਜ ਤੋਂ ਉੱਪਰ ਹੋਵੇ।

ਇਹ ਮਿਲ-ਜੁਲ ਕੇ ਕੀਤੇ ਕਾਰਜਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਭਾਵੇਂ ਉਹ ਬਰਫ਼ ਯੁੱਗ ਵਿੱਚ ਮਨੱਖ ਵੱਲੋਂ ਵੂਲੀ-ਮੈਮਥ ਦਾ ਸ਼ਿਕਾਰ ਹੋਵੇ ਤੇ ਭਾਵੇਂ ਅੱਜ ਬਣਾਏ ਜਾ ਰਹੇ ਵਿਸ਼ਾਲ ਝੂਲਾ-ਪੁਲਾਂ ਦਾ ਨਿਰਮਾਣ।

ਇਹ ਅਜਿਹੀਆਂ ਮਿਸਾਲਾਂ ਹਨ ਜਿਨ੍ਹਾਂ ਵਿੱਚ ਲੋਕ ਆਪਣੇ ਫ਼ੌਰੀ ਹਿੱਤਾਂ ਤੋਂ ਉਤਾਂਹ ਉੱਠ ਕੇ ਇੱਕ ਸਾਂਝੇ ਅਤੇ ਵੱਡੇ ਉਦੇਸ਼ ਲਈ ਮਿਲ ਕੇ ਕੰਮ ਕਰਦੇ ਹਨ।

ਇਹ ਭਾਵਨਾਵਾਂ ਉਨ੍ਹਾਂ ਦਾਦਿਆਂ- ਦਾਦੀਆਂ, ਨਾਨਿਆਂ-ਨਾਨੀਆਂ ਵਿੱਚ ਵੀ ਦੇਖੀਆਂ ਜਾ ਸਕਦੀਆਂ ਹਨ। ਜੋ ਆਪਣੇ ਪੁੱਤਰਾਂ-ਧੀਆਂ ਦੇ ਬੱਚੇ ਪਾਲਦੇ ਹਨ।

ਆਪਾ-ਭਾਵ ਤੋਂ ਉੱਠ ਚੁੱਕੀਆਂ ਭਾਵਨਾਵਾਂ, ਗੁੰਝਲਦਾਰ ਅਤੇ ਆਪਸੀ ਸਹਿਯੋਗ ਦੀ ਮੰਗ ਕਰਨ ਵਾਲੀਆਂ ਸਥਿਤੀਆਂ ਨੂੰ ਸੰਭਾਲਣ ਵਿੱਚ ਮਦਦਗਾਰ ਹੁੰਦੀਆਂ ਹਨ। ਇਹ ਸਾਨੂੰ ਕਿਸੇ ਫ਼ੌਰੀ ਪ੍ਰਾਪਤੀ ਤੋਂ ਮਿਲਣ ਵਾਲੀ ਫ਼ੌਰੀ ਸੰਤੁਸ਼ਟੀ ਨੂੰ ਵੀ ਲਾਂਭੇ ਰੱਖ ਕੇ ਕੰਮ ਕਰਨ ਵਿੱਚ ਮਦਦ ਕਰਦੀਆਂ ਹਨ।

ਮਿਸਾਲ ਵਜੋਂ ਹਮਭਾਵਨਾ (empathy)- ਜੋ ਕਿ ਸਾਡਾ ਦੂਜਿਆਂ ਦੇ ਵਿਚਾਰਾਂ ਤੇ ਭਾਵਨਾਵਾਂ ਨਾਲ ਇੱਕ ਕਿਸਮ ਦਾ ਕੁਨੈਕਸ਼ਨ ਹੁੰਦੀ ਹੈ। ਅਤੇ ਵੈਲ-ਬੀਂਗ- ਜੋ ਸਾਨੂੰ ਦੂਜਿਆਂ ਲਈ ਉਸਾਰੂ ਕੰਮ ਕਰਨ ਦੀ ਪ੍ਰੇਰਣਾ ਦਿੰਦੀ ਹੈ।

ਹਮਭਾਵਨਾ ਉੱਪਰ ਲਗਾਮ ਲਗਾ ਕੇ- ਖ਼ਾਸ ਕਰ ਕੇ ਪੀੜ੍ਹੀਆਂ ਵਿਚਲੀ ਹਮਭਾਵਨਾ- ਸਾਨੂੰ ਅਜਿਹੇ ਫ਼ੈਸਲੇ ਲੈਣ ਵਿੱਚ ਮਦਦ ਹੋ ਸਕਦੀ ਹੈ ਜਿਨ੍ਹਾਂ ਦਾ ਸਾਡੇ ਅੱਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਉੱਪਰ ਚੰਗਾ ਅਸਰ ਹੋਵੇ।

ਇਸ ਵਿੱਚ ਵੱਡੇ ਜਾਨਵਰਾਂ ਦਾ ਮੀਟ ਘੱਟ ਖਾਣਾ ਵੀ ਸ਼ਾਮਲ ਹੋ ਸਕਦਾ ਹੈ। ਜੋ ਸਾਡੇ ਆਪਣੇ ਦਿਲ ਦੀ ਸਿਹਤ ਅਤੇ ਸਾਡੇ ਵਾਤਾਵਰਣ ਦੋਹਾਂ ਲਈ ਮੁਫ਼ੀਦ ਹੈ। ਵਾਤਾਵਰਣ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਕੇ ਜਾਵਾਂਗੇ।

ਭਵਿੱਖੀ ਪੀੜ੍ਹੀਆਂ ਨਾਲ ਜੁੜਾਵ ਸਾਨੂੰ ਆਪਣੇ ਫ਼ੌਰੀ ਸਵਾਦਾਂ ਤੇ ਮੁਨਾਫ਼ਿਆਂ ਤੋਂ ਉੱਪਰ ਉੱਠਣ ਵਿੱਚ ਮਦਦ ਕਰਦਾ ਹੈ।

ਮਿਸਾਲ ਵਜੋਂ ਆਪਣੀ ਕਾਰ ਦੀ ਥਾਂ ਪਬਲਿਕ ਟਰਾਂਸਪੋਰਟ ਦੀ ਵਰਤੋਂ। ਕਿਸੇ ਵਿਗੜ ਰਹੇ ਮਸਲੇ ਨੂੰ ਗੱਲਬਾਤ ਰਾਹੀਂ ਹੋਰ ਵਿਗੜਨ ਤੋਂ ਰੋਕਣਾ।

ਹਮਭਾਵਨਾ ਦੀਆਂ ਜਿੱਥੇ ਸ਼ਕਤੀਆਂ ਹਨ ਉੱਥੇ ਕਮੀਆਂ ਵੀ ਹਨ।

ਮਿਸਾਲ ਵਜੋਂ, ਹਮਭਾਵਨਾ ਉਦੋਂ ਜ਼ਿਆਦਾ ਜਲਦੀ ਪਣਪਦੀ ਹੈ ਜਦੋਂ ਸਾਡਾ ਦੂਜੇ ਨਾਲ ਸਿੱਧਾ ਕੁਨੈਕਸ਼ਨ ਹੋਵੇ। ਉਹ ਸਾਡੇ ਹਮਸ਼ਕਲ ਹੋਣ, ਸਾਡੇ ਵਾਂਗ ਬੋਲਦੇ ਹੋਵੇ, ਉਨ੍ਹਾਂ ਦਾ ਸੰਘਰਸ਼ ਸਾਡੇ ਵਰਗਾ ਹੋਵੇ।

ਨਤੀਜੇ ਵਜੋਂ ਲੋਕ ਉਨ੍ਹਾਂ ਪ੍ਰਤੀ ਜ਼ਿਆਦਾ ਹਮਭਵਨਾ ਰੱਖਦੇ ਹਨ ਜੋ ਉਨ੍ਹਾਂ ਦੇ ਨੇੜੇ ਦੇ ਹੁੰਦੇ ਹਨ। ਮਿਸਾਲ ਵਜੋਂ ਸਮਾਜਿਕ ਤੌਰ ’ਤੇ ਇੱਕੋ ਜਿਹੇ ਹੋਣ। ਉਨ੍ਹਾਂ ਉੱਪਰ ਅਸੀਂ ਪੂਰੇ ਦਿਆਲੂ ਹੋ ਜਾਂਦੇ ਹਾਂ। ਕਈ ਵਾਰ ਇਹ ਭਾਈ-ਭਤੀਜਾਵਾਦ ਬਣ ਜਾਂਦਾ ਹੈ।

ਹਾਲਾਂਕਿ ਇਹ ਸਭ ਹਮਭਾਵਨਾ ਦਾ ਹਿੱਸਾ ਨਹੀਂ ਹੈ। ਹੋਰ ਭਾਵਨਾਵਾਂ ਵਾਂਗ ਲੋਕ ਹਮਭਾਵਨਾ ਨੂੰ ਵੀ ਹੋਰ ਲੋਕਾਂ ਵੱਲ ਦਿਸ਼ਾ ਦੇ ਸਕਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਬਾਕੀਆਂ ਜਿੰਨੀ ਨੇੜਤਾ ਘੱਟ ਹੋਵੇ।

ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਚੇਤਾ ਕਰਾਇਆ ਜਾ ਸਕਦਾ ਹੈ ਜਿਨ੍ਹਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੋਵੇ। ਇਸ ਨਾਲ ਉਹ ਹੋਰਾਂ ਪ੍ਰਤੀ ਵਧੇਰੇ ਜੁੜਾਅ ਮਹਿਸੂਸ ਕਰਨਗੇ ਤੇ ਲੋਕਾਂ ਦੀ ਮਦਦ ਵੀ ਕਰਨਗੇ।

ਇਸੇ ਤਰ੍ਹਾਂ ਅਸੀਂ ਇਤਿਹਾਸ ਤੋਂ ਵੀ ਸਕਾਰਤਮਿਕ ਲੋਕਾਂ ਬਾਰੇ ਜਾਣ ਸਕਦੇ ਹਾਂ। ਇਸ ਨਾਲ ਸਾਡੀ ਹਮਭਾਵਨਾ ਬਿਲਕੁਲ ਨੇੜੇ ਵਸਦੇ ਲੋਕਾਂ ਤੋਂ ਉੱਪਰ ਉੱਠ ਕੇ ਦੇਸ਼-ਦੇਸ਼ਾਂਤਰਾਂ ਵਿੱਚ ਵਸਦੇ ਲੋਕਾਂ ਤੱਕ ਵੀ ਪਹੁੰਚ ਜਾਵੇਗੀ।

ਜੇ ਅਸੀਂ ਇਤਿਹਾਸ ਵਿੱਚ ਆਪਣੇ ਪੁਰਖਿਆਂ ਦੀਆਂ ਉਨ੍ਹਾਂ ਕੁਰਬਾਨੀਆਂ ਨਾਲ ਸਾਂਝ ਪਾ ਸਕੀਏ, ਜਿਨ੍ਹਾਂ ਸਦਕਾ ਅਸੀਂ ਅੱਜ ਨਿਆਮਤਾਂ ਹੰਢਾ ਰਹੇ ਹਾਂ। ਫਿਰ ਇਸ ਕ੍ਰਤਿਗੱਤਾ ਨਾਲ ਸਾਡੇ ਵਿੱਚ ਵੀ ਆਉਣ ਵਾਲੀਆਂ ਉਨ੍ਹਾਂ ਪੀੜ੍ਹੀਆਂ ’ਤੇ ਵੀ ਚੰਗਾ ਅਸਰ ਛੱਡਣ ਦੀ ਭਾਵਨਾ ਪੈਦਾ ਹੋਵੇਗੀ। ਜਿਨ੍ਹਾਂ ਦੇ ਕਦੇ ਅਸੀਂ ਵਡੇਰੇ ਬਣਾਂਗੇ।

