You’re viewing a text-only version of this website that uses less data. View the main version of the website including all images and videos.
ਕੇਲਾ ਅਤੇ ਮਿੱਟੀ ਸਣੇ 6 ਚੀਜ਼ਾਂ ਜੋ ਖ਼ਤਮ ਹੋ ਸਕਦੀਆਂ ਹਨ ਅਤੇ ਇਨ੍ਹਾਂ ਦਾ ਤੁਹਾਡੀ ਜ਼ਿੰਦਗੀ 'ਤੇ ਕੀ ਅਸਰ ਪਵੇਗਾ
'ਘਾਟ ਜਾਂ ਕਮੀ' ਅਜਿਹੀ ਚੀਜ਼ ਹੈ ਜਿਸ ਦੇ ਵਧਣ ਨਾਲ ਅਸੀਂ ਅਸਹਿਜ ਹੀ ਚਿੰਤਤ ਹੋਣ ਲਗਦੇ ਹਾਂ।
ਤੁਸੀਂ ਪਾਣੀ, ਤੇਲ ਅਤੇ ਮਧੂਮੱਖੀਆਂ ਦੇ ਖ਼ਤਮ ਹੋਣ ਦੇ ਵਧ ਰਹੇ ਸੰਕਟ ਬਾਰੇ ਸੁਣਿਆ ਹੋਣਾ ਪਰ ਕਈ ਹੋਰ ਵੀ ਸਰੋਤ ਹਨ, ਜੋ ਦਿਨ ਪ੍ਰਤੀ ਦਿਨ ਘਟ ਰਹੇ ਹਨ ਜਾਂ ਉਨ੍ਹਾਂ ਦੀ ਹੋਂਦ ਮੁਤਾਬਕ ਗ਼ਲਤ ਢੰਗ ਨਾਲ ਵਰਤਿਆਂ ਜਾ ਰਿਹਾ ਹੈ ਅਤੇ ਇਹ ਸਾਡੀ ਜ਼ਿੰਦਗੀ ਦੇ ਹਰੇਕ ਪਹਿਲੂ 'ਤੇ ਅਸਰ ਪਾਉਂਦੇ ਹਨ।
ਅਜਿਹੀਆਂ ਹੀ ਕੁਝ 6 ਚੀਜ਼ਾਂ ਦੀ ਗੱਲ ਅਸੀਂ ਇੱਥੇ ਕਰ ਰਹੇ ਹਾਂ-
ਪੁਲਾੜ
ਸਾਲ 2019 ਵਿੱਚ ਧਰਤੀ ਦੇ ਆਲੇ-ਦੁਆਲੇ ਘੁੰਮਣ ਵਾਲੇ ਕਰੀਬ 5 ਲੱਖ ਉਪਗ੍ਰਹਿ ਹਨ।
ਜਿਨ੍ਹਾਂ ਵਿਚੋਂ ਸਿਰਫ਼ 2 ਹਜ਼ਾਰ ਅਜਿਹੇ ਉਪਗ੍ਰਹਿ ਹਨ, ਜੋ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਰੋਜ਼ਾਨਾ ਕਮਿਊਨੀਕੇਸ਼ਨ, ਜੀਪੀਐੱਸ ਅਤੇ ਆਪਣੇ ਪਸੰਦੀਦਾ ਪ੍ਰੋਗਰਾਮ ਦੇਖਣ ਲਈ ਕਰਦੇ ਹਾਂ।
ਪਰ ਬਾਕੀ ਸਾਰੇ ਪਿਛਲੇ ਉਪਗ੍ਰਹਿ ਅਤੇ ਰਾਕੇਟ ਲਾਂਚ ਦਾ ਮਲਬਾ ਹਨ।
ਤਾਂ ਦਿੱਕਤ ਕਿੱਥੇ ਹੈ? ਇਹ 5 ਲੱਖ ਉਹ ਉਪਗ੍ਰਹਿ ਹਨ, ਜਿਨ੍ਹਾਂ ਨੂੰ ਟਰੈਕ ਕੀਤਾ ਗਿਆ ਹੈ ਅਤੇ ਰੋਜ਼ਾਨਾ ਹੀ ਕਈ ਹੋਰ ਲਾਂਚ ਕੀਤੇ ਜਾ ਰਹੇ ਹਨ।
ਜਿਵੇਂ-ਜਿਵੇਂ ਤਕਨੀਕ ਵਿੱਚ ਸੁਧਾਰ ਹੁੰਦਾ ਜਾ ਰਿਹਾ, ਇਨ੍ਹਾਂ ਨੂੰ ਪੁਲਾੜ ਵਿੱਚ ਪਹੁੰਚਾਉਣਾ ਹੋਰ ਵੀ ਸੁਖਾਲਾ ਹੁੰਦਾ ਜਾ ਰਿਹਾ ਹੈ।
ਪੁਲਾੜ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਘੁੰਮ ਰਹਿ ਉਪਗ੍ਰਹਿ ਕਿਵੇਂ ਕੰਟਰੋਲ ਕੀਤੇ ਜਾਣ, ਇਸ ਬਾਰੇ ਕੋਈ ਹਵਾਈ ਟਰੈਫਿਕ ਕੰਟਰੋਲ ਦੀ ਤਕਨੀਕ ਵਿਕਸਿਤ ਨਹੀਂ ਕੀਤੀ ਜਾ ਸਕੀ ਹੈ।
ਇਸੇ ਤਰ੍ਹਾਂ ਅਜੇ ਤੱਕ ਕੋਈ ਅਜਿਹੀ ਤਕਨੀਕ ਵੀ ਨਹੀਂ ਵਿਕਸਿਤ ਕੀਤੀ ਜਾ ਸਕੀ, ਜਿਸ ਨਾਲ ਇਨ੍ਹਾਂ ਦੀ ਪੁਲਾੜ ਵਿੱਚੋਂ ਸਫਾਈ ਕੀਤੀ ਜਾ ਸਕੇ।
ਜਿਵੇਂ-ਜਿਵੇਂ ਇਸ ਵਿੱਚ ਵਾਧਾ ਹੋ ਰਿਹਾ ਹੈ ਉਵੇਂ-ਉਵੇਂ ਹੀ ਫੋਨ ਸੰਪਰਕ, ਸਾਡੇ ਮੈਪ ਦਾ ਕੰਮ ਕਰਨਾ, ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਸਿਸਟਮ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਫਿਲਹਾਲ ਇਸ ਦੇ ਹੱਲ ਲਈ ਕੋਸ਼ਿਸ਼ਾਂ ਜਾਰੀ ਹਨ ਪਰ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਹੈ।
ਰੇਤ
ਸੰਯੁਕਤ ਰਾਸ਼ਟਰ ਮੁਤਾਬਕ ਬਜਰੀ ਦੇ ਨਾਲ ਰੇਤ ਦੁਨੀਆਂ ਵਿੱਚ ਸਭ ਤੋਂ ਕਠੋਰ ਪਦਾਰਥਾਂ ਵਿਚੋਂ ਇੱਕ ਹੈ ਅਤੇ ਅਸੀਂ ਇਸਦੀ ਬਹੁਤ ਤੇਜ਼ੀ ਨਾਲ ਵਰਤੋਂ ਕਰ ਰਹੇ ਹਾਂ।
