ਪਟਿਆਲਾ 'ਚ ਨਿਹੰਗਾਂ ਦੇ ਹਮਲੇ 'ਚ ASI ਦੇ ਵੱਢੇ ਹੱਥ ਨੂੰ ਜੋੜਿਆ, ਜਾਣੋ ਕਿੱਥੋਂ ਅਤੇ ਕਿਵੇਂ ਕਾਬੂ ਕੀਤੇ ਗਏ ਮੁਲਜ਼ਮ

ਐਤਵਾਰ ਨੂੰ ਪਟਿਆਲਾ ਵਿੱਚ ਪੁਲਿਸ ਨਾਕੇ ਦੌਰਾਨ ਹੋਈ ਝੜਪ ਵਿੱਚ ਜ਼ਖਮੀ ਏਐੱਸਆਈ ਦੇ ਵੱਢੇ ਹੱਥ ਨੂੰ ਜੋੜ ਦਿੱਤਾ ਗਿਆ ਹੈ। ਜ਼ਖ਼ਮੀ ਏਐੱਸਆਈ ਦੀ ਸਰਜਰੀ ਪੀਜੀਆਈ ਚੰਡੀਗੜ੍ਹ ਵਿੱਚ ਕੀਤੀ ਗਈ ਸੀ।

ਪਟਿਆਲਾ ਦੀ ਸਨੌਰ ਰੋਡ ਸਬਜ਼ੀ ਮੰਡੀ ਵਿੱਚ ਕੁਝ ਨਿਹੰਗ ਸਿੱਖਾਂ ਅਤੇ ਪੁਲਿਸ ਵਾਲਿਆਂ ’ਚ ਝੜਪ ਹੋਈ ਸੀ। ਹਮਲੇ ਵਿੱਚ ਇੱਕ ਪੁਲਿਸ ਵਾਲੇ ਦਾ ਹੱਥ ਵੀ ਵੱਢਿਆ ਗਿਆ ਸੀ। ਬਾਅਦ ਵਿੱਚ ਛਾਪੇਮਾਰੀ ਦੌਰਾਨ 11 ਮੁਲਜ਼ਮ ਕਾਬੂ ਕੀਤੇ ਗਏ।

ਗ੍ਰਿਫ਼ਤਾਰ ਕੀਤੇ ਲੋਕਾਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ।

ਘਟਨਾ ਵਿੱਚ ਇੱਕ ਐੱਸਐੱਚਓ ਅਤੇ ਕੁਝ ਪੁਲਿਸ ਵਾਲਿਆਂ ਸਣੇ ਮੰਡੀ ਬੋਰਡ ਦੇ ਕੁਝ ਮੁਲਾਜ਼ਮ ਵੀ ਜ਼ਖਮੀ ਹੋਏ ਹਨ।

ਤੇਜ਼ਧਾਰ ਹਥਿਆਰ ਨਾਲ ਵਾਰ ਹੋਣ ਕਰਕੇ ਏਐੱਸਆਈ ਦਾ ਹੱਥ ਵੱਢਿਆ ਗਿਆ ਹੈ।

ਬੀਬੀਸੀ ਸਹਿਯੋਗੀ ਆਰਜੇ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਪੁਲਿਸ ਮੁਖੀ ਮਨਦੀਪ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ ਪਟਿਆਲਾ-ਚੀਕਾ ਮਾਰਗ 'ਤੇ ਸਥਿਤ ਗੁਰਦੁਆਰਾ ਖਿਚੜੀ ਸਾਹਿਬ ਦੇ ਪੰਜ ਨਿਹੰਗ ਐਤਵਾਰ ਸਵੇਰੇ ਇਕ ਗੱਡੀ ਵਿਚ ਸਬਜ਼ੀ ਮੰਡੀ ਵਿਚ ਆਏ ਸਨ।

