You’re viewing a text-only version of this website that uses less data. View the main version of the website including all images and videos.
ਮੋਦੀ ਖਿਲਾਫ ਅਮਰੀਕਾ ’ਚ ਹੋਏ ਪ੍ਰਦਰਸ਼ਨਾਂ ਦੇ ਵੀਡੀਓਜ਼ ਦਾ ਕੀ ਹੈ ਸੱਚ : ਫੈਕਟ ਚੈੱਕ
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਸੜਕਾਂ 'ਤੇ ਪ੍ਰਦਰਸ਼ਨ ਕਰਦੀ ਭੀੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ 'ਅਮਰੀਕਾ ਵਿੱਚ ਪੀਐੱਮ ਨਰਿੰਦਰ ਮੋਦੀ ਖਿਲਾਫ਼ ਕਾਫ਼ੀ ਨਾਅਰੇਬਾਜ਼ੀ ਹੋਈ ਪਰ ਮੀਡੀਆ ਨੇ ਇਸ ਨੂੰ ਨਹੀਂ ਦਿਖਾਇਆ'।
ਕਰੀਬ ਤਿੰਨ ਮਿੰਟ ਦੇ ਇਸ ਵੀਡੀਓ ਵਿੱਚ ਕਈ ਭਾਈਚਾਰਿਆਂ ਦੇ ਲੋਕ ਮੋਦੀ ਖਿਲਾਫ਼ ਨਾਅਰੇਬਾਜ਼ੀ ਕਰਦੇ ਦਿਖਾਈ ਦਿੰਦੇ ਹਨ।
ਫੇਸਬੁੱਕ 'ਤੇ ਬਹੁਤ ਸਾਰੇ ਲੋਕਾਂ ਨੇ ਇਹ ਵਾਇਰਲ ਵੀਡੀਓ ਇਸ ਦਾਅਵੇ ਨਾਲ ਪੋਸਟ ਕੀਤਾ ਕਿ ਇਹ ਵੀਡੀਓ ਅਮਰੀਕਾ ਦੇ ਹਿਊਸਟਨ ਸ਼ਹਿਰ ਦਾ ਹੈ। 'ਹਾਊਡੀ ਮੋਦੀ' ਪ੍ਰੋਗਰਾਮ ਇਸੇ ਸ਼ਹਿਰ ਵਿੱਚ ਹੋਇਆ ਸੀ।
ਇਹ ਵੀ ਪੜ੍ਹੋ:
ਇਹ ਗੱਲ ਸਹੀ ਹੈ ਕਿ ਹਿਊਸਟਨ ਸ਼ਹਿਰ ਵਿੱਚ ਐੱਨਆਰਜੀ ਸਟੇਡੀਅਮ ਦੇ ਬਾਹਰ ਕੁਝ ਸੰਗਠਨਾਂ ਨੇ 22 ਸਿਤੰਬਰ 2019 ਨੂੰ ਨਰਿੰਦਰ ਮੋਦੀ ਅਤੇ ਡੌਨਲਡ ਟਰੰਪ ਦੇ ਪ੍ਰੋਗਰਾਮ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਪੀਐੱਮ ਮੋਦੀ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ।
ਬੀਬੀਸੀ ਨੇ ਇਸ ਪ੍ਰਦਰਸ਼ਨ 'ਤੇ ਉਸੇ ਦਿਨ ਇੱਕ ਵੀਡੀਓ ਰਿਪੋਰਟ ਛਾਪੀ ਸੀ ਜਿਸ ਨੂੰ ਤੁਸੀਂ ਵੇਖ ਸਕਦੇ ਹੋ।
