ਜਦੋਂ ਕੁੜੀ ਬਰਾਤ ਲੈ ਕੇ ਮੁੰਡੇ ਦੇ ਘਰ ਪਹੁੰਚੀ ਤਾਂ...

ਬੰਗਲਾਦੇਸ਼ ਵਿੱਚ ਇੱਕ ਅਜਿਹੇ ਵਿਆਹ ਦੀ ਚਰਚਾ ਜ਼ੋਰਾਂ 'ਤੇ ਹੈ ਜਿਸ 'ਚ ਇੱਕ ਲਾੜੀ ਬਰਾਤ ਲੈ ਕੇ ਨਿਕਾਹ ਕਰਨ ਲਈ ਲਾੜੇ ਦੇ ਘਰ ਆ ਪਹੁੰਚੀ।

19 ਸਾਲ ਦੀ ਖ਼ਦੀਜਾ ਅਖ਼ਤਰ ਖ਼ੁਸ਼ੀ ਨੇ ਅਜਿਹਾ ਆਪਣੇ ਮਹਿਮਾਨਾਂ ਲਈ ਨਹੀਂ ਕੀਤਾ।

ਖ਼ਦੀਜਾ ਨੇ ਇਸ ਉਮੀਦ 'ਚ ਇਹ ਕੰਮ ਕੀਤਾ ਤਾਂ ਜੋ ਬੰਗਲਾਦੇਸ਼ ਦੀਆਂ ਸਾਰੀਆਂ ਔਰਤਾਂ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ।

ਇਸ ਘਟਨਾ ਤੋਂ ਪਹਿਲਾਂ ਸਦੀਆਂ ਤੋਂ ਲਾੜੇ ਨਿਕਾਹ ਦੇ ਲਈ ਲਾੜੀ ਦੇ ਘਰ ਜਾਂਦੇ ਰਹੇ ਹਨ।

ਖ਼ਦੀਜਾ ਨੇ ਆਪਣੀ ਨਿਕਾਹ ਵਾਲੀ ਘਟਨਾ ਵਾਇਰਲ ਹੋਣ ਦੇ ਕੁਝ ਦਿਨਾਂ ਬਾਅਦ ਬੀਬੀਸੀ ਦੀ ਬੰਗਾਲੀ ਸੇਵਾ ਨੂੰ ਕਿਹਾ, ''ਮੁੰਡੇ ਨਿਕਾਹ ਕਰ ਕੇ ਕੁੜੀਆਂ ਨੂੰ ਲਿਜਾ ਸਕਦੇ ਹਨ ਤਾਂ ਕੁੜੀਆਂ ਕਿਉਂ ਨਹੀਂ?''

ਖ਼ਦੀਜਾ ਨੇ ਤਾਰਿਕਲ ਇਸਲਾਮ ਦੇ ਨਾਲ ਨਿਕਾਹ ਕੀਤਾ ਹੈ।

ਹਾਲਾਂਕਿ ਇਹ ਘਟਨਾ ਪ੍ਰੇਰਿਤ ਕਰਨ ਵਾਲਾ ਅਤੇ ਡਰਾਉਣ ਵਾਲੀ ਦੋਵੇਂ ਹੀ ਹੈ। ਇੱਕ ਵਿਅਕਤੀ ਨੇ ਰੋਹ ਜ਼ਾਹਿਰ ਕਰਦਿਆਂ ਕਿਹਾ ਕਿ ਜੋੜੇ ਅਤੇ ਉਸਦੇ ਪਰਿਵਾਰ ਵਾਲਿਆਂ ਦੀ ਚੱਪਲਾਂ ਨਾਲ ਕੁੱਟਮਾਰ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਦੂਜੇ ਪਾਸੇ ਖ਼ਦੀਜਾ ਅਤੇ ਉਨ੍ਹਾਂ ਦੇ ਸ਼ੌਹਰ ਲਈ ਇਹ ਇੱਕ ਆਮ ਗੱਲ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਚੰਗਾ ਕੰਮ ਕਰਨਾ ਚਾਹੀਦਾ ਹੈ।

