ਕਸ਼ਮੀਰੀਆਂ ਦੇ ‘ਹੱਕਾਂ ਖਾਤਰ’ ਅਸਤੀਫ਼ਾ ਦੇ ਕੇ IAS ਅਫਸਰ ਬੋਲਿਆ-ਜ਼ਮੀਰ ਮੈਨੂੰ ਚੁੱਪ ਰਹਿਣ ਨਹੀਂ ਦਿੰਦਾ

ਕਸ਼ਮੀਰ ਮੁੱਦੇ 'ਤੇ ਆਪਣੇ ਜ਼ਮੀਰ ਦੀ ਆਵਾਜ਼ ਦਾ ਹਵਾਲਾ ਦਿੰਦੇ ਹੋਏ ਇੱਕ 33 ਸਾਲਾ ਮਲਇਆਲੀ ਆਈਏਐੱਸ ਅਫ਼ਸਰ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਨਗਰ ਹਵੇਲੀ ਵਿੱਚ ਤਾਇਨਾਤ ਸਨ।

ਭਾਰਤ - ਸ਼ਾਸਿਤ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ 'ਤੇ ਆਪਣੇ ਵਿਚਾਰ ਨਾ ਰੱਖੇ ਜਾਣ ਦੀ ਆਜ਼ਾਦੀ ਦਾ ਹਵਾਲਾ ਦਿੰਦਿਆਂ ਗੋਪੀਨਾਥਨ ਨੇ ਕਿਹਾ, “ਮੈਂ ਸਰਕਾਰੀ ਮਹਿਕਮੇ 'ਚ ਕੰਮ ਕਰਦੇ ਹੋਣ ਕਰਕੇ ਆਪਣੇ ਵਿਚਾਰ ਨਹੀਂ ਰੱਖ ਸਕਦਾ ਸੀ।”

ਕਨਨ ਗੋਪੀਨਾਥਨ ਨੇ ਆਪਣੀ ਸੱਤ ਸਾਲ ਦੀ ਨੌਕਰੀ ਵਿੱਚ ਕਈ ਪ੍ਰਰੇਣਾਦਾਇਕ ਕੰਮ ਕੀਤੇ। ਭਾਵੇਂ ਉਹ ਮੀਜ਼ੋਰਮ ਦੇ ਘਾਟੇ 'ਚ ਚੱਲ ਰਹੇ ਬਿਜਲੀ ਵਿਭਾਗ ਨੂੰ ਮੁਨਾਫ਼ੇ 'ਚ ਲੈ ਕੇ ਆਉਣ ਦੀ ਗੱਲ ਹੋਵੇ ਜਾਂ ਫਿਰ ਡੀਜ਼ਾਸਟਰ ਮੈਨਜ਼ਮੈਂਟ ਦੀ ਐਪ ਬਣਾਉਣ ਦੀ।

ਕਈ ਵਾਰ ਮਿਸਾਲ ਕਾਇਮ ਕੀਤੀ

ਇਸ ਤੋਂ ਇਲਾਵਾ ਉਨ੍ਹਾਂ ਨੇ ਪੀਵੀ ਸਿੰਧੂ ਦੇ ਕੋਚ ਪੁਲੇਲਾ ਗੋਪੀਚੰਦ ਨੂੰ ਨਾਲ ਜੋੜ ਕੇ ਬੈਡਮਿੰਟਨ ਲਈ 30 ਟ੍ਰੇਨਿੰਗ ਸੈਂਟਰ ਬਣਾਏ।

ਪਿਛਲੇ ਸਾਲ ਕਨਨ ਗੋਪੀਨਾਥਨ ਉਸ ਵੇਲੇ ਸੁਰਖ਼ੀਆਂ 'ਚ ਆਏ ਜਦੋਂ ਉਨ੍ਹਾਂ ਨੇ ਕੇਰਲ 'ਚ ਆਏ ਹੜ੍ਹਾਂ ਮਗਰੋਂ, ਬਿਨਾਂ ਕਿਸੇ ਨੂੰ ਆਪਣੇ ਅਹੁਦੇ ਬਾਰੇ ਦੱਸੇ ਉੱਥੇ ਰਾਹਤ ਕੈਂਪਾਂ ਵਿੱਚ ਕੰਮ ਕੀਤਾ।

ਇਹ ਵੀ ਪੜ੍ਹੋ:

ਇਹ ਨੌਜਵਾਨ ਅਫ਼ਸਰ ਆਪਣੇ ਜੱਦੀ ਸੂਬੇ 'ਚ ਕੁਝ ਦਿਨ ਰਹੇ ਤੇ ਉੱਥੇ ਕੈਂਪਾਂ 'ਚ ਨਾ ਸਿਰਫ਼ ਪੈਸੇ ਦੇ ਕੇ ਮਦਦ ਕੀਤੀ ਸਗੋਂ ਉੱਥੇ ਰਹਿ ਕੇ ਕੰਮ ਵੀ ਕੀਤਾ। ਕਨਨ ਦੇ ਰਾਹਤ ਕੈਂਪਾਂ ਵਿੱਚ ਕੰਮ ਕਰਦਿਆਂ ਹੋਇਆ ਸੋਸ਼ਲ ਮੀਡੀਆ 'ਤੇ ਫੋਟੋਆਂ ਵਾਇਰਲ ਹੋਈਆਂ ਸਨ।

