ਅਫ਼ਗਾਨਿਸਤਾਨ: ਵੋਟਿੰਗ ਨਾਲ ਤੈਅ ਹੁੰਦੀ ਹੈ ਬਹਾਦਰੀ

ਅਫ਼ਗਾਨਿਸਤਾਨ ਵਿੱਚ ਸ਼ਨੀਵਾਰ ਨੂੰ ਨਵਾਂ ਰਾਸ਼ਟਰਪਤੀ ਚੁਣਨ ਲਈ ਵੋਟਾਂ ਪਾਈਆਂ ਗਈਆਂ। ਵੋਟਾਂ ਦੌਰਾਨ ਪੋਲਿੰਗ ਬੂਥਾਂ 'ਤੇ ਬੰਬ ਅਤੇ ਮੋਰਟਾਰ ਨਾਲ ਹੋਏ ਹਮਲਿਆਂ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਤੇ 80 ਲੋਕ ਜ਼ਖ਼ਮੀ ਹੋ ਗਏ ਹਨ।

ਤਾਲਿਬਾਨ ਵਲੋਂ ਪੋਲਿੰਗ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਧਮਕੀ ਦਿੱਤੀ ਗਈ ਸੀ ਅਤੇ ਜਿਸ ਕਾਰਨ 70 ਹਜ਼ਾਰ ਤੋਂ ਵੱਧ ਸੁਰੱਖਿਆ ਮੁਲਾਜ਼ਮ ਦੇਸ ਭਰ ਵਿੱਚ ਤਾਇਨਾਤ ਕੀਤੇ ਗਏ ਸਨ।

ਚੋਣ ਮੈਦਾਨ ਵਿੱਚ ਕੁੱਲ 13 ਉਮੀਦਵਾਰ ਹਨ ਪਰ ਮੁੱਖ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਅਸ਼ਰਫ਼ ਗਨੀ ਅਤੇ ਸਾਲ 2014 ਵਿੱਚ ਸੀਈਓ ਬਣਾਏ ਗਏ ਅਬਦੁੱਲਾਹ ਅਬਦੁੱਲਾਹ ਵਿਚਾਲੇ ਮੰਨਿਆ ਜਾ ਰਿਹਾ ਹੈ।

ਅਫ਼ਗਾਨਿਸਤਾਨ ਵਿੱਚ ਕੁੱਲ ਆਬਾਦੀ ਤਕਰੀਬਨ ਤਿੰਨ ਕਰੋੜ 70 ਲੱਖ ਹੈ। ਇਨ੍ਹਾਂ ਵਿੱਚੋਂ ਤਕਰੀਬਨ 96 ਲੱਖ ਵੋਟਰ ਰਜਿਸਟਰ ਕੀਤੇ ਗਏ ਹਨ।

ਇੱਕ ਔਰਤ ਮਤਦਾਤਾ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ 'ਵੋਟਿੰਗ ਨਾਲ ਬਹਾਦੁਰੀ ਪਰੀਭਾਸ਼ਤ ਹੁੰਦਾ ਹੈ।'

ਇਹ ਵੀ ਪੜ੍ਹੋ:

ਰਿਪੋਰਟਾਂ ਮੁਤਾਬਕ 5 ਸਾਲ ਪਹਿਲਾਂ ਹੋਈਆਂ ਚੋਣਾਂ ਦੀ ਤੁਲਨਾ ਵਿੱਚ ਇਸ ਵਾਰ ਮਤਦਾਨ ਫੀਸਦ ਘੱਟ ਰਿਹਾ। ਸੁਰੱਖਿਆ ਕਾਰਨਾਂ ਕਰਕੇ ਕਈ ਲੋਕਾਂ ਵੋਟ ਪਾਉਣ ਦੀ ਬਜਾਇ ਘਰਾਂ ਵਿੱਚ ਰਹਿਣਾ ਬਿਹਤਰ ਸਮਝਿਆ।

ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਮਤਦਾਨ ਤੋਂ ਬਾਅਦ ਤਾਲੀਬਾਨ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੀ ਪਸੰਦ ਦਾ ਸਨਮਾਨ ਕਰਨ ਅਤੇ ਜੰਗ ਖ਼ਤਮ ਕਰਨ।

ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਗਨੀ ਨੇ ਤਾਲੀਬਾਨ ਨੂੰ ਕਿਹਾ, "ਤੁਹਾਡੇ ਲਈ ਸ਼ਾਂਤੀ ਦੇ ਦਰਵਾਜ਼ੇ ਖੁੱਲ੍ਹੇ ਹਨ।"

ਚੋਣਾਂ ਵਿੱਚ ਦੇਰ

ਦੋ ਵਾਰੀ ਪਹਿਲਾਂ ਹੀ ਚੋਣਾਂ ਵਿੱਚ ਦੇਰ ਹੋ ਚੁੱਕੀ ਹੈ। ਅਮਰੀਕਾ ਨੇ ਸਾਲ 2001 ਵਿੱਚ ਤਾਲਿਬਾਨ ਨੂੰ ਅਫ਼ਗਾਨਿਸਤਾਨ ਦੀ ਸੱਤਾ ਤੋਂ ਹਟਾਇਆ ਸੀ। ਉਸ ਤੋਂ ਬਾਅਦ ਤੋਂ ਇੱਥੇ ਚੌਥੀ ਵਾਰੀ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ।

ਤਾਲਿਬਾਨ ਨੇ ਚੇਤਾਵਨੀ ਦਿੱਤੀ ਸੀ ਕਿ ਚੋਣਾਂ ਵਿੱਚ ਰੁਕਾਵਟ ਪਾਉਣ ਲਈ ਉਹ ਪੋਲਿੰਗ ਕੇਂਦਰਾਂ ਨੂੰ ਨਿਸ਼ਾਨਾ ਬਣਾਉਣਗੇ।

ਅਫ਼ਗਾਨਿਸਤਾਨ ਬੀਤੇ ਤਕਰੀਬਨ ਚਾਰ ਦਹਾਕਿਆਂ ਤੋਂ ਜੰਗ ਵਰਗੇ ਹਾਲਾਤ ਨਾਲ ਜੂਝ ਰਿਹਾ ਹੈ। ਲਗਾਤਾਰ ਬਣੇ ਸੰਘਰਸ਼ ਦੇ ਵਿਚਾਲੇ ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ।

ਇਹ ਵੀ ਪੜ੍ਹੋ

ਹਿੰਸਾ ਨਾਲ ਤਬਾਹ ਦੇਸ

ਨਵੇਂ ਰਾਸ਼ਟਰਪਤੀ ਦੇ ਸਾਹਮਣੇ ਇੱਕ ਅਜਿਹੇ ਦੇਸ ਦੀ ਅਗਵਾਈ ਦੀ ਚੁਣੌਤੀ ਹੋਵੇਗੀ ਜਿਸ ਨੂੰ ਦਹਾਕਿਆਂ ਦੀ ਹਿੰਸਾ ਨੇ ਤਬਾਹ ਕਰ ਦਿੱਤਾ ਹੈ।

ਕਰੀਬ ਦੋ ਦਹਾਕਿਆਂ ਤੋਂ ਪਹਿਲਾਂ ਅਮਰੀਕਾ ਦੀ ਅਗਵਾਈ ਵਿੱਚ ਕੌਮਾਂਤਰੀ ਭਾਈਚਾਰੇ ਨੇ ਇੱਥੇ ਫ਼ੌਜੀ ਦਖ਼ਲ ਦਿੱਤਾ ਸੀ। ਹੁਣ ਅਮਰੀਕਾ ਸੰਘਰਸ਼ ਖ਼ਤਮ ਕਰਨ ਲਈ ਤਾਲਿਬਾਨ ਨਾਲ ਗੱਲਬਾਤ ਦੀ ਕੋਸ਼ਿਸ਼ ਵਿੱਚ ਹੈ।