ਉਨ੍ਹਾਂ ਬੀਬੀਸੀ ਨੂੰ ਦੱਸਿਆ, ''ਇਹ ਪਰੰਪਰਾ ਦਾ ਮੁੱਦਾ ਨਹੀਂ ਹੈ। ਇਹ ਮਹਿਲਾ ਅਧਿਕਾਰਾਂ ਦਾ ਇੱਕ ਮਾਮਲਾ ਹੈ। ਅੱਜ ਜੇ ਇੱਕ ਕੁੜੀ ਇੱਕ ਮੁੰਡੇ ਨਾਲ ਨਿਕਾਹ ਕਰਨ ਜਾਂਦੀ ਹੈ ਤਾਂ ਕਿਸੇ ਨੂੰ ਨੁਕਸਾਨ ਨਹੀਂ ਹੈ।''

ਖ਼ਦੀਜਾ ਨੇ ਕਿਹਾ, ''ਇਸ ਦੀ ਥਾਂ, ਮਹਿਲਾ ਨਾਲ ਦੁਰਵਿਹਾਰ ਘੱਟ ਹੋਵੇਗਾ। ਕੋਈ ਵੀ ਸ਼ਖ਼ਸ ਕਿਸੇ ਤੋਂ ਘੱਟ ਨਹੀਂ ਹੈ।''

ਜੋੜਾ ਵਿਆਹ 'ਤੇ ਵਿਰੋਧ ਨੂੰ ਲੈ ਕੇ ਸਾਵਧਾਨ ਸਨ। ਇਹ ਨਿਕਾਹ ਬੀਤੇ ਸ਼ਨੀਵਾਰ ਨੂੰ ਭਾਰਤ ਦੀ ਸਰਹੱਦ ਨਾਲ ਲਗਦੇ ਇੱਕ ਪੇਂਡੂ ਖ਼ੇਤਰ ਵਿੱਚ ਹੋਇਆ। ਇੱਥੋਂ ਤਕ ਕਿ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਵੀ ਸ਼ੁਰੂਆਤ ਵਿੱਚ ਅਜਿਹੇ ਨਿਕਾਹ ਨੂੰ ਲੈ ਕੇ ਉਤਸੁਕ ਨਹੀਂ ਸਨ।

ਹਾਲਾਂਕਿ, 27 ਸਾਲ ਦੇ ਤਾਰਿਕੁਲ ਨੇ ਦੱਸਿਆ ਕਿ ਆਖ਼ਿਰਕਾਰ ਉਹ ਰਾਜ਼ੀ ਹੋ ਗਏ। ਕੁੱਲ ਮਿਲਾ ਕੇ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ।

ਜੋੜੇ ਨੇ ਦੱਸਿਆ, ''ਅਦਾਲਤ, ਮਸਜਿਦਾਂ 'ਚ ਕਈ ਵਿਆਹ ਹੁੰਦੇ ਹਨ। ਅਸੀਂ ਧਰਮ ਮੁਤਾਬਕ ਵਿਆਹ ਕਰਦੇ ਹਾਂ।''

ਉਨ੍ਹਾਂ ਨੇ ਕਿਹਾ, “ਉੱਥੇ ਇੱਕ ਕਾਜ਼ੀ ਅਤੇ ਗਵਾਹ ਹੁੰਦੇ ਹਨ। ਇਸ ਤਰ੍ਹਾਂ ਨਿਕਾਹ ਦਾ ਪੰਜੀਕਰਣ ਹੁੰਦਾ ਹੈ। ਇਹ ਵਿਆਹ ਦੀ ਰਸਮ ਹੈ। ਅਸੀਂ ਠੀਕ ਉਸੇ ਤਰ੍ਹਾਂ ਕੀਤਾ।”

ਉਨ੍ਹਾਂ ਨੇ ਕਿਹਾ, ''ਇਹ ਮਾਅਨੇ ਨਹੀਂ ਰਖਦਾ ਕਿ ਲੋਕ ਕੀ ਸੋਚਦੇ ਹਨ, ਕੀ ਕਹਿੰਦੇ ਹਨ। ਕੁਝ ਲੋਕ ਵੱਖਰਾ ਸੋਚ ਸਕਦੇ ਹਨ, ਸਾਰਿਆਂ ਲੋਕਾਂ ਦੀ ਆਪਣੀ ਰਾਇ ਹੁੰਦੀ ਹੈ।''

ਕੀ ਹੈ ਰਵਾਇਤ?

