You’re viewing a text-only version of this website that uses less data. View the main version of the website including all images and videos.
ਪੁਲਾੜ 'ਚੋਂ 7500 ਟਨ ਕੂੜਾ ਇਸ ਤਰ੍ਹਾਂ ਸਾਫ਼ ਕਰੇਗਾ ਇਹ ਜਾਲ਼
ਬ੍ਰਿਟੇਨ ਦੀ ਇੱਕ ਸੈਟੇਲਾਈਟ ਨੇ ਧਰਤੀ ਦੇ ਗ੍ਰਹਿ-ਪਥ (ਓਰਬਿਟ) ਵਿੱਚ ਇੱਕ ਜਾਲ ਲਗਾਇਆ ਹੈ ਜਿਹੜਾ ਸਪੇਸ ਦੇ ਕੂੜੇ ਨੂੰ ਇਕੱਠਾ ਕਰੇਗਾ।
ਪ੍ਰਯੋਗ ਦੇ ਤੌਰ 'ਤੇ ਸ਼ੁਰੂ ਕੀਤੀ ਇਹ ਕੋਸ਼ਿਸ਼ ਉਨ੍ਹਾਂ ਯੋਜਨਾਵਾਂ ਦਾ ਹਿੱਸਾ ਹੈ, ਜਿਸਦੇ ਜ਼ਰੀਏ ਅੰਤਰਿਕਸ਼ ਨੂੰ ਕੂੜਾ ਮੁਕਤ ਬਣਾਉਣ ਦੀ ਯੋਜਨਾ ਹੈ।
ਇਹ ਜਾਲ ਧਰਤੀ ਤੋਂ 300 ਕਿੱਲੋਮੀਟਰ ਤੋਂ ਵੱਧ ਉੱਚਾਈ 'ਤੇ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ:
ਇਹ ਸਮਝਿਆ ਜਾਂਦਾ ਹੈ ਕਿ ਕਰੀਬ ਸਾਢੇ ਸੱਤ ਹਜ਼ਾਰ ਟਨ ਕੂੜਾ ਧਰਤੀ ਦੇ ਗ੍ਰਹਿ-ਪਥ ਵਿੱਚ ਤੈਰ ਰਿਹਾ ਹੈ, ਜਿਹੜਾ ਉਨ੍ਹਾਂ ਸੈਟਲਾਈਟਾਂ ਲਈ ਖ਼ਤਰਾ ਹੈ, ਜਿਨ੍ਹਾਂ ਨੂੰ ਕਿਸੇ ਖਾਸ ਮਕਸਦ ਨਾਲ ਲਾਂਚ ਕੀਤਾ ਗਿਆ ਹੈ।
ਜਾਲ ਦੇ ਪ੍ਰਯੋਗ ਦਾ ਸੈਟੇਲਾਈਟ ਦੇ ਜ਼ਰੀਏ ਵੀਡੀਓ ਵੀ ਬਣਾਇਆ ਗਿਆ ਹੈ ਜਿਸ ਵਿੱਚ ਇੱਕ ਜੁੱਤੀ ਦੇ ਡੱਬੇ ਦੇ ਆਕਾਰ ਦੇ ਪੁਲਾੜ ਦੇ ਕੂੜੇ ਨੂੰ ਇਕੱਠਾ ਕਰਦਾ ਹੋਇਆ ਦਿਖ ਰਿਹਾ ਹੈ।
ਸੂਰੇ ਸਪੇਸ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ ਗੁਗਲਾਈਮਲੋ ਅਗਲੀਤੀ ਕਹਿੰਦੇ ਹਨ, "ਜਿਸ ਤਰ੍ਹਾਂ ਦੀਆਂ ਸਾਡੀਆਂ ਉਮੀਦਾਂ ਸੀ, ਇਹ ਉਸ ਤਰ੍ਹਾਂ ਦਾ ਹੀ ਕੰਮ ਕਰ ਰਿਹਾ ਹੈ।"
"ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਕਿ ਇਹ ਕਿਵੇਂ ਜਾਲ ਵਿੱਚ ਫਸਿਆ। ਅਸੀਂ ਇਸ ਪ੍ਰਯੋਗ ਨਾਲ ਖੁਸ਼ ਹਾਂ।"
ਅੱਗੇ ਕੀ ਹੋਵੇਗਾ
ਇਹ ਸਿਰਫ਼ ਇੱਕ ਪ੍ਰਯੋਗ ਸੀ, ਜਿਸ ਵਿੱਚ ਇੱਕ ਜੁੱਤੀ ਦੇ ਡੱਬੇ ਦੇ ਆਕਾਰ ਦੇ ਕੂੜੇ ਨੂੰ ਦੂਜੇ ਸੈਟੇਲਾਈਟ ਨਾਲ ਧਰਤੀ ਵੱਲ ਡਿਗਾਇਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਜਾਲ ਵਿੱਚ ਫਸਾਇਆ ਗਿਆ।