ਬੀਬੀਸੀ ਵੱਲੋਂ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੂੰ ਨੌਕਰੀ ਛੱਡਣ ਲਈ ਕਿਸ ਗੱਲ ਨੇ ਮਜਬੂਰ ਕੀਤਾ, ਉਨ੍ਹਾਂ ਦੱਸਿਆ, "ਕਿਸੇ ਨੇ ਨਹੀਂ, ਪਰ ਮੈਂ ਖੁਦ ਇਹ ਫੈਸਲਾ ਲਿਆ। ਮੇਰਾ ਜ਼ਮੀਰ ਮੈਨੂੰ ਬੋਲਣ ਲਈ ਕਹਿ ਰਿਹਾ ਸੀ। ਮੈਂ ਆਪਣੇ ਵਿਚਾਰ ਲੁਕੋ ਨਹੀਂ ਸਕਦਾ।”

“ਮੈਂ ਇਸ ਤਰ੍ਹਾਂ ਕੰਮ ਨਹੀਂ ਕਰ ਸਕਦਾ ਜਦੋਂ ਦੇਸ਼ ਦੇ ਇੱਕ ਹਿੱਸੇ ਵਿੱਚ ਲੋਕਾਂ ਦੇ ਬੁਨਿਆਦੀ ਅਧਿਕਾਰ ਵੀ ਖੋਹ ਲਏ ਗਏ ਹੋਣ। ਮੇਰਾ ਜ਼ਮੀਰ ਵੀ ਮੇਰੇ ਚੁੱਪ ਰਹਿਣ ਲਈ ਨਹੀਂ ਮੰਨ ਰਿਹਾ। ਮੈਂ ਲੋਕਾਂ ਨਾਲ ਜੁੜੇ ਮੁੱਦਿਆ 'ਤੇ ਖੁੱਲ ਕੇ ਬੋਲਣਾ ਚਾਹੁੰਦਾ ਹਾਂ।"

ਕਨਨ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ ਕੇਰਲ ਵਿੱਚ ਕੰਮ ਕਰਨ ਕਰਕੇ ਅਤੇ ਪ੍ਰਾਇਮ ਮਨੀਸਟਰ ਐਕਸੀਲੈਂਸ ਐਵਾਰਡ ਲਈ ਨਾਮ ਨਾ ਭੇਜਣ ਕਰਕੇ ਉੱਚ ਅਧਿਕਾਰੀਆਂ ਵਲੋਂ ਦੋ ਵਾਰ ਮੈਮੋਰੈਂਡਮ ਭੇਜੇ ਗਏ ਸਨ।

ਉਨ੍ਹਾਂ ਦੱਸਿਆ, "ਮੈਂ ਉਨ੍ਹਾਂ ਮੈਮੋਰੈਂਡਮ ਦਾ ਜਵਾਬ ਦੇ ਦਿੱਤਾ ਹੈ ਤੇ ਮੇਰੇ ਲਈ ਉਹ ਵਿਅਰਥ ਸਨ। ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ।"

ਜਦੋਂ ਉਨ੍ਹਾਂ ਨੂੰ ਭੱਵਿਖ ਬਾਰੇ ਪੁੱਛਿਆ ਗਿਆ, ਤਾਂ ਕਨਨ ਨੇ ਦੱਸਿਆ, "ਅਜੇ ਤੱਕ ਮੈਨੂੰ ਆਪਣੇ ਅਸਤੀਫ਼ੇ 'ਤੇ ਕੋਈ ਜਵਾਬ ਨਹੀਂ ਮਿਲਿਆ। ਨਾ ਹੀ ਅਜੇ ਮੈਂ ਅੱਗੇ ਕੁਝ ਕਰਨ ਬਾਰੇ ਸੋਚਿਆ ਹੈ। ਮੈਂ ਤੁਹਾਡੇ ਨਾਲ ਖੁੱਲ੍ਹ ਕੇ ਉਸ ਵੇਲੇ ਹੀ ਗੱਲ ਕਰ ਸਕਦਾ ਹਾਂ ਜਦੋਂ ਨੌਕਰੀ ਛੱਡ ਦੇਵਾਂ। ਅਜੇ ਮੈਂ ਨੌਕਰੀ ਦੇ ਨਿਯਮਾਂ ਵਿੱਚ ਬੰਨਿਆ ਹੋਇਆ ਹਾਂ।"

‘ਮੈਂ ਗੋਪੀਨਾਥਨ ਨੂੰ ਵਧਾਈ ਦਿੱਤੀ’