ਬੰਗਲਾਦੇਸ ਵਿੱਚ ਵੀ ਰਵਾਇਤ ਉਹੀ ਹੈ ਜੋ ਭਾਰਤ ਵਿੱਚ ਅਪਣਾਈ ਜਾਂਦੀ ਹੈ। ਬੀਬੀਸੀ ਬੰਗਾਲੀ ਪੱਤਰਕਾਰ ਸੰਜਨਾ ਚੌਧਰੀ ਮੁਤਾਬਕ, ਇੱਥੋਂ ਦੀ ਰਵਾਇਤ ਅਨੁਸਾਰ, ਲਾੜਾ ਅਤੇ ਉਸਦੇ ਰਿਸ਼ਤੇਦਾਰ ਲਾੜੀ ਦੇ ਘਰ ਜਾਂਦੇ ਹਨ ਜਿੱਥੇ ਵਿਆਹ ਹੁੰਦਾ ਹੈ ਅਤੇ ਜਸ਼ਨ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਲਾੜੀ ਆਪਣੇ ਪਰਿਵਾਰ ਤੋਂ ਵਿਦਾ ਲੈਂਦੀ ਹੈ ਅਤੇ ਆਪਣੇ ਸ਼ੌਹਰ ਦੇ ਘਰ ਆ ਜਾਂਦੀ ਹੈ।

ਇਹ ਰਵਾਇਤ ਸਦੀਆਂ ਤੋਂ ਜਾਰੀ ਹੈ।

ਹਾਲਾਂਕਿ ਪੱਛਮੀ ਬੰਗਲਾਦੇਸ਼ ਦੇ ਇੱਕ ਜ਼ਿਲ੍ਹੇ ਮੇਹੇਰਪੁਰ 'ਚ ਕੁਝ ਵੱਖਰਾ ਦੇਖਣ ਨੂੰ ਮਿਲਿਆ। ਇੱਥੇ ਲਾੜੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਨਿਕਾਹ ਦੇ ਲਈ ਲਾੜੇ ਦੇ ਘਰ ਆਈ ਅਤੇ ਨਿਕਾਹ ਤੋਂ ਬਾਅਦ ਲਾੜਾ, ਲਾੜੀ ਦੇ ਘਰ ਚਲਾ ਗਿਆ।

ਇਸ ਨਿਕਾਹ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਈ ਮਰਦਾਂ ਦੇ ਲਈ ਇਹ ਬੇਇੱਜ਼ਤੀ ਦੀ ਗੱਲ ਹੋ ਸਕਦੀ ਹੈ। ਕੁਝ ਲੋਕ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਕਹਿ ਸਕਦੇ ਹਨ।

ਇੱਥੋਂ ਤੱਕ ਕਿ ਇੱਕ ਨਿੱਕੇ ਜਿਹੇ ਪਿੰਡ 'ਚ ਨਿਕਾਹ ਵਰਗੀ ਜੋ ਘਟਨਾ ਹੋਈ ਹੈ, ਅਜਿਹਾ ਬੰਗਲਾਦੇਸ਼ ਦੇ ਸ਼ਹਿਰਾਂ 'ਚ ਵੀ ਨਹੀਂ ਹੋਇਆ। ਜੋੜੇ ਨੇ ਵਿਆਹੁਤਾ ਜੀਵਨ ਦਾ ਆਗਾਜ਼ ਇੱਕ ਵੱਡੀ ਹਿੰਮਤ ਦਿਖਾਉਂਦੇ ਹੋਏ ਕੀਤਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦੇ ਆਤਮ ਵਿਸ਼ਵਾਸ ਤੋ ਇਲਾਵਾ, ਇਹ ਇੱਕ ਹਿੰਮਤੀ ਫੈਸਲਾ ਸੀ।

ਹਾਲ ਹੀ ਦੇ ਸਾਲਾਂ ਵਿੱਚ ਬੰਗਲਾਦੇਸ਼ 'ਚ ਸਮਾਨਤਾ ਦੀ ਦਿਸ਼ਾ 'ਚ ਕਾਫ਼ੀ ਵਿਕਾਸ ਹੋਇਆ ਹੈ। ਵਿਸ਼ਵ ਆਰਥਿਕ ਮੰਚ ਦੇ ਮੁਤਾਬਕ, ਲਿੰਗਕ ਸਮਾਨਤਾ ਦੇ ਮਾਮਲੇ 'ਚ ਦੱਖਣ ਏਸ਼ੀਆ 'ਚ ਬੰਗਲਾਦੇਸ਼ ਦਾ ਰੈਂਕ ਬਹੁਤ ਜ਼ਿਆਦਾ ਹੈ।