ਪਰ ਅਮਰੀਕਾ ਵਿੱਚ ਹੋਏ ਇਨ੍ਹਾਂ ਪ੍ਰਦਰਸ਼ਨਾਂ ਨੂੰ ਦੱਸ ਕੇ ਸੋਸ਼ਲ ਮੀਡੀਆ 'ਤੇ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਹ ਯੂਕੇ ਦੇ ਲੰਡਨ ਸ਼ਹਿਰ ਵਿੱਚ ਹੋਏ ਪ੍ਰਦਰਸ਼ਨਾਂ ਦੇ ਕੁਝ ਪੁਰਾਣੇ ਵੀਡੀਓ ਨਾਲ ਬਣਾਇਆ ਗਿਆ ਹੈ।
ਆਪਣੀ ਪੜਤਾਲ ਵਿੱਚ ਸਾਨੂੰ ਪਤਾ ਲਗਿਆ ਕਿ ਇਨ੍ਹਾਂ ਵਿੱਚ ਤਿੰਨ ਵੀਡੀਓ ਸਾਲ 2018 ਤੇ ਇੱਕ ਵੀਡੀਓ ਸਾਲ 2015 ਦਾ ਹੈ।
ਪਹਿਲਾ ਵੀਡੀਓ
ਵਾਇਰਲ ਵੀਡੀਓ ਦੀ ਸ਼ੁਰੂਆਤ ਵਿੱਚ ਦਿਖਣ ਵਾਲਾ ਵੀਡੀਓ ਯੂਕੇ ਦੇ ਲੰਡਨ ਸ਼ਹਿਰ ਵਿੱਚ ਹੋਏ ਇੱਕ ਪ੍ਰਦਰਸ਼ਨ ਦਾ ਹੈ।
ਇਸ ਵੀਡੀਓ ਨੂੰ 'ਨਿਊਜ਼ ਫਲੇਅਰ ਡੌਟ ਕੌਮ' ਨਾਂ ਦੀ ਵੈਬਸਾਈਟ ਤੋਂ ਲਿਆ ਗਿਆ ਹੈ। ਵੈਬਸਾਈਟ ਅਨੁਸਾਰ ਇਹ ਵੀਡੀਓ ਲੰਡਨ ਦੇ 'ਪਾਰਲੀਮੈਂਟ ਸਕੁਐਰ' ਦੇ ਕਰੀਬ 18 ਅਪ੍ਰੈਲ ਨੂੰ ਹੋਏ ਪ੍ਰਦਰਸ਼ਨ ਦਾ ਹੈ।
ਵੈਬਸਾਈਟ ਅਨੁਸਾਰ ਲੰਡਨ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ 8 ਸਾਲਾ ਨਾਬਲਗ ਬੱਚੀ ਦੇ ਰੇਪ ਅਤੇ ਕਤਲ ਤੋਂ ਨਾਰਾਜ਼ ਹੋ ਕੇ ਪੀਐੱਮ ਮੋਦੀ ਖਿਲਾਫ਼ ਇਹ ਪ੍ਰਦਰਸ਼ਨ ਕੀਤਾ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਅਧਿਕਾਰਕ ਵੈਬਸਾਈਟ ਅਨੁਸਾਰ ਮੋਦੀ 16 ਤੋਂ 20 ਅਪ੍ਰੈਲ 2018 ਵਿਚਾਲੇ ਤਿੰਨ ਦੇਸਾਂ (ਸਵੀਡਨ, ਯੂਕੇ ਤੇ ਜਰਮਨੀ) ਦੀ ਯਾਤਰਾ 'ਤੇ ਸੀ ਅਤੇ ਜਿਸ ਦਿਨ ਇਹ ਪ੍ਰਦਰਸ਼ਨ ਹੋਏ ਯਾਨੀ 18 ਅਪ੍ਰੈਲ 2018 ਨੂੰ ਹੀ ਪੀਐੱਮ ਮੋਦੀ ਦੋ ਦਿਨ ਦੀ ਯਾਤਰਾ ਲਈ ਯੂਕੇ ਪਹੁੰਚੇ ਸਨ।
ਇਹ ਵੀ ਪੜ੍ਹੋ:
ਦੂਜਾ ਵੀਡੀਓ
ਵਾਇਰਲ ਵੀਡੀਓ ਦਾ ਦੂਜਾ ਹਿੱਸਾ 'ਗੋ ਨਿਊਜ਼ 24/7 ਇੰਡੀਆ' ਨਾਂ ਦੇ ਯੂ-ਟਿਊਬ ਪੇਜ ਤੋਂ ਲਿਆ ਗਿਆ ਹੈ।