ਮਿੱਟੀ ਦੇ ਕਟਾਅ ਨਾਲ ਹਜ਼ਾਰਾਂ ਸਾਲਾ ਦੌਰਾਨ ਬਣੀ ਰੇਤ ਵੱਡੇ ਪੱਧਰ 'ਤੇ ਨਿਰਮਾਣ, ਜ਼ਮੀਨੀ ਸੋਧ, ਪਾਣੀ ਦੇ ਫਿਲਟਰ ਅਤੇ ਇੱਥੋਂ ਤੱਕ ਤੇ ਖਿੜਕੀਆਂ ਦੇ ਕੱਚ ਤੇ ਮੋਬਾਈਲ ਫੋਨਾਂ ਵਿੱਚ ਵਰਤੀ ਜਾਂਦੀ ਹੈ।
ਰੇਤ ਦੇ ਨੁਕਸਾਨ ਨਾਲ ਹਾਲਾਤ ਨਾਜ਼ੁਕ ਬਣੇ ਹੋਏ ਹਨ ਅਤੇ ਅਜਿਹੇ ਵਿੱਚ ਲਗਾਤਾਰ ਵੱਧ ਰਹੀ ਇਸ ਸਰੋਤ ਦੀ ਵਰਤੋਂ ਨੂੰ ਕੰਟਰੋਲ 'ਚ ਕਰਨ ਲਈ ਗਲੋਬਲ ਨਿਗਰਾਨੀ ਦਾ ਸੱਦਾ ਦਿੱਤਾ ਗਿਆ ਹੈ।
ਹੀਲੀਅਮ
ਪਾਰਟੀ ਹੋਵੇ ਜਾਂ ਕੋਈ ਹੋਰ ਸਮਾਗਮ ਅਕਸਰ ਤੁਸੀਂ ਹਵਾ ਨਾਲ ਭਰੇ ਗੁਬਾਰੇ ਦੇਖੇ ਹੋਣਗੇ। ਇਨ੍ਹਾਂ ਵਿੱਚ ਹੀਲੀਅਮ ਗੈਸ ਹੁੰਦੀ ਹੈ।
ਜੀ ਹਾਂ, ਹੀਲੀਅਮ ਗੈਸ ਵੀ ਇੱਕ ਸੀਮਤ ਸੰਸਾਧਨ ਹੈ, ਜਿਸ ਨੂੰ ਜ਼ਮੀਨ ਹੇਠੋਂ ਕੱਢਿਆ ਜਾਂਦਾ ਹੈ ਅਤੇ ਹੁਣ ਇਸ ਦੀ ਸਿਰਫ਼ ਕੁਝ ਦਹਾਕਿਆਂ ਤੱਕ ਹੀ ਚਲ ਸਕਦੀ ਹੈ। ਮਤਲਬ ਕਿ ਇਸ ਦੀ ਸਪਲਾਈ ਬਹੁਤ ਲੰਬੇ ਸਮੇਂ ਤੱਕ ਜਾਰੀ ਨਹੀਂ ਰਹਿ ਸਕਦੀ।
ਕੁਝ ਅਨੁਮਾਨਾਂ ਮੁਤਾਬਕ ਇਸ ਵਿੱਚ 30 ਤੋਂ 50 ਸਾਲਾਂ ਦੌਰਾਨ ਕਮੀ ਆਉਣ ਦੀ ਉਮੀਦ ਹੈ।
ਇਸ ਨਾਲ ਬੱਚੇ ਤਾਂ ਜ਼ਰੂਰ ਮਾਯੂਸ ਹੋਣਗੇ ਹੀ ਪਰ ਇਸ ਦਾ ਮੈਡੀਕਲ ਖੇਤਰ ਵਿੱਚ ਵੀ ਮਹੱਤਵਪੂਰਨ ਉਪਯੋਗ ਹੈ। ਇਹ ਐੱਮਆਰਆਈ ਸਕੈਨਰ ਵਿੱਚ ਮਦਦ ਕਰਦੀ ਹੈ।
ਇਸ ਕਰਕੇ ਰੋਗ ਦੀ ਪਛਾਣ, ਕੈਂਸਰ ਦੇ ਇਲਾਜ ਅਤੇ ਦਿਮਾਗ਼ ਤੇ ਰੀੜ੍ਹ ਦੀ ਹੱਡੀ ਦੀ ਸੱਟ ਦੇ ਇਲਾਜ ਵਿੱਚ ਕ੍ਰਾਂਤੀ ਆਈ ਹੈ।
ਇਹ ਵੀ ਪੜ੍ਹੋ-