ਜੇਕਰ ਅਸਲ ਵਿੱਚ ਅਜਿਹਾ ਹੋ ਸਕੇਗਾ ਤਾਂ ਕੂੜੇ ਨੂੰ ਫਸਾਉਣ ਤੋਂ ਬਾਅਦ ਸੈਟੇਲਾਈਟ ਦੀ ਮਦਦ ਨਾਲ ਜਾਲ ਇਸ ਨੂੰ ਧਰਤੀ ਦੇ ਗ੍ਰਹਿ-ਪਥ ਤੋਂ ਬਾਹਰ ਕਰ ਦੇਵੇਗਾ।
ਧਰਤੀ ਦੇ ਗ੍ਰਹਿ-ਪਥ ਵਿੱਚ ਤੈਰ ਰਹੇ ਕੂੜੇ ਨੂੰ ਹਟਾਉਣ ਦੀ ਗੱਲ ਹੁੰਦੀ ਰਹੀ ਹੈ। ਕਈ ਪ੍ਰਯੋਗ ਵੀ ਇਸ 'ਤੇ ਚੱਲ ਰਹੇ ਹਨ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਇਸ ਤਰ੍ਹਾਂ ਦਾ ਸਫ਼ਲ ਪ੍ਰਯੋਗ ਕੀਤਾ ਗਿਆ ਹੋਵੇ।
ਜਲਦੀ ਹੀ ਹੁਣ ਇਸ ਕੋਸ਼ਿਸ਼ ਦੇ ਤਹਿਤ ਦੂਜੇ ਪੜ੍ਹਾਅ ਦਾ ਪ੍ਰਯੋਗ ਕੀਤਾ ਜਾਵੇਗਾ, ਜਿਸ ਵਿੱਚ ਇੱਕ ਕੈਮਰਾ ਲਗਾਇਆ ਜਾਵੇਗਾ ਜਿਹੜਾ ਸਪੇਸ ਦੇ ਅਸਲ ਕੂੜੇ ਨੂੰ ਕੈਦ ਕਰ ਸਕੇ ਤਾਂ ਕਿ ਉਨ੍ਹਾਂ ਨੂੰ ਹਟਾਉਣਾ ਸੌਖਾ ਹੋਵੇ।
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਤੱਕ ਇਸ ਤੋਂ ਹੋਰ ਬਿਹਤਕ ਤਰੀਕੇ ਨਾਲ ਕੰਮ ਲਿਆ ਜਾ ਸਕੇਗਾ।
ਸਪੇਸ ਕੂੜੇ ਤੋਂ ਕਿੰਨਾ ਖਤਰਾ
ਧਰਤੀ ਦੇ ਗ੍ਰਹਿ-ਪਥ ਵਿੱਚ ਲੱਖਾਂ ਟੁੱਕੜੇ ਤੈਰ ਰਹੇ ਹਨ। ਇਹ ਟੁੱਕੜੇ ਪੁਰਾਣੇ ਅਤੇ ਸੇਵਾ ਤੋਂ ਬਾਹਰ ਹੋ ਚੁੱਕੇ ਸੈਟਲਾਈਟਾਂ ਦੇ ਅੰਸ਼ ਅਤੇ ਅੰਤਰਿਕਸ਼ ਯਾਤਰੀਆਂ ਵੱਲੋਂ ਗ਼ਲਤੀ ਨਾਲ ਰਹਿ ਗਏ ਕੁਝ ਉਪਕਰਣ ਹਨ।
ਡਰ ਇਹ ਹੈ ਕਿ ਜੇ ਇਨ੍ਹਾਂ ਕੂੜਿਆਂ ਨੂੰ ਹਟਾਇਆ ਨਹੀਂ ਗਿਆ ਤਾਂ ਇਹ ਕੰਮ ਵਿੱਚ ਆ ਰਹੀਆਂ ਸੈਟਲਾਈਟਾਂ ਨੂੰ ਨਸ਼ਟ ਕਰ ਦੇਵੇਗਾ।
ਇਸ ਪ੍ਰਾਜੈਕਟ 'ਤੇ ਕੰਮ ਕਰ ਰਹੇ ਇੰਜੀਨੀਅਰ ਅਲਸਟੇਅਰ ਵੇਮੈਨ ਕਹਿੰਦੇ ਹਨ, "ਜੇਕਰ ਇਹ ਟੁੱਕੜੇ ਆਪਸ ਵਿੱਚ ਟਕਰਾਉਂਦੇ ਹਨ ਤਾਂ ਹੋਰ ਕੂੜਾ ਇਕੱਠਾ ਹੋਵੇਗਾ। ਜ਼ਿਆਦਾ ਕੂੜਾ ਬਣਨ ਨਾਲ ਟਕਰਾਉਣ ਦਾ ਖਦਸ਼ਾ ਲਗਾਤਾਰ ਵਧਦਾ ਰਹੇਗਾ ਅਤੇ ਇੱਕ ਦਿਨ ਇਹ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ।"
ਇਹ ਵੀ ਪੜ੍ਹੋ:
ਆਉਣ ਵਾਲੇ ਸਮੇਂ ਵਿੱਚ ਲੋੜਾਂ ਦੇ ਹਿਸਾਬ ਨਾਲ ਕਈ ਸੈਟੇਲਾਈ ਧਰਤੀ ਦੇ ਗ੍ਰਹਿ-ਪਥ ਵਿੱਚ ਲਾਂਚ ਕੀਤੇ ਜਾਣਗੇ। ਜੇਕਰ ਸਪੇਸ ਕੂੜੇ ਨਾਲ ਨਿਪਟਾ ਨਹੀਂ ਗਿਆ ਤਾਂ ਯੋਜਨਾਵਾਂ ਫੇਲ੍ਹ ਹੋ ਸਕਦੀਆਂ ਹਨ।