ਇਸ ਵੀਡੀਓ ਨੂੰ ਵੀ 18 ਅਪ੍ਰੈਲ 2018 ਨੂੰ ਹੀ ਯੂ-ਟਿਊਬ 'ਤੇ ਅਪਲੋਡ ਕੀਤਾ ਗਿਆ ਸੀ। ਔਰੀਜਨਲ ਵੀਡੀਓ ਵਿੱਚ ਦੋਵੇਂ ਪੱਖ ਦਿਖਾਏ ਗਏ ਸਨ।
ਵੀਡੀਓ ਵਿੱਚ ਦਿਖਦਾ ਹੈ ਕਿ ਕੁਝ ਲੋਕ ਮੋਦੀ ਦੀ ਯੂਕੇ ਯਾਤਰਾ ਦਾ ਵਿਰੋਧ ਕਰ ਰਹੇ ਹਨ ਜਦਕਿ ਲੋਕਾਂ ਦਾ ਇੱਕ ਹੋਰ ਗਰੁੱਪ ਯੂਕੇ ਵਿੱਚ ਪੀਐੱਮ ਮੋਦੀ ਦੇ ਆਉਣ ਦਾ ਸਵਾਗਤ ਕਰ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਅਪ੍ਰੈਲ 2018 ਦੇ ਇਸ ਵੀਡੀਓ ਦਾ ਕੇਵਲ ਇੱਕ ਹਿੱਸਾ ਦਿਖਾਇਆ ਜਾ ਰਿਹਾ ਹੈ ਜਿਸ ਵਿੱਚ ਮੋਦੀ-ਵਿਰੋਧੀ ਨਾਅਰੇ ਲਗਾਉਂਦੇ ਲੋਕ ਦਿਖਾਈ ਦਿੰਦੇ ਹਨ।
ਤੀਜਾ ਵੀਡੀਓ
ਵਾਇਰਲ ਵੀਡੀਓ ਦਾ ਤੀਜਾ ਹਿੱਸਾ 'ਧਾਕੜ ਖ਼ਬਰ' ਨਾਂ ਦੇ ਯੂਟਿਊਬ ਚੈਨਲ ਤੋਂ ਲਿਆ ਗਿਆ ਹੈ ਜਿਸ ਨੂੰ 21 ਜਨਵਰੀ 2018 ਨੂੰ ਅਪਲੋਡ ਕੀਤਾ ਗਿਆ ਸੀ।
ਚੈਨਲ ਅਨੁਸਾਰ ਇਹ ਵੀਡੀਓ ਲੰਡਨ ਵਿੱਚ ਪੀਐੱਮ ਮੋਦੀ ਦੇ ਖਿਲਾਫ਼ ਪ੍ਰਦਰਸ਼ਨ ਕਰਦੇ ਲੋਕਾਂ ਦਾ ਹੈ। ਅਸਲੀ ਵੀਡੀਓ ਦੇ ਨਾਲ ਚੈਨਲ ਨੇ ਲਿਖਿਆ ਹੈ, 'ਦੇਸ ਹੀ ਨਹੀਂ, ਹੁਣ ਵਿਦੇਸ਼ਾਂ ਵਿੱਚ ਵੀ ਹੋਣ ਲੱਗੇ ਹਨ ਮੋਦੀ ਖਿਲਾਫ਼ ਪ੍ਰਦਰਸ਼ਨ।"
ਯੂ-ਟਿਊਬ ਚੈਨਲ ਦਾ ਇਹ ਵੀਡੀਓ ਦੋ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਇਸ ਵੀਡੀਓ ਵਿੱਚ ਲੋਕ ਭਾਰਤ ਵਿੱਚ ਘੱਟ-ਗਿਣਤੀਆਂ ਦੇ ਖਿਲਾਫ ਹੋ ਰਹੀਆਂ ਘਟਨਾਵਾਂ ਲਈ ਮੋਦੀ ਸਰਕਾਰ ਦੀ ਆਲੋਚਨਾ ਕਰ ਰਹੇ ਹਨ।
ਪਰ ਇਸ ਵੀਡੀਓ ਨੂੰ ਹੁਣ 'ਅਮਰੀਕਾ ਵਿੱਚ ਮੋਦੀ ਵਿਰੋਧੀ ਪ੍ਰਦਰਸ਼ਨ' ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਚੌਥਾ ਅਤੇ ਆਖ਼ਰੀ ਵੀਡੀਓ
