ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ’ਚ ਘਿਰੇ ਸਵਾਮੀ ਚਿਨਮਿਆਨੰਦ ਕੌਣ ਹਨ

    • ਲੇਖਕ, ਸਮੀਰਾਤਮਜ ਮਿਸ਼ਰਾ
    • ਰੋਲ, ਲਖਨਊ ਤੋਂ ਬੀਬੀਸੀ ਦੇ ਲਈ

ਸਾਬਕਾ ਗ੍ਰਹਿ ਰਾਜ ਮੰਤਰੀ ਅਤੇ ਭਾਜਪਾ ਦੇ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਵਾਮੀ ਚਿਨਮਿਆਨੰਦ ਇੱਕ ਵਾਰ ਮੁੜ ਤੋਂ ਜਿਨਸੀ ਸੋਸ਼ਣ ਦੇ ਮਾਮਲੇ ਵਿੱਚ ਘਿਰ ਗਏ ਹਨ।

ਸ਼ਾਹਜਹਾਨਪੁਰ ਦੇ ਇੱਕ ਕਾਲਜ ਦੀ ਵਿਦਿਆਰਥਣ ਨੇ ਉਨ੍ਹਾਂ 'ਤੇ ਜਿਨਸੀ ਸੋਸ਼ਣ ਦਾ ਇਲਜ਼ਾਮ ਲਾਇਆ ਹੈ। ਇਲਜ਼ਾਮ ਲਗਾਉਣ ਤੋਂ ਬਾਅਦ ਹੀ ਉਹ ਵਿਦਿਆਰਥਣ ਗਾਇਬ ਹੈ। ਪੁਲਿਸ ਨੇ ਸਵਾਮੀ ਚਿਨਮਿਆਨੰਦ ਅਤੇ ਕੁਝ ਹੋਰ ਲੋਕਾਂ ਖਿਲਾਫ਼ ਅਗਵਾ ਕਰਨ ਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ।

ਉਨ੍ਹਾਂ 'ਤੇ ਲੱਗੇ ਇਲਜ਼ਾਮਾਂ ਬਾਰੇ ਗੱਲਬਾਤ ਦੇ ਲਈ ਸਵਾਮੀ ਚਿਨਮਿਆਨੰਦ ਨਾਲ ਸੰਪਰਕ ਨਹੀਂ ਹੋ ਪਾਇਆ। ਉਨ੍ਹਾਂ ਦੇ ਵਕੀਲ ਤੇ ਬੁਲਾਰੇ ਓਮ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਸਵਾਮੀ ਚਿਨਮਿਆਨੰਦ ਅਜੇ ਸ਼ਹਿਰ ਤੋਂ ਬਾਹਰ ਹਨ।

ਇਹ ਵੀ ਪੜ੍ਹੋ:

ਉਨ੍ਹਾਂ 'ਤੇ ਲੱਗੇ ਇਲਜ਼ਾਮਾਂ 'ਤੇ ਓਮ ਸਿੰਘ ਦਾ ਕਹਿਣਾ ਹੈ ਕਿ 'ਇਹ ਸਾਰਾ ਕੁਝ ਸਵਾਮੀ ਜੀ ਅਤੇ ਸੰਸਥਾ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ।

ਮਾਮਲਾ ਕੀ ਹੈ?

ਸ਼ਾਹਜਹਾਨਪੁਰ ਦੇ ਇੱਕ ਕਾਲਜ ਦੀ ਵਿਦਿਆਰਥਣ ਨੇ ਚਾਰ ਦਿਨ ਪਹਿਲਾਂ ਇੱਕ ਵੀਡੀਓ ਪਾਇਆ ਜਿਸ ਵਿੱਚ 'ਸੰਤ ਸਮਾਜ ਦੇ ਵੱਡੇ ਨੇਤਾ' ’ਤੇ ਉਸ ਦਾ ਤੇ ਕਈ ਹੋਰ ਕੁੜੀਆਂ ਦਾ ਸ਼ੋਸ਼ਣ ਕਰਨ ਅਤੇ ਧਮਕੀ ਦੇਣ ਦਾ ਇਲਜ਼ਾਮ ਲਗਾਇਆ ਸੀ।