ਹਾਲਾਂਕਿ, ਗੰਭੀਰ ਮਾਮਲੇ ਅਜੇ ਵੀ ਹਨ। 19 ਸਾਲ ਦੀ ਨੁਸਰਤ ਜਹਾਂ ਰਫ਼ੀ ਦੀ ਮੌਤ ਦਾ ਮਾਮਲੇ ਦੁਨੀਆਂ ਭਰ ਵਿੱਚ ਸੁਰਖ਼ੀਆਂ 'ਚ ਰਿਹਾ। ਆਪਣੇ ਹੈੱਡਮਾਸਟਰ ਖ਼ਿਲਾਫ਼ ਜਿਨਸੀ ਸ਼ੋਸ਼ਣ ਤਸ਼ਦੱਦ ਦੀ ਇੱਕ ਸ਼ਿਕਾਇਤ ਦਾਇਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਥਿਤ ਤੌਰ 'ਤੇ ਜ਼ਿੰਦਾ ਸਾੜ ਦਿੱਤਾ ਗਿਆ ਸੀ।

ਇਸ ਵਿਚਾਲੇ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਵਿਆਹ ਕਰਨ ਵਾਲੀਆਂ ਦੋ ਤਿਹਾਈ ਔਰਤਾਂ ਨੂੰ ਆਪਣੇ ਜੀਵਨ ਸਾਥੀਆਂ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਜਿਸ 'ਚ ਪਿਛਲੇ ਸਾਲ ਅੱਧੀਆਂ ਔਰਤਾਂ ਨੇ ਰਿਪੋਰਟ ਦਰਜ ਕਰਵਾਈ।

ਜਦੋਂ ਮੁਸਲਿਮ ਬਹੁਤਾਤ ਵਾਲੇ ਦੇਸ਼ਾਂ ਵਿੱਚ ਸਿੱਖਿਆ, ਵਿਆਹ ਕਾਨੂੰਨ ਵਰਗੇ ਵਿਸ਼ਿਆਂ 'ਚ ਬਿਹਤਰੀ ਦੀ ਗੱਲ ਹੁੰਦੀ ਹੈ ਤਾਂ ਮਹਿਲਾ ਅਧਿਕਾਰਾਂ ਬਾਰੇ ਸਮੂਹ ਪਾਬੰਦੀਆਂ ਅਤੇ ਪੱਖਪਾਤ ਦਾ ਇਲਜ਼ਾਮ ਲਗਾਉਂਦੇ ਹਨ।

ਇਹ ਵੀ ਪੜ੍ਹੋ:

ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਹਾਈ ਕੋਰਟ ਨੇ ਪਿਛਲੇ ਮਹੀਨੇ ਵਿਆਹ ਦੇ ਫਾਰਮ ਤੋਂ ਕੁਮਾਰ (ਵਰਜਿਨ) ਸ਼ਬਦ ਹਟਾਉਣ ਦਾ ਹੁਕਮ ਦਿੱਤਾ ਹੈ।

ਇਸ ਤੋਂ ਬਾਅਦ ਹੁਣ ਔਰਤਾਂ ਨੂੰ ਵਿਆਹ ਦੇ ਫਾਰਮ 'ਤੇ ਵਰਜਿਨ ਹੋਣ ਦੀ ਜਾਣਕਾਰੀ ਦੇਣ ਦੀ ਲੋੜ ਨਹੀਂ ਰਹੇਗੀ। ਮਰਦਾਂ ਨੂੰ ਇਸ ਤਰ੍ਹਾਂ ਦਾ ਕੋਈ ਐਲਾਨ ਨਹੀਂ ਕਰਨਾ ਪੈਂਦਾ।

ਤਾਰਿਕੁਲ ਅਤੇ ਖ਼ਦੀਜਾ ਨੂੰ ਆਸ ਹੈ ਕਿ ਉਨ੍ਹਾਂ ਦਾ ਵਿਆਹ ਲਿੰਗਕ ਸਮਾਨਤਾ ਦੀ ਦਿਸ਼ਾ ਵੱਲ ਇੱਕ ਚੰਗਾ ਕਦਮ ਹੋਵੇਗਾ।

ਤਾਰਿਕੁਲ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ, ''ਮੈਨੂੰ ਆਸ ਹੈ ਕਿ ਸਾਡਾ ਨਿਕਾਹ ਇੱਕ ਸੁਨੇਹਾ ਦੇਵੇਗਾ ਕਿ ਇੱਕ ਔਰਤ ਉਹ ਕਰ ਸਕਦੀ ਹੈ ਜੋ ਇੱਕ ਮਰਦ ਕਰ ਸਕਦਾ ਹੈ।''

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)