ਕੇਲੇ
ਬਨਾਨਾ ਸ਼ੇਕ ਤੋਂ ਲੈ ਕੇ ਸੜਕ ਕਿਨਾਰੇ ਮਿਲਦੇ ਨਮਕ ਲੱਗੇ ਕੇਲਿਆਂ ਤੱਕ ਵੀ ਅਸਰ ਹੋਵੇਗਾ। ਦਰਅਸਲ ਕੇਲਿਆਂ ਨੂੰ ਪਨਾਮਾ ਨਾਮ ਦੀ ਬਿਮਾਰੀ ਦਾ ਖ਼ਤਰਾ ਹੈ।
ਜਿਹੜੇ ਕੇਲਿਆਂ ਦੀ ਕਿਸਮ ਅਸੀਂ ਵਧੇਰੇ ਖਾਂਦੇ ਹਾਂ, ਇਸ ਨੂੰ ਕੈਵੇਨਡਿਸ਼ ਆਖਦੇ ਹਨ ਅਤੇ ਇਹ ਸਿਰਫ਼ ਇੱਕੋ ਪੌਦੇ ਤੋਂ ਆਉਂਦੇ ਹਨ।
ਕੇਲੇ ਦੇ ਪੌਦੇ ਕਲਮਾਂ ਤੋਂ ਤਿਆਰ ਕੀਤੇ ਜਾਂਦੇ ਹਨ, ਜਿਸ ਕਰਕੇ ਇਹ ਇੱਕ ਦੂਜੇ ਦੇ ਕਲੋਨ ਹੁੰਦੇ ਹਨ ਤੇ ਕਲੋਨ ਹੋਣ ਕਰਕੇ ਜੇ ਇੱਕ ਕੇਲੇ ਨੂੰ ਬਿਮਾਰੀ ਲੱਗੀ ਤਾਂ ਸਾਰਾ ਖੇਤ ਖਰਾਬ ਹੋ ਸਕਦਾ ਹੈ।
ਅਜਿਹਾ ਇਸ ਤੋਂ ਪਹਿਲਾਂ ਵੀ ਹੋਇਆ ਹੈ, 1950ਵਿਆਂ ਵਿੱਚ ਇਸੇ ਬਿਮਾਰੀ ਨੇ ਪੂਰੀ ਦੁਨੀਆਂ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ ਸੀ, ਜਿਸ ਕਰਕੇ ਉਤਪਦਕਾਂ ਨੂੰ 'ਗ੍ਰੋਸ ਮਿਸ਼ੇਲ' ਕਿਸਮ ਨੂੰ ਖ਼ਤਮ ਕਰਨਾ ਪਿਆ।
ਖੋਜਕਾਰ ਇਸ ਦੀਆਂ ਨਵੀਆਂ ਕਿਸਮਾਂ 'ਤੇ ਵੀ ਕੰਮ ਕਰੇ ਰਹੇ ਹਨ।
ਮਿੱਟੀ
ਭਾਵੇਂ ਕਿ ਮਿੱਟੀ ਪੂਰੀ ਧਰਤੀ ਤੋਂ ਇੱਕ ਦਮ ਨਹੀਂ ਖ਼ਤਮ ਹੋ ਸਕਦੀ ਪਰ ਇਸ ਦੀ ਗ਼ਲਤ ਵਰਤੋਂ ਚਿੰਤਾ ਦਾ ਕਾਰਨ ਹੈ।
ਟੌਪਸੋਇਲ ਮਿੱਟੀ ਦੀ ਸਭ ਤੋਂ ਬਾਹਰੀ ਪਰਤ ਹੈ ਅਤੇ ਇਸ ਵਿਚ ਵਧੇਰੇ ਪੋਸ਼ਕ ਤੱਤ ਮਿਲਦੇ ਹਨ।
ਇੱਕ ਸੰਸਥਾ WWF ਜੋ ਜੰਗਲ ਦੀ ਸੁਰੱਖਿਆ ਲਈ ਕੰਮ ਕਰਦੀ ਹੈ, ਉਸ ਮੁਤਾਬਕ ਪਿਛਲੇ 150 ਸਾਲਾਂ ਵਿੱਚ ਮਿੱਟੀ ਦੀ ਉਪਰਲੀ ਪਰਤ ਯਾਨਿ ਕਿ ਟੌਪਸੋਇਲ ਦਾ ਅੱਧਾ ਹਿੱਸਾ ਖ਼ਤਮ ਹੋ ਗਿਆ ਹੈ।