ਵੀਡੀਓ ਵਿੱਚ ਵਿਦਿਆਰਥਣ ਨੇ ਆਪਣੀ ਤੇ ਪਰਿਵਾਰ ਵਾਲਿਆਂ ਦੀ ਜਾਨ 'ਤੇ ਖ਼ਤਰੇ ਦਾ ਖਦਸ਼ਾ ਜਤਾਇਆ ਹੈ। ਕੁੜੀ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੋਂ ਹੀ ਉਹ FIR ਦਰਜ ਕਰਵਾਉਣ ਲਈ ਭੱਜ-ਦੌੜ ਕਰ ਰਹੇ ਹਨ। ਪਰ ਮੀਡੀਆ ਵਿੱਚ ਖ਼ਬਰਾਂ ਆਉਣ ਮਗਰੋਂ ਹੀ ਮੰਗਲਵਾਰ ਦੇਰ ਰਾਤ ਐੱਫਆਈਆਰ ਦਰਜ ਕੀਤੀ ਗਈ।

ਸ਼ਾਹਜਹਾਨਪੁਰ ਦੇ ਪੁਲਿਸ ਅਧਿਕਾਰੀ ਐੱਸ ਚਿਨਪਾ ਨੇ ਬੀਬੀਸੀ ਨੂੰ ਦੱਸਿਆ ਕਿ ਕੁੜੀ ਦੀ ਤਲਾਸ਼ ਦੇ ਲਈ ਪੁਲਿਸ ਦੀਆਂ ਕਈ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਕੁੜੀ ਦੇ ਪਿਤਾ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ।

ਉਨ੍ਹਾਂ ਦਾ ਕਹਿਣਾ ਸੀ, "ਕੁੜੀ ਦੇ ਪਿਤਾ ਦੀ ਸ਼ਿਕਾਇਤ 'ਤੇ ਸਵਾਮੀ ਚਿਨਮਿਆਨੰਦ ਅਤੇ ਹੋਰ ਲੋਕਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਨਿਯਮਾਂ ਅਨੁਸਾਰ ਜੋ ਵੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਅਸੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਕੁੜੀ ਦੀ ਤਲਾਸ਼ ਲਈ ਟੀਮਾਂ ਲਗਾ ਦਿੱਤੀਆਂ ਸਨ। ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਜਾਂ ਫਿਰ ਸ਼ਿਕਾਇਤ ਦਰਜ ਕਰਨ ਵਿੱਚ ਦੇਰੀ ਨਹੀਂ ਕੀਤੀ ਗਈ।"

ਚਿਨਮਿਆਨੰਦ ਦੇ ਕਾਲਜ ਵਿੱਚ ਪੜ੍ਹ ਰਹੀ ਸੀ ਵਿਦਿਆਰਥਣ

ਦੱਸਿਆ ਜਾ ਰਿਹਾ ਹੈ ਕਿ ਸਵਾਮੀ ਚਿਨਮਿਆਨੰਦ ਉਸ ਕਾਲਜ ਦੇ ਪ੍ਰਬੰਧਕ ਤੇ ਮਾਲਕ ਹਨ ਜਿਸ ਵਿੱਚ ਉਹ ਵਿਦਿਆਰਥਣ ਪੜ੍ਹਦੀ ਸੀ।

ਵੀਡੀਓ ਵਾਇਰਲ ਹੋਣ ਦੇ ਦੋ ਦਿਨ ਪਹਿਲਾਂ ਸਵਾਮੀ ਚਿਨਮਿਆਨੰਦ ਵੱਲੋਂ ਉਨ੍ਹਾਂ ਤੋਂ 'ਬਲੈਕਮੇਲ ਕਰਨ ਤੇ ਧਮਕੀ ਦੇਣ' ਸਬੰਧੀ ਸ਼ਿਕਾਇਤ ਪੁਲਿਸ ਵਿੱਚ ਕੀਤੀ ਗਈ ਸੀ।

ਹਾਲਾਂਕਿ ਇਨ੍ਹਾਂ ਦੋਵਾਂ ਘਟਨਾਵਾਂ ਨਾਲ ਕਿਸੇ ਤਰ੍ਹਾਂ ਦੇ ਸਬੰਧ ਹੋਣ ਦੇ ਮਾਮਲੇ ਵਿੱਚ ਪੁਲਿਸ ਅਧਿਕਾਰੀ ਕੁਝ ਸਪੱਸ਼ਟ ਨਹੀਂ ਦੱਸ ਰਹੇ ਹਨ।

ਐੱਸਪੀ ਐਨ ਚਿਨਪਾ ਦਾ ਕਹਿਣਾ ਹੈ, "ਅਜੇ ਸਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਇੱਕ-ਦੂਜੇ ਨਾਲ ਸਬੰਧ ਵੇਖਿਆ ਜਾ ਰਿਹਾ ਹੈ। ਕੁਝ ਠੋਸ ਜਾਣਕਾਰੀ ਮਿਲਣ ਦੇ ਬਾਅਦ ਹੀ ਉਸ ਨੂੰ ਜਨਤਕ ਕੀਤਾ ਜਾਵੇਗਾ।"