ਜਦੋਂ ਉਨ੍ਹਾਂ ਨੂੰ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਰਫਿਊ ਲੱਗਾ ਹੋਣ ਕਰਕੇ ਪਾਸ ਮੰਗਿਆ ਤਾਂ ਇਲਜ਼ਾਮ ਹੈ ਕਿ ਉਹ ਬੈਰੀਕੇਡ ਤੋੜ ਕੇ ਗੱਡੀ ਭਜਾ ਕੇ ਜਾਣ ਲੱਗੇ ਤਾਂ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ ਉਨ੍ਹਾ ਨੇ ਤੇ ਪੁਲਿਸ ਮੁਲਾਜ਼ਮਾਂ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ।

ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਪੀਜੀਆਈ ਦੇ ਸੀਨੀਅਰ ਸਰਜਨ ਏਐੱਸਆਈ ਹਰਜੀਤ ਸਿੰਘ ਦਾ ਵੱਢਿਆ ਹੋਇਆ ਗੁੱਟ ਸਰਜਰੀ ਨਾਲ ਜੋੜਨ ਦਾ ਯਤਨ ਕਰ ਰਹੇ ਹਨ।

ਕਿੱਥੋਂ ਅਤੇ ਕਿਵੇਂ ਕਾਬੂ ਕੀਤੇ ਗਏ ਮੁਲਜ਼ਮ

ਪੁਲਿਸ ਉੱਤੇ ਤਲਵਾਰਾਂ ਨਾਲ ਹਮਲਾ ਕਰਨ ਵਾਲੇ 7 ਨਿਹੰਗ ਗ੍ਰਿਫ਼ਤਾਰ ਕਰ ਲਏ ਗਏ ਹਨ

ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਟਿਆਲਾ-ਚੀਕਾ ਰੋਡ ਉੱਤੇ ਪੈਦੇ ਗੁਰਦੁਆਰਾ ਬਲਬੇੜਾ ਨੂੰ ਘੇਰਾ ਪਾਕੇ ਗ੍ਰਿਫ਼ਤਾਰੀ ਕੀਤੀ।

ਪਟਿਆਲਾ ਜ਼ੋਨ ਦੇ ਆਈਜੀ ਜਤਿੰਦਰ ਸਿੰਘ ਔਲਖ਼ ਤੇ ਵਿਸ਼ੇਸ਼ ਮੁੱਖ ਸਕੱਤਰ ਕੇਬੀਐੱਸ ਸਿੱਧੂ ਦੀ ਨਿਗਰਾਨੀ ਹੇਠ ਹੋਏ ਆਪਰੇਸ਼ਨ ਦੌਰਾਨ ਗੋਲੀਬਾਰੀ ਵੀ ਹੋਈ

ਪੁਲਿਸ ਦੀ ਗੋਲੀਬਾਰੀ ਵਿਚ ਇੱਕ ਨਿਹੰਗ ਜ਼ਖ਼ਮੀ ਵੀ ਹੋਇਆ, ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਹਮਲਾ ਕਰਨ ਵਾਲੇ ਮੁਲਜ਼ਮਾਂ ਬਾਰੇ ਪੁਲਿਸ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦਾ ਦਾਅਵਾ