ਜਦਕਿ ਕੁਦਰਤੀ ਤੌਰ 'ਤੇ ਇੱਕ ਇੰਚ ਮਿੱਟੀ ਬਣਨ ਵਿੱਚ ਕਰੀਬ 500 ਸਾਲ ਲਗਦੇ ਹਨ।
ਜ਼ਮੀਨੀ ਕਟਾਅ, ਸੰਘਣੀ ਖੇਤੀ, ਜੰਗਲਾਂ ਦੀ ਕਟਾਈ ਅਤੇ ਗਲੋਬਲ ਵਾਰਮਿੰਗ ਵੀ ਮਿੱਟੀ ਦੀ ਉਪਰਲੀ ਪਰਤ ਦੇ ਖ਼ਾਤਮੇ ਵਿੱਚ ਯੋਗਦਾਨ ਪਾ ਰਹੇ ਹਨ।
ਇਸੇ ਪਰਤ 'ਤੇ ਪੂਰੀ ਦੁਨੀਆਂ ਦਾ ਭੋਜਨ ਉਤਪਾਦਨ ਵਧੇਰੇ ਗਿਣਤੀ ਵਿੱਚ ਨਿਰਭਰ ਕਰਦਾ ਹੈ।
ਫੌਸਫੋਰਸ
ਪਹਿਲੀ ਨਜ਼ਰ ਵਿੱਚ ਤੁਹਾਨੂੰ ਇਸ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵਧੇਰੇ ਮਹੱਤਤਾ ਨਜ਼ਰ ਨਹੀਂ ਆਉਂਦੀ।
ਪਰ ਇਹ ਕੇਵਲ ਮਨੁੱਖੀ ਡੀਐੱਨਏ ਦੀ ਸੰਰਚਨਾ ਲਈ ਜੈਵਿਕ ਰੂਪ ਵਜੋਂ ਮਹੱਤਵਪੂਰਨ ਹੀ ਨਹੀਂ ਹੈ, ਬਲਕਿ ਖੇਤੀਬਾੜੀ ਖਾਦ ਵੀ ਬਣਾਉਂਦਾ ਹੈ, ਜਿਸ ਦਾ ਕੋਈ ਹੋਰ ਬਦਲ ਨਹੀਂ ਹੈ।
ਪਹਿਲਾਂ ਫੌਸਫੋਰਸ ਜਾਨਵਰਾਂ ਦੇ ਮਲ ਅਤੇ ਪੌਦਿਆਂ ਦੀ ਰਹਿੰਦ-ਖੂੰਦ ਰਾਹੀਂ ਵਾਪਸ ਜ਼ਮੀਨ ਵਿੱਚ ਪਹੁੰਚਦਾ ਰਿਹਾ ਹੈ।
ਹੁਣ ਹਾਲਾਤ ਬਦਲ ਗਏ ਹਨ ਅਤੇ ਫੌਸਫੋਰਸ ਫ਼ਸਲਾਂ ਰਾਹੀਂ ਸ਼ਹਿਰਾਂ 'ਚ ਪਹੁੰਚ ਜਾਂਦਾ ਹੈ। ਉਥੋਂ ਸੀਵਰੇਜ ਰਾਹੀਂ ਹੁੰਦਾ ਹੋਇਆਂ ਫਿਰ ਸਮੁੰਦਰ ਦੇ ਕਿਨਾਰਿਆਂ ਤੱਕ ਜਾ ਪਹੁੰਚਦਾ ਹੈ।
ਜਿਵੇਂ-ਜਿਵੇਂ ਵਿਕਾਸ ਹੋ ਰਿਹਾ ਹੈ ਉਸ ਨਾਲ ਅਨੁਮਾਨ ਲਗਾਇਆ ਜਾਂਦਾ ਹੈ ਕਿ ਫੌਸਫੋਰਸ ਦੇ ਮੌਜੂਦਾ ਸਰੋਤ 35 ਤੋਂ 400 ਸਾਲ ਤੱਕ ਜਾ ਸਕਦੇ ਹਨ।
ਇਹ ਵੀ ਪੜ੍ਹੋ-
ਇਹ ਵੀ ਦੇਖੋ: