ਨਰਿੰਦਰ ਮੋਦੀ ਅਮਰੀਕਾ ਦੀ ਅੱਖ ਵਿੱਚ ਰੜਕਨ ਵਾਲੇ ਈਰਾਨ ਦੇ ਰਾਸ਼ਟਰਪਤੀ ਨੂੰ ਮਿਲੇ - 5 ਅਹਿਮ ਖ਼ਬਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 74ਵੇਂ ਸੈਸ਼ਨ ਦੇ ਦੌਰਾਨ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਮੁਲਾਕਾਤ ਕੀਤੀ।

ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਇਸ ਦੌਰਾਨ ਦੋਵਾਂ ਨੇਤਾਵਾਂ ਨੇ ਆਪਸੀ ਸਹਿਯੋਗ ਅਤੇ ਖੇਤਰ ਦੀ ਹਾਲਾਤ 'ਤੇ ਆਪਣੇ ਵਿਚਾਰ ਸਾਂਝੇ ਕੀਤੇ।

ਪ੍ਰਧਾਨ ਮੰਤਰੀ ਮੋਦੀ ਨੇ ਖਾੜੀ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਕਾਇਮ ਰੱਖਣ ਲਈ ਭਾਰਤ ਵੱਲੋਂ ਕੂਟਨੀਤੀ, ਸੰਵਾਦ ਅਤੇ ਵਿਸ਼ਵਾਸ਼ ਕਾਇਮ ਰੱਖਣ ਦੀ ਪਹਿਲ ਦੁਹਰਾਈ।

ਇਹ ਮੁਲਾਕਾਤ ਅਜਿਹੇ ਵੇਲੇ ਹੋਈ ਜਦੋਂ ਈਰਾਨ ਪੂਰੀ ਦੁਨੀਆਂ ਦੀਆਂ ਸੁਰਖ਼ੀਆਂ ਦੇ ਕੇਂਦਰ ਵਿੱਚ ਹੈ। ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹੋਏ ਹਮਲੇ ਲਈ ਸਾਊਦੀ ਅਤੇ ਅਮਰੀਕਾ ਨੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਦਕਿ ਈਰਾਨ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦਾ ਰਿਹਾ ਹੈ।

ਆਲ ਇੰਡੀਆ ਰੇਡੀਓ ਮੁਤਾਬਤ ਦੋਵਾਂ ਨੇਤਾਵਾਂ ਨੇ 2015 ਵਿੱਚ ਆਪਣੀ ਪਹਿਲੀ ਮੁਲਾਕਾਤ ਤੋਂ ਲੈ ਕੇ ਹੁਣ ਤੱਕ ਦੁਵੱਲੇ ਰਿਸ਼ਤਿਆਂ 'ਚ ਹੋਏ ਵਿਕਾਸ ਦੇ ਮੁਲੰਕਣ ਕੀਤਾ।

ਪ੍ਰਧਾਨ ਮੰਤਰੀ ਮੋਦੀ ਅਤੇ ਰੂਹਾਨੀ ਵਿਚਾਲੇ ਵਿਸ਼ੇਸ਼ ਤੌਰ 'ਤੇ ਚਾਬਹਾਰ ਪੋਰਟ ਦੇ ਸੰਚਾਲਨ ਨੂੰ ਲੈ ਕੇ ਗੱਲ ਹੋਈ ਅਤੇ ਦੋਵਾਂ ਨੇ ਹੀ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਖੇਤਰ ਦਾ ਪ੍ਰਵੇਸ਼ ਦੁਆਰ ਵਜੋਂ ਇਸ ਦੇ ਮਹੱਤਵ ਦਾ ਜ਼ਿਕਰ ਕੀਤਾ।

ਇਸ ਤੋਂ ਇਲਾਵਾ ਦੋਵੇਂ ਨੇਤਾਵਾਂ ਵਿਚਾਲੇ 2020 ਵਿੱਚ ਕੂਟਨੀਤਕ ਰਿਸ਼ਤਿਆਂ ਦੀ 70ਲਵੀਂ ਵਰ੍ਹੇਗੰਢ ਮਨਾਉਣ ਨੂੰ ਲੈ ਕੇ ਵੀ ਸਹਿਮਤੀ ਬਣੀ।

ਇਹ ਵੀ ਪੜ੍ਹੋ-

ਅਕਾਲੀ ਦਲ ਕਿਉਂ ਹੋਇਆ ਹਰਿਆਣਾ ਵਿੱਚ ਭਾਜਪਾ ਤੋਂ ਨਾਰਾਜ਼

ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ 'ਤੇ ਸਿਆਸੀ ਤਾਕਤ ਦਾ ਇਸਤੇਮਾਲ ਕਰਨ ਤੇ ਗਠਜੋੜ ਦੇ ਧਰਮ ਤੋਂ ਉਲਟ ਕੰਮ ਕਰਨ ਦਾ ਇਲਜ਼ਾਮ ਲਗਾਇਆ ਹੈ।