  • ਮੁਲਜ਼ਮਾਂ ਨੂੰ ਡੇਰੇ ਦੇ ਗੁਰਦੁਆਰੇ ਨਾਲ ਕੁਆਟਰਾਂ ਵਿਚੋਂ ਘੇਰਾ ਪਾ ਕੇ 9 ਜਣੇ ਗ੍ਰਿਫ਼ਤਾਰ ਕੀਤੇ ਗਏ ਅਤੇ ਮਰਿਯਾਦਾ ਦਾ ਉਲੰਘਣ ਨਹੀਂ ਹੋਇਆ।
  • ਮੁਲਜ਼ਮਾਂ ਤੋਂ ਦੇਸੀ ਪਿਸਤੌਲ, ਤਲਵਾਰਾਂ ਅਤੇ ਕਈ ਹੋਰ ਨਜ਼ਾਇਜ਼ ਹਥਿਆਰ ਬਰਾਮਦ ਕੀਤੇ ਗਏ
  • ਪੁਲਿਸ ਨੇ ਜਦੋਂ ਡੇਰੇ ਨੂੰ ਘੇਰਾ ਪਾਇਆ ਗਿਆ ਤਾਂ 7-8 ਸਿਲੰਡਰ ਰੱਖ ਨੇ ਕਣਕ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਹਵਾ ਦਾ ਰੁਖ ਉਲਟਾ ਹੋਣ ਕਰਨ ਬਚਾਅ ਹੋ ਗਿਆ
  • ਪੁਲਿਸ ਨੇ ਕੋਈ ਗੋਲੀ ਨਹੀ ਚਲਾਈ, ਮੁਲਜ਼ਮ ਨੂੰ ਗੋਲ਼ੀ ਕਿਸ ਦੀ ਲੱਗੀ, ਜਾਂਚ ਕੀਤੀ ਜਾ ਰਹੀ
  • 35 ਲੱਖ ਰੁਪਏ ਅਤੇ ਨਸ਼ੇ ਦੀਆਂ ਛੇ ਬੋਰੀਆਂ (ਭੰਗ ਤੇ ਸੁੱਖਾ) ਵੀ ਬਰਾਮਦ ਕੀਤਾ ਗਿਆ।
  • ਸਥਾਨਕ ਲੋਕਾਂ ਨੇ ਮੁਤਾਬਕ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਲੜਾਈ ਝਗੜਿਆਂ ਦੇ ਕੇਸ ਦਰਜ ਹਨ।

ਘਟਨਾ ਦਾ ਵੀਡੀਓ ਵਾਇਰਲ

ਇਸ ਪੂਰੀ ਘਟਨਾ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਜਿਸ ਵਿੱਚ ਦੇਖਿਆ ਜਾ ਸਕਦਾ ਹੈ ਇੱਕ ਗੱਡੀ ਪੁਲਿਸ ਬੈਰਕੇਡ ਨੂ ਤੋੜਦੀ ਨਿਕਲ ਜਾਂਦੀ ਹੈ ਅਤੇ ਪੁਲਿਸ ਅਤੇ ਨਿਹੰਗਾਂ ਵਿਚਾਲੇ ਝੜਪ ਹੁੰਦੀ ਨਜ਼ਰ ਆਉਂਦੀ ਹੈ।

ਪੁਲਿਸ 'ਤੇ ਹਮਲਾ ਕਰਨ ਵਾਲੇ ਬੁੱਢਾ ਦਲ ਦੇ ਮੈਂਬਰ ਨਹੀਂ: ਬਲਬੀਰ ਸਿੰਘ

ਨਿਹੰਗ ਜਥੇਬੰਦੀ ਬੁੱਢਾ ਦਲ ਨੇ ਮੁਖੀ ਬਲਬੀਰ ਸਿੰਘ ਨੇ ਪੁਲਿਸ 'ਤੇ ਹਮਲੇ ਦੀ ਨਿੰਦਾ ਕੀਤੀ ਹੈ

ਹਮਲੇ ਉੱਤੇ ਮੀਡੀਆ ਨੂੰ ਆਪਣਾ ਪ੍ਰਤੀਕਰਮ ਦਿੰਦਿਆਂ ਬਲਬੀਰ ਸਿੰਘ ਨੇ ਕਿਹਾ, ''ਹਮਲਾ ਕਰਨ ਵਾਲਿਆਂ ਦਾ ਨਿਹੰਗ ਜਥੇਬੰਦੀ ਬੁੱਢਾ ਦਲ ਨਾਲ ਕੋਈ ਸਬੰਧ ਨਹੀਂ, ਇਹ ਅਖੌਤੀ ਨਿਹੰਗ ਹਨ।''

ਉਨ੍ਹਾਂ ਕਿਹਾ ਕਿ ਬੁੱਢਾ ਦਲ ਤੇ ਤਰਨਾ ਦਲ ਦੇ ਨਿਹੰਗ ਤਾਂ ਪ੍ਰਸਾਸ਼ਨ ਨਾਲ ਮਿਲਕੇ ਲੋੜਵੰਦਾਂ ਲਈ ਲੰਗਰ ਚਲਾ ਰਹੇ ਹਨ।

''ਹਮਲਾ ਕਰਨ ਵਾਲਿਆਂ ਦਾ ਬਾਣਾ ਦੀ ਪੂਰਾ ਨਿਹੰਗ ਸਿੰਘਾਂ ਵਾਲਾ ਨਹੀਂ, ਇਹ ਕੋਈ ਜਾਅਲੀ ਜਿਹੇ ਬੰਦੇ ਹਨ, ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਨਿਹੰਗਾਂ ਨੂੰ ਬਦਨਾਮ ਕਰਨ ਵਾਲੇ ਕੌਣ ਹਨ?''

ਘਟਨਾ ਦੀ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਤਿੱਖੀ ਆਲੋਚਨਾ

ਇਸ ਮੰਦਭਾਗੀ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ,ਓਨੀ ਹੀ ਘੱਟ ਹੈ। ਜਿੰਨ੍ਹਾਂ ਨੇ ਗਲਤੀ ਕੀਤੀ ਹੈ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇ, ਜਿਸ ਜਥੇਬੰਦੀ ਦਾ ਮੈਂਬਰ ਹੈ ਓਹ ਵੀ ਸਖ਼ਤ ਕਾਰਵਾਈ ਕਰੇ: ਰਘਬੀਰ ਸਿੰਘ, ਜਥੇਦਾਰ, ਤਖ਼ਤ ਕੇਸਗੜ੍ਹ ਸਾਹਿਬ

ਮਹਾਂਮਾਰੀ ਤੋਂ ਨਜਿੱਠਣ ਲਈ ਪੁਲਿਸ ਉੱਤੇ ਹਮਲਾ ਕਰਨਾ ਨਿੰਦਣਯੋਗ ਹੈ ਅਤੇ ਹਰ ਕਿਸੇ ਨੂੰ ਇਸ ਵਿਚ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਅਨੁਸ਼ਾਸ਼ਨ ਵਿਚ ਰਹਿਣਾ ਚਾਹੀਦਾ ਹੈ: ਗੋਬਿੰਦ ਸਿੰਘ ਲੌਂਗੋਵਾਲ, ਪ੍ਰਧਾਨ,SGPC

ਲੋਕ ਭਲਾਈ ਦੀ ਡਿਊਟੀ ਕਰ ਰਹੇ ਪੁਲਿਸ ਵਾਲੇ ਦਾ ਹੱਥ ਵੱਢਣਾ ਨਿੰਦਣਯੋਗ ਕਾਰਵਾਈ ਹੈ, ਨਿਹੰਗ ਮੁਖੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਵੇ : ਦਲਜੀਤ ਸਿੰਘ ਚੀਮਾ, ਬੁਲਾਰਾ, ਅਕਾਲੀ ਦਲ

ਮੈਂ ਅਜਿਹੇ ਹਮਲੇ ਦੀ ਨਿੰਦਾ ਕਰਦਾ ਹਾਂ ਅਤੇ ਕਿਸੇ ਨੂੰ ਕਾਨੂੰਨ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ, ਪਰ ਇਹ ਨਿੱਜੀ ਅਪਰਾਧ ਦੀ ਘਟਨਾ ਹੈ, ਇਸ ਨੂੰ ਧਰਮ ਨਾਲ ਨਾ ਜੋੜਿਆ ਜਾਵੇ : ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ DGMC

ਪਟਿਆਲਾ ਤੋਂ ਸੰਸਦ ਮੈਂਬਰ ਮੈਂਬਰ ਪ੍ਰਨੀਤ ਕੌਰ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)