ਅਫ਼ਗਾਨਿਸਤਾਨ ਵਿੱਚ ਫਿਲਹਾਲ ਅਮਰੀਕਾ ਦੇ ਤਕਰੀਬਨ 14 ਹਜ਼ਾਰ ਫ਼ੌਜੀ ਹਨ। ਯੂਕੇ, ਜਰਮਨੀ ਅਤੇ ਇਟਲੀ ਦੇ ਫੌਜੀ ਵੀ ਇੱਥੇ ਹਨ। ਇਹ ਨੈਟੋ ਮਿਸ਼ਨ ਦੇ ਤਹਿਤ ਅਫ਼ਗਾਨਿਸਤਾਨ ਦੇ ਸੁਰੱਖਿਆ ਕਰਮੀਆਂ ਨੂੰ ਟਰੇਨਿੰਗ ਦੇਣ, ਸਲਾਹ ਦੇਣ ਅਤੇ ਉਨ੍ਹਾਂ ਦੀ ਮਦਦ ਲਈ ਤਾਇਨਾਤ ਕੀਤੇ ਗਏ ਹਨ।

ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਸਰਕਾਰ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਉਨ੍ਹਾਂ ਨਾਲ ਸਿੱਧੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ।

ਤਾਲਿਬਾਨ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਨਾਲ ਸਮਝੌਤਾ ਹੋਣ ਤੋਂ ਬਾਅਦ ਹੀ ਉਹ ਅਫ਼ਗਾਨਿਸਾਤਨ ਦੇ ਪ੍ਰਸ਼ਾਸਨ ਨਾਲ ਗੱਲਬਾਤ ਸ਼ੁਰੂ ਕਰਨਗੇ।

ਕੀ ਹੈ ਵੋਟਰਾਂ ਦੀ ਮੰਗ?

ਅਜਿਹੇ ਵਿੱਚ ਅਫ਼ਗਾਨਿਸਤਾਨ ਦਾ ਨਵਾਂ ਰਾਸ਼ਟਰਪਤੀ ਕੌਣ ਹੋਵੇਗਾ ਇਹ ਅਮਰੀਕਾ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ ਸਗੋਂ ਇਸ ਲਈ ਉਹ ਲੋਕ ਫਿਕਰਮੰਦ ਹਨ ਜੋ ਫੌਜ, ਤਾਲਿਬਾਨ ਅਤੇ ਦੂਜੇ ਬਾਗੀਆਂ ਵਿਚਾਲੇ ਟਕਰਾਅ ਨਾਲ ਘਿਰੇ ਹੋਏ ਹਨ।

ਬੀਬੀਸੀ ਦੀ ਇੱਕ ਰਿਸਰਚ ਮੁਤਾਬਕ ਅਫ਼ਗਾਨਿਸਤਾਨ ਵਿੱਚ ਅਗਸਤ ਮਹੀਨੇ ਦੌਰਾਨ ਸੰਘਰਸ਼ ਵਿੱਚ ਹਰ ਦਿਨ ਔਸਤ 74 ਲੋਕਾਂ ਦੀ ਮੌਤ ਹੋਈ ਹੈ ਜਿਸ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ। ਮਾਰੇ ਗਏ ਲੋਕਾਂ ਵਿੱਚ ਪੰਜਵਾਂ ਹਿੱਸਾ ਆਮ ਲੋਕਾਂ ਦਾ ਸੀ।

ਇਹ ਵੀ ਪੜ੍ਹੋ:

ਯੂਐਨ ਮੁਤਾਬਕ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਵਿੱਚ ਬਾਗੀਆਂ ਦੀ ਤੁਲਨਾ ਵਿੱਚ ਅਫ਼ਗਾਨਿਸਤਾਨ ਅਤੇ ਅਮਰੀਕਾ ਦੀ ਫੌਜ ਦੀ ਕਾਰਵਾਈ ਵਿੱਚ ਜ਼ਿਆਦਾ ਆਮ ਲੋਕਾਂ ਦੀ ਜਾਨ ਗਈ।

ਨਵਾਂ ਰਾਸ਼ਟਰਪਤੀ ਚੁਣਦੇ ਹੋਏ ਲੋਕਾਂ ਦੇ ਏਜੰਡੇ ਵਿੱਚ ਸਭ ਤੋਂ ਉੱਪਰ ਅਜਿਹੇ ਆਗੂ ਦੀ ਚੋਣ ਹੋਵੇਗੀ ਜੋ ਸ਼ਾਂਤੀ ਲਿਆ ਸਕੇ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)