ਇਹ ਵੀ ਪੜ੍ਹੋ:

ਦਬਾ ਬਣਾਇਆ ਤਾਂ ਐਫਆਈਆਰ ਦਰਜ ਹੋਈ

ਸਵਾਮੀ ਚਿਨਮਿਆਨੰਦ ਦੇ ਵਕੀਲ ਤੇ ਬੁਲਾਰੇ ਓਮ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਹੀ ਪੁਲਿਸ 'ਤੇ ਐਫਆਈਆਰ ਦਰਜ ਕਰਨ ਦਾ ਦਬਾਅ ਬਣਾਇਆ ਜਿਸ ਤੋਂ ਬਾਅਦ ਐਫਆਈਆਰ ਦਰਜ ਹੋਈ।

ਓਮ ਸਿੰਘ ਉਮੀਦ ਕਰਦੇ ਹਨ ਕਿ ਕੁੜੀ ਆਪ ਕਿਸੇ ਸਾਜ਼ਿਸ਼ਵਾਦੀ ਗਿਰੋਹ ਦੇ ਜਕੜ ਵਿੱਚ ਫਸ ਗਈ ਹੈ ਅਤੇ ਇਲਜ਼ਾਮ ਲਗਾ ਰਹੀ ਹੈ।

"ਅਸੀਂ 22 ਅਗਸਤ ਨੂੰ ਧਮਕੀ ਭਰੇ ਸੰਦੇਸ਼ ਤੋਂ ਤੁਰੰਤ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਪੁਲਿਸ ਕਪਤਾਨ ਨੇ ਐਫਆਈਆਰ ਦਰਜ ਕੀਤੀ ਪਰ ਮੀਡੀਆ 'ਚ ਜਾਣ ਤੋਂ ਇਸ ਕਰਕੇ ਮਨਾ ਕਰ ਦਿੱਤਾ ਤਾਂ ਕਿ ਜਾਂਚ ਵਿੱਚ ਕੋਈ ਵੀ ਰੁਕਾਵਟ ਨਾ ਪਵੇ ਅਤੇ ਸਾਜ਼ਿਸ਼ ਰਚਣ ਵਾਲੇ ਇਸ ਦਾ ਲਾਭ ਨਾ ਲੈ ਸਕਣ।"

ਉਹ ਕਹਿੰਦੇ ਹਨ, "ਐੱਸਪੀ ਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਛੇਤੀ ਹੀ ਮੈਸੇਜ ਭੇਜਣ ਵਾਲੇ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਏ ਜਾਣਗੇ। ਪਰ ਜਦੋਂ ਦੋ ਦਿਨ ਬਾਅਦ ਉਸ ਕੁੜੀ ਦਾ ਵੀਡੀਓ ਸਾਹਮਣੇ ਆਇਆ ਤਾਂ ਸਾਨੂੰ ਸ਼ੱਕ ਹੋਇਆ ਕਿ ਕੀਤੇ ਇਹ ਦੋਵੇਂ ਮਾਮਲੇ ਇੱਕ ਦੂਜੇ ਨਾਲ ਜੁੜੇ ਤਾਂ ਨਹੀਂ ਹੋਏ? ਇਸ ਲਈ ਅਸੀਂ 24 ਅਗਸਤ ਨੂੰ ਪੁਲਿਸ ਉੱਤੇ ਐਫਆਈਆਰ ਦਰਜ ਕਰਨ ਦਾ ਦਬਾਅ ਪਾਇਆ ਅਤੇ ਐਫਆਈਆਰ ਦਰਜ ਹੋਈ।"

'ਦੋ ਦਿਨ ਮੋਬਾਇਲ ਬੰਦ ਰਹੇ ਤਾਂ ਸਮਝਣਾ ਮੈਂ ਮੁਸੀਬਤ 'ਚ ਹਾਂ'

ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕੁੜੀ ਨੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦੀ ਗੱਲ ਨਹੀਂ ਕੀਤੀ, ਇਹ ਸਭ ਅਚਾਨਕ ਹੋਇਆ।

ਬੀਬੀਸੀ ਨੂੰ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨੀ ਜਦੋਂ ਰੱਖੜੀ 'ਤੇ ਕੁੜੀ ਘਰ ਆਈ ਸੀ ਤਾਂ ਉਸਨੇ ਕੁਝ ਖਦਸ਼ਾ ਜ਼ਾਹਰ ਕੀਤਾ ਸੀ।