ਕਨਨ ਗੋਪੀਨਾਥਨ ਦੇ ਇਸ ਫ਼ੈਸਲੇ ਦੀ ਤਾਰੀਫ਼ ਕਰਦਿਆਂ ਸਾਬਕਾ ਆਈਏਐੱਸ ਅਫ਼ਸਰ ਐੱਮ ਜੀ ਦੇਵਾਸ਼ਯਾਮ ਨੇ ਆਪਣੇ 1985 'ਚ ਦਿੱਤੇ ਅਸਤੀਫ਼ੇ ਦਾ ਜ਼ਿਕਰ ਕੀਤਾ।

ਇਹ ਵੀ ਪੜ੍ਹੋ:

"ਮੈਂ ਕਨਨ ਨਾਲ ਗੱਲ ਕਰਕੇ ਉਸ ਨੂੰ ਵਧਾਈ ਦਿੱਤੀ। ਮੈਂ ਵੀ 1985 'ਚ ਹਰਿਆਣਾ ਵਿੱਚ ਇਸੇ ਤਰ੍ਹਾਂ ਦੇ ਹਾਲਾਤਾਂ 'ਚ ਸੀ। ਮੈਂ ਸਿਆਸੀ ਆਗੂਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਜਦੋਂ ਮੈਂ ਨੌਕਰੀ ਛੱਡਣਾ ਚਾਹੁੰਦਾ ਸੀ ਤਾਂ ਦੁਬਿਧਾ ਵਿੱਚ ਨਹੀਂ ਸੀ।"

"ਮੈਂ ਸੋਚਿਆ ਸੀ ਕਿ ਮੈਂ ਲੋਕਾਂ ਲਈ ਕੰਮ ਕਰਕੇ ਚੰਗਾ ਮਹਿਸੂਸ ਕਰਾਂਗਾ, ਬਿਨਾਂ ਆਪਣੇ ਜ਼ਮੀਰ ਦੀ ਸੁਣੇ ਸਰਕਾਰੀ ਨੌਕਰੀ ਕਰਨ ਦੀ ਬਜਾਏ। ਮੇਰੇ ਕੋਲ ਸੇਵਾ ਕਰਨ ਲਈ 15 ਸਾਲ ਸਨ ਪਰ ਮੈਂ ਅਸਤੀਫ਼ਾ ਦੇ ਦਿੱਤਾ ਕਿਉਂਕਿ ਮੈਂ ਆਪਣੇ ਜ਼ਮੀਰ ਅਨੁਸਾਰ ਕੰਮ ਕਰਨਾ ਚਾਹੁੰਦਾ ਸੀ।"

ਐੱਮ ਜੀ ਦੇਵਾਸ਼ਯਾਮ ਨੇ ਇਹ ਵੀ ਦੱਸਿਆ ਕਿ ਅਰੁਣਾ ਰਾਏ ਅਤੇ ਹਰਸ਼ ਮੰਧੇਰ ਜੋ ਆਈਏਐਸ ਅਧਿਕਾਰੀ ਸਨ, ਉਨ੍ਹਾਂ ਨੇ ਵੀ ਲੋਕਾਂ ਦੀ ਸੇਵਾ ਕਰਨ ਲਈ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ।

ਉਨ੍ਹਾਂ ਕਿਹਾ, '' ਮੇਰੀ ਬੈਚਮੇਟ ਅਰੁਣਾ ਰਾਏ, ਜਿਸ ਨੇ ਰਾਈਟ ਟੂ ਇਨਫਰਮੇਸ਼ਨ ਬਣਾਇਆ, ਨੇ ਛੇ ਸਾਲ ਦੇ ਅੰਦਰ ਨੌਕਰੀ ਛੱਡ ਦਿੱਤੀ। ਹਰਸ਼ ਮੰਧੇਰ ਨੇ ਗੋਧਰਾ ਦੰਗਿਆਂ ਵਿੱਚ ਬਹੁਤ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ 2002 ਵਿੱਚ ਨੌਕਰੀ ਛੱਡ ਦਿੱਤੀ ਸੀ।”

“ਇਹ ਸਭ 1975 ਵਿੱਚ ਸ਼ੁਰੂ ਹੋਇਆ ਸੀ ਜਦੋਂ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਐਲਾਨੀ ਗਈ ਸੀ। ਬਹੁਤ ਸਾਰੇ ਅਧਿਕਾਰੀ, ਜੋ ਸਰਕਾਰ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸਨ ਅਤੇ ਸਰਕਾਰ ਦੇ ਫੈਸਲਿਆਂ 'ਤੇ ਚੁੱਪ ਨਹੀਂ ਰਹਿਣਾ ਚਾਹੁੰਦੇ ਸਨ, ਉਨ੍ਹਾਂ ਨੇ ਨੌਕਰੀਆਂ ਛੱਡ ਦਿੱਤੀਆਂ। ਮੈਨੂੰ ਖੁਸ਼ੀ ਹੈ ਕਿ ਅਜਿਹੇ ਲੋਕ ਅੱਜ ਕੱਲ ਮੀਡੀਆ ਵਿੱਚ ਚਰਚਾ 'ਚ ਆਉਂਦੇ ਹਨ।"

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)