ਕੋਰੋਨਾਵਾਇਰਸ : ਤਬਲੀਗੀ ਜਮਾਤ ਵਾਲੀ ਘਟਨਾ ਮਗਰੋਂ ਫਿਰਕਾਪ੍ਰਸਤੀ ਦੇ ਸ਼ਿਕਾਰ ਮੁਸਲਮਾਨ ਪਰਿਵਾਰ 'ਪਿੰਡ 'ਚ ਦਾੜ੍ਹੀ ਰੱਖਣ ਅਤੇ ਮੁਸਲਮਾਨ ਟੋਪੀ ਪਾਉਣ ਵਾਲੇ ਕਿਸੇ ਸ਼ਖਸ ਨੂੰ ਨਹੀਂ ਦੇਖਣਾ ਚਾਹੁੰਦੇ'

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਕੋਰੋਨਾਵਾਇਰਸ ਦੇ ਫੈਲਾਅ ਅਤੇ ਤਬਲੀਗੀ ਜਮਾਤ ਦੇ ਇਕੱਠ ਨੂੰ ਜੋੜਦਿਆਂ ਦੇਸ ਅੰਦਰ ਇਸ ਮਹਾਂਮਾਰੀ ਨਾਲ ਸੰਪਰਦਾਇਕ ਰੰਗ ਜੁੜ ਗਿਆ ਹੈ। ਹਰਿਆਣਾ ਦੇ ਕੈਥਲ ਵਿੱਚ ਪੈਂਦੇ ਇੱਕ ਪਿੰਡ ਵਿੱਚ ਮੁਸਲਿਮ ਪਰਿਵਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਇਲਜਾਮ ਲੱਗੇ ਹਨ।

ਕੈਥਲ ਦੇ ਕਿਓਰਕ ਪਿੰਡ ਵਿੱਚ 10-12 ਮੁਸਲਿਮ ਪਰਿਵਾਰ ਕਈ ਸਾਲਾਂ ਤੋਂ ਰਹਿੰਦੇ ਹਨ। ਬਾਕੀ 14,000 ਦੇ ਕਰੀਬ ਅਬਾਦੀ ਹਿੰਦੂਆਂ ਦੀ ਹੈ।

ਪਿੰਡ ਦੇ 55 ਸਾਲਾ ਗਉਰ ਹਸਨ ਦਾ ਇਲਜਾਮ ਹੈ ਕਿ ਦਿੱਲੀ ਵਿੱਚ ਤਬਲੀਗੀ ਜਮਾਤ ਵਾਲੀ ਘਟਨਾ ਤੋਂ ਬਾਅਦ ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਦਾੜ੍ਹੀ ਕਟਵਾ ਕੇ ਪਿੰਡ ਛੱਡ ਜਾਣ ਲਈ ਚੇਤਾਇਆ ਸੀ ਪਰ ਉਸ ਦੇ ਅਣਗੌਲਿਆਂ ਕਰਨ 'ਤੇ 5 ਅਪ੍ਰੈਲ ਨੂੰ ਉਸ ਦੇ ਘਰ 'ਤੇ ਪੱਥਰਾਂ-ਸੋਟੀਆਂ ਨਾਲ ਹਮਲਾ ਕੀਤਾ ਗਿਆ।

ਗਉਰ ਖਾਨ ਮੁਤਾਬਕ, ਉਸ ਨੇ ਅਮਨ ਦੇ ਖਾਤਰ, ਪੁਲਿਸ ਨੂੰ ਸੂਚਿਤ ਨਹੀਂ ਕੀਤਾ ਤੇ 7 ਅਪ੍ਰੈਲ ਨੂੰ ਉਸ ਦੀ ਦੁਕਾਨ ਅੱਗ ਦੇ ਹਵਾਲੇ ਕਰ ਦਿੱਤੀ ਗਈ।

ਗਉਰ ਹਸਨ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਪਿੰਡ ਵਿੱਚ ਦਾੜ੍ਹੀ ਰੱਖਣ ਅਤੇ ਮੁਸਲਮਾਨ ਟੋਪੀ ਵਾਲੇ ਕਿਸੇ ਸ਼ਖਸ ਨੂੰ ਨਹੀਂ ਦੇਖਣਾ ਚਾਹੁੰਦੇ।

ਗਉਰ ਹਸਨ ਨੇ ਕਿਹਾ, "ਸਾਡੇ ਪਰਿਵਾਰ ਪੰਜ ਦਹਾਕਿਆਂ ਤੋਂ ਇਸ ਪਿੰਡ ਵਿੱਚ ਰਹਿੰਦੇ ਹਨ, ਕਦੇ ਅਜਿਹਾ ਕੋਈ ਮਸਲਾ ਨਹੀਂ ਬਣਿਆ। ਹੁਣ ਫਿਰਕੂ ਮਾਹੌਲ, ਕੋਵਿਡ-19 ਦੇ ਮਸਲੇ ਨਾਲ ਹੋਰ ਭਖ ਗਿਆ ਹੈ।"

ਗਊਰ ਹਸਨ ਦੇ ਪਰਿਵਾਰ ਵਿੱਚੋਂ ਸਲੀਮ ਖਾਨ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਵੈਲਡਿੰਗ ਦੀ ਦੁਕਾਨ ਜ਼ਰੀਏ ਘਰ ਦਾ ਗੁਜਾਰਾ ਚਲਾਉਂਦੇ ਸਨ, ਹੁਣ ਕੁਝ ਗੈਰ-ਸਮਾਜਿਕ ਅਨਸਰ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾ ਰਹੇ ਹਨ।

ਸਲੀਮ ਖਾਨ ਨੇ ਇਹ ਵੀ ਕਿਹਾ ਕਿ ਗਉਰ ਦੇ ਬੇਟੇ ਲੁਕੇਮਾਨ ਹਸਨ ਨੇ ਫੇਸਬੁੱਕ 'ਤੇ ਤਬਲੀਗੀ ਜਮਾਤ ਦੇ ਲੀਡਰ ਮੌਲਾਨਾ ਸਾਦ ਦੀ ਪੋਸਟ ਲਾਈਕ ਕੀਤੀ ਸੀ। ਉਸ ਨੇ ਤਬਲੀਗੀ ਜਮਾਤ ਦੇ ਹੱਕ ਵਿੱਚ ਕਮੈਂਟ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਲੁਕੇਮਾਨ ਦੇ ਅਜਿਹਾ ਕਰਨ ਦੀ ਉਹ ਪੰਚਾਇਤ ਸਾਹਮਣੇ ਮਾਫੀ ਮੰਗ ਚੁੱਕੇ ਹਨ ਅਤੇ ਪੁਲਿਸ ਲੁਕੇਮਾਨ ਦਾ ਫੋਨ ਸੀਜ਼ ਕਰਕੇ ਜਾਂਚ ਵੀ ਕਰ ਚੁੱਕੀ ਹੈ। ਇਸ ਦੇ ਨਾਲ ਹੀ ਫੇਸਬੁੱਕ ਤੋਂ ਕਮੈਂਟ ਵੀ ਹਟਾ ਦਿੱਤਾ ਗਿਆ ਸੀ।

"ਲੁਕੇਮਾਨ ਦੇ ਪੁਲਿਸ ਸਟੇਸ਼ਨ ਤੋਂ ਆਉਣ ਬਾਅਦ ਘਰ ਉੱਤੇ ਹਮਲਾ ਹੋਇਆ ਅਤੇ ਫਿਰ ਦੋ ਦਿਨ ਬਾਅਦ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ।"

ਕੈਥਲ ਦੇ ਐਸਪੀ ਸ਼ਸ਼ਾਂਕ ਸਾਵਨ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮਾਂ ਖਿਲਾਫ IPC ਦੀ 295, 436, 506, 188 ਧਾਰਾ ਦੇ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੋ ਜਣਿਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕਿਸੇ ਨੂੰ ਵੀ ਨਫ਼ਰਤ ਫੈਲਾਉਣ ਅਤੇ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਏਗੀ। ਉਨ੍ਹਾਂ ਨੇ ਬਾਕੀ ਜਾਣਕਾਰੀਆਂ ਨੂੰ ਜਾਂਚ ਦਾ ਵਿਸ਼ਾ ਦੱਸਿਆ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)