"ਕੁੜੀ ਪ੍ਰੇਸ਼ਾਨ ਸੀ। ਬਹੁਤ ਜ਼ਿਆਦਾ ਪੁੱਛਣ 'ਤੇ, ਸਿਰਫ਼ ਇਹ ਹੀ ਕਿਹਾ ਕਿ ਜੇ ਮੇਰਾ ਮੋਬਾਈਲ ਲਗਾਤਾਰ ਦੋ ਦਿਨ ਤੱਕ ਬੰਦ ਰਹੇ ਤਾਂ ਸਮਝ ਜਾਣਾ ਕਿ ਮੈਂ ਮੁਸੀਬਤ ਵਿੱਚ ਹਾਂ।”

“ਉਸ ਦਾ ਮੋਬਾਈਲ 23 ਅਗਸਤ ਤੋਂ ਬੰਦ ਸੀ ਅਤੇ ਉਸ ਦਾ ਵੀਡੀਓ 24 ਅਗਸਤ ਨੂੰ ਸਾਹਮਣੇ ਆਇਆ ਹੈ। ਅਸੀਂ ਉਸੇ ਦਿਨ ਤੋਂ ਹੀ ਪੁਲਿਸ ਨੂੰ ਸ਼ਿਕਾਇਤ ਕਰ ਰਹੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ।"

ਵਿਦਿਆਰਥਣ ਦੇ ਪਿਤਾ ਮੁਤਾਬਕ ਉਹ ਕਾਲਜ ਕੈਂਪਸ ਵਿੱਚ ਬਣੇ ਇੱਕ ਹੋਸਟਲ ਵਿੱਚ ਰਹਿੰਦੀ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਕਾਲਜ ਵਿੱਚ ਪਾਰਟ ਟਾਈਮ ਕੰਮ ਕਰਦੀ ਸੀ। ਕੁੜੀ ਦਾ ਪਰਿਵਾਰ ਅਜੇ ਕਾਫੀ ਫ਼ਿਕਰਮੰਦ ਹੈ।

ਪਰ ਦਿਲਚਸਪ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਨਾ ਤਾਂ ਕੁੜੀ ਦੇ ਪਰਿਵਾਰ ਨੇ, ਨਾ ਹੀ ਕਾਲਜ ਮੈਨੇਜਰ ਅਤੇ ਸਵਾਮੀ ਚਿਨਮਿਆਨੰਦ ਨੇ ਆਪਸ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ।

ਕੌਣ ਹੈ ਚਿਨਮਿਆਨੰਦ?

ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਵਾਮੀ ਚਿਨਮਿਆਨੰਦ ਅਟਲ ਬਿਹਾਰੀ ਵਾਜਪਈ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਗ੍ਰਹਿ ਰਾਜ ਮੰਤਰੀ ਰਹਿ ਚੁੱਕੇ ਹਨ ਅਤੇ ਰਾਮ ਮੰਦਿਰ ਅੰਦੋਲਨ ਦੇ ਵੱਡੇ ਨੇਤਾਵਾਂ ਵਿੱਚ ਸ਼ਾਮਿਲ ਸਨ। ਸ਼ਾਹਜਹਾਨਪੁਰ ਵਿੱਚ ਉਨ੍ਹਾਂ ਦਾ ਆਸ਼ਰਮ ਹੈ ਤੇ ਉਹ ਕਈ ਸਿੱਖਿਕ ਸੰਸਥਾਵਾਂ ਦੇ ਪ੍ਰਬੰਧਨ ਨਾਲ ਜੁੜੇ ਹੋਏ ਹਨ।

ਅੱਠ ਸਾਲ ਪਹਿਲਾਂ ਸ਼ਾਹਜਹਾਨਪੁਰ ਦੀ ਹੀ ਇੱਕ ਹੋਰ ਔਰਤ ਨੇ ਵੀ ਸਵਾਮੀ ਚਿਨਮਿਆਨੰਦ 'ਤੇ ਜਿਨਸੀ ਸ਼ੋਸ਼ਣ ਦਾ ਮੁਕੱਦਮਾ ਦਰਜ ਕਰਵਾਇਆ ਸੀ। ਉਹ ਪਹਿਲਾਂ ਸਵਾਮੀ ਚਿੰਨਮਿਆਨੰਦ ਦੇ ਹੀ ਆਸ਼ਰਮ ਵਿੱਚ ਰਹਿੰਦੀ ਸੀ।

ਹਲਾਂਕਿ ਭਾਜਪਾ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਖਿਲਾਫ਼ ਇਹ ਮੁਕੱਦਮਾ ਵਾਪਸ ਲੈ ਲਿਆ ਸੀ ਪਰ ਪੀੜਤ ਪਾਰਟੀ ਨੇ ਸਰਕਾਰ ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿੱਚ ਹਾਈ ਕੋਰਟ ਤੋਂ ਸਟੇਅ ਮਿਲਿਆ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)