ਹਰਿਆਣਾ ਦੀ ਵਿਧਾਨ ਸਭਾ ਸੀਟ ਕਾਲਾਂਵਾਲੀ ਤੋਂ ਅਕਾਲੀ ਵਿਧਾਇਕ ਬਲਕੌਰ ਸਿੰਘ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ।

ਅਕਾਲੀ ਦਲ ਵੱਲੋਂ ਜਾਰੀ ਬਿਆਨ ਵਿੱਚ ਬਲਕੌਰ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣਾ ਹਰਿਆਣਾ ਚੋਣਾਂ ਲਈ ਭਾਜਪਾ ਦਾ ਆਪਣੇ ਵਾਅਦੇ ਤੋਂ ਮੁਕਰਨਾ ਦੱਸਿਆ ਹੈ।

ਪਾਰਟੀ ਨੇ ਅੱਗੇ ਕਿਹਾ, "ਅਕਾਲੀ ਦਲ ਭਾਜਪਾ ਦੇ ਮਾੜੇ ਤੇ ਚੰਗੇ ਸਮੇਂ ਵਿੱਚ ਨਾਲ ਖੜ੍ਹਾ ਰਿਹਾ ਹੈ। ਇਹ ਬਹੁਤ ਮੰਦਭਾਗਾ ਹੈ ਕਿ ਭਾਜਪਾ ਨੇ ਅਕਾਲੀ ਦਲ ਦੀ ਹਿਮਾਇਤ ਨੂੰ ਨਜ਼ਰਅੰਦਾਜ਼ ਕਰਕੇ ਅਕਾਲੀ ਵਿਧਾਇਕ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ।"

ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ ਹਰਿਆਣਾ ਵਿੱਚ ਇਕੱਲੇ ਚੋਣਾਂ ਲੜਨਗੇ।

ਭਾਜਪਾ ਆਗੂ ਤਰੁਣ ਚੁੱਘ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਅਕਾਲੀ ਦਲ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ।

ਉਨ੍ਹਾਂ ਕਿਹਾ, "ਬਲਕੌਰ ਸਿੰਘ 'ਤੇ ਕਿਸੇ ਤਰੀਕੇ ਦਾ ਦਬਾਅ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਭਾਜਪਾ ਦੀ ਮੈਂਬਰਸ਼ਿਪ ਲਈ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਜਪਾ 'ਚ ਸ਼ਾਮਿਲ ਹੋਏ ਹਾਕੀ ਖਿਡਾਰੀ ਸੰਦੀਪ ਸਿੰਘ

ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ।

ਸੰਦੀਪ ਸਿੰਘ ਨੇ ਖੁਦ ਨੂੰ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਦੱਸਿਆ ਅਤੇ ਕਿਹਾ ਜੋ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਕੰਮ ਕਰ ਰਹੇ ਹਨ ਉਹ ਉਸ ਤੋਂ ਪ੍ਰਭਾਵਿਤ ਹਨ।

ਚੋਣਾਂ ਲੜ੍ਹਨ ਬਾਰੇ ਗੱਲ ਕਰਦਿਆਂ ਸੰਦੀਪ ਨੇ ਦੱਸਿਆ ਕਿ ਇਹ ਪਾਰਟੀ ਦਾ ਫ਼ੈਸਲਾ ਹੋਵੇਗਾ, ਜੇਕਰ ਉਹ ਕਾਬਿਲ ਸਮਝਣਗੇ ਤਾਂ ਮੈਂ ਚੋਣਾਂ ਜ਼ਰੂਰ ਲੜਾਂਗਾ।

ਇਸ ਤੋਂ ਇਲਾਵਾ ਕੁਸ਼ਤੀ ਵਿੱਚ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਯੋਗੇਸ਼ਵਰ ਦੱਤ ਵੀ ਭਾਜਪਾ ਵਿੱਚ ਸ਼ਾਮਲ ਹੋਏ ਹਨ।

ਇੰਡੋਨੇਸ਼ੀਆ ਵਿੱਚ ਭੂਚਾਲ, 20 ਲੋਕਾਂ ਦੀ ਮੌਤ

ਇੰਡੋਨੇਸ਼ੀਆ ਦੇ ਅੰਬੋਨ ਦੀਪ 'ਤੇ ਵੀਰਵਾਰ ਸਵੇਰੇ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ, ਜਿਸ ਕਾਰਨ ਘੱਟੋ-ਘੱਟ 20 ਲੋਕਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜਖ਼ਮੀ ਹੋ ਗਏ ਹਨ।

ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.5 ਮਾਪੀ ਗਈ ਹੈ। ਭੂਚਾਲ ਕਾਰਨ ਇੱਕ ਹਸਪਤਾਲ ਅਤੇ ਇੱਕ ਯੂਨੀਵਰਸਿਟੀ ਸਣੇ ਕਈ ਇਣਾਰਤਾਂ ਤਬਾਹ ਹੋ ਗਈਆਂ ਹਨ।

ਹਸਪਤਾਲ ਵਿੱਚ ਭਰਤੀ ਮਰੀਜ਼ਾਂ ਨੂੰ ਬਾਹਰ ਮੈਦਾਨ ਵਿੱਚ ਤੰਬੂ ਲਗਾ ਕੇ ਰੱਖਿਆ ਗਿਆ ਹੈ। ਭੂਚਾਲ ਤੋਂ ਬਾਅਦ ਹੋਰ ਕਈ ਝਟਕੇ ਵੀ ਮਹਿਸੂਸ ਕੀਤੇ ਗਏ ਹਨ। ਇੰਡੋਨੇਸ਼ੀਆ ਵਿੱਚ ਕਈ ਵਾਰ ਅਜਿਹੀਆਂ ਕੁਦਰਤੀ ਆਫ਼ਤਾਂ ਆਈਆਂ ਹਨ।

ਇਹ ਵੀ ਪੜ੍ਹੋ-

ਕੁੜੀ ਜਦੋਂ ਬਾਰਾਤ ਲੈ ਕੇ ਮੁੰਡੇ ਦੇ ਘਰ ਪਹੁੰਚੀ ਤਾਂ...

ਬੰਗਲਾਦੇਸ਼ ਵਿੱਚ ਇੱਕ ਅਜਿਹੇ ਵਿਆਹ ਦੀ ਚਰਚਾ ਜ਼ੋਰਾਂ 'ਤੇ ਹੈ ਜਿਸ 'ਚ ਇੱਕ ਲਾੜੀ ਬਾਰਾਤ ਲੈ ਕੇ ਨਿਕਾਹ ਕਰਨ ਲਈ ਲਾੜੇ ਦੇ ਘਰ ਆ ਪਹੁੰਚੀ।

19 ਸਾਲ ਦੀ ਖ਼ਦੀਜਾ ਨੇ ਇਸ ਉਮੀਦ 'ਚ ਇਹ ਕੰਮ ਕੀਤਾ ਤਾਂ ਜੋ ਬੰਗਲਾਦੇਸ਼ ਦੀਆਂ ਸਾਰੀਆਂ ਔਰਤਾਂ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ।

ਇਸ ਘਟਨਾ ਤੋਂ ਪਹਿਲਾਂ ਸਦੀਆਂ ਤੋਂ ਲਾੜੇ ਨਿਕਾਹ ਲਈ ਲਾੜੀ ਦੇ ਘਰ ਜਾਂਦੇ ਰਹੇ ਹਨ।

ਖ਼ਦੀਜਾ ਨੇ ਆਪਣੀ ਨਿਕਾਹ ਵਾਲੀ ਘਟਨਾ ਵਾਇਰਲ ਹੋਣ ਦੇ ਕੁਝ ਦਿਨਾਂ ਬਾਅਦ ਬੀਬੀਸੀ ਦੀ ਬੰਗਾਲੀ ਸੇਵਾ ਨੂੰ ਕਿਹਾ, ''ਮੁੰਡੇ ਨਿਕਾਹ ਕਰ ਕੇ ਕੁੜੀਆਂ ਨੂੰ ਲੈ ਕੇ ਜਾ ਸਕਦੇ ਹਨ ਤਾਂ ਕੁੜੀਆਂ ਕਿਉਂ ਨਹੀਂ?''

ਖ਼ਦੀਜਾ ਨੇ ਤਾਰਿਕਲ ਇਸਲਾਮ ਦੇ ਨਾਲ ਨਿਕਾਹ ਕੀਤਾ ਹੈ।

ਹਾਲਾਂਕਿ ਇਹ ਘਟਨਾ ਪ੍ਰੇਰਿਤ ਕਰਨ ਵਾਲਾ ਅਤੇ ਡਰਾਉਣ ਵਾਲੀ ਦੋਵੇਂ ਹੀ ਹੈ। ਇੱਕ ਵਿਅਕਤੀ ਨੇ ਰੋਹ ਜ਼ਾਹਿਰ ਕਰਦਿਆਂ ਕਿਹਾ ਕਿ ਜੋੜੇ ਅਤੇ ਉਸਦੇ ਪਰਿਵਾਰ ਵਾਲਿਆਂ ਦੀ ਚੱਪਲਾਂ ਨਾਲ ਕੁੱਟਮਾਰ ਹੋਣੀ ਚਾਹੀਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ :

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)