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਵੀਡੀਓ ਦਾ ਆਖਰੀ ਹਿੱਸਾ ਸਮਾਚਾਰ ਏਜੰਸੀ ਏਐੱਫਪੀ ਦੇ ਚਾਰ ਸਾਲ ਪੁਰਾਣੇ ਵੀਡੀਓ ਤੋਂ ਲਿਆ ਗਿਆ ਹੈ।
ਏਜੰਸੀ ਨੇ 12 ਨਵੰਬਰ 2015 ਨੂੰ ਆਪਣੇ ਅਧਿਕਾਰਕ ਯੂ-ਟਿਊਬ ਚੈਨਲ 'ਤੇ ਇਹ ਵੀਡੀਓ ਅਪਲੋਡ ਕੀਤਾ ਸੀ।
ਏਜੰਸੀ ਅਨੁਸਾਰ 500 ਤੋਂ ਵੱਧ ਸਿੱਖਾਂ ਨੇ ਲੰਡਨ ਦੀ ਡਾਊਨਿੰਗ ਸਟ੍ਰੀਟ (ਯੂਕੇ ਦੇ ਪ੍ਰਧਾਨ ਮੰਤਰੀ ਦਾ ਦਫ਼ਤਰ) 'ਤੇ ਮੋਦੀ ਦੀ ਯੂਕੇ ਯਾਤਰਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਸੀ। ਮੋਦੀ ਉਸ ਵਕਤ ਯੂਕੇ ਦੇ ਦੌਰੇ 'ਤੇ ਸੀ।
ਇਸ ਪ੍ਰਦਰਸ਼ਨ ਵਿੱਚ ਭਾਰਤੀ ਮੂਲ ਦੇ ਸਿੱਖਾਂ ਦੇ ਨਾਲ-ਨਾਲ ਲੰਡਨ ਵਿੱਚ ਰਹਿ ਰਹੇ ਨੇਪਾਲ ਦੇ ਲੋਕਾਂ ਨੇ ਵੀ ਹਿੱਸਾ ਲਿਆ ਸੀ।
ਨੇਪਾਲ ਦੇ ਲੋਕਾਂ ਦੀ ਸ਼ਿਕਾਇਤ ਸੀ ਕਿ ਮੋਦੀ ਨੇ ਨੇਪਾਲ ਨੂੰ ਜਾਣ ਵਾਲੇ ਰਾਹ ਬੰਦ ਕਰਕੇ ਉਨ੍ਹਾਂ ਦੇ ਦੇਸ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਤਿੰਨ ਪਾਸਿਓਂ ਭਾਰਤ ਅਤੇ ਇੱਕ ਪਾਸਿਓ ਚੀਨ ਨਾਲ ਘਿਰਿਆ ਨੇਪਾਲ ਤੇਲ, ਦਵਾਈਆਂ ਤੇ ਹੋਰ ਜ਼ਰੂਰੀ ਸਾਮਾਨ ਦੀ ਸਪਲਾਈ ਲਈ ਪੂਰੇ ਤਰੀਕੇ ਨਾਲ ਭਾਰਤ 'ਤੇ ਨਿਰਭਰ ਰਿਹਾ ਹੈ।
ਪਰ ਸਾਲ 2015 ਵਿੱਚ ਭਾਰਤ ਸਰਕਾਰ ਨੇ ਭਾਰਤ-ਨੇਪਾਲ ਸਰਹੱਦ 'ਤੇ ਅਣਐਲਾਨੀ ਨਾਕੇਬੰਦੀ ਕਰ ਕੇ ਨੇਪਾਲ ਵਿੱਚ ਈਂਧਨ ਸੰਕਟ ਪੈਦਾ ਕਰ ਦਿੱਤਾ ਸੀ।
ਫਿਲਹਾਲ ਮੋਦੀ ਦੇ ਵਿਰੋਧ ਵਿੱਚ ਕੀਤੇ ਗਏ ਧਰਨਿਆਂ ਦੇ ਚਾਰੇ ਵੀਡੀਓ ਪੁਰਾਣੇ ਹਨ ਪਰ ਇਨ੍ਹਾਂ ਸਾਰਿਆਂ ਨੂੰ ਜੋੜ ਕੇ ਇੱਕ ਵੀਡੀਓ ਬਣਾਇਆ ਗਿਆ ਹੈ ਜਿਸ ਨੂੰ ਸੋਸ਼ਲ ਮੀਡੀਆ 'ਤੇ ਅਮਰੀਕਾ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਇਹ ਵੀਡੀਓਜ਼ ਵੀ ਵੇਖੋ: