ਚਿਨਮਿਆਨੰਦ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਵਿਦਿਆਰਥਣ ਨੂੰ ਜੇਲ੍ਹ ਭੇਜਿਆ

ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਚਿਨਮਿਆਨੰਦ 'ਤੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਵਿਦਿਆਰਥਣ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਨਵੀਨ ਅਰੋੜਾ ਨੇ ਬੀਬੀਸੀ ਲਈ ਸਮੀਰਤਮਜ ਮਿਸ਼ਰ ਨੂੰ ਦੱਸਿਆ ਕਿ ਬੁੱਧਵਾਰ ਸਵੇਰੇ ਕੁੜੀ ਨੂੰ ਕੋਤਵਾਲੀ ਲਿਜਾਇਆ ਗਿਆ, ਉਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ।

ਮੈਡੀਕਲ ਟੈਸਟ ਤੋਂ ਬਾਅਦ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਮਜਿਸਟ੍ਰੇਟ ਨੇ ਵਿਦਿਆਰਥਣ ਨੂੰ ਰਿਮਾਂਡ 'ਤੇ ਲੈਣ ਦੀ ਇਜਾਜ਼ਤ ਦੇ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਵਿਦਿਆਰਥਣ 'ਤੇ ਆਪਣੀ ਸਹੇਲੀਆਂ ਨਾਲ ਮਿਲ ਕੇ ਪੰਜ ਕਰੋੜ ਰੁਪਏ ਮੰਗਣ ਦਾ ਇਲਜ਼ਾਮ ਹੈ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਵਿਦਿਆਰਥਣ ਨੇ ਗ੍ਰਿਫ਼ਤਾਰੀ ਤੋਂ ਸੁਰੱਖਿਆ ਲੈਣ ਲਈ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਜਿਸ ਨੂੰ ਖਾਰਜ ਕਰਦਿਆਂ ਅਦਾਲਤ ਨੇ ਜ਼ਿਲ੍ਹਾ ਅਦਾਲਤ 'ਚ ਜਾਣ ਦਾ ਹੁਕਮ ਦਿੱਤਾ ਸੀ।

ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਅਰਜ਼ੀ ਸਵੀਕਾਰ ਕਰ ਲਈ ਸੀ ਅਤੇ ਵੀਰਵਾਰ 26 ਤਰੀਕ ਨੂੰ ਸੁਣਵਾਈ ਦੀ ਤਰੀਕ ਤੈਅ ਕੀਤਾ ਸੀ ਪਰ ਐੱਸਆਈਟੀ ਨੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਵਿਦਿਆਰਥਣ ਨੂੰ ਗ੍ਰਿਫ਼ਤਾਰ ਕਰ ਲਿਆ।

ਐੱਸਆਈਟੀ ਦੀ ਟੀਮ ਚਿਨਮਿਆਨੰਦ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਨ੍ਹਾਂ ਨੂੰ 14 ਦਿਨਾਂ ਦੀ ਰਿਮਾਂਡ ’ਤੇ ਜੇਲ੍ਹ ਭੇਜਿਆ ਗਿਆ ਹੈ।

ਚਿਨਮਿਆਨੰਦ 'ਤੇ ਧਾਰਾ 360 (ਏ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਕਿਸੇ ਸ਼ਖ਼ਸ ਵੱਲੋਂ ਆਪਣੀ ਤਾਕਤ ਅਤੇ ਅਹੁਦੇ ਦੀ ਵਰਤੋਂ ਕਰਦਿਆਂ ਜ਼ਬਰਨ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ।

ਸ਼ਾਹਜਹਾਂਪੁਰ ਦੇ ਐੱਸਐੱਸ ਕਾਲਜ 'ਚ ਪੜ੍ਹਨ ਵਾਲੀ ਇੱਕ ਵਿਦਿਆਰਥਣ ਨੇ ਉਨ੍ਹਾਂ 'ਤੇ ਸ਼ੋਸ਼ਣ, ਅਗਵਾ ਕਰਨ ਅਤੇ ਧਮਕਾਉਣ ਦੇ ਇਲਜ਼ਾਮ ਲਗਾਏ ਹਨ।

ਇਹ ਵੀ ਪੜ੍ਹੋ:

ਵਿਦਿਆਰਥਣ ਅਤੇ ਉਸ ਦੇ ਪਰਿਵਾਰ ਵਾਲੇ ਲਗਾਤਾਰ ਇਹ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸਹਿਯੋਗ ਨਹੀਂ ਮਿਲ ਰਿਹਾ।

ਕੌਣ ਹਨ ਚਿਨਮਿਆਨੰਦ?

ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਵਾਮੀ ਚਿਨਮਿਆਨੰਦ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਵਿੱਚ ਗ੍ਰਹਿ ਰਾਜ ਮੰਤਰੀ ਰਹਿ ਚੁੱਕੇ ਹਨ ਅਤੇ ਰਾਮ ਮੰਦਿਰ ਅੰਦੋਲਨ ਦੇ ਵੱਡੇ ਆਗੂਆਂ 'ਚ ਸ਼ੁਮਾਰ ਰਹੇ ਹਨ।

ਸ਼ਾਹਜਹਾਂਪੁਰ 'ਚ ਉਨ੍ਹਾਂ ਦਾ ਆਸ਼ਰਮ ਹੈ ਅਤੇ ਉਹ ਕਈ ਵਿਦਿਅਕ ਅਦਾਰਿਆਂ ਦੇ ਪ੍ਰਬੰਧਨ ਨਾਲ ਵੀ ਜੁੜੇ ਹਨ।

ਅੱਠ ਸਾਲ ਪਹਿਲਾਂ ਸ਼ਾਹਜਹਾਂਪੁਰ ਦੀ ਹੀ ਇੱਕ ਹੋਰ ਔਰਤ ਨੇ ਵੀ ਸਵਾਮੀ ਚਿਨਮਿਆਨੰਦ 'ਤੇ ਜਿਨਸੀ ਸ਼ੋਸ਼ਣ ਅਤੇ ਤਸ਼ਦੱਦ ਦਾ ਮੁਕੱਦਮਾ ਦਰਜ ਕਰਵਾਇਆ ਸੀ। ਔਰਤ ਸਵਾਮੀ ਚਿਨਮਿਆਨੰਦ ਦੇ ਹੀ ਆਸ਼ਰਮ ਵਿੱਚ ਰਹਿੰਦੀ ਸੀ।

ਹਾਲਾਂਕਿ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ, ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਲੱਗੇ ਇਸ ਮੁਕੱਦਮੇ ਨੂੰ ਵਾਪਿਸ ਲੈ ਲਿਆ ਸੀ ਪਰ ਪੀੜਤ ਪੱਖ ਦੇ ਇਸ ਫ਼ੈਸਲੇ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਸੀ। ਫ਼ਿਲਹਾਲ ਹਾਈ ਕੋਰਟ ਤੋਂ ਇਸ ਮਾਮਲੇ ਵਿੱਚ ਸਟੇਅ ਮਿਲਿਆ ਹੋਇਆ ਹੈ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)