ਸਾਡੇ ਕੋਲ ਇਸ ਧਾਰਨਾ ਨੂੰ ਮੰਨਣ ਦਾ ਤਰਕ ਹੈ ਕਿ ਕਿਸੇ ਵਾਹ! ਪਲ ਜਾਂ ਕਿਸੇ ਵਿਸ਼ਾਲ ਚੀਜ਼ ਬਾਰੇ ਸੋਚਣ ਨਾਲ ਸਾਡੇ ਵਿੱਚ ਪਰਉਪਕਾਰ ਕਿਵੇਂ ਪੈਦਾ ਹੁੰਦਾ ਹੈ। ਇਸ ਨਾਲ ਸਾਡੇ ਵਿੱਚ ਟੈਂਪੋਰਲ ਡਿਸਕਾਊਂਟਿਗ ਘਟਦਾ ਹੈ। ਜਿਸ ਦੇ ਪ੍ਰਭਾਵ ਹੇਠ ਆ ਕੇ ਅਸੀਂ ਫ਼ੌਰੀ ਸੰਤੁਸ਼ਟੀ ਲਈ ਭਵਿੱਖ ਵਿੱਚ ਮਿਲਣ ਵਾਲੇ ਸ਼ੁੱਭ ਨੂੰ ਵਿਸਾਰਨ ਲਈ ਤਿਆਰ ਹੋ ਜਾਂਦੇ ਹਾਂ।

ਵਾਤਾਵਰਣ ਪੱਖੀ ਲਹਿਰ ਦੇ ਉੱਭਾਰ ਵਿੱਚ ਪੁਲਾੜ ਯਾਤਰੀ ਬਿਲ ਐਂਡਰਸ ਵੱਲੋਂ ਖਿੱਚੀ ਉਗਦੀ ਧਰਤੀ ਦੀ ਤਸਵੀਰ ਦਾ ਬੜਾ ਅਸਰ ਹੈ। ਉਸ ਤਸਵੀਰ ਨੇ ਮਨੁੱਖਤਾ ਨੂੰ ਸਮੁੱਚੇ ਪੁਲਾੜ ਵਿੱਚ ਧਰਤੀ ਦੀ ਸਥਿਤੀ ਅਤੇ ਆਪਣੀ ਤੁੱਛਤਾ ਬਾਰੇ ਸੋਚੀਂ ਪਾ ਦਿੱਤਾ ਸੀ।

ਜੇ ਸਾਡੇ ਨੀਤੀ ਘਾੜੇ ਇਸ ਤਸਵੀਰ ਤੋਂ ਕੋਈ ਸਬਕ ਲੈਂਦੇ ਤਾਂ ਨਿਸ਼ਚਤ ਹੀ ਕੁਝ ਅਜਿਹੇ ਵੱਡੇ ਕਦਮ ਲੈ ਪਾਉਂਦੇ ਜਿਨ੍ਹਾਂ ਦੀ ਅੱਜ ਸਾਨੂੰ ਧਰਤੀ ਨੂੰ ਬਚਾਉਣ ਲਈ ਬਹੁਤ ਜ਼ਿਆਦਾ ਲੋੜ ਹੈ। ਉਹ ਅਜਿਹੇ ਕਦਮ ਚੁੱਕ ਪਾਉਂਦੇ ਜਿਨ੍ਹਾਂ ਨਾਲ ਕਾਰਬਨ ਦੀ ਨਿਕਾਸੀ, ਪ੍ਰਦੂਸ਼ਣ ਵਿੱਚ ਵਾਧੇ ਅਤੇ ਜੈਵ-ਵਿਭਿੰਨਤਾ ਦੇ ਹੋ ਰਹੇ ਘਾਟੇ ਵਿੱਚ ਕਮੀ ਆਉਂਦੀ।

ਅਸੀਂ ਇਸ ਵਾਹ ਦੀ ਭਾਵਨਾ ਨੂੰ ਸਨਮੁੱਖ ਰੱਖ ਕੇ ਆਪਣੀ ਤਰਜ਼ੇ-ਜ਼ਿੰਦਗੀ ਉੱਪਰ ਵੀ ਨਜ਼ਰਸਾਨੀ ਕਰ ਸਕਦੇ ਹਾਂ। ਕੁਝ ਹੱਦ ਤੱਕ ਇਹ ਹੋ ਰਿਹਾ ਹੈ। ਕਿ ਲੋਕ ਭਵਿੱਖ ਅਤੇ ਵਾਤਾਵਰਣ ਦੇ ਭਲੇ ਲਈ ਪਲਾਸਟਿਕ ਦੀ ਵਰਤੋਂ ਘਟਾ ਰਹੇ ਹਨ।

ਬੀਬੀਸੀ ਦੇ ਬਲੂ ਪੈਲਨਟ-2 ਵਰਗੇ ਪ੍ਰਗੋਰਾਮ ਪਹਿਲਾਂ ਦਰਸ਼ਕਾਂ ਨੂੰ ਕੁਦਰਤੀ ਨਜ਼ਾਰਿਆਂ ਨਾਲ ਸਰਾਬੋਰ ਕਰਦੇ ਹਨ। ਉਨ੍ਹਾਂ ਨੂੰ ਵਾਹ-ਵਾਹ ਕਰਨ ਲਈ ਮਜਬੂਰ ਕਰ ਦਿੰਦੇ ਹਨ। ਫਿਰ ਦਿਖਾਉਂਦੇ ਹਨ ਕਿ ਅਸੀਂ ਇਹ ਸਭ ਕਿਵੇਂ ਤਬਾਹ ਕਰ ਰਹੇ ਹਾਂ।

ਇਸ ਨੇ ਲੱਖਾਂ ਲੋਕਾਂ ਦੀ ਸੋਚ ਉੱਪਰ ਅਸਰ ਪਾਇਆ ਹੈ। ਉਨ੍ਹਾਂ ਨੂੰ ਪਲਾਸਟਿਕ ਦੇ ਬਦਲ ਤਲਾਸ਼ਣ ਲਈ ਪ੍ਰੇਰਿਤ ਕੀਤਾ ਹੈ। ਲੋਕਾਂ ਨੇ ਬਹੁਕੌਮੀ ਕੰਪਨੀਆਂ ਉੱਪਰ ਵੀ ਇਸ ਲਈ ਦਬਾਅ ਬਣਾਇਆ ਹੈ।

ਹਾਲਾਂਕਿ ਇਸ ਕੰਮ ਵਿੱਚ ਆਮ ਕਰ ਕੇ ਗ਼ੈਰ-ਜ਼ਰੂਰੀ ਸਮਝਆਂ ਜਾਂਦੀਆਂ ਭਾਵਨਾਵਾਂ ਵੀ ਕਾਰਜਸ਼ੀਲ ਕੀਤੀਆਂ ਜਾ ਸਕਦੀਆਂ ਹਨ।

ਇਸ ਬਾਰੇ ਵੀ ਦਰਸਾਉਂਦੀ ਹੈ ਕਿ ਅਸੀਂ ਅਜਿਹੀਆਂ ਭਾਵਨਾਵਾਂ ਨੂੰ ਇਛਿੱਤ ਨਤੀਜਿਆਂ ਬਾਰੇ ਸੋਚ ਕੇ ਦੂਰ-ਰਸੀ ਨਤੀਜਿਆਂ ਵੱਲ ਸੇਧ ਦੇ ਸਕਦੇ ਹਾਂ। ਜਿਵੇਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਲਰਨ ਵਿੱਚ ਮਦਦ ਕਰਨਾ ਜਾਂ ਆਪਣੇ ਦੂਰੇਡੇ ਭਵਿੱਖ ਦੀ ਵਿਉਂਤਬੰਦੀ ਕਰਨਾ।

ਅਸੀਂ ਅਕਸਰ ਛੋਟੀ ਸੋਚ ਵਿੱਚ ਫ਼ਸ ਜਾਂਦੇ ਹਾਂ। ਅਸੀਂ ਆਪਣੀਆਂ ਚੁਣੌਤੀਆਂ ਦੇ ਬਾਹਰੀ ਹੱਲ ਤਲਾਸ਼ਣ ਲਗਦੇ ਹਾਂ। ਫਿਰ ਸਾਨੂੰ ਉਨ੍ਹਾਂ ਦੀਆਂ ਕਮੀਆਂ ਨਾਲ ਵੀ ਸੰਤੋਸ਼ ਕਰਨਾ ਪੈਂਦਾ ਹੈ।

ਅਜਿਹੇ ਕਈ ਰਾਹ ਹਨ ਜਿਨ੍ਹਾਂ ਰਾਹੀਂ ਅਸੀਂ ਦੂਰ-ਰਸੀ ਚੋਣਾਂ ਕਰ ਸਕਦੇ ਹਾਂ। ਅਜਿਹੀਆਂ ਪਹਿਲਤਾਵਾਂ ਅਪਣਾ ਸਕਦੇ ਹਾਂ ਜੋ ਸਾਡੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਦੋਹਾਂ ਲਈ ਲਾਭਦਾਇਕ ਹੋਣ।

ਇਸ ਲਈ ਅੰਤ ਵਿੱਚ ਜੇ ਅਸੀਂ ਆਪਣੀ ਭਾਵੁਕ ਪ੍ਰਕਿਰਤੀ ਨੂੰ ਦਬਾਉਣ ਜਾਂ ਨਜ਼ਰ ਅੰਦਾਜ਼ ਕਰਨ ਦੀ ਥਾਂ ਜੇ ਉਸ ਨੂੰ ਸੇਧ ਦੇਈਏ ਤਾਂ ਇਸ ਨਾਲ ਅਸੀਂ ਅਜਿਹੇ ਭਵਿੱਖ ਦੇ ਨਿਰਮਾਣ ਵਿੱਚ ਯੋਗਦਾਨ ਪਾ ਸਕਦੇ ਹਾਂ ਜਿਸ ਬਾਰੇ ਸਾਨੂੰ ਖ਼ੁਦ ਨੂੰ ਉਮੀਦ ਹੋਵੇ। ਜਿਨਾਂ ਸਦਕਾ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਵਡੇਰੇ ਬਣ ਸਕਾਂਗੇ। ਭਵਿੱਖ ਨੂੰ ਲੋੜ ਹੈ ਕਿ ਅਸੀਂ ਅਜਿਹੇ ਬਣੀਏ।

ਇਹ ਉਦੇਸ਼ ਸਿਰਫ਼ ਭਾਵਨਾਵਾਂ ਅਤੇ ਅਕਲ ਦੇ ਸੰਜੋਗ ਨਾਲ ਅਤੇ ਹਾਂ, ਕੁਦਰਤ ਨੂੰ ਦੇਖ ਕੇ ਵਾਹ! ਵਾਹ! ਕਰਨ ਨਾਲ ਹੀ ਸੰਭਵ ਹੈ।

*ਅਰੀ ਵੱਲ੍ਹਾ ਲੌਂਗਪਾਥ ਸੰਗਠਨ ਦੇ ਮੋਢੀ ਹਨ। ਜੋ ਭਵਿੱਖ-ਮੁਖੀ ਸੋਚ ਅਤੇ ਕਾਰਜਾਂ ਨੂੰ ਉਤਾਸ਼ਾਹਿਤ ਕਰਨ ਲਈ ਕੰਮ ਕਰਦੀ ਹੈ। ਤਾਂ ਜੋ ਇਹ ਧਰਤੀ ਆਉਣ ਵਾਲੇ ਸਮਿਆਂ ਦੌਰਾਨ ਵੀ ਰਹਿਣਯੋਗ ਬਣੀ ਰਹੇ ਅਤੇ ਮਨੁੱਖ ਵੀ ਵਿਗਾਸ ਕਰੇ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)