ਅਮਰੀਕਾ: ਸਿੱਖ ਪੁਲਿਸ ਅਧਿਕਾਰੀ ਨੂੰ ਡਿਊਟੀ ਦੌਰਾਨ ਲੱਗੀਆਂ ਗੋਲੀਆਂ, ਹੋਈ ਮੌਤ

ਅਮਰੀਕਾ ਵਿੱਚ ਇੱਕ ਸਿੱਖ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਹੈ।

ਸੀਨੀਅਰ ਅਧਿਕਾਰੀ ਮੁਤਾਬਕ, ਅਮਰੀਕਾ ਦੇ ਟੈਕਸਸ ਸੂਬੇ ਵਿੱਚ ਭਾਰਤੀ ਮੂਲ ਦੇ ਅਮਰੀਕੀ ਸਿੱਖ ਅਧਿਕਾਰੀ ਦੀ ਟਰੈਫਿਕ ਰੋਕਣ ਦੌਰਾਨ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸ਼ੈਰਿਫ਼ ਈਡੀ ਗੌਂਜ਼ਾਲੇਜ਼ ਨੇ ਦੱਸਿਆ ਕਿ ਕਰੀਬ 40 ਸਾਲਾ ਸਿੱਖ ਹੈਰਿਸ ਕਾਉਂਟੀ ਸ਼ੈਰਿਫ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਟਰੈਫਿਕ ਰੋਕਣ ਦੌਰਾਨ ਬੇਰਹਿਮੀ ਨਾਲ ਗੋਲੀਆਂ ਮਾਰੀਆਂ ਗਈਆਂ।

ਈਡੀ ਗੌਂਜ਼ਾਲੇਜ਼ ਦਾ ਕਹਿਣਾ ਹੈ, 10 ਸਾਲ ਤੋਂ ਪੁਲਿਸ ਵਿੱਚ ਨੌਕਰੀ ਕਰ ਰਹੇ ਸੰਦੀਪ ਧਾਲੀਵਾਲ ਨੇ ਇੱਕ ਗੱਡੀ ਨੂੰ ਰੋਕਿਆ, ਜਿਸ ਵਿੱਚ ਇੱਕ ਔਰਤ ਤੇ ਮਰਦ ਬੈਠੇ ਹੋਏ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਬਾਹਰ ਨਿਕਲ ਕੇ ਬੇਰਹਿਮੀ ਨਾਲ ਘੱਟੋ-ਘੱਟ ਦੋ ਵਾਰ ਗੋਲੀਆਂ ਚਲਾਈਆਂ।

ਅਧਿਕਾਰੀਆਂ ਮੁਤਾਬਕ ਗੋਲੀ ਚਲਾਉਣ ਵਾਲੇ ਨੂੰ ਨੇੜਲੇ ਸ਼ਾਪਿੰਗ ਸੈਂਟਰ ਵੱਲ ਭੱਜਦਿਆਂ ਦੇਖਿਆ ਗਿਆ ਅਤੇ ਸੰਦੀਪ ਦੇ ਡੈਸ਼ਕੈਮਰੇ 'ਚੋਂ ਦੇਖ ਕੇ ਗੋਲੀਆਂ ਚਲਾਉਣ ਵਾਲੇ ਦੀ ਪਛਾਣ ਕਰ ਲਈ ਗਈ ਸੀ।

ਇਹ ਵੀ ਪੜ੍ਹੋ-

ਈਡੀ ਗੌਂਜ਼ਾਲੇਜ਼ ਦਾ ਕਹਿਣਾ ਹੈ, "ਸੰਦੀਪ ਦੇ ਡੈਸ਼ਕੈਮਰੇ ਵਿੱਚੋਂ ਤੁਰੰਤ ਸ਼ੱਕੀ ਦੀ ਪਛਾਣ ਕੀਤੀ ਗਈ ਅਤੇ ਉਸ ਦੀ ਤਸਵੀਰ ਖਿੱਚ ਕੇ ਵਿਭਾਗ ਦੇ ਲੋਕਾਂ ਨੂੰ ਭੇਜ ਦਿੱਤੀ ਗਈ ਸੀ।"

ਅਧਿਕਾਰੀਆਂ ਮੁਤਾਬਕ ਮੁਲਜ਼ਮ ਦੀ ਗੱਡੀ ਮਿਲ ਗਈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਅਤੇ ਔਰਤ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਸੰਦੀਪ ਨੇ ਤਿੰਨ ਬੱਚੇ ਹਨ। ਕਮਿਸ਼ਨਰ ਐਡਰੀਆਨ ਗਰਸ਼ੀਆ ਮੁਤਾਬਕ, "ਸੰਦੀਪ ਇੱਕ ਮਾਰਗ ਦਰਸ਼ਕ ਵਾਂਗ ਸਨ, ਜੋ ਕਈਆਂ ਲਈ ਮਿਸਾਲ ਬਣ ਗਏ ਸਨ। ਉਹ ਆਪਣੇ ਭਾਈਚਾਰੇ ਦੀ ਸਤਿਕਾਰ ਅਤੇ ਮਾਣ ਨਾਲ ਅਗਵਾਈ ਕਰਦੇ ਸਨ।"

ਗੌਂਜ਼ਾਲੇਜ਼ ਕਹਿੰਦੇ ਹਨ ਸੰਦੀਪ ਨੇ ਹਮੇਸ਼ਾ ਮਦਦ ਲਈ ਅੱਗੇ ਰਹਿੰਦੇ ਸਨ।

ਸਾਲ 2015 ਤੋਂ ਲੈ ਕੇ ਸੰਦੀਪ ਧਾਲੀਵਾਲ ਟੈਕਸਸ ਵਿੱਚ ਇੱਕ 'ਇਤਿਹਾਸ ਰਚਣ ਵਾਲੇ' ਪੁਲਿਸ ਅਧਿਕਾਰੀ ਸਨ ਜਿਨ੍ਹਾਂ ਨੇ ਆਪਣੇ ਸਿੱਖੀ ਸਰੂਪ ਸਣੇ ਆਪਣੀਆਂ ਸੇਵਾਵਾਂ ਨਿਭਾਈਆਂ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ 'ਤੇ ਦੁਖ ਜ਼ਾਹਿਰ ਕੀਤਾ ਹੈ।

ਉਨ੍ਹਾਂ ਟਵੀਟ ਕੀਤਾ, ''ਸੰਦੀਪ ਨੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫਸਰ ਵਜੋਂ ਸਿੱਖ ਭਾਈਚਾਰੇ ਦੀ ਨੁਮਾਇਂਦਗੀ ਕੀਤੀ। ਮੇਰੀ ਉਸਦੇ ਪਰਿਵਾਰ ਨਾਲ ਹਮਦਰਦੀ ਹੈ।''

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ ਉੱਤੇ ਦੁਖ ਜ਼ਾਹਿਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਸੰਦੀਪ ਨੂੰ ਹਰ ਜਾਨਣ ਵਾਲੀ ਪਿਆਰ ਤੇ ਸਤਕਾਰ ਕਰਦਾ ਸੀ ਮੈਨੂੰ ਆਸ ਹੈ ਕਿ ਕਾਤਲਾਂ ਨੂੰ ਆਪਣੀ ਕਰਨੀ ਦਾ ਫਲ ਜ਼ਰੂਰ ਮਿਲੇਗਾ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)