ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਭਾਜਪਾ ਵਿਧਾਇਕ ਨੇ ਧੂਮਧਾਮ ਨਾਲ ਮਨਾਇਆ ਜਨਮਦਿਨ, ਕੇਸ ਦਰਜ- 5 ਅਹਿਮ ਖ਼ਬਰਾਂ

ਕਰਨਾਟਕ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਦੇ ਇੱਕ ਵਿਧਾਇਕ ਨੇ ਕੋਵਿਡ-19 ਕਾਰਨ ਲੱਗੇ ਲੌਕਡਾਊਨ ਤੇ ਡਿਸਟੈਂਸਿੰਗ ਦੇ ਮਾਨਕਾਂ ਨੂੰ ਕਿੱਲੀ 'ਤੇ ਟੰਗਦਿਆਂ ਬੇਹੱਦ ਭੀੜ-ਭਾੜ ਵਾਲੇ ਸਮਾਗਮ ਦੌਰਾਨ ਆਪਣਾ ਜਨਮ ਦਿਨ ਮਨਾਇਆ।

ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ ਵਿੱਚ ਰੱਖੇ ਇਸ ਸਮਾਗ਼ਮ ਵਿੱਚ ਵਿਧਾਇਕ ਮਾਸਾਲੇ ਜੈਰਾਮ ਆਪਣੇ ਸਮਰਥਕਾਂ ਵਿਚਾਲੇ ਕੇਕ ਕਟਦੇ ਨਜ਼ਰ ਆਏ।

ਜੈਰਾਮ ਤੁਰੂਵੇਕੇਰੇ ਵਿਧਾਨ ਸਭਾ ਤੋਂ ਵਿਧਾਇਕ ਹਨ। ਉਨ੍ਹਾਂ ਨੇ ਦਸਤਾਨੇ ਬੇਸ਼ੱਕ ਪਹਿਨੇ ਸੀ ਪਰ ਸਿਰ ਉੱਤੇ ਮੈਸੂਰ ਪਗੜੀ ਵੀ ਸੀ।

ਇੱਕ ਸਰਕਾਰੀ ਸਕੂਲ ਵਿੱਚ ਉਨ੍ਹਾਂ ਦਾ ਜਨਮਦਿਨ ਮਨਾਉਣ ਲਈ ਸੈਂਕੜੇ ਲੋਕ ਜਮਾਂ ਹੋਏ ਸਨ।

ਪੁਲਿਸ ਅਧਿਕਾਰੀ ਵਾਮਥੀ ਕ੍ਰਿਸ਼ਨ ਨੇ ਦੱਸਿਆ ਕਿ ਤਿੰਨ ਪ੍ਰਬੰਧਕਾਂ ਖਿਲਾਫ਼ ਖੁਦ ਨੋਟਿਸ ਲੈਂਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਰ ਦਿਲਚਸਪ ਗੱਲ ਹੈ ਕਿ ਵਿਧਾਇਕ ਦੇ ਖਿਲਾਫ ਕੋਈ ਕੇਸ ਨਹੀਂ ਦਰਜ ਕੀਤਾ ਗਿਆ।

ਕੋਰੋਨਾਵਾਇਰਸ: ਅਮਰੀਕਾ ਵਿੱਚ ਮੌਤਾਂ ਦਾ ਅੰਕੜਾ 20 ਹਜ਼ਾਰ ਤੋਂ ਪਾਰ

ਜੌਨ ਹੌਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਤੋਂ ਟੱਪ ਗਈ ਹੈ ਅਤੇ ਕੋਰੋਨਾਵਾਇਰਸ ਪੀੜਤਾਂ ਦਾ ਅੰਕੜਾ 5 ਲੱਖ ਤੋਂ ਵੱਧ ਹੋ ਗਿਆ ਹੈ।

ਅਮਰੀਕਾ ਤੋਂ ਬਾਅਦ ਇਟਲੀ ਵਿੱਚ ਸਭ ਤੋਂ ਵੱਧ 19,468 ਮੌਤਾਂ ਹੋਈਆਂ ਹਨ।

ਬਰਤਾਨੀਆ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 79 ਹਜ਼ਾਰ ਤੋਂ ਵੱਧ ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 9 ਹਜ਼ਾਰ ਤੋਂ ਪਾਰ ਹੋ ਗਿਆ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 34 ਮੌਤਾਂ ਅਤੇ 909 ਨਵੇਂ ਕੇਸ ਸਾਹਮਣੇ ਆਏ ਹਨ।

ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 8375 ਹੋ ਗਈ ਹੈ ਅਤੇ 273 ਮੌਤਾਂ ਹੋ ਗਈਆਂ ਹਨ। 716 ਲੋਕ ਠੀਕ ਵੀ ਹੋਏ ਹਨ।

ਪੰਜਾਬ 'ਚ ਪੌਜ਼ਿਟਿਵ ਕੇਸਾਂ ਦੀ ਗਿਣਤੀ 150 ਤੋਂ ਵੱਧ ਹੈ ਅਤੇ 11 ਮੌਤਾਂ ਹੋਈਆਂ ਹਨ।

ਕੋਰੋਨਾਵਾਇਰਸ ਬਾਰੇ ਦੁਨੀਆਂ ਵਿੱਚ 11 ਅਪ੍ਰੈਲ ਤੱਕ ਦੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਵਿਸ਼ਵ ਸਿਹਤ ਸੰਗਠਨ ਯਾਨਿ WHO ਨੇ ਆਪਣੀ ਗ਼ਲਤ ਜਾਣਕਾਰੀ ਨੂੰ ਸੁਧਾਰਦਿਆਂ ਕਿਹਾ ਕਿ ਭਾਰਤ ਵਿੱਚ ਅਜੇ ਤੱਕ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੀ ਛਪੀ ਰਿਪੋਰਟ ਵਿੱਚ ਲਿਖਿਆ ਗਿਆ ਸੀ ਕਿ ਭਾਰਤ “ਕਲੱਸਟਰ ਕੇਸਾਂ” ਦੀ ਕੈਟੈਗਰੀ ਵਿੱਚ ਹੈ। ਅਖਬਾਰ ਮੁਤਾਬਕ ਸਿਹਤ ਸੰਗਠਨ ਨੇ ਕਿਹਾ ਹੈ “ਅਜੇ ਭਾਰਤ ਵਿੱਚ ਕਮਿਊਨਿਟੀ ਟਰਾਂਸਮਿਸ਼ਨ” ਨਹੀਂ ਹੋਇਆ ਹੈ, ਜਿਵੇਂ ਕਿ ਪਹਿਲੀ ਰਿਪੋਰਟ ਵਿੱਚ ਕਿਹਾ ਗਿਆ ਸੀ।

ਕੋਰੋਨਾਵਾਇਰਸ ਕਾਰਨ ਕਈ ਸੂਬਿਆਂ ਨੇ ਵਧਾਇਆ ਲੌਕਡਾਊਨ

ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਦਵ ਠਾਕਰੇ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ 30 ਅਪ੍ਰੈਲ ਤੱਕ ਲੌਕਡਾਊਨ ਵਧਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਪ੍ਰਧਾਨ ਮੰਤਰੀ ਨੂੰ ਲੌਕਡਾਊਨ ਵਧਾਉਣ ਦੀ ਸਿਫਾਰਿਸ਼ ਕੀਤੀ।

ਪੰਜਾਬ ਵਿੱਚ ਸ਼ੁੱਕਰਵਾਰ ਨੂੰ ਹੀ ਲੌਕਡਾਊਨ ਦਾ ਫੈਸਲਾ ਲੈ ਗਿਆ ਸੀ, ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਐੱਮ ਮੋਦੀ ਨਾਲ ਮੀਟਿੰਗ ਵਿੱਚ ਲੌਕਡਾਊਨ ਅੱਗੇ ਦੀ ਵਧਾਉਣ ਦੀ ਮੰਗ ਕੀਤੀ ਸੀ।

ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਨੇ ਵੀ ਲੌਕਡਾਊਨ ਅੱਗੇ ਵਧਾਉਣ ਦੇ ਸੰਕਤੇ ਦਿੱਤੇ ਹਨ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਲੌਕਡਾਊਨ ਅੱਗੇ ਵਧਾਉਣ ਦਾ ਸਹੀ ਫੈਸਲਾ ਲਿਆ ਹੈ।

ਉੱਧਰ ਤੇਲੰਗਾਨਾ ਵਿੱਚ ਵੀ ਸ਼ਨਿਚਰਵਾਰ ਨੂੰ ਲੌਕਡਾਊਨ ਦਾ ਫੈਸਲਾ ਲੈ ਗਿਆ, ਪੱਛਮੀ ਬੰਗਲਾ ਦੀ ਮੁੱਖ ਮਮਤਾ ਬੈਨਰਜੀ ਨੇ ਵੀ ਲੌਕਡਾਊਨ ਵਧਾ ਦਿੱਤਾ ਹੈ ਅਤੇ ਕਰਨਾਟਕ ਸਰਕਾਰ ਨੇ ਵੀ ਸੰਕਤੇ ਦਿੱਤੇ ਹਨ ਕਿ ਲੌਕਡਾਊਨ 15 ਦਿਨਾਂ ਲਈ ਵਧਾਇਆ ਜਾ ਸਕਦਾ ਹੈ।

ਕੋਰੋਨਾਵਾਇਰਸ: 101 ਸਾਲਾ ਸ਼ਖ਼ਸ ਨੇ ਦਿੱਤੀ ਕੋਵਿਡ-19 ਨੂੰ ਮਾਤ

ਕੋਰੋਨਾਵਾਇਰਸ ਦੇ ਪੀੜਤ 101 ਸਾਲਾਂ ਦੇ ਬਜ਼ੁਰਗ ਨੂੰ ਪੂਰੀ ਤਰ੍ਹਾਂ ਠੀਕ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਵੌਸਟਸ਼ਾਇਰ ਦੇ ਰਹਿਣ ਵਾਲੇ ਕੀਥ ਵਟਸਨ ਨੂੰ ਡਿੱਗਣ ਤੋਂ ਬਾਅਦ ਹਸਪਤਾਲ ਵਿੱਚ ਸਰਜਰੀ ਲਈ ਦਾਖ਼ਲ ਕਰਵਾਇਆ ਗਿਆ ਸੀ ਪਰ ਇਸ ਦੌਰਾਨ ਉਨ੍ਹਾਂ ਨੂੰ ਤੇਜ਼ ਬੁਖ਼ਾਰ ਹੋ ਗਿਆ ਤੇ ਕੋਵਿਡ-19 ਪੌਜ਼ਿਟਿਵ ਆਇਆ ਸੀ।

ਉਨ੍ਹਾਂ ਦੀ ਨੂੰਹ ਜੋ ਵਟਸਨ ਨੇ ਕਿਹਾ ਕਿ ਉਹ ਆਪਣੀ ਉਮਰ ਮੁਤਾਬਕ ਕਾਫੀ ਵਧੀਆ ਕਰ ਗੁਜ਼ਰੇ ਹਨ ਪਰ ਆਪਣੀ ਸਿਹਤਯਾਬੀ ਦੇ ਪ੍ਰਤੀਕਰਮ ਵਜੋਂ “ਹੈਰਾਨ” ਵੀ ਹਨ। ਪੂਰੀ ਖ਼